ਬ੍ਰਹਮਪੁਰਾ ਨੇ 60 ਸਾਲ ਪੁਰਾਣੀ ਘਟਨਾ ਨੂੰ ਕੀਤਾ ਯਾਦ, ਕਿਹਾ – “ਇਤਿਹਾਸ ਨੇ ਦੁਖਦਾਈ ਢੰਗ ਨਾਲ ਆਪਣੇ ਆਪ ਨੂੰ ਦੁਹਰਾਇਆ

ਇੱਕ ਬਿਆਨ ਜਾਰੀ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ ਕਿ ਲੰਡਨ ਜਾ ਰਹੇ ਇਸ ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚੋਂ 200 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਜਾਣ ਕੇ ਬਹੁਤ ਅਫ਼ਸੋਸ ਹੋਇਆ ਹੈ ਕਿ ਮਰਨ ਵਾਲਿਆਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ੍ਰੀ. ਵਿਜੇ ਰੂਪਾਨੀ ਤੋਂ ਇਲਾਵਾ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 7 ਪੁਰਤਗਾਲੀ ਅਤੇ 1 ਕੈਨੇਡੀਅਨ ਨਾਗਰਿਕ ਵੀ ਸ਼ਾਮਲ ਸਨ। ਇਹ ਹਾਦਸਾ ਮਨੁੱਖੀ ਜਾਨਾਂ ਦਾ ਇੱਕ ਵੱਡਾ, ਨਾ ਪੂਰਾ ਹੋਣ ਵਾਲਾ ਘਾਟਾ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਢੰਗ ਨਾਲ ਇਤਿਹਾਸ ਨੂੰ ਦੁਹਰਾਉਂਦੀ ਹੈ, ਜੋ ਸਾਨੂੰ ਛੇ ਦਹਾਕੇ ਪਹਿਲਾਂ ਗੁਜਰਾਤ ਦੇ ਇੱਕ ਹੋਰ ਮੁੱਖ ਮੰਤਰੀ ਸ੍ਰੀ. ਬਲਵੰਤ ਰਾਏ ਮਹਿਤਾ ਦੀ ਹਵਾਈ ਹਾਦਸੇ ਵਿੱਚ ਹੋਈ ਮੌਤ ਦੀ ਯਾਦ ਦਿਵਾਉਂਦੀ ਹੈ। ਉਡਾਣ ਭਰਨ ਤੋਂ ਕੁੱਝ ਮਿੰਟਾਂ ਬਾਅਦ ਹੀ ਜਹਾਜ਼ ਦਾ ਰਿਹਾਇਸ਼ੀ ਇਲਾਕੇ ਵਿੱਚ ਡਿੱਗਣਾ ਇੱਕ ਦਿਲ ਕੰਬਾਊ ਹਾਦਸਾ ਹੈ, ਜਿਸ ਨੇ ਅਨੇਕਾਂ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਸਾਰੇ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਅਸੀਂ ਇਸ ਭਿਆਨਕ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਰੇ ਯਾਤਰੀਆਂ, ਚਾਲਕ ਦਲ ਦੇ ਮੈਂਬਰਾਂ ਅਤੇ ਜ਼ਮੀਨ ‘ਤੇ ਮਾਰੇ ਗਏ ਨਿਰਦੋਸ਼ ਨਾਗਰਿਕਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ਸਾਡੀ ਅਰਦਾਸ ਹੈ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸ਼ਾਂਤੀ ਬਖਸ਼ਣ ਅਤੇ ਸਾਰੇ ਸੋਗਗ੍ਰਸਤ ਪਰਿਵਾਰਾਂ ਨੂੰ ਇਹ ਭਾਰੀ ਸਦਮਾ ਸਹਿਣ ਦਾ ਬਲ ਬਖਸ਼ਣ।