ਟਾਪਪੰਜਾਬ

‘ਭਾਜਪਾ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ ਮਾਨ ਸਰਕਾਰ’: ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ -ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਭਗਵੰਤ ਮਾਨ ਦੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵਿਰੁੱਧ ਕੀਤੀ ਟਿਪਣੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਮਾਨ ਸਰਕਾਰ ਦੇ ਇਹੋ ਜਿਹੇ ਬਿਆਨ ਉਨ੍ਹਾਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਪ੍ਰਗਟਾ ਰਹੇ ਹਨ। ਮਾਨ ਨੇ ਜੋ ਕੁਝ ਵੀ ਰਾਹੁਲ ਗਾਂਧੀ ਵਿਰੁੱਧ ਕਿਹਾ ਹੈ ਉਹ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਇਨ੍ਹਾਂ ਬਿਆਨਾਂ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਭਗਵੰਤ ਮਾਨ ਹੁਣ ਭਾਜਪਾ ਸਰਕਾਰ ਦੀ “ਟ੍ਰੋਲ ਆਰਮੀ” ਦਾ ਹਿੱਸਾ ਬਣ ਚੁਕੇ ਹਨ, ਜਿਨ੍ਹਾਂ ਨੂੰ ਦੁੱਜਿਆਂ ਉੱਤੇ ਦੋਸ਼ ਲਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆਉਂਦਾ।”

ਭਗਵੰਤ ਮਾਨ ਨੂੰ ਭਾਜਪਾ ਦਾ ਏਜੇਂਟ ਦੱਸਦਿਆਂ ਸਿੱਧੂ ਨੇ ਕਿਹਾ, “ਪਹਿਲਾਂ ਸਾਡੇ ਅੰਨਦਾਤਾਵਾਂ ਨੂੰ ਸਰਹੱਦਾਂ ਤੋਂ ਉਠਾਉਣਾ, ਕਿਸਾਨਾਂ ਦੀਆਂ ਮੰਗਾਂ ਨੂੰ ਠੁਕਰਾਉਣ ਅਤੇ ਹੁਣ ਵਿਰੋਧੀ ਪਾਰਟੀਆਂ ਦੇ ਨੇਤਾਵਾਂ ‘ਤੇ ਬੇਬੁਨਿਆਦੀ ਬਿਆਨ, ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਬਿਆਨ ਕਰ ਰਹੀਆਂ ਹਨ ਕਿ ਕਿਸ ਤਰ੍ਹਾਂ ਭਗਵੰਤ ਮਾਨ ਭਾਜਪਾ ਅਤੇ ਨਰੇਂਦਰ ਮੋਦੀ ਦੇ ਨਕਸ਼ੇ ਕਦਮਾਂ ਤੇ ਚਲ ਰਹੀ ਹੈ ਅਤੇ ਰਹੀ ਗੱਲ ‘ਲੀਡਰਸ਼ਿਪ’ ਦੀ ਜਿਸ ਪਾਰਟੀ ਦੇ ਮੁੱਖ ਮੰਤਰੀ ਦਾ ਰਿਮੋਟ ਕੰਟਰੋਲ ਆਪ ਦਿੱਲੀ ਦੇ ਹੱਥਾਂ ਵਿੱਚ ਹੋਵੇ ਉਹ ਲੀਡਰਸ਼ਿਪ ਬਾਰੇ ਬਿਆਨ ਕਿਵੇਂ ਦੇ ਸਕਦਾ ਹੈ।  ਭਗਵੰਤ ਮਾਨ ਸਿਰਫ਼ ‘ਤੇ ਸਿਰਫ਼ ਭਾਜਪਾ ਅਤੇ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਨੱਚ ਰਿਹਾ ਹੈ, ਸੂਬੇ ‘ਚ ਕੀ ਕੁਝ ਹੋ ਰਿਹਾ ਹੈ, ਉਹਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ। ”

ਸਿੱਧੂ ਨੇ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਪਿਛਲੇ ਦਿਨੀਂ ਮਾਨ ਨੇ ਵਿਧਾਨ ਸਭ ‘ਚ ਸ਼ਹੀਦ ਭਗਤ ਸਿੰਘ ਜੀ ਨੂੰ ਭਾਰਤ ਰਤਨ ਨਾਲ ਨਿਵਾਜਣ ‘ਤੇ ਮਤਾ ਪਾਸ ਕਰਨ ਲਈ  ਇਹ ਗੱਲ ਕਹੀ ਸੀ ਕਿ ਬਿਨਾਂ ਅਮਿਤ ਸ਼ਾਹ ਦੀ ਸਹਿਮਤੀ ਤੋਂ ਉਹ ਇਹ ਮਤਾ ਪਾਸ ਨਹੀਂ ਕਰ ਸਕਦੇ, ਸਿਰਫ਼ ਇਨ੍ਹਾਂ ਹੀ ਨਹੀਂ ਨਸ਼ਾ ਤਸਕਰੀਆਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣਾ, ਕਿਸਾਨਾਂ ਖਿਲਾਫ਼ ਕਾਰਵਾਈ ਅਤੇ ਹੁਣ ਰਾਹੁਲ ਗਾਂਧੀ ‘ਤੇ ਬਿਆਨ। ਇਹ ਸਾਰੀਆਂ ਚੀਜ਼ਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਭਗਵੰਤ ਮਾਨ ਭਾਜਪਾ ਦੇ ਤਰੀਕਿਆਂ ਨੂੰ ਆਪਣਾ ਰਹੀ ਹੈ ਅਤੇ ਉਨ੍ਹਾਂ ਦੇ ਹੀ ਨਕਸ਼ੇ ਕਦਮ ‘ਤੇ ਚੱਲ ਰਹੀ ਹੈ।”

ਰਾਹੁਲ ਗਾਂਧੀ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ, “ਰਾਹੁਲ ਗਾਂਧੀ ਇੱਕ ਅਜਿਹੇ ਨੇਤਾ ਹਨ ਜੋ ਹਰ ਸਮੇਂ ਗਰੀਬਾਂ ਅਤੇ ਨੌਜਵਾਨਾਂ ਦੀ ਲੜਾਈ ਲਈ ਲੜ੍ਹ ਰਹੇ ਹਨ, ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ, ਲੋਕਾਂ ਨੂੰ ਇਕਜੁੱਟ ਕਰਨ ਲਈ ਭਾਰਤ ਜੋੜੋ ਯਾਤਰਾ ਕੀਤੀ ਪਰ ਮਾਨ ਸਰਕਾਰ ਨੇ ਕੀ ਕੀਤਾ? ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਉਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਅਤੇ ਪੰਜਾਬ ਨੂੰ ਕਰਜ਼ੇ ਵਿੱਚ ਡੋਬਿਆ

ਪੰਜਾਬ ਦੀ ਮੌਜੂਦਾ ਸਤਿਥੀ ‘ਤੇ ਧਿਆਨ ਦਿੰਦਿਆਂ ਸਿੱਧੂ ਨੇ ਕਿਹਾ, “ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਸਤਿਥੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਚੋਰੀ, ਡਕੈਤੀ, ਬੰਬ ਬਲਾਸਟ ਮਨੋਂ ਆਮ ਹੋ ਗਏ ਹਨ, ਪਰ ਸੂਬੇ ਦੀ ਨਿਕੰਮੀ ਸਰਕਾਰ ਇਸ ਵੱਲ ਧਿਆਨ ਦੇਣ ਦੀ ਬਜਾਏ ਦੂੱਜੇ ਲੀਡਰਾਂ ‘ਤੇ ਬੇਬੁਨਿਆਦੀ ਬਿਆਨ ਦੇਣ ‘ਚ ਰੁੱਝੀ ਹੋਈ ਹੈ।”

ਸਿੱਧੂ ਨੇ ਅੱਗੇ ਕਿਹਾ, “ਭਗਵੰਤ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋ ਜਾਣ ਦੇ ਬਾਅਦ ਵੀ ਸੂਬੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਸਿੱਖਿਆ ਅਤੇ ਸਿਹਤ ਮਾਡਲ ‘ਤੇ ਬਣੀ ਆਪ ਸਰਕਾਰ ਆਪਣੇ ਹਰ ਵਾਅਦੇ ਨੂੰ ਪੁਰਾ ਕਰਨ ‘ਚ ਅਸਫ਼ਲ ਰਹੀ ਹੈ ਤੇ ਹੁਣ ਇਹੋ ਜਿਹੇ ਬਿਆਨਾਂ ਨਾਲ ਉਹ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਦੀਓ ਕੋਸ਼ਿਸ਼ ਕਰ ਰਹੀ ਹੈ।”

ਸਿੱਧੂ ਨੇ ਮੰਗ ਕੀਤੀ, ” ਭਗਵੰਤ ਮਾਨ ਨੂੰ ਰਾਹੁਲ ਗਾਂਧੀ ਵਿਰੁੱਧ ਦਿੱਤੇ ਆਪਣੇ ਬਿਆਨ ‘ਤੇ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਅਤੇ ਫਾਲਤੂ ਬਿਆਨਬਾਜ਼ੀ ਕਰਨ ਤੋਂ ਇਲਾਵਾ ਸੂਬੇ ਦੀ ਵਿਗੜਦੀ ਸਥਿਤੀ ‘ਤੇ ਧਿਆਨ ਦੇਣਾ ਚਾਹੀਦਾ ਹੈ।”

Leave a Reply

Your email address will not be published. Required fields are marked *