ਭਗਵੰਤ ਮਾਨ, ਪੀੜਤਾਂ ਉਹਨਾਂ ਦੇ ਪਰਿਵਾਰਾਂ ਨੂੰ ਤੁਹਾਡੇ ਫੋਕੇ ਵਾਅਦਿਆਂ ਦੀ ਨਹੀਂ ਸਗੋਂ ਸਹਾਰੇ ਦੀ ਲੋੜ ਹੈ: ਸਰਬਜੀਤ ਸਿੰਘ ਝਿੰਜਰ
ਚੰਡੀਗੜ੍ਹ-ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪਿਛਲੇ ਇੱਕ ਮਹੀਨੇ ਵਿੱਚ ਪੰਜਾਬ ‘ਚ ਵਾਪਰੇ ਕਈ ਦੁਖਦਾਈ ਹਾਦਸਿਆਂ ‘ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ, “ਇਹਨਾਂ ਹਾਦਸਿਆਂ ਨੇ ਸੂਬੇ ਦੀ ਸਰਕਾਰ ਦੀ ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਹਾਦਸੇ ਨਾ ਸਿਰਫ਼ ਮਨੁੱਖੀ ਜਾਨਾਂ ਦੇ ਨੁਕਸਾਨ ਦਾ ਕਾਰਨ ਬਣੇ, ਸਗੋਂ ਸਰਕਾਰ ਦੀ ਤਰਜੀਹਾਂ ’ਤੇ ਵੀ ਗੰਭੀਰ ਸਵਾਲ ਚੁੱਕਦੇ ਹਨ।”
ਪੰਜਾਬ ਵਿੱਚ ਹੋਏ ਡ੍ਰੋਨ ਹਮਲੇ ਬਾਰੇ ਝਿੰਜਰ ਨੇ ਕਿਹਾ, “ਪਾਕਿਸਤਾਨ ਵੱਲੋਂ ਹੋਏ ਡਰੋਨ ਹਮਲੇ ਵਿੱਚ ਸੁਖਵਿੰਦਰ ਕੌਰ ਦੀ ਮੌਤ ਹੋਈ। ਇਹ ਹਮਲਾ ਸਿਰਫ਼ ਇੱਕ ਵਿਅਕਤੀ ਦੀ ਮੌਤ ਨਹੀਂ ਸੀ, ਸਗੋਂ ਇਸਨੇ ਰਾਸ਼ਟਰ ਦੀ ਸੁਰੱਖਿਆ ’ਤੇ ਵੀ ਕਈ ਸਵਾਲ ਖੜ੍ਹੇ ਕੀਤੇ ਸਨ। ਪਰ ਅਫ਼ਸੋਸ, ਪੰਜਾਬ ਸਰਕਾਰ ਵੱਲੋਂ ਹਮਲੇ ਵਿੱਚ ਜਾਨ ਗਵਾਉਣ ਵਾਲੀ ਮਹਿਲਾ ਦੇ ਪਰਿਵਾਰ ਨੂੰ ਨਾ ਕੋਈ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਕੋਈ ਸੰਵੇਦਨਾ ਪ੍ਰਗਟ ਕੀਤੀ ਗਈ।”
ਫਾਇਰਮੈਨ ਗਗਨਦੀਪ ਸਿੰਘ ਦੀ ਸ਼ਹਾਦਤ ‘ਤੇ ਭਾਵੁਕ ਲਹਿਜ਼ੇ ‘ਚ ਝਿੰਜਰ ਨੇ ਕਿਹਾ, “ਸਿਰਫ਼ ₹10,000 ਦੀ ਆਉਟਸੋਰਸ ਤਨਖਾਹ ’ਤੇ ਕੰਮ ਕਰ ਰਹੇ ਫਾਇਰਮੈਨ ਗਗਨਦੀਪ ਸਿੰਘ ਨੇ ਕਿਸਾਨਾਂ ਦੀਆਂ ਸੜ ਰਹੀਆਂ ਫਸਲਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਲੇਕਿਨ ਉਨ੍ਹਾਂ ਨੂੰ ਦੇ ਪਰਿਵਾਰ ਨੂੰ ਵੀ ਆਪ ਸਰਕਾਰ ਵਲੋਂ ਕੁੱਝ ਨਹੀਂ ਦਿੱਤਾ ਗਿਆ।”
ਅਧਿਆਪਕ ਨਰਿੰਦਰ ਸਿੰਘ ਨੂੰ ਬਠਿੰਡਾ ਪੁਲਸ ਵਲੋਂ ਕੁੱਟੇ ਜਾਣ ਕਾਰਨ ਹੋਈ ਮੌਤ ਦਾ ਅਫਸੋਸ ਕਰਦਿਆਂ ਝਿੰਜਰ ਨੇ ਕਿਹਾ, “ਬਠਿੰਡਾ ਦੇ ਸੀ.ਆਈ.ਏ. ਸਟਾਫ ਵੱਲੋਂ ਅਧਿਆਪਕ ਨਰਿੰਦਰ ਸਿੰਘ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਪਰਿਵਾਰ ਵੱਲੋਂ ਅੰਤਿਮ ਸੰਸਕਾਰ ਤੋਂ ਇਨਕਾਰ ਕਰਨ ’ਤੇ ਚਾਰ ਪੁਲਿਸ ਅਧਿਕਾਰੀਆਂ ’ਤੇ ਕੇਸ ਦਰਜ ਹੋਏ, ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਨਾ ਹੀ ਪਰਿਵਾਰ ਨੂੰ ਕੋਈ ਇਨਸਾਫ਼ ਮਿਲਿਆ।”
ਅਗਨੀਵੀਰ ਆਕਾਸ਼ਦੀਪ ਸਿੰਘ ਦੀ ਸ਼ਹਾਦਤ ਬਾਰੇ ਭਾਵੁਕ ਹੋ ਕੇ ਝਿੰਜਰ ਨੇ ਕਿਹਾ, “ਫ਼ਰੀਦਕੋਟ ਦੇ ਅਗਨੀਵੀਰ ਆਕਾਸ਼ਦੀਪ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਡਿਊਟੀ ਦੌਰਾਨ ਆਪਣੀ ਜਾਨ ਗੁਆ ਦਿੱਤੀ। ਪਰ ਭਵੰਗਤ ਮਾਨ ਸਰਕਾਰ ਵੱਲੋਂ ਕੋਈ ਮੁਆਵਜ਼ਾ ਜਾਂ ਪਰਿਵਾਰ ਲਈ ਸਹਾਇਤਾ ਦੀ ਘੋਸ਼ਣਾ ਨਹੀਂ ਕੀਤੀ ਗਈ।”
ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਕਾਂਡ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ, “ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋਈ। ਮੁੱਖ ਮੰਤਰੀ ਨੇ ਇਸਨੂੰ “ਹੱਤਿਆ” ਕਰਾਰ ਦਿੱਤਾ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਘੋਸ਼ਣਾ ਕੀਤੀ, ਪਰ ਅਜੇ ਤੱਕ ਨਤੀਜੇ ਸਾਮ੍ਹਣੇ ਨਹੀਂ ਆਏ। ਹਾਂ ਪਰ ਇਥੇ ਭਗਵੰਤ ਮਾਨ ਸਾਬ ਖੁਦ ਗਏ ਵੀ ਅਤੇ ਪਰਿਵਾਰਾਂ ਨਾਲ ਮੁਆਵਜ਼ਾ ਵੀ ਦਿੱਤਾ ਗਿਆ।”
ਦੂਜੇ ਪਾਸੇ, ਦਿੱਲੀ ਵਲੋਂ ਰਿਜੈਕਟ ਕੀਤੇ ਗਏ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪੰਜਾਬ ਵਿੱਚ ਉੱਚੇ ਅਹੁਦੇ ਅਤੇ ਨੌਕਰੀ ਨੁਮਾ ਮੁਆਵਜ਼ੇ ਦਿੱਤੇ ਜਾ ਰਹੇ ਹਨ:
• ਰੀਨਾ ਗੁਪਤਾ, ਦਿੱਲੀ ਦੀ ਆਮ ਆਦਮੀ ਪਾਰਟੀ ਦੀ ਨੇਤਾ, ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਬਣਾਇਆ ਗਿਆ।
• ਦੀਪਕ ਚੌਹਾਨ, ਐਮ.ਪੀ. ਸੰਦੀਪ ਪਾਠਕ ਦਾ ਪੀ.ਏ., ਉਸਨੂੰ ਪੰਜਾਬ ਲਾਰਜ ਸਕੇਲ ਇੰਡਸਟਰੀਜ਼ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
• ਸ਼ਾਲੀਨ ਮਿੱਤਰਾ, ਆਤਿਸ਼ੀ ਦਾ ਕਰੀਬੀ ਸਹਿਯੋਗੀ, ਉਸਨੂੰ ਪੰਜਾਬ ਦੇ ਸਿਹਤ ਮੰਤਰੀ ਦਾ ਓ.ਐਸ.ਡੀ. ਨਿਯੁਕਤ ਕੀਤਾ ਗਿਆ, ਜਿਸਦੀ ਤਨਖਾਹ ₹2 ਲੱਖ ਪ੍ਰਤੀ ਮਹੀਨਾ ਤੋਂ ਵੱਧ ਹੈ।
ਝਿੰਜਰ ਨੇ ਕਿਹਾ ਇਹ ਸਭ ਦੇਖ ਕੇ ਮਨ ‘ਚ ਬੜੇ ਸਵਾਲ ਉਠਦੇ ਹਨ:
• ਕੀ ਪੰਜਾਬ ਦੇ ਆਪਣੇ ਲੋਕ, ਜੋ ਸ਼ਹੀਦ ਹੋ ਰਹੇ ਹਨ ਜਾਂ ਕਿਸੇ ਹੋਰ ਕਾਰਨ ਵਜੋਂ ਪੀੜਤ ਹਨ, ਉਨ੍ਹਾਂ ਨੂੰ ਮੁਆਵਜ਼ਾ ਅਤੇ ਸਹਾਇਤਾ ਨਹੀਂ ਮਿਲਣੀ ਚਾਹੀਦੀ?
• ਦਿੱਲੀ ਦੇ ਰਿਜੈਕਟ ਹੋਏ ਨੇਤਾਵਾਂ ਨੂੰ ਪੰਜਾਬ ਵਿੱਚ ਉੱਚੇ ਅਹੁਦੇ ਦੇ ਕੇ ਪੰਜਾਬੀਆਂ ਦੀ ਅਣਦੇਖੀ ਕਿਉਂ ਕੀਤੀ ਜਾ ਰਹੀ ਹੈ?
• ਕੀ ਕਾਰਨ ਨੇ ਜਿਹੜਾ ਇਹ ਸਰਕਾਰ ਪੰਜਾਬੀਆਂ ਨੂੰ ਨਹੀਂ, ਸਗੋਂ ਦਿੱਲੀ ਦੇ ਨੇਤਾਵਾਂ ਨੂੰ ਤਰਜੀਹ ਦੇ ਰਹੀ ਹੈ?
ਝਿੰਜਰ ਨੇ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਆਸਰਾ ਤਾਂ ਕੀ ਦੇਣਾ ਸੀ ਸਗੋਂ ਉਹਨਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ, ਉਹ ਕੀ ਪੰਜਾਬ ਦਾ, ਪੰਜਾਬੀਆਂ ਦਾ ਸਾਥ ਨਿਭਾਉਣਗੇ ਜਿਹਨਾਂ ਨੂੰ ਆਮ ਲੋਕਾਂ ਦੇ ਦੁੱਖ ਹੀ ਨਹੀਂ ਦਿਸਦੇ ਜਿਹੜੇ ਸਿਆਸੀ ਖੇਡਾਂ ‘ਚ ਅਤੇ ਇਸ਼ਤਿਹਾਰਾਂ ‘ਚ ਹੀ ਇੰਨਾ ਰੁਝ ਗਏ ਕਿ ਇਹਨਾਂ ਦੇ ਦੁੱਖ ਹੀ ਭੁੱਲ ਗਏ ਪਰ ਜਿਹਨਾਂ ਨਾਲ ਬੀਤੀ ਹੁੰਦੀ ਹੈ।
ਝਿੰਜਰ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਦਿਆਂ ਕਿਹਾ, “ਕੀ ਤੁਸੀਂ ਪੰਜਾਬ ਦੇ ਲੋਕਾਂ ਦੀ ਪੀੜ ਨੂੰ ਨਹੀਂ ਦੇਖ ਰਹੇ? ਕੀ ਤੁਹਾਡੀ ਸਰਕਾਰ ਦੀ ਤਰਜੀਹ ਦਿੱਲੀ ਦੇ ਰਿਜੈਕਟ ਹੋਏ ਨੇਤਾਵਾਂ ਨੂੰ ਉੱਚੇ ਅਹੁਦੇ ਦੇਣਾ ਹੈ ਜਾਂ ਪੰਜਾਬ ਦੇ ਪੀੜਤਾਂ ਦੀ ਸਹਾਇਤਾ ਕਰਨੀ?”
ਝਿੰਜਰ ਨੇ ਮੰਗ ਕੀਤੀ, “ਸਾਰੇ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਅਤੇ ਸਹਾਇਤਾ ਦਿੱਤੀ ਜਾਵੇ, ਦਿੱਲੀ ਦੇ ਰਿਜੈਕਟ ਹੋਏ ਨੇਤਾਵਾਂ ਦੀਆਂ ਨਿਯੁਕਤੀਆਂ ’ਤੇ ਪੁਨਰਵਿਚਾਰ ਕੀਤਾ ਜਾਵੇ, ਪੰਜਾਬ ਦੇ ਲੋਕਾਂ ਦੀ ਅਵਾਜ਼ ਸੁਣੀ ਜਾਵੇ ਅਤੇ ਉਨ੍ਹਾਂ ਦੀ ਪੀੜ ਨੂੰ ਸੰਵੇਦਨਸ਼ੀਲਤਾ ਨਾਲ ਹੱਲ ਕੀਤਾ ਜਾਵੇ। ਕਿਓਂਕਿ ਇਹ ਸਿਰਫ਼ ਮੇਰੀ ਨਹੀਂ ਸਗੋਂ ਪੂਰੇ ਪੰਜਾਬ ਦੀ ਮੰਗ ਹੈ, ਇਹ ਪੰਜਾਬ ਦੇ ਹੱਕਾਂ ਦੀ ਮੰਗ ਹੈ।”