ਫਬਦਾ ਪੰਜਾਬ ਤੇਰਾ ਰੂਪ ਮਾਰੇ ਲਿਸ਼ਕਾਰੇ..! ਚਰਨਜੀਤ ਭੁੱਲਰ

ਸਕਿਨ ਕੇਅਰ ਅਤੇ ਮੇਕਅੱਪ ਦੇ ਉਤਪਾਦਾਂ ਨਾਲ ਬਾਜ਼ਾਰ ਭਰੇ ਪਏ ਹਨ। ਜੈਵਿਕ, ਹਰਬਲ ਤੇ ਆਯੁਰਵੈਦ ਦੀ ਹਰ ਵੰਨਗੀ ਮੌਜੂਦ ਹੈ। ਪੰਜਾਬ ’ਚ ਬੀਬੀਆਂ ਦੀ ਸੋਹਣੇ ਦਿਖਣ ਦੀ ਰੀਝ ਨੇ ਵੱਡਾ ਰੁਜ਼ਗਾਰ ਵੀ ਪੈਦਾ ਕੀਤਾ ਹੈ। ਸਰਕਾਰੀ ਖ਼ਜ਼ਾਨੇ ਨੂੰ ਇਸ ਬਦੌਲਤ ਹੀ ਲੰਘੇ ਸਾਢੇ ਸੱਤ ਸਾਲਾਂ ’ਚ 636.66 ਕਰੋੜ ਰੁਪਏ ਦੇ ਟੈਕਸ ਮਿਲੇ ਹਨ। ਕਾਸਮੈਟਿਕ ’ਤੇ 18 ਫ਼ੀਸਦੀ ਜੀਐੱਸਟੀ ਹੈ। ਪੰਜਾਬੀ ਰੋਜ਼ਾਨਾ ਔਸਤਨ 15.06 ਕਰੋੜ ਰੁਪਏ ਹਾਰ ਸ਼ਿੰਗਾਰ ਦੇ ਉਤਪਾਦਾਂ ’ਤੇ ਖ਼ਰਚਦੇ ਹਨ ਜਿਸ ’ਚ 70 ਫ਼ੀਸਦੀ ਹਿੱਸੇਦਾਰੀ ਔਰਤਾਂ ਦੀ ਹੈ। ਕਰੋਨਾ ਵਾਲਾ ਵਰ੍ਹਾ 2020-21 ’ਚ ਵੀ ਇਹ ਕਾਰੋਬਾਰ ਰੁਕਿਆ ਨਹੀਂ ਅਤੇ ਉਸ ਸਾਲ ’ਚ 4392.63 ਕਰੋੜ ਰੁਪਏ ਇਨ੍ਹਾਂ ਉਤਪਾਦਾਂ ’ਤੇ ਖ਼ਰਚ ਕੀਤੇ ਗਏ ਹਨ। ਚਾਲੂ ਵਿੱਤੀ ਵਰ੍ਹੇ ਦੇ ਸਤੰਬਰ ਤੱਕ ਵੀ 4662.69 ਕਰੋੜ ਦਾ ਕਾਰੋਬਾਰ ਹੋ ਚੁੱਕਾ ਹੈ। ਫ਼ੈਸ਼ਨ ਦੀ ਦੁਨੀਆ ਕਾਰਪੋਰੇਟਾਂ ਨੂੰ ਰਾਸ ਆ ਗਈ ਹੈ। ਵਿਸ਼ਵ ਸੁੰਦਰੀਆਂ ਤੇ ਫ਼ਿਲਮੀ ਅਦਾਕਾਰਾਂ ਨੇ ਸੁੰਦਰਤਾ ਦੇ ਐਸੇ ਨੁਕਤੇ ਸੁਝਾਏ ਕਿ ਪੰਜਾਬ ਦੇ ਔਰਤਾਂ ਤੇ ਪੁਰਸ਼ਾਂ ਨੇ ਲੜ ਬੰਨ੍ਹ ਲਏ। ਕੰਮ ਕਾਜੀ ਔਰਤਾਂ ਨੂੰ ‘ਸ਼ਿੰਗਾਰ ਬਾਜ਼ਾਰ’ ਹਮੇਸ਼ਾ ਘੇਰਦਾ ਹੈ ਤੇ ਵਿਆਹਾਂ-ਸਾਹਿਆਂ ਮੌਕੇ ਇਹ ਬਾਜ਼ਾਰ ਹੀ ਘਰਾਂ ਦੀ ਦੇਹਲੀ ’ਤੇ ਆ ਬੈਠਦਾ ਹੈ।
ਸਮੁੱਚੇ ਪੰਜਾਬ ’ਚ ਸੁੰਦਰਤਾ ਉਤਪਾਦ ਵੇਚਣ ਵਾਲੇ 7,571 ਡੀਲਰ ਹਨ ਤੇ ਸਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ’ਚ 1420, ਮੁਹਾਲੀ ਜ਼ਿਲ੍ਹੇ ’ਚ 1042, ਅੰਮ੍ਰਿਤਸਰ ’ਚ 923, ਜਲੰਧਰ ’ਚ 861 ਅਤੇ ਪਟਿਆਲਾ ਵਿੱਚ 481 ਡੀਲਰ ਹਨ। ਇਨ੍ਹਾਂ ਉਤਪਾਦਾਂ ਦਾ ਸਭ ਤੋਂ ਵੱਧ ਕਾਰੋਬਾਰ ਜ਼ਿਲ੍ਹਾ ਪਟਿਆਲਾ ’ਚ ਹੈ ਜਿੱਥੇ ਸਾਲ 2023-24 ’ਚ ਇੱਕ ਕੌਮਾਂਤਰੀ ਬਰਾਂਡ ਨੇ 1466.08 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸੇ ਤਰ੍ਹਾਂ ਇੱਕੋ ਸਾਲ ’ਚ ਲੁਧਿਆਣਾ ’ਚ ਇੱਕ ਬਰਾਂਡ ਨੇ 479.34 ਕਰੋੜ ਦਾ ਤੇ ਮੁਹਾਲੀ ਵਿਚ ਇੱਕ ਕਾਰੋਬਾਰੀ ਨੇ 200.08 ਕਰੋੜ ਦਾ ਕਾਰੋਬਾਰ ਕੀਤਾ ਹੈ। ਦੇਖਿਆ ਗਿਆ ਹੈ ਕਿ ਹੁਣ ਤਾਂ ਪਿੰਡਾਂ ’ਚ ਵੀ ਬਿਊਟੀ ਸੈਲੂਨ ਖੁੱਲ੍ਹ ਗਏ ਹਨ। ਸਕੂਲਾਂ ਦੀਆਂ ਬੱਚੀਆਂ ਤੱਕ ਵੀ ਕਾਸਮੈਟਿਕ ਦੀ ਵਰਤੋਂ ਕਰ ਰਹੀਆਂ ਹਨ। ਨਾਭਾ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਆਖਦੇ ਹਨ ਕਿ ਇਹ ਸਭ ਪੱਛਮ ਦੇ ਪੰਜਾਬੀ ਜੀਵਨ ’ਤੇ ਹਾਵੀ ਹੋਣ ਦੀ ਨਿਸ਼ਾਨੀ ਹੈ। ਵੱਡੇ ਸ਼ਹਿਰਾਂ ’ਚ ਮੇਕਅਪ ਤੇ ਸਕਿੱਨ ਕੇਅਰ ਦੇ ਉਤਪਾਦਾਂ ਦੇ ਵੱਡੇ ਸ਼ੋਅ ਰੂਮ ਖੁੱਲ੍ਹ ਗਏ ਹਨ। ਕੌਮੀ ਸੜਕ ਮਾਰਗਾਂ ’ਤੇ ਖੁੱਲ੍ਹੇ ਆਊਟ ਲੈੱਟ ਇਸ ਕਾਰੋਬਾਰ ਨੂੰ ਹੋਰ ਹੁਲਾਰਾ ਦੇ ਰਹੇ ਹਨ। ਸ਼ਾਪਿੰਗ ਮਾਲ ਵੀ ਹਰ ਪੈਰ ’ਤੇ ਮੌਕੇ ਦੇ ਰਹੇ ਹਨ।
ਪੰਜਾਬੀ ਜੜ੍ਹਾਂ ਨਾਲੋਂ ਉੱਖੜੇ: ਡਾ. ਭੱਟੀ
ਪੰਜਾਬੀ ’ਵਰਸਿਟੀ ਦੇ ਸਮਾਜ ਵਿਗਿਆਨ ਦੇ ਸੇਵਾਮੁਕਤ ਪ੍ਰੋ. ਡਾ. ਹਰਵਿੰਦਰ ਭੱਟੀ ਦਾ ਕਹਿਣਾ ਹੈ ਕਿ ਅਸਲ ’ਚ ਪੰਜਾਬੀ ਜੜ੍ਹਾਂ ਨਾਲੋਂ ਐਸੇ ਉੱਖੜੇ ਕਿ ਸ਼ਰੀਕਪੁਣੇ ਅਤੇ ਦਿਖਾਵੇਬਾਜ਼ੀ ਦੀ ਪ੍ਰਵਿਰਤੀ ਭਾਰੂ ਹੋ ਗਈ ਜਿਸ ਨੂੰ ਆਧੁਨਿਕ ਬਾਜ਼ਾਰ ਨੇ ਖ਼ੂਬ ਵਰਤਿਆ। ਨਤੀਜੇ ਵਜੋਂ ਅੱਜ ਫੈਸ਼ਨ ਉਤਪਾਦਾਂ ਦਾ ਵੱਡਾ ਸਾਮਰਾਜ ਖੜ੍ਹਾ ਹੋ ਗਿਆ ਹੈ। ਪੰਜਾਬੀ ਮਾਨਸਿਕਤਾ ਨੂੰ ਮੰਡੀ ਦੇ ਜਕੜ ’ਚ ਲੈਣ ਕਰਕੇ ਹੀ ਕਾਸਮੈਟਿਕ ਬਾਜ਼ਾਰ ਤੇਜ਼ ਰਫ਼ਤਾਰ ਨਾਲ ਵਧਿਆ ਹੈ।