ਬੁੱਧ ਚਿੰਤਨ -ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ।।ਬੁੱਧ ਸਿੰਘ ਨੀਲੋਂ

ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ਼ਾਂ ਵਿਚੋਂ ਨੀਰ ਵਗਿਆ ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ‘ਜੱਗਿਆ’ ।
ਹੁਣ ਤਾਂ ਸੀਰੀ ਦੀ ਥਾਂ ਮਸ਼ੀਨਰੀ ਆ ਗਈ ਹੈ । ਭਲਿਆਂ ਸਮਿਆਂ ਵਿਚ ਜੱਟ ਤੇ ਸੀਰੀ ਦੀ ਸਾਂਝ ਭਿਆਲ਼ੀ ਨੂੰ ‘ਨਹੁੰ ਤੇ ਮਾਸ ਦਾ ਰਿਸ਼ਤਾ’ ਕਹਿ ਕੇ ਵਡਿਆਇਆ ਜਾਂਦਾ ਸੀ । ਦੋਹਾਂ ਦੇ ਦੁੱਖ ਦਰਦ, ਹਾਸੇ ਮਜ਼ਾਕ, ਚੋਹਲ ਮੋਹਲ, ਨਾਜ਼ ਨਖਰੇ, ਸਭ ਸਾਂਝੇ ਸਨ । ਹੁਣ ਮਸ਼ੀਨਰੀ ਨਾਲ਼ ਤਾਂ ਦੁੱਖ ਵੰਡਾਇਆ ਨਹੀਂ ਜਾ ਸਕਦਾ ਸਗੋਂ ਇਸਨੇ ਤਾਂ ਜ਼ਿਮੀਂਦਾਰ ਦੀਆਂ ਪਰੇਸ਼ਾਨੀਆਂ ਨੂੰ ਵਧਾਇਆ ਹੀ ਹੈ । ਖੇਤੀਬਾੜੀ ਦੇ ਮਸ਼ੀਨੀਕਰਨ ਤੋਂ ਪਹਿਲਾਂ ਕਿਸਾਨ ਕਿਸਾਨ ਤੇ ਸੀਰੀ ਸੀਰੀ ਸੀ ਪਰ ਜਦ ਖੇਤੀਬਾੜੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆ ਤਾਂ ਹਰ ਕਿਸਾਨ ਜੱਟ ਹੋ ਗਿਆ । ਫਿਰ ਜੱਟ ਤੋਂ ਜਾਗੀਰਦਾਰ ਹੋ ਗਿਆ। ਜਾਗੀਰਦਾਰੀ ਤੇ ਸਰਮਾਏਦਾਰੀ ਦਾ ਆਪਸੀ ਰਿਸ਼ਤਾ ਵੀ ਨਹੁੰ ਮਾਸ ਵਾਲ਼ਾ ਹੀ ਹੈ । ਇਨ੍ਹਾਂ ਦੋਹਾਂ ਨੇ ਰਲ਼ ਕੇ ਕਿਰਤੀ ਵਰਗ ਨੂੰ ਲੁੱਟਿਆ ਤੇ ਕੁੱਟਿਆ ਹੈ। ਗੀਤਾਂ ਤੇ ਫਿਲਮਾਂ ਰਾਹੀ ਚਾਰੇ ਪਾਸੇ ਜੱਟਵਾਦ ਦਾ ਬੋਲਬਾਲਾ ਏਨਾ ਵਧਿਆ ਕਿ ਪੰਜਾਬ ਦੀ ਧਰਤੀ ਤੇ ਰਚੇ ਜਾਂਦੇ ਸਾਹਿਤ ਵਿੱਚੋਂ ਬਾਕੀ ਬਰਾਦਰੀਆਂ ਦੀ ਫੱਟੀ ਪੋਚ ਦਿੱਤੀ ਗਈ। ਨਾ ਕੋਈ ਜੀਵ, ਨਾ ਜੰਤੂ ਤੇ ਨਾ ਕੋਈ ਚਿੜੀ ਜਨੌਰ, ਸਭ ਨਿਗੂਣੇ ਹੋ ਗਏ। ਹੁਣ ਤਾਂ ਚਾਰੇ ਪਾਸੇ ਮਸ਼ੀਨਰੀ ਦਾ ਬੋਲਬਾਲਾ ਹੈ । ਹੁਣ ਇਨ੍ਹਾਂ ੧੫-੨੦ ਕੁ ਸਾਲਾਂ ਦੀ ਉਮਰ ਹੰਢਾਉਣ ਵਾਲ਼ੀਆਂ ਮਸ਼ੀਨਾਂ ਨਾਲ਼ ਰਿਸ਼ਤਿਆਂ ਦੀ ਪੱਕੀ ਪੀਡੀ ਸਾਂਝ ਭਲਾ ਕੌਣ ਪਾਉਣੀ ਚਾਹੇਗਾ ? ਹੁਣ ਧਰਤੀ ਤੇ ਕਿਰਤੀਆਂ ਦੇ ਦਰਦ ਕੌਣ ਸੁਣੇਗਾ ? ਕੌਣ ਸੱਥ ਵਿੱਚ ਬੈਠ ਕੇ ਵਾਰਿਸ ਸ਼ਾਹ ਦੀ ਹੀਰ ਸੁਣੇਗਾ ? ਬਾਬਾ ਨਾਨਕ ਜੀ ਦੀ ਬਾਣੀ ਸੁਣ ਕੌਣ ਸੁਣੇਗਾ ਤੇ ਉਸ ਤੇ ਅਮਲ ਕਰੇਗਾ:
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ (ਪੰਨਾ ੫੯੫)
ਜਗਤ ਗੁਰ ਬਾਬੇ ਨੇ ਸਿੱਧਾਂ ਦੇ ਵਲ਼ ਵਿੰਙ ਕੱਢਦਿਆਂ ਕਿਹਾ ਸੀ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਪੰਨਾ ੯੪੩)
ਪਰ ਨਾ ਹੁਣ ਕਿਸੇ ਨੂੰ ਸ਼ਬਦ ਗੁਰੂ ਦੇ ਸਿਧਾਂਤ ਤੇ ਨਾ ਧੁਨੀ ਦਾ ਗਿਆਨ ਹੈ। ਉੰਞ ਗੁਰੂ ਸਾਡਾ ਅੱਜ ਵੀ ਸ਼ਬਦ ਹੀ ਹੈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ । ਸਾਡੇ ਕੋਲ਼ ਸਿੱਖੀ ਵਾਲ਼ਾ ਬਾਣਾ ਤਾਂ ਹੈ, ਪਰ ਗੁਰਮਤਿ ਆਸ਼ੇ ਤੇ ਪੂਰੀ ਤਰ੍ਹਾਂ ਢੁੱਕਦੀ ਗੁਰਬਾਣੀ ਦੀ ਵਿਚਾਰ ਨਹੀਂ ਹੈ। ਭੇਖਧਾਰੀ ਤਾਂ ਬਥੇਰੇ ਹਨ ਪਰ ਗਿਆਨਵਾਨ ਕੋਈ ਵਿਰਲਾ ਟਾਵਾਂ ਵੀ ਨਹੀਂ ਲੱਭਦਾ । ਗਿਆਨ ਹਾਸਲ ਕਰਨ ਲਈ ‘ਸ਼ਬਦ ਤੇ ਧੁਨਿ’ ਸੰਗ ਜੁੜਨਾ ਪਵੇਗਾ । ਪਰ ਇਹ ਤਰੱਦਦ ਕੌਣ ਕਰੇਗਾ ? ਕੌਣ ਇਹ ਹਾਅ ਦਾ ਨਾਹਰਾ ਮਾਰੇਗਾ:
ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ॥ (ਪੰਨਾ ੩੬੦)
ਬਾਬਰ ਬਾਣੀ ਕੌਣ ਪੜ੍ਹੇਗਾ ਤੇ ਪੜ੍ਹ ਕੇ ਅਮਲ ਕੌਣ ਕਰੇਗਾ। ਅਮਲਾਂ ਬਾਝੋਂ ਰਵਾਇਤੀ ਬਾਣਾ ਤੇ ਗਿਆਨ ਦੀ ਬੱਧੀ ਪੰਡ, ਦੋਵੇਂ ਬੇਕਾਰ ਹਨ । ਇਹ ਕੇਹੀ ਰੁੱਤ ਆ ਗਈ ਹੈ? ਅੰਦਰ ਤੇ ਬਾਹਰ ਦੋਵੇਂ ਪਾਸੇ ਸਾੜਾ ਹੈ । ਬਸ ਮੈਂ ਇੱਕਲਾ ਹੀ ਚੰਗਾ ਤੇ ਬਾਕੀ ਸਭ ਜਗ ਮੰਦਾ। ਜਦ ਕਿ ਮਾੜਾ ਬੰਦਾ ਨਹੀਂ, ਉਸਦੇ ਕੰਮ ਮਾੜੇ ਹੁੰਦੇ ਹਨ ਪਰ ਚੰਗੇ ਕੰਮ ਕੌਣ ਕਰੇਗਾ ? ਮਨੁੱਖ ਨੂੰ ਮਨੁੱਖ ਕੌਣ ਸਮਝੇਗਾ ? ਕੌਣ ਬਰਾਬਰੀ ਦੀ ਬਾਤ ਪਾਵੇਗਾ ? ਕੌਣ ਕਿਰਤੀਆਂ ਦੇ ਦਰਦ ਸੁਣੇਗਾ?
ਬੁੱਧ ਸਿੰਘ ਨੀਲੋਂ
94643 70823