ਬੁੱਧ ਬਾਣ – ਬਦਲਾਅ ਬੌਂਦਲਿਆ ਫਿਰਦਾ ਹੈ!
*ਸਮਾਂ ਬੜਾ ਬਲਵਾਨ ਹੈ, ਇਹ ਹਰ ਛਿਣ ਚੱਲਦਾ ਰਹਿੰਦਾ ਹੈ। ਹਰ ਮਨੁੱਖ ਨੇ ਬਦਲਣਾ ਹੁੰਦਾ ਹੈ, ਜਨਮ, ਬਚਪਨ, ਜੁਆਨੀ ਤੇ ਬੁਢਾਪਾ ਆਉਣਾ ਹੀ ਹੈ। ਫੇਰ ਮਨੁੱਖ ਪੰਜ ਤੱਤਾਂ ਵਿੱਚ ਮਲੀਨ ਹੋ ਜਾਣਾ ਹੁੰਦਾ ਹੈ। ਤਾਕਤ ਸਦਾ ਨਹੀਂ ਰਹਿੰਦੀ। ਵਕਤ ਬਦਲਦਿਆਂ ਦੇਰ ਨਹੀਂ ਲੱਗਦੀ। ਜਦੋਂ ਦੇ ਝਾੜੂ ਵਾਲਿਆਂ ਨੂੰ ਦਿੱਲੀ ਵਾਲਿਆਂ ਨੇ ਤਾਰੇ ਦਿਖਾਏ ਹਨ, ਇਹਨਾਂ ਨੇ ਪੰਜਾਬ ਆ ਕੇ ਡੇਰੇ ਲਗਾ ਲਏ ਹਨ। ਹੁਣ ਇਹਨਾਂ ਦਾ ਪੇਚਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਪੈ ਗਿਆ ਹੈ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣਾ ਹੈ। ਕਿਸਾਨ ਜਥੇਬੰਦੀਆਂ ਤੇ ਭਗਵੰਤ ਮਾਨ ਵਿਚਕਾਰ ਗੱਲਬਾਤ ਬੜੀ ਗ਼ਲਤ ਤਰੀਕੇ ਨਾਲ ਟੁੱਟ ਗਈ। ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫੜੋਫੜੀ ਸ਼ੁਰੂ ਕੀਤੀ ਹੈ, ਇਸਨੇ ਬਲਦੀ ਉੱਤੇ ਤੇਲ ਪਾਇਆ ਹੈ। ਸਿਆਣੇ ਕਹਿੰਦੇ ਹਨ ਕਿ ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਕਿਸਾਨ ਜਥੇਬੰਦੀਆਂ ਦੀ ਮੁੱਖ ਲੜਾਈ ਤਾਂ ਕੇਂਦਰ ਸਰਕਾਰ ਦੇ ਨਾਲ ਹੈ। ਪੰਜਾਬ ਸਰਕਾਰ ਐਵੇਂ ਵਿਚੋਲੇ ਵਾਂਗੂੰ ਘੱਗਰੀ ਘੁਮਾਉਣ ਲੱਗੀ ਹੋਈ ਹੈ। ਪੰਜਾਬ ਦਾ ਖਜ਼ਾਨਾ ਧਾੜਵੀਆਂ ਨੂੰ ਲੁਟਾ ਦਿੱਤਾ ਹੈ। ਹੁਣ ਕਰਜ਼ੇ ਦੇ ਸਹਾਰੇ ਸਰਕਾਰ ਵਖ਼ਤ ਕਟੀ ਕਰ ਰਹੀ ਹੈ। ਇਧਰ ਤਹਿਸੀਲਦਾਰਾਂ ਨੇ ਕਲਮ ਛੋੜ ਹੜਤਾਲ ਕਰ ਦਿੱਤੀ ਹੈ। ਉਹ ਰਿਸ਼ਵਤਖੋਰੀ ਨੂੰ ਸਰਕਾਰੀ ਬਣਾਉਣ ਲਈ ਸਰਗਰਮ ਹਨ। ਤਹਿਸੀਲ ਵਿੱਚ ਰਿਸ਼ਵਤ ਬਿਨਾਂ ਪੱਤਾ ਨਹੀਂ ਹਿੱਲਦਾ। ਸਾਰੇ ਤਹਿਸੀਲਦਾਰ ਮਾੜ੍ਹੇ ਨਹੀਂ ਪਰ ਉਹ ਘੱਟ ਹਨ, ਬਹੁਗਿਣਤੀ ਤਾਂ ਦੋਵੇਂ ਹੱਥੀਂ ਲੁੱਟ ਰਹੇ ਹਨ।
ਪੰਜਾਬ ਦੇ ਲੋਕਾਂ ਨੇ ਤਿੰਨ ਸਾਲ ਪਹਿਲਾਂ ਪੰਜਾਬ ਦੇ ਵਿੱਚ ਬਦਲਾਅ ਲਿਆਉਣ ਲਈ ਸਿੰਗਾਂ ਨੂੰ ਮਿੱਟੀ ਮਲ ਲਈ ਸੀ। ਉਸ ਵੇਲੇ ਪੰਜਾਬੀਆਂ ਦੇ ਅਜਿਹਾ ਭੂਤ ਸਵਾਰ ਹੋਇਆ ਕਿ ਉਹੀ ਭੂਤ ਨੇ ਲੋਕਾਂ ਦੀ ਭੂਤਨੀ ਭੁਲਾ ਦਿੱਤੀ। ਲੋਕ ਹੁਣ ਹੱਥ ਲਾ ਲਾ ਕੇ ਵੇਖਦੇ ਹਨ। ਉਹਨਾਂ ਨੂੰ ਸਮਝ ਕੁੱਝ ਨਹੀਂ ਆ ਰਿਹਾ। ਜਿਹਨਾਂ ਨੂੰ ਸਮਝ ਆਇਆ ਹੈ ਉਹ ਪਾਸਾ ਵੱਟ ਗਏ ਹਨ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਨਵੇਂ ਸਿਆਸੀ ਆਗੂ ਉਹਨਾਂ ਦੀ ਦਸ਼ਾ ਤੇ ਦਿਸ਼ਾ ਬਦਲ ਦੇਣਗੇ। ਬਦਲਾਅ ਲਿਆਉਣ ਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਸਬਜ਼ਬਾਗ ਦਿਖੇ, ਲੋਕ ਅੱਖਾਂ ਦੇ ਹੁੰਦਿਆਂ ਅੰਨ੍ਹੇ ਬੋਲ਼ੇ ਹੋ ਗਏ। ਹੁਣ ਤਾਂ ਲੋਕ ਗੂੰਗੇ ਵੀ ਹੋ ਗਏ ਹਨ। ਪੰਜਾਬ ਦੇ ਵਿੱਚ ਬਦਲਾਅ ਲਿਆਉਣ ਵਾਲਿਆਂ ਨੇ ਤਿੰਨ ਸਾਲ ਵਿੱਚ ਪੰਜ ਦਰਜਨਾਂ ਵਾਰ ਯੂ ਟਰਨ ਮਾਰਿਆ ਹੈ। ਹੁਣ ਸਮਝ ਨਹੀਂ ਆਉਂਦੀ ਕਿ ਇਹ ਬਦਲਾਅ ਵਾਲੇ ਜਾਂ ਫਿਰ ਉਹ ਲਾਲ ਫੀਤਾਸ਼ਾਹੀ ਵਾਲੇ ਜਿਹੜੇ ਨੀਤੀਆਂ ਘੜ ਦੇ ਉਹ ਬੇਸਮਝ ਹਨ। ਬਦਲਾਅ ਵਾਲਿਆਂ ਨੂੰ ਤਾਂ ਸਿਰਫ ਮਾਇਆ ਨਜ਼ਰ ਆਉਂਦੀ ਹੈ। ਉਹ ਤਾਂ ਦੋਵੇਂ ਹੱਥਾਂ ਨਾਲ ਜ਼ਮੀਨ ਜਾਇਦਾਦ ਇਕੱਠੀ ਕਰਨ ਲੱਗੇ ਹਨ। ਅਫ਼ਸਰਸ਼ਾਹੀ ਆਪ ਮੁਹਾਰੀ ਹੋਈ ਹੈ। ਉਹਨਾਂ ਕਿਸੇ ਦਾ ਡਰ ਤੇ ਭੈਅ ਨਹੀਂ, ਉਹ ਮਨਮਰਜ਼ੀ ਨਾਲ ਫੈਸਲੇ ਲੈਣ ਰਹੇ ਹਨ। ਘੱਟ ਉਹ ਵੀ ਨਹੀਂ, ਉਹਨਾਂ ਨੂੰ ਪਤਾ ਹੈ ਕਿ ਮਾਇਆ ਕਿਵੇਂ ਇੱਕਠੀ ਕਰਨੀ ਹੈ। ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਨਬਜ਼ਾਂ ਟੈਟ ਕਰ ਦਿੱਤੀਆਂ ਹਨ। ਕੈਗ ਦੀ ਰਿਪੋਰਟ ਨੇ ਬਦਲਾਅ ਲਿਆਉਣ ਵਾਲਿਆਂ ਚੀਰ ਹਰਨ ਕਰ ਦਿੱਤਾ ਹੈ ।ਕੈਗ ਦੀ ਰਿਪੋਰਟ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕੈਗ ਨੇ ਹੈਰਾਨੀ ਜਨਕ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਪੰਜ ਵਿਭਾਗ 3674 ਕਰੋੜ ਰੁਪਏ ਦਾ ਹਿਸਾਬ ਕਿਤਾਬ ਨਹੀਂ ਦੇ ਰਹੇ। ਸੀਏਜੀ ਨੇ ਫੰਡਾਂ ਦੀ ਗ਼ਲਤ ਦੁਰਵਰਤੋਂ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਰਿਪੋਰਟ ਦੇ ਆਉਣ ਨਾਲ ਪੰਜਾਬ ਸਰਕਾਰ ਦਾ ਚੁਰਾਹੇ ਵਿੱਚ ਭਾਂਡਾ ਭੰਨਿਆ ਗਿਆ ਹੈ। ਕੇਂਦਰ ਸਰਕਾਰ ਦੀ ਇਸ ਏਜੰਸੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ 1908 ਕਰੋੜ ਰੁਪਏ ਦਾ ਵਰਤੋਂ ਸਰਟੀਫਿਕੇਟ ਨਹੀਂ ਦਿੱਤਾ। ਕੇਂਦਰ ਸਰਕਾਰ ਦੀਆਂ ਸਕੀਮਾਂ ਅਧੀਨ ਆਉਂਦੇ ਇਹਨਾਂ ਫੰਡਾਂ ਦੀ ਦੁਰਵਰਤੋਂ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 637 ਕਰੋੜ ਰੁਪਏ ਦਾ ਕੋਈ ਹਿਸਾਬ ਨਹੀਂ ਦਿੱਤਾ। ਹਿਸਾਬ ਕਿਤਾਬ ਨਾ ਦੇਣ ਦੇ ਪੰਚਾਇਤ ਵਿਭਾਗ ਸਭ ਤੋਂ ਮੋਹਰੀ ਹੈ। ਇਸੇ ਤਰ੍ਹਾਂ ਸਥਾਨਕ ਸਰਕਾਰਾਂ ਦੇ 318 ਕਰੋੜ ਤੇ ਖੇਤੀਬਾੜੀ ਵਿਭਾਗ ਦੇ 228 ਕਰੋੜ ਰੁਪਏ ਦੀ ਕਿਥੇ ਵਰਤੋਂ ਕੀਤੀ ਗਈ ਹੈ ਪਤਾ ਨਹੀਂ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਸਿਹਤ ਵਿਭਾਗ ਦਿੱਤੇ ਗਏ ਫੰਡਾਂ ਦਾ ਹਿਸਾਬ ਕਿਤਾਬ ਮੰਗਿਆ ਸੀ। ਉਸਦਾ ਵੀ ਪੰਜਾਬ ਸਰਕਾਰ ਕੋਈ ਪੁਖਤਾ ਜਵਾਬ ਦੇ ਨਾ ਸਕੀ। ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਦਿੱਤੇ ਜਾਣ ਵਾਲੇ ਫੰਡਾਂ ਉਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਵੈਟ ਦੀ ਦਰ ਵਧਾ ਦਿੱਤੀ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਇਸ ਵਾਧੇ ਕਾਰਨ ਬਾਕੀ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਉਤੇ ਅਸਰ ਪਵੇਗਾ। ਅੱਤ ਦੀ ਮਹਿੰਗਾਈ ਨੇ ਪਹਿਲਾਂ ਹੀ ਲੋਕਾਂ ਦਾ ਜੀਵਨ ਮੁਹਾਲ ਕੀਤਾ ਹੋਇਆ ਹੈ। ਹੁਣ ਵੈਟ ਦੀ ਦਰ ਵਧਣ ਇਸ ਨੇ ਆਮ ਲੋਕਾਂ ਦਾ ਕੰਚੂਬਰ ਕੱਢ ਦੇਣਾ ਹੈ। ਬਿਜਲੀ ਦਾ ਰੇਟ ਵਧਾ ਦਿੱਤਾ ਹੈ। ਪੰਜਾਬ ਸਰਕਾਰ ਕੋਲ ਕੋਈ ਠੋਸ ਜਵਾਬ ਨਾ ਹੋਣ ਕਰਕੇ ਹਾਲਾਤ ਦਿਨੋਂ ਦਿਨ ਪਤਲੀ ਹੋ ਰਹੀ ਹੈ। ਉਧਰ ਕੈਗ ਦੀ ਰਿਪੋਰਟ ਨੇ ਪੰਜਾਬ ਸਰਕਾਰ ਦਾ ਹੀਜ ਪਿਆਜ਼ ਨੰਗਾ ਕਰ ਦਿੱਤਾ ਹੈ। ਕੇਂਦਰ ਸਰਕਾਰ ਦਾ ਸਿੱਧਾ ਦੋਸ਼ ਹੈ ਕਿ ਪੰਜਾਬ ਸਰਕਾਰ ਨੇ ਜਿਹੜੇ ਕੰਮ ਲਈ ਫੰਡ ਦਿੱਤੇ ਗਏ ਹਨ। ਉਹਨਾਂ ਉਪਰ ਖਰਚਾ ਕੀਤਾ ਨਹੀਂ। ਅਸੀਂ ਆਪਣੀ ਬੱਲੇ ਬੱਲੇ ਕਰਵਾਉਣ ਲਈ ਉਹਨਾਂ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਪ ਹੈ ਸਰਕਾਰ ਹੁਣ ਇਸ ਮਾਮਲੇ ਵਿਚ ਬੁਰੀ ਤਰ੍ਹਾਂ ਫਸ ਗਈ ਹੈ। ਉਸਨੂੰ ਇਸ ਵਿਚੋਂ ਨਿਕਲਣ ਲਈ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਜੇਕਰ ਪੰਜਾਬ ਸਰਕਾਰ ਨੇ ਇਹਨਾਂ ਫੰਡਾਂ ਦਾ ਹਿਸਾਬ ਕਿਤਾਬ ਨਾ ਦਿੱਤਾ ਤਾਂ ਪੰਜਾਬ ਦੇ ਵਿਕਾਸ ਉਪਰ ਰੋਕ ਲੱਗ ਜਾਵੇਗੀ। ਪੰਜਾਬ ਤਾਂ ਪਹਿਲਾਂ ਹੀ ਕਰੋੜਾਂ ਰੁਪਏ ਕਰਜ਼ੇ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਕਰਜ਼ੇ ਨੂੰ ਵਾਪਸ ਕਰਨ ਲਈ ਪੰਜਾਬ ਸਰਕਾਰ ਨੂੰ ਹੋਰ ਕਰਜ਼ਾ ਚੁਕਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਪਿਛਲੇ ਢਾਈ ਸਾਲ ਵਿੱਚ ਪੰਜਾਹ ਹਜ਼ਾਰ ਕਰੋੜ ਰੁਪਏ ਕਰਜ਼ਾ ਚੁੱਕਿਆ ਹੈ। ਭਗਵੰਤ ਮਾਨ ਸਰਕਾਰ ਦੀ ਹਾਲਤ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਬਣੀ ਹੋਈ। ਉਧਰ ਕੈਗ ਸਰਕਾਰ ਦੀਆਂ ਬੇੜੀਆਂ ਵਿਚ ਵੱਟੇ ਪਾ ਦਿੱਤੇ ਹਨ। ਭਵਿੱਖ ਵਿੱਚ ਪੰਜਾਬ ਸਰਕਾਰ ਇਸ ਰਿਪੋਰਟ ਦਾ ਕੀ ਜਵਾਬ ਦੇਵੇਗੀ? ਇਹ ਸਵਾਲ ਹਵਾ ਵਿੱਚ ਲਟਕਦਾ ਹੈ। ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਯਾਦ ਤਿੰਨ ਸਾਲ ਬਾਅਦ ਆਈ ਹੈ, ਮਗਰਮੱਛ ਦਨਦਨਾਉਂਦੇ ਫਿਰਦੇ ਹਨ, ਪ੍ਰਚੂਨ ਦੁਕਾਨਦਾਰਾਂ ਨੂੰ ਫੜਿਆ ਜਾ ਰਿਹਾ ਹੈ। ਪੰਜਾਬ ਦੇ ਅੰਦਰ ਅਣ ਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਸਮਾਂ 1994 ਵਾਲਾ ਯਾਦ ਆਉਂਦਾ ਹੈ। ਉਦੋਂ ਵੀ ਪੰਜਾਬ ਦੇ ਵਿੱਚ ਇਹੋ ਕੁੱਝ ਹੁੰਦਾ ਸੀ ਜਦੋਂ ਹੁਣ ਹੋ ਰਿਹਾ ਹੈ। ਇੱਕੋ ਤਰ੍ਹਾਂ ਦੀਆਂ ਐਫ਼ ਆਈ ਆਰ ਦਰਜ ਹੁੰਦੀਆਂ ਹਨ, ਸਿਰਫ਼ ਨਾਂ ਤੇ ਸਥਾਨ ਬਦਲਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਉਣ ਲਈ ਅਕਾਲੀਆਂ ਤੇ ਕਾਂਗਰਸੀਆਂ ਨੂੰ ਹਰਾਇਆ ਸੀ, ਕਿ ਇਹ ਇਮਾਨਦਾਰੀ ਦਾ ਸਬੂਤ ਦੇਣਗੇ। ਇਹ ਤਾਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਲੱਖਾਂ ਰੁਪਏ ਲੈਣ ਰਹੇ ਹਨ। ਵਿਧਾਇਕ ਲੋਕਾਂ ਨੂੰ ਗਾਲ਼ਾਂ ਕੱਢਣ ਲੱਗੇ ਹਨ। ਔਰਤਾਂ ਨੂੰ ਮੰਦਾ ਬੋਲਿਆ ਜਾ ਰਿਹਾ, ਵੋਮੈਨ ਕਮਿਸ਼ਨ ਚੁੱਪ ਹੈ। ਬਲਕਾਰ ਸਿੱਧੂ ਹੁਣ ਮੁਆਫੀਆਂ ਮੰਗਣ ਲੱਗਿਆ ਹੋਇਆ ਹੈ। ਆਪਣਿਆਂ ਨੂੰ ਬਚਾਇਆ ਜਾ ਰਿਹਾ ਹੈ ਤੇ ਵਿਰੋਧੀਆਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਬਦਲਾਅ ਬੌਂਦਲਿਆ ਫਿਰਦਾ ਹੈ, ਉਹ ਹਰ ਸਮਾਗਮ ਵਿੱਚ ਲੋਕਾਂ ਨੂੰ ਭਰਮਾਉਣ ਲਈ ਆਪਣੇ ਵਿਰੋਧੀਆਂ ਨੂੰ ਚੁਟਕਲੇ ਕਹਾਵਤਾਂ ਨਾਲ ਭੰਡ ਰਿਹਾ ਹੈ। ਪੰਜਾਬ ਦੇ ਲੋਕ ਊਂਠ ਦੇ ਬੁੱਲ ਵੱਲ ਦੇਖਦੇ ਹਨ। ਬਦਲਾਅ ਲਿਆਉਣ ਵਾਲਿਆਂ ਨੂੰ ਮੁਹਾਲੀ ਦੀ ਇੱਕ ਪੁਲਿਸ ਅਫਸਰ ਨੇ ਸ਼ੀਸ਼ਾ ਦਿਖਾਇਆ ਹੈ। ਉਸਨੇ ਡੀਜੀਪੀ ਨੂੰ ਚਿੱਠੀ ਲਿਖੀ ਸੀ। ਇਹ ਚਿੱਠੀ ਬੰਬ ਬਣ ਕੇ ਬਦਲਾਅ ਵਾਲਿਆਂ ਦੇ ਸਿਰ ਫ਼ਟ ਗਈ ਹੈ। ਉਹਨਾਂ ਬਦਲਾਅ ਮੂੰਹ ਲੁਕਾਉਣ ਲਈ ਸੰਦੂਕ ਵਿੱਚ ਬਹਿ ਗਿਆ ਹੈ। ਬੌਂਦਲਿਆ ਫਿਰਦਾ ਬਦਲਾਅ ਲੋਕਾਂ ਤੋਂ ਕੀ ਕੀ ਬਦਲੇ ਲਵੇਗਾ ਇਹ ਅਗਲੇ ਦੋ ਸਾਲ ਵਿੱਚ ਪਤਾ ਲੱਗੇਗਾ। ਲੋਕਾਂ ਨੂੰ ਨੂੰ ਸੁਰਤ ਕਦੋਂ ਆਵੇਗੀ? ਉਹ ਇੱਕ ਜੁੱਟ ਹੋ ਕੇ ਸੰਘਰਸ਼ ਦੇ ਰਾਹ ਤੁਰਨਗੇ? ਕਿਸਾਨ ਜਥੇਬੰਦੀਆਂ ਨੂੰ ਆਪਣੇ ਸੰਘਰਸ਼ ਦੇ ਤਰੀਕੇ ਬਦਲਣ ਦੀ ਲੋੜ ਹੈ ਕਿਉਂਕਿ ਲੋਕ ਨਿੱਤ ਦੇ ਧਰਨਿਆਂ ਤੋਂ ਅੱਕ ਗਏ ਹਨ, ਗੱਲ ਮੇਜ਼ ਉੱਤੇ ਆ ਕੇ ਮੁੱਕਣੀ ਹੈ। ਤਾਰ ਉਪਰੋਂ ਹਿਲਦੀ ਹੈ, ਸੇਕ ਪੰਜਾਬ ਵਿੱਚ ਪੈਦਾ ਹੈ। ਦੋਹਾਂ ਪਾਸੇ ਫੌਜਾਂ ਆਹਮੋ ਸਾਹਮਣੇ ਹੋ ਗਈਆਂ ਹਨ। ਦੇਖੋ ਬਦਲਾਅ ਸੁਰਤ ਸੰਭਾਲ ਦਾ ਹੈ ਜਾਂ ਫਿਰ ਪੰਜਾਬ ਨੂੰ ਗਾਲਦਾ ਹੈ? ਇਸ ਸਮੇਂ ਬਦਲਾਅ ਬੌਂਦਲਿਆ ਨੀਂ ਹੰਕਾਰਿਆ ਹੋਇਆ ਫਿਰਦਾ ਹੈ। ਬਚ ਕੇ ਮੋੜ ਤੋਂ ਤਾਂਗੇ ਵਾਲਾ ਬਾਰੂ ਆਖਦਾ ਹੈ।
++
ਬੁੱਧ ਸਿੰਘ ਨੀਲੋਂ
9464370823
########
ਬਦਲਾਅ ਦਾ ਦੂਜਾ ਪਾਸਾ
*ਪਿਛਲੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਹਾਰ ਚ ਆਏ ਬਦਲਾਅ ਦੇ ਕੀ ਕਾਰਨ ਹਨ ? ਉਹ ਸਿਵਿਲ ਤੇ ਪੁਲੀਸ ਉੱਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਦੈ,ਸਖਤ ਆਦੇਸ਼ ਜਾਰੀ ਕਰਦੈ । ਉੱਚ ਅਫਸਰਾਂ ਦੀਆਂ ਵੱਡੀ ਤਾਦਾਦ ਚ ਬਦਲੀਆਂ ਹੁੰਦੀਆਂ ਹਨ । ਇਹ ਸਭ ਕਾਸੇ ਤੋਂ ਬਾਦ ਬੁਲਡੋਜ਼ਰ ਮੁਹਿੰਮ ਚਲਾਈ ਜਾਂਦੀ ਹੈ । ਸ੍ਰੀ ਮਾਨ ਸੀ ਐਮ ਖਰੜ, ਜ਼ੀਰਕਪੁਰ,ਬਨੂੜ ਚੈਕਿੰਗ ਦੌਰਿਆਂ ਉਤੇ ਜਾਂਦੈ ,ਪਰ ਹਰ ਮਸਲੇ ਉਤੇ ਵਾਰ ਵਾਰ ਸਖਤ ਸ਼ਬਦਾਂ ਦੀ ਵਰਤੋਂ ਕਰਦੈ। ਕਿਸਾਨ ਆਗੂਆਂ ਨਾਲ ਇਕੱਤਰਤਾ ਵਿੱਚ ਅਚਨਚੇਤ ਤੈਸ਼ ਵਿੱਚ ਆਉਂਦੈ,ਗੱਲਬਾਤ ਤੋੜ ਦਿੰਦੈ । ਜਿੰਨਾਂ ਮੰਗਾਂ ਉਤੇ ਸਹਿਮਤੀ ਬਣੀ ਹੁੰਦੀ ਹੈ ਉਹ ਵੀ ਰੱਦ ਕਰਦੈ । ਫੇਰ ਪੁਲਸ ਛਾਪੇ ,ਫੜੋ ਫੜਾਈ ਤੇ ਨਾਕੇ ਤੇ ਪਰੈਸ ਵਿੱਚ ਕੀ ਕੀ ਕੁਝ ਬੋਲੀ ਜਾਂਦੈ। ਇਹ ਸਾਰਾ ਕੁਝ ਅਚਨਚੇਤ ਨਹੀਂ ਹੋਇਆ ਜਾਂ ਮੁੱਖ ਮੰਤਰੀ ਦਾ ਟਪਲਾ ਵੀ ਨਹੀਂ । ਇਹ ਸਭ ਕੁਝ ਸੋਚਿਆ ਸਮਝਿਆ ਹੈ।ਇਹ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੋਵੇਗਾ ,ਜਿਹੜਾ ਕਿਸਾਨ ਆਗੂਆਂ ਨੂੰ ਸਾਹਮਣੇ ਇਹ ਬੋਲਿਆ ਕਿ ਕਰਲੋ ਜੋ ਕੁਝ ਕਰਨੈ ਜਾਂ ਧਰਨੇ ਈ ਲਾ ਲੋ ਫੇਰ। ਅਸਲ ਚ ਉਸਦਾ ਬਹਾਨਾ ਹੋਰ ਤੇ ਨਿਸ਼ਾਨਾ ਹੋਰ ਹੈ । ਐਸ ਕੇ ਐਮ ਭਾਰਤ ਤਾਂ ਕਿਸਾਨ ਮੰਗਾਂ ਲਈ ਲਗਾਤਾਰ ਯਤਨਸ਼ੀਲ ਹੈ ,ਮੰਗਾਂ ਨਹੀਂ ਮੰਨੀਆਂ । ਪਰ ਪੰਜਾਬ ਦੇ ਸਨਅਤਕਾਰਾਂ ਨੇ ਕਿਹੜਾ ਧਰਨਾ ਲਾਇਆ ? ਉਹਨਾਂ ਕਿਹੜੀ ਐਜੀਟੇਸਨ ਕੀਤੀ ਹੈ ! ਓਹਨਾਂ ਦੇ ਚੰਦ ਕੁ ਬੰਦਿਆਂ ਨਾਲ ਮੁਲਾਕਾਤ ਕਰਕੇ ਵਨ ਟਾਈਮ ਸੈਟਲਮੈਂਟ ਦੇ ਗਿਆ । ਅਸਲ ਚ ਫਾਇਦਾ ਤਾਂ ਉਹਨਾਂ ਦਾ ਕਰਨਾ ਸੀ । ਇਸ ਗੱਲ ਦਾ ਕਰੈਡਿਟ ਲੁਧਿਆਣਾ ਜਿੱਥੇ ਮਿੰਨੀ ਚੋਣ ਹੋਣੀ ਹੈ, ਦੇ ਉਮੀਦਵਾਰ ਸੰਜੀਵ ਅਰੋੜੇ ਨੂੰ ਦੇ ਰਿਹੈ । ਨਾਲ ਦਿੱਲੀ ਚੋਣਾਂ ਹਾਰਨ ਪਿੱਛੋਂ ਸ਼ਹਿਰੀ ਵਰਗ ਚ ਆਪ ਦੀ ਡਿੱਗੀ ਸ਼ਾਖ਼ ਨੂੰ ਕਾਇਮ ਰੱਖਣਾ ਹੈ । ਸੰਘਰਸ਼ਾਂ ਦੇ ਵਿਰੋਧੀ ਅਤੇ ਅਸਲ ਮਸਲਿਆਂ ਤੋਂ ਅਣਜਾਣ ਕੁਝ ਲੋਕਾਂ ਦੀ ਏਸ ਮਾਨਸਿਕਤਾ ਨੂੰ ਪੱਖ ਚ ਭਗਤਾਉਣਾ ਹੈ । ਸਾਢੇ ਤਿੰਨ ਕਰੋੜ ਜਨਤਾ ਦੇ ਨੁਮਾਇੰਦੇ ਦੇ ਐਲਾਨ ਨਾਲ ਉਹ ਦਰਸਾਅ ਰਿਹੈ ਕਿ ਉਹ ਪੰਜਾਬ ਦੀ ਜਨਤਾ ਦਾ ਬਹੁਤ ਵੱਡਾ ਰਾਖਾ ਹੈ । ਰੇਲ,ਰੋਡ ਤੇ ਧਰਨਿਆਂ ਦੀਆਂ ਗੱਲਾਂ ਕਰਕੇ ਉਹ ਸੰਘਰਸ਼ਸ਼ੀਲ ਕਿਸਾਨਾਂ ਨੂੰ ਬਦਨਾਮ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਹੈ। ਉਹ ਕੇਂਦਰ ਸਰਕਾਰ,ਆਪ ਦੀ ਲੀਡਰਸ਼ਿਪ ਤੇ ਪੰਜਾਬ ਦੀ ਜਨਤਾ ਨੂੰ ਇਹ ਜਚਾਅ ਰਿਹੈ ਕਿ ਉਹ ਬਹੁਤ ਇਮਾਨਦਾਰ, ਲੋਕ ਹਿੱਤੂ,ਦਿਲੇਰ ਤੇ ਕਾਰਜਸ਼ੀਲ ਤੇ ਸਖਤ ਪ੍ਰਸ਼ਾਸਕ ਹੈ । ਅਸਲ ਚ ਉਹ ਇਹ ਗੱਲ ਲੁਕੋ ਰਿਹੈ ਕਿ ਉਹ ਸਰਮਾਏਦਾਰਾਂ ਦਾ ਸੇਵਾਦਾਰ ਹੈ ਤੇ ਉਹ ਕੇਂਦਰੀ ਸਾਸ਼ਕਾਂ ਦੀਆਂ ਸੁਧਾਰਕ ਨੀਤੀਆਂ ਦਾ ਕਿੰਨਾ ਪੱਖੀ ਹੈ । ਇਹਨਾਂ ਮਾਰੂ ਨੀਤੀਆਂ ਦੇ ਵਿਰੋਧ ਚ ਖੜੇ ਕਿਸਾਨ ਉਸਨੂੰ ਭੈੜੇ ਲੱਗਦੇ ਹਨ । ਲੁਟੇਰੀਆਂ ਕੰਪਨੀਆਂ ਵੱਲੋਂ ਬਣਦੇ ਵੱਡੇ ਰੋਡ,ਪਾਈਪ ਲਾਈਨਾਂ ਰੋਕਣ ਵਾਲੇ ਲੋਕ ਉਹਦੇ ਮਨ ਨੂੰ ਨਹੀਂ ਭਾਉਦੇ । ਸੀ ਐਮ ਦੇ ਕਾਰਜ ਵਿਹਾਰ ਦਾ ਮਤਲਬ ਹੈ ਕਿ ਜੋ ਉਹ ਕਹਿ ਰਿਹੈ ਉਹ ਠੀਕ ਹੈ, ਆਪਣੇ ਹੱਕਾਂ ਲਈ ਲੜਨ ਵਾਲੇ ਲੋਕ ਗਲਤ ਹਨ । ਉਹ ਸਾਢੇ ਤਿੰਨ ਕਰੋੜ ਜਨਤਾ ਦਾ ਨੁਮਾਇੰਦਾ ਜਾਂ ਸੇਵਾਦਾਰ ਨਹੀਂ। ਉਹ ਚੰਦ ਕੁ ਮੁੱਠੀ ਭਰ ਲੁਟੇਰੇ ਸਰਮਾਏਦਾਰਾਂ ਦਾ ਸੇਵਾਦਾਰ ਹੈ ਤੇ ਉਹਨਾਂ ਦੇ ਸਿਸਟਮ ਦਾ ਇਕ ਖਾਸ ਨੁਮਾਇੰਦਾ ਹੈ । ਇਹ ਸਭ ਕੁਝ ਕਰਕੇ ਉਹ ਵਾਰ ਵਾਰ ਸਾਬਿਤ ਕਰ ਰਿਹੈ । ਉਹ ਏਨਾ ਭੋਲ਼ਾ ਨਹੀਂ ਹੈ ਉਹ ਬਹੁਤ ਛਾਤਿਰ ਚਾਲਾਂ ਚੱਲ ਰਿਹੈ ਪਰ ਇਹਨਾਂ ਕਰਕੇ ਉਹਦਾ ਹਰ ਨਕਾਬ ਉਤਰ ਚੁੱਕਿਆ ਹੈ । ਇਸ ਨਾਲ ਉਹ ਆਪਣੇ ਜਮਾਤੀ ਖਾਸੇ ਵੱਲ ਆਇਆ। ਕਾਲੀਆਂ ਐਨਕਾਂ ਲਾਉਣ ਨਾਲ ਇਹ ਕੁਝ ਲੁਕੋਣ ਚ ਸਫਲ ਨਹੀਂ ਹੋ ਸਕਦਾ ਪਰ ਥੋੜੇ ਚਿਰ ਨੂੰ ਵੇਖਿਓ ਆਪਣੇ ਕਲਾਕਾਰ ਹੋਣ ਦਾ ਉਹ ਅਗਲਾ ਨਮੂਨਾ ਵੀ ਦੇਵੇਗਾ, ਮਿੱਠੀਆਂ ਮਾਰਕੇ ਆਪਣੇ ਪੈਰ ਪਿੱਛੇ ਵੁ ਖਿੱਚੇਗਾ ।