ਬੁੱਧ ਬਾਣ – ਬੜਾ ਡਰਾਉਂਦੀਆਂ ਨੇ ਖਬਰਾਂ! ਬੁੱਧ ਸਿੰਘ ਨੀਲੋਂ
ਅੱਜਕਲ੍ਹ ਮਨੁੱਖ ਨੂੰ ਆਧੁਨਿਕਤਾ ਦਾ ਰੰਗ ਚੜ੍ਹਿਆ ਹੋਇਆ ਹੈ। ਇਸੇ ਕਰਕੇ ਉਹ ਡਰਿਆ ਹੋਇਆ ਹੈ। ਉਸਦੇ ਡਰ ਦੇ ਕਾਰਨ ਇੱਕ ਨਹੀਂ ਅਨੇਕ ਦੁੱਖ, ਦਰਦ, ਝੋਰੇ ਤੇ ਮੋਰੇ ਹਨ। ਇਹ ਇਹਨਾਂ ਮੋਰਿਆ ਨੂੰ ਬੰਦ ਕਰਨ ਲਈ ਚੌਵੀ ਘੰਟੇ ਮਿਹਨਤ ਕਰਦਾ ਹੈ। ਉਹ ਇੱਕ ਮੋਰਾ ਬੰਦ ਕਰਦਾ ਹੈ ਤੇ ਦੂਜੇ ਪਾਸੇ ਕਈ ਹੋਰ ਮੋਰੇ ਤੇ ਮੋਰੀਆਂ ਨਿਕਲ ਆਉਂਦੀਆਂ ਹਨ। ਜਦੋਂ ਉਹ ਅਨਪੜ੍ਹ ਸੀ, ਉਦੋਂ ਬੜਾ ਸੁੱਖ ਦੀ ਨੀਂਦ ਸੌਂਦਾ ਸੀ। ਉਸ ਦਾ ਤੀਜਾ ਨੇਤਰ ਕੀ ਖੁੱਲ੍ਹਿਆ ਉਸਨੇ ਉਸਨੂੰ ਜਿਉਣਾ ਭੁਲਾ ਦਿੱਤਾ ਹੈ। ਹੁਣ ਉਹ ਹਰ ਵੇਲੇ ਡਰ ਡਰ ਕੇ ਉੱਠਦਾ ਹੈ। ਡਰ ਉਸਨੂੰ ਆਪਣੀ ਹੋਂਦ ਬਚਾਉਣ ਦਾ ਹੈ। ਕਿਉਂਕਿ ਉਸਦੇ ਆਲੇ ਦੁਆਲੇ ਗਿਰਝਾਂ ਤੇ ਬਾਜਾਂ ਦੀ ਡਾਰ ਘੁੰਮਦੀ ਫਿਰਦੀ ਹੈ। ਉਸਦਾ ਮਾਸ ਖਾਣ ਲਈ ਚੀਕ ਚਿਹਾੜਾ ਪਾਇਆ ਹੋਇਆ ਹੈ। ਜਦੋਂ ਦਾ ਇਹ ਟੀਵੀ ਆਇਆ ਹੈ, ਉਸਨੂੰ ਲੱਗਦਾ ਸੀ ਕਿ ਦੋ ਘੜੀਆਂ ਸਕੂਨ ਮਿਲਿਆ ਕਰੇਗਾ ਤੇ ਨਾਲੇ ਉਹ ਟੀਵੀ ਉੱਤੇ ਫਿਲਮ ਦੇਖਿਆ ਕਰੇਗਾ। ਉਸਦਾ ਇਹ ਭ੍ਰਮ ਵੀ ਛੇਤੀ ਕਫੂਰ ਵਾਂਗੂੰ ਉਡ ਗਿਆ। ਉਹ ਹੱਥ ਮਲ਼ਦਾ ਹੀ ਰਹਿ ਗਿਆ। ਉਹ ਹੱਥ ਉਦੋਂ ਮਲ਼ਦਾ ਸੀ, ਜਦੋਂ ਉਹ ਆਪਣੇ ਪੌਣੇ ਵਿੱਚੋਂ ਰੋਟੀ ਖਾਣ ਲਈ ਉੱਠਦਾ ਸੀ। ਉਦੋਂ ਉਹ ਹੱਥਾਂ ਨੂੰ ਮਗਰ ਫੇਰ ਕੇ ਸਾਫ਼ ਕਰਦਾ। ਰੋਟੀ ਖਾਂਦਾ ਤੇ ਫੇਰ ਆਪਣੀਆਂ ਮੋਰੀਆਂ ਬੰਦ ਕਰਨ ਲਈ ਕੰਮ ਕਰਦਾ। ਉਸ ਦੀ ਮਿਹਨਤ ਤੇ ਪਸੀਨੇ ਦਾ ਓਨਾ ਮੁੱਲ ਨਾ ਮਿਲ਼ਦਾ, ਜਿੰਨਾ ਉਹ ਆਪਣਾ ਖੂਨ ਪਸੀਨੇ ਨੂੰ ਡੋਲਦਾ ਸੀ। ਉਸਨੂੰ ਸਮਝ ਨਹੀਂ ਸੀ ਆਉਂਦੀ ਕਿ ਉਸਦੀ ਮੁੜ੍ਹਕੇ ਦੀ ਖੁਸ਼ਬੋਈ ਨੂੰ ਕੌਣ ਚੁਰਾ ਕੇ ਲੈ ਜਾਂਦਾ ਹੈ। ਉਹ ਹਰ ਸ਼ਾਮ ਸੋਚਦਾ ਕੋਈ ਨਹੀਂ ਕੱਲ੍ਹ ਨੂੰ ਕੋਈ ਜੁਗਾੜ ਕਰਦੇ ਹਾਂ। ਉਹ ਨਾ ਜੁਗਾੜੀ ਬਣਿਆ ਤੇ ਨਾ ਉਹਦੇ ਘਰ ਦੀਆਂ ਮੋਰੀਆਂ ਬੰਦ ਹੋਈਆਂ।
ਆ ਜਦੋਂ ਦੀ ਜੰਗ ਲੱਗਣ ਦੀਆਂ ਖਬਰਾਂ ਆਉਣ ਲੱਗੀਆਂ ਹਨ। ਉਹਦਾ ਸ਼ਾਹ ਸੁੱਕਣ ਲੱਗਿਆ ਹੈ। ਉਹ ਘੜੀ ਮੁੜੀ ਪਾਣੀ ਪੀਂਦਾ ਹੈ ਪਰ ਉਸਦੇ ਬੁੱਲ ਸੁੱਕਦੇ ਜਾ ਰਹੇ ਹਨ। ਅਸਮਾਨ ਵਿੱਚ ਬੱਦਲ ਵੀ ਉਸਨੂੰ ਜਹਾਜ਼ ਲੱਗਦੇ ਹਨ। ਪਹਿਲਾਂ ਜਦੋਂ ਕਦੇ ਜਹਾਜ਼ ਲੰਘਦਾ ਸੀ ਤਾਂ ਉਹ ਖੁਸ਼ੀ ਨਾਲ ਝੂਮ ਉੱਠਦਾ ਸੀ। ਉਦੋਂ ਉਹ ਨਿਆਣਾ ਸੀ, ਉਸਨੂੰ ਇਹ ਜਹਾਜ਼ ਬੜੇ ਸੋਹਣੇ ਲੱਗਦੇ ਸਨ। ਸੜਕ ਕਿਨਾਰੇ ਬੈਠਾ ਉਹ ਫੌਜੀਆਂ ਦੀਆਂ ਲੰਘਦੀਆਂ ਗੱਡੀਆਂ ਨੂੰ ਤੱਕਦਾ ਤੇ ਉਹ ਫੌਜੀਆਂ ਨੂੰ ਸਲੂਟ ਮਾਰਦਾ ਖ਼ੁਸ਼ ਹੁੰਦਾ ਸੀ। ਉਸਨੂੰ ਫੌਜੀ ਚੰਗੇ ਲੱਗਦੇ ਸਨ। ਉਹ ਨਹੀਂ ਸੀ ਜਾਣਦਾ ਇਹ ਫੌਜੀ ਕੌਣ ਹਨ। ਪਰ ਜਦੋਂ ਉਹ ਜਵਾਨ ਹੋਇਆ ਤਾਂ ਉਹੀ ਫੌਜੀਆਂ ਨੇ ਉਹਦੇ ਰੱਬ ਦਾ ਘਰ ਢਾਹ ਦਿੱਤਾ। ਉਸਨੂੰ ਉਹੀ ਫੌਜੀ ਵਿਉ ਵਰਗੇ ਲੱਗਦੇ ਸਨ। ਉਸਨੇ ਜਦੋਂ ਡਾਕਟਰ ਹਰਿਭਜਨ ਦੀ ਕਵਿਤਾ ਫੌਜਾਂ ਕਿਸ ਦੇਸ਼ ਤੋਂ ਆਈਆਂ ਪੜ੍ਹੀ ਤਾਂ ਪਤਾ ਲੱਗਿਆ ਕਿ ਫੌਜਾਂ ਦਾ ਮਾਲਕ ਕੋਈ ਹੋਰ ਹੈ। ਉਹ ਤਾਂ ਕਠਪੁਤਲੀਆਂ ਵਾਂਗ ਵਿਚਰਦੇ ਹਨ। ਉਹਨਾਂ ਦੀਆਂ ਡੋਰਾਂ ਕਿਸੇ ਹੋਰ ਦੇ ਹੱਥ ਹਨ। ਉਸਨੂੰ ਉਹ ਹੱਥ ਨਜ਼ਰ ਨਹੀਂ ਆਉਂਦੇ। ਉਹ ਕਿਹੜੇ ਹੱਥ ਹਨ, ਜਿਹੜੇ ਉਸਦੇ ਮੁੜ੍ਹਕੇ ਦੀ ਮਹਿਕ ਖੋਹ ਕੇ ਲੈਣ ਜਾਂਦੇ ਹਨ। ਜਦੋਂ ਹੁਣ ਜੰਗ ਦੀਆਂ ਫੇਰ ਖਬਰਾਂ ਆਉਣ ਲੱਗੀਆਂ ਹਨ ਤਾਂ ਉਹ ਫੇਰ ਡਰਨ ਲੱਗਿਆ ਹੈ। ਟੀਵੀ ਚੈਨਲਾਂ ਉਤੇ ਕੇਵਲ ਖਬਰਾਂ ਹੀ ਨਹੀਂ ਆਉਂਦੀਆਂ। ਪਿੰਡਾਂ ਤੇ ਸ਼ਹਿਰਾਂ ਵਿੱਚ ਤਾਬੂਤ ਵੀ ਆਉਂਦੇ ਹਨ। ਜਿਹੜੇ ਉਸਦੇ ਕਾਲਜ਼ੇ ਵਿੱਚ ਛੇਕ ਪਾਉਂਦੇ ਹਨ। ਉਸ ਕੋਲੋਂ ਉਹ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ। ਉਹ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਦਾ ਯਤਨ ਕਰਦਾ ਹੈ। ਉਹ ਅੱਖਾਂ ਮੀਚ ਦਾ ਹੈ। ਕੋਈ ਹੋਰ ਉਸਦੇ ਦਿਮਾਗ ਵਿੱਚ ਵੜਦਾ ਹੈ ਤੇ ਉਸਨੂੰ ਪ੍ਰੇਸ਼ਾਨ ਕਰਨ ਲੱਗਦਾ ਹੈ। ਉਹ ਕੌਣ ਹੈ ਜੋਂ ਉਸਦੇ ਦਿਮਾਗ ਵਿੱਚ ਆਪ ਮੁਹਾਰੇ ਹੀ ਆ ਵੜਿਆ ਹੈ। ਉਸਨੂੰ ਖੇਤਾਂ ਵਿੱਚ ਨੱਚਦੇ ਮੋਰ ਨਹੀਂ ਸਗੋਂ ਪੁਲਿਸ ਨਾਲ ਭਿੜ ਰਹੇ ਉਹ ਕਿਰਤੀ ਕਿਸਾਨ ਨਜ਼ਰ ਆਉਂਦੇ ਹਨ। ਉਹ ਫੇਰ ਸਿਰ ਨੂੰ ਝਟਕਦਾ ਹੈ। ਅੱਖਾਂ ਮਲ਼ਦਾ ਹੈ। ਜਦੋਂ ਖੋਲ੍ਹ ਕੇ ਵੇਖਦਾ ਹੈ ਤਾਂ ਉਸ ਦੀਆਂ ਧੀਆਂ ਤੇ ਪੁਤਾਂ ਨੂੰ ਪੁਲਿਸ ਕੁੱਟ ਰਹੀ ਹੈ। ਉਹ ਰੁਜ਼ਗਾਰ ਮੰਗਦੇ ਹਨ, ਪੁਲਿਸ ਉਹਨਾਂ ਨੂੰ ਛੱਲੀਆਂ ਵਾਂਗੂੰ ਕੁੱਟਦੀ ਹੈ। ਉਹ ਦੇਖਦਾ ਹੈ ਪੁਲਿਸ ਵਾਲਾ ਤਾਂ ਉਹਦਾ ਕੋਈ ਰਿਸ਼ਤੇਦਾਰ ਹੈ। ਕੋਈ ਭਰਾ ਤੇ ਭਤੀਜਾ ਹੈ, ਉਹ ਕੌਣ ਤੀਜਾ ਹੈ, ਜਿਹੜਾ ਇਹਨਾਂ ਨੂੰ ਇਸ਼ਾਰਾ ਕਰਦਾ ਹੈ। ਹੁਣ ਵੀ ਤਾਂ ਇਸ਼ਾਰਾ ਹੀ ਹੋਇਆ ਹੈ। ਉਹ ਟੀਵੀ ਚੈਨਲਾਂ ਉਤੇ ਭਾਸ਼ਣ ਤੇ ਰਾਸ਼ਨ ਦੇਣ ਵਾਲ਼ਾ ਮੂਤ ਦੀ ਝੱਗ ਵਾਂਗੂੰ ਵਹਿ ਗਿਆ ਹੈ। ਉਹ ਜੰਗ ਦੇ ਨਾਮ ਉੱਤੇ ਸਿਆਸਤ ਕਰਦਾ ਹੈ। ਉਹ ਆਪਣੇ ਚਹੇਤਿਆਂ ਨੂੰ ਅੰਗੂਰੀਆਂ ਛਕਾਉਂਦਾ ਹੈ। ਇਸੇ ਕਰਕੇ ਉਹ ਜੰਗ ਜੰਗ ਕਰਦਾ ਹੈ। ਉਸਨੂੰ ਸੱਪ ਤੇ ਨਿਉਲੇ ਦੀ ਲੜਾਈ ਕਰਵਾ ਕੇ ਬਹੁਤ ਖੁਸ਼ੀ ਮਿਲਦੀ ਹੈ। ਉਹ ਬੜਾ ਮੱਕਾਰ ਤੇ ਮੀਸਣਾ ਹੈ। ਉਹ ਕਦੇ ਸਾਹਮਣੇ ਨਹੀਂ ਆਉਂਦਾ। ਨਾ ਹੀ ਕੋਈ ਸਵਾਲ ਜਵਾਬ ਕਰਦਾ ਹੈ। ਉਹ ਤਾਂ ਐਲਾਨ ਕਰਦਾ ਹੈ। ਉਸਨੇ ਸਾਡੇ ਅੰਦਰ ਡਰ ਦੀ ਫ਼ਸਲ ਬੀਜ ਦਿੱਤੀ ਹੈ। ਮੈਨੂੰ ਕਮਲਜੀਤ ਨੀਲੋਂ ਦਾ ਗਾਇਆ ਗੀਤ ਚੇਤੇ ਆਉਂਦਾ ਹੈ। ਜਿਹੜਾ ਇੱਕ ਬੱਚੇ ਦੇ ਮਨ ਵਿੱਚ ਮਾਊਂ ਦਾ ਡਰ ਪੈਦਾ ਕਰਕੇ ਉਸਨੂੰ ਸਵਾਉਣ ਦਾ ਯਤਨ ਕਰਦਾ ਹੈ।
ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਏ।
ਜਦੋਂ ਉਸ ਦਾ ਇਹ ਗੀਤ ਟੀਵੀ ਉਤੇ ਆਇਆ ਤਾਂ ਉਸ ਦਾ ਪਿਤਾ ਕੁਲਵੰਤ ਨੀਲੋਂ ਕਹਿੰਦਾ, ਤੂੰ ਠੀਕ ਕਿਹਾ ਪੁੱਤ ਅਜੇ ਲੋਕਾਂ ਨੂੰ ਸੌਂਣ ਦੀ ਲੋੜ ਹੈ। ਕਿਉਂਕਿ ਉਹ ਖ਼ੁਦ ਵੀ ਜਾਗਣ ਲਈ ਤਿਆਰ ਨਹੀਂ। ਇਹਨਾਂ ਨੂੰ ਸੁੱਤੇ ਪਏ ਰਹਿਣ ਦੇ।
ਉਹ ਹੈਰਾਨ ਰਹਿ ਗਿਆ ਹੈ ਕਿ ਅਨਪੜ੍ਹ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਗਿਰਝਾਂ ਆ ਰਹੀਆਂ ਹਨ ਪਰ ਪੜ੍ਹਿਆ ਲਿਖਿਆ ਵਰਗ ਕਿਉਂ ਨਹੀਂ ਜਾਗਦਾ? ਸਿਆਣੇ ਕਹਿੰਦੇ ਹਨ ਕਿ ਸੁੱਤੇ ਪਏ ਨੂੰ ਜਗਾਇਆ ਜਾ ਸਕਦਾ ਹੈ ਪਰ ਜਾਗਦਿਆਂ ਨੂੰ ਕੋਈ ਕਿਵੇਂ ਜਗਾਵੇ?
ਜੰਗ ਦੀਆਂ ਖਬਰਾਂ ਤੋਂ ਮੈਨੂੰ ਡਰ ਇਸ ਕਰਕੇ ਲੱਗਦਾ ਹੈ ਕਿ ਇਸ ਦੇ ਪਰਦੇ ਪਿੱਛੇ ਕੋਈ ਹੋਰ ਖੇਡ ਖੇਡੀ ਜਾ ਰਹੀ ਹੈ। ਜਿਵੇਂ ਸਮੁੰਦਰ ਵਿੱਚ ਪਨਡੁੱਬੀ ਨਹੀਂ ਦਿਖਦੀ। ਇਵੇਂ ਹੀ ਡੀਪ ਸਟੇਟ ਨਹੀਂ ਦਿਖਾਈ ਦੇਂਦੀ। ਸਾਨੂੰ ਦਿਖਾਇਆ ਕੁੱਝ ਹੋਰ ਜਾ ਰਿਹਾ ਹੈ ਤੇ ਹੋ ਕੁੱਝ ਹੋਰ ਰਿਹਾ ਹੈ। ਇਸੇ ਕਰਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਖਾਂਦੇ ਪੀਂਦੇ ਘਰਾਂ ਨੇ ਆਪਣੇ ਘਰ ਸਮਾਨ ਨਾਲ ਭਰ ਲਏ ਹਨ। ਉਹਨਾਂ ਨੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਵਿਹਲੀਆਂ ਕਰ ਦਿਤੀਆਂ ਹਨ। ਉਹ ਨਹੀਂ ਜਾਣਦੇ ਜਿਹੜੇ ਨਿੱਤ ਖੂਹ ਪੁੱਟ ਕੇ ਪਾਣੀਂ ਪੀਂਦੇ ਹਨ, ਉਹਨਾਂ ਦਾ ਕੀ ਹਾਲ ਹੈ? ਹਾਲ ਤਾਂ ਹੁਣ ਭਾਈ ਮਾੜੇ ਹੀ ਲੱਗਦੇ ਹਨ। ਬੇਬੇ ਦੱਸਦੀ ਹੈ ਕਿ ਪੁੱਤ ਜਦੋਂ ਹੱਲੇ ਪਏ ਸਨ, ਉਦੋਂ ਵੀ ਐਵੇਂ ਡਰਾਇਆ ਜਾ ਰਿਹਾ ਸੀ। ਉਦੋਂ ਚਿੱਟੇ ਖੱਦਰ ਪਾਉਣ ਵਾਲੇ ਕਹਿੰਦੇ ਸੀ, ਆਜ਼ਾਦੀ ਆ ਰਹੀ ਹੈ। ਪੁੱਤ ਆਜ਼ਾਦੀ ਤਾਂ ਹੁਣ ਤੱਕ ਨਹੀਂ ਦੇਖੀ, ਆ ਚਿੱਟੀ ਚੁੰਨੀ ਜਰੂਰ ਰੋਜ਼ ਦੇਖਦੀ ਹਾਂ। ਮੈਨੂੰ ਡਰ ਲੱਗਦਾ ਹੈ ਕਿਤੇ ਮੇਰੀਆਂ ਧੀਆਂ ਵੀ ਇਹ ਚਿੱਟੀਆਂ ਚਾਦਰਾਂ ਨਾ ਲੈਣ। ਇਹ ਜੰਗ ਦੀਆਂ ਖ਼ਬਰਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਹਨ ਜਿਹੜੇ ਆਪਣੇ ਘਰਾਂ ਵਿੱਚ ਬੈਠ ਕੇ ਹੁਕਮ ਕਰਦੇ ਹਨ। ਪੁੱਤ ਮੇਰੇ ਕਾਲਜੇ ਲਾਟਾਂ ਬਲ ਦੀਆਂ ਹਨ। ਇਹ ਖ਼ਬਰਾਂ ਸੁਣ ਸੁਣ ਕੇ। ਬੰਦ ਕਰ ਇਸਨੂੰ ਕੀ ਬਕਵਾਸ ਕਰਨ ਲੱਗਿਆ ਹੋਇਆ ਹੈ। ਅਸੀਂ ਕਰਾਚੀ ਤੇ ਕਬਜ਼ਾ ਕਰ ਲਿਆ। ਤੇਰੀ ਮਾਂ ਉਤੇ ਕਬਜ਼ਾ ਕਰ ਲਿਆ ਹੈ, ਇਹ ਨੀਂ ਦੱਸਦਾ। ਕਿਵੇਂ ਗਲ਼ੀ ਵਿਚ ਲੜ ਰਹੀਆਂ ਬੁੜੀਆਂ ਵਾਂਗੂੰ ਆਪਣੇ ਪੋਤੜੇ ਫਰੋਲਣ ਲੱਗਿਆ ਹੋਇਆ ਹੈ। ਕੁੜੇ ਬਹੂ ਆ ਟੀਵੀ ਨੂੰ ਬੰਦ ਕਰ ਦੇ ਨਹੀਂ ਮੈਂ ਇੱਕ ਮਾਰ ਕੇ ਭੰਨ ਦੇਣਾ ਹੈ।
ਬੇਬੇ ਤੂੰ ਕਿਸ ਕਿਸ ਦਾ ਸਿਰ ਭੰਨੇਗੀ, ਕੁੱਤੀਆਂ ਚੋਰਾਂ ਨਾਲ ਰਲ ਗਈਆਂ ਹਨ। ਉਹਨਾਂ ਨੇ ਪਤਾ ਨਹੀ ਕੀ ਕੀ ਲੁੱਟ ਮਾਰ ਕਰਨੀ ਹੈ। ਬੇਬੇ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਡਰ ਲੱਗਦਾ ਹੈ। ਇਹਨਾਂ ਖ਼ਬਰਾਂ ਤੋਂ ਮੈਨੂੰ ਡਰ ਲੱਗਦਾ ਹੈ। ਵੀਰੇ ਤੈਨੂੰ ਵੀ ਇਹਨਾਂ ਖ਼ਬਰਾਂ ਤੋਂ ਇੰਜ ਡਰ ਲੱਗਦਾ ਹੈ ਜਿਵੇਂ ਮੈਨੂੰ?
ਬੁੱਧ ਸਿੰਘ ਨੀਲੋਂ
946437082