ਮਾਈ ਚੁਆਇਸ’ : ਔਰਤਾਂ ਦੀ ਗੁਲਾਮੀ ਦਾ ਹੀ ਇੱਕ ਹੋਰ ਰੂਪ ?? ਡਾ.ਦਵਿੰਦਰ ਖੁਸ਼ ਧਾਲੀਵਾਲ
ਪਿਛਲੇ ਦਿਨੀਂ ‘ਯੂ-ਟਿਊਬ’ ਨਾਮ ਦੀ ਇੱਕ ਵੈਬਸਾਈਟ ਉੱਤੇ ਫਿਲਮੀ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਢਾਈ ਮਿੰਟ ਦੀ ਇੱਕ ਵੀਡੀਓ ‘ਮਾਈ ਚੁਆਇਸ’ (ਮੇਰੀ ਪਸੰਦ) ਜਾਰੀ ਕੀਤੀ ਗਈ। ਹੋਮੀ ਅਦਜਾਨਿਆ ਦੇ ਨਿਰਦੇਸ਼ਨ ਹੇਠ ਬਣੀ ਇਸ ਵੀਡੀਓ ਵਿੱਚ ਔਰਤ ਮੁਕਤੀ ਦੇ ਨਾਮ ‘ਤੇ ਜੋ ਗੱਲਾਂ ਕੀਤੀਆਂ ਗਈਆਂ ਹਨ ਉਹਨਾਂ ਤੋਂ ਕਾਫੀ ਬਹਿਸਾਂ, ਵਿਵਾਦ ਖੜੇ ਹੋਏ ਹਨ ਜੋ ਸੋਸ਼ਲ ਮੀਡੀਆ ਅਤੇ ਫਿਲਮੀ ਖ਼ਬਰੀ ਚੈਨਲਾਂ ਵਿੱਚ ਭਖਵਾਂ ਮੁੱਦਾ ਬਣੇ ਰਹੇ ਹਨ। ਵੀਡੀਓ ਵਿੱਚ ਮਰਦ ਪ੍ਰਧਾਨ ਸਮਾਜ ਨੂੰ ਔਰਤਾਂ ਦੇ ਪਹਿਰਾਵੇ, ਜੀਵਨ-ਢੰਗ ਆਦਿ ‘ਤੇ ਰੋਕਾਂ ਲਾਉਣ, ਫਤਵੇ ਜਾਰੀ ਕਰਨ ਦੇ ਵਿਰੋਧ ਵਜੋਂ ਔਰਤਾਂ ਦੀ ਨਿੱਜੀ ਪਸੰਦ ਦੀ ਗੱਲ ਕੀਤੀ ਗਈ ਹੈ। ਇਸ ਮਗਰੋਂ ਖੜੀ ਹੋਈ ਬਹਿਸ ਨੇ ਔਰਤਾਂ ਦੀ ਅਜ਼ਾਦੀ ਤੋਂ ਲੈ ਕੇ ਮਨੁੱਖੀ ਰਿਸ਼ਤਿਆਂ ਆਦਿ ਤੱਕ ਕਈ ਮੁੱਦਿਆਂ ਨੂੰ ਛੋਹਿਆ ਹੈ ਜਿਨ੍ਹਾਂ ਦੀ ਅਸੀਂ ਇੱਥੇ ਚਰਚਾ ਕਰਾਂਗੇ। ਇਸ ਵਿੱਚ ਪ੍ਰਗਟਾਏ ਵਿਚਾਰਾਂ ਉੱਤੇ ਮਗਰੋਂ ਆਉਂਦੇ ਹਾਂ ਪਰ ਉਸ ਤੋਂ ਪਹਿਲਾਂ ਇਸਦੇ ਪ੍ਰਤੀਕਰਮ ਵਜੋਂ ਸਾਹਮਣੇ ਆਏ ਮੱਧਯੁਗੀ ਕਦਰਾਂ-ਕੀਮਤਾਂ ਦੇ ਪਹਿਰੇਦਾਰਾਂ ਦੀ ਗੱਲ ਕਰ ਲਈਏ ਜੋ ਅਨੇਕਾਂ ਵਿਅਕਤੀਆਂ, ਸੰਸਥਾਵਾਂ ਤੇ ਜਥੇਬੰਦੀਆਂ ਦੇ ਰੂਪ ਵਿੱਚ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਅਸੀਂ ਦੁਰਗਾ ਵਾਹਿਣੀ ਦੀ ਰਜਨੀ ਠਕੁਰਾਲ ਦੇ ਬਿਆਨ ਦੀ ਗੱਲ ਕਰਦੇ ਹਾਂ।
ਦੁਰਗਾ ਵਾਹਿਨੀ ਕੱਟੜਪੰਥੀ ਹਿੰਦੂ ਜਥੇਬੰਦੀ ਰਾਸ਼ਟਰੀ ਸਵੈ-ਸੇਵਕ ਸੰਘ ਦਾ ਔਰਤਾਂ ਦਾ ਵਿੰਗ ਹੈ, ਜਿਸਦਾ ਮੁੱਖ ਕੈਂਪ ਔਰੰਗਾਬਾਦ (ਮਹਾਂਰਾਸ਼ਟਰ) ਵਿੱਚ ਹੈ। ਦੁਰਗਾ ਵਾਹਿਨੀ ਦੀ ਮੁਖੀ ਰਜਨੀ ਠਕੁਰਾਲ ਦਾ ਕਹਿਣਾ ਹੈ ਕਿ ਇਹ ਵੀਡੀਓ “ਹਿੰਦੂ ਸੰਸਕ੍ਰਿਤੀ” ਦੇ ਵਿਰੁੱਧ ਹੈ। ਦੁਰਗਾ ਵਾਹਿਣੀ ਮੱਧਯੁਗੀ ਜਗੀਰੂ ਕਦਰਾਂ ਕੀਮਤਾਂ, ਰਸਮਾਂ ਦੇ ਪਾਲਣ ‘ਚ ਭਾਰਤੀ ਨਾਰੀ ਦੀ “ਮੁਕਤੀ” ਦੇਖਦੀ ਹੈ। ਦੁਰਗਾ ਵਾਹਿਨੀ ਮੁਤਾਬਕ ਔਰਤਾਂ ਨੂੰ ਆਪਣੀ ਮਰਜ਼ੀ ਦਾ ਪਹਿਰਾਵਾ ਪਹਿਨਣ, ਜੀਵਨ ਸਾਥੀ ਚੁਣਨ, ਵਿੱਦਿਆ ਹਾਸਲ ਕਰਨ, ਆਰਥਿਕ ਤੌਰ ‘ਤੇ ਸਵੈ ਨਿਰਭਰ ਹੋਣ ਦੀ ਕੋਈ ਅਜ਼ਾਦੀ ਨਹੀਂ ਹੋਣੀ ਚਾਹੀਦੀ। ਇਹ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ‘ਚ ਕੈਦ, ਪਤੀ ਪ੍ਰਮੇਸ਼ਵਰ ਦੀ ਸੇਵਾ ‘ਚ ਲੱਗੀ ਰਹਿਣ ਵਾਲ਼ੀ, ਬੱਚੇ ਪੈਦਾ ਕਰਨ ਦੀ ਮਸ਼ੀਨ ਬਣਾਈ ਰੱਖਣਾ ਚਾਹੁੰਦੀ ਹੈ। ਇਸੇ ਕਾਰਨ ਰਾਸ਼ਟਰੀ ਸਵੈਸੇਵਕ ਸੰਘ ਨਾਲ਼ ਦੁਰਗਾ ਵਾਹਿਣੀ ਸਮੇਤ ਵੱਖੋ-ਵੱਖਰੇ ਚਿਹਰੇ ਕਦੇ ਔਰਤਾਂ ਨੂੰ ਚਾਰ-ਚਾਰ ਬੱਚੇ ਜੰਮਣ ਦੀਆਂ ਨਸੀਹਤਾਂ ਦਿੰਦੇ ਹਨ, ਕਦੇ ਬਲਾਤਕਾਰ ਦੀਆਂ ਪੀੜਤ ਔਰਤਾਂ ਨੂੰ ਹੀ ਵੱਖੋ-ਵੱਖਰੇ “ਤਰਕਾਂ” ਨਾਲ਼ ਬਲਾਤਕਾਰ ਦੀਆਂ ਦੋਸ਼ੀ ਐਲਾਨਦੇ ਹਨ। ਇਹ ਸਿਰਫ ਕੱਟੜਪੰਥੀ ਹਿੰਦੂ ਤਾਕਤਾਂ ਦੀ ਹੀ ਸਮਝ ਨਹੀਂ ਹੈ ਸਗੋਂ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਹਿੱਸੇ ਇਸੇ ਮਾਨਸਿਕਤਾ ਦਾ ਰੋਗੀ ਹੈ। ਬਹੁਤੇ ਲੋਕ ਅੱਜ ਵੀ ਔਰਤਾਂ ਨੂੰ ਚੁੱਲ੍ਹੇ ਚੌਂਕੇ ਨਾਲ਼ ਬੰਨ੍ਹੀ ਰੱਖਣ, ਉਹਨਾਂ ਦੇ ਪਹਿਰਾਵੇ ‘ਤੇ ਪਬੰਦੀਆਂ ਲਾਉਣ, ਘਰੋਂ ਬਾਹਰ ਕੰਮ ਕਰਨ ‘ਤੇ ਰੋਕ ਲਾਉਣ ਤੋਂ ਲੈ ਕੇ ਉਹਨਾਂ ਨੂੰ ਕਿੱਤੇ ਅਤੇ ਜੀਵਨ ਸਾਥੀ ਦੀ ਚੋਣ ਦੇ ਹੱਕ ਤੋਂ ਵਾਂਝੇ ਰੱਖਣ ਦੇ ਹਮਾਇਤੀ ਹਨ। ਇਸੇ ਕਾਰਨ ਅੱਜ ਸਾਡਾ ਸਮਾਜ ਔਰਤਾਂ ਨਾਲ਼ ਬਦਸਲੂਕੀ, ਘਰੇਲੂ ਹਿੰਸਾ, ਬਲਾਤਕਾਰ ਜਿਹੇ ਘਿਨਾਉਣੇ ਜੁਰਮਾਂ ਨਾਲ਼ ਭਰਿਆ ਪਿਆ ਹੈ, ਅੱਜ ਵੀ ਹਰ ਸਾਲ ਹਜਾਰਾਂ ਨੌਜਵਾਨ ਅਣਖ ਦੇ ਨਾਮ ‘ਤੇ ਕਤਲ ਕੀਤੇ ਜਾਂਦੇ ਹਨ। ਮੱਧਯੁੱਗ ਤੋਂ ਚੱਲੀਆਂ ਆਉਂਦੀਆਂ ਇਹ ਕਦਰਾਂ-ਕੀਮਤਾਂ ਅੱਜ ਸਾਡੇ ਸਮਾਜ ਉੱਤੇ ਬੀਤੇ ਦਾ ਬੋਝ ਬਣੀ ਚਿੰਬੜੀਆਂ ਹੋਈਆਂ ਹਨ, ਇਹਨਾਂ ਦੀਆਂ ਧੜੱਲੇ ਨਾਲ਼ ਧੱਜੀਆਂ ਉਡਾਉਣੀਆਂ ਸਮੇਂ ਦੀ ਅਹਿਮ ਲੋੜ ਹੈ। ਇਹਨਾਂ ਦਾ ਵਿਰੋਧ ਕਰਨਾ, ਇਹਨਾਂ ਨੂੰ ਤਿਆਗਣਾ ਅੱਜ ਦੇ ਸਮੇਂ ਵਿੱਚ ਮਨੁੱਖ ਹੋਣ ਦੀ ਸ਼ਰਤ ਹੈ।
ਵਿਚਾਰ ਅਧੀਨ ਵੀਡੀਓ ਵੀ ਅਸਲ ਵਿੱਚ ਪਹਿਲਾਂ ਤੋਂ ਪ੍ਰਚੱਲਿਤ ਇਹਨਾਂ ਇਹਨਾਂ ਕਦਰਾਂ-ਕੀਮਤਾਂ, ਧਾਰਨਾਵਾਂ ਦੇ ਵਿਰੋਧ ਵਿੱਚ ਹੀ ਸਾਹਮਣੇ ਆਈ ਹੈ ਤੇ ਮੁੜ ਇਹਨਾਂ ਕਦਰਾਂ-ਕੀਮਤਾਂ ਤੇ ਧਾਰਨਵਾਂ ਦੇ ਧਰਾਤਲ ਤੋਂ ਹੀ ਇਸ ਵੀਡੀਓ ਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਗਿਆ। ਪਰ ਇਸ ਵੀਡੀਓ ਵਿੱਚ ਮੱਧਯੁਗੀ ਕਦਰਾਂ-ਕੀਮਤਾਂ ਦੇ ਜੀਵਨ-ਜਾਂਚ ਦਾ ਵਿਰੋਧ ਹਰ ਤਰ੍ਹਾਂ ਦੇ ਸਮਾਜਿਕ ਸਬੰਧਾਂ ਤੋਂ “ਨਿਰਪੇਖ” ਅਜ਼ਾਦੀ ਦੇ ਖਿਆਲੀ ਪੈਂਤੜੇ ਤੋਂ ਕੀਤਾ ਗਿਆ, ਜੋ ਅਸਲ ਵਿੱਚ ਔਰਤਾਂ ਦੀ ਮੁਕਤੀ ਨਹੀਂ ਕਰਦਾ ਸਗੋਂ ਉਹਨਾਂ ਦੀ ਗੁਲਾਮੀ ਨੂੰ ਹੀ ਬਰਕਰਾਰ ਰੱਖਦਾ ਹੈ। ਇਹ ਔਰਤਾਂ ਨੂੰ ਮੱਧਯੁੱਗੀ ਪਬੰਦੀਆਂ ਵਿੱਚੋਂ ਕੱਢ ਕੇ ਮੰਡੀ ਦੀਆਂ ਤਾਕਤਾਂ ਦਾ ਗੁਲਾਮ ਬਣਾਉਣ ਦੀ ਵਕਾਲਤ ਕਰਦਾ ਹੈ, ਜਿੱਥੇ ਸਭ ਮਨੁੱਖੀ ਰਿਸ਼ਤੇ, ਭਾਵਨਾਵਾਂ ਆਪਣੇ ਅਰਥ ਗਵਾ ਬਹਿੰਦੀਆਂ ਹਨ ਤੇ ਸਿਰਫ ਮੁਨਾਫਾ ਹੀ ਪ੍ਰਧਾਨ ਹੋ ਜਾਂਦਾ ਹੈ। ਇਹ ਵੀਡੀਓ ਅਸਲ ਵਿੱਚ ਇੱਕ ਮੁਖੌਟਾ ਹੈ, ਸਾਨੂੰ ਇਸ ਮੁਖੌਟੇ ਪਿਛਲੀਆਂ ਅਸਲ ਤਾਕਤਾਂ ਤੇ ਵਿਚਾਰਧਾਰਾ ਦੀ ਨਿਸ਼ਾਨਦੇਹੀ ਕਰਨੀ ਪਵੇਗੀ ਤਾਂ ਜੋ ਇਹਨਾਂ ਵਿਚਾਰਾਂ ਦੀ ਸਹੀ ਜੜ੍ਹ ਤੇ ਸਾਰਤੱਤ ਫੜਿਆ ਜਾ ਸਕੇ।
ਇਸ ਚਰਚਾ ਲਈ ਪਹਿਲਾਂ ਮੌਜੂਦਾ ਭਾਰਤੀ ਸਮਾਜ ਦੀ ਬਣਤਰ ਨੂੰ ਸਮਝਣਾ ਜਰੂਰੀ ਹੈ। ਭਾਰਤ ਵਿੱਚ ਜਗੀਰਦਾਰੀ ਤੋਂ ਸਰਮਾਏਦਾਰੀ ਦਾ ਵਿਕਾਸ ਇੱਕ ਇਨਕਲਾਬੀ ਪ੍ਰਕਿਰਿਆ ਰਾਹੀਂ ਨਹੀਂ ਹੋਇਆ, ਇਸੇ ਕਾਰਨ ਹੀ ਭਾਰਤ ਵਿੱਚ ਜਗੀਰੂ ਦੌਰ ਦੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ‘ਤੇ ਵੀ ਸੱਟ ਨਹੀਂ ਮਾਰੀ ਗਈ ਤੇ ਅੱਜ ਵੀ ਮੱਧਯੁਗੀ ਜਗੀਰੂ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚ ਭਾਰੂ ਹਨ। ਸਾਡੇ ਸਮਾਜ ਵਿੱਚ ਔਰਤ ਵਿਰੋਧੀ ਮਾਨਸਿਕਤਾ, ਮਰਦ ਪ੍ਰਧਾਨਤਾ, ਔਰਤਾਂ ਨੂੰ ਚੁੱਲ੍ਹੇ-ਚੌਂਕੇ ਨਾਲ਼ ਨੂੜੀ ਰੱਖਣਾ, ਉਹਨਾਂ ਦੇ ਪਹਿਰਾਵੇ, ਕਿੱਤੇ ਅਤੇ ਜੀਵਨ ਸਾਥੀ ਦੀ ਚੋਣ ‘ਤੇ ਪਬੰਦੀਆਂ ਲਾਉਣਾ ਇਸੇ ਦਾ ਹੀ ਨਤੀਜਾ ਹਨ। ਇਹਦੇ ਨਾਲ਼ ਹੀ 1947 ਤੋਂ ਮਗਰੋਂ ਭਾਰਤ ਵਿੱਚ ਉੱਪਰੋਂ ਸਰਮਾਏਦਾਰਾ ਵਿਕਾਸ ਦੀ ਪ੍ਰਕਿਰਿਆ ਸ਼ੁਰੂ ਹੋਈ ਤੇ ਮਗਰੋਂ ਭਾਰਤੀ ਸਰਮਾਏਦਾਰੀ ਦੇ ਸਾਮਰਾਜੀ ਤਾਕਤਾਂ ਦੇ ਛੋਟੇ ਭਾਈਵਾਲ ਬਣਨ ਦੇ ਰੂਪ ਵਿੱਚ ਇੱਥੇ ਸਾਮਰਾਜੀ ਸਰਮਾਇਆ ਵੀ ਦਾਖਲ ਹੋਇਆ। ਸਰਮਾਏਦਾਰੀ ਵਿੱਚ ਹਰ ਚੀਜ ਮੰਡੀ ਦੀਆਂ ਤਾਕਤਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਰੋਟੀ, ਪਾਣੀ ਜਿਹੀਆਂ ਆਮ ਲੋੜ ਦੀਆਂ ਵਸਤਾਂ ਤੋਂ ਲੈ ਕੇ ਮਨੁੱਖੀ ਰਿਸ਼ਤੇ, ਭਾਵਨਾਵਾਂ ਸਭ ਵਿੱਚ ਮੁਨਾਫੇ ਹੀ ਹਵਸ ਭਾਰੂ ਹੁੰਦੀ ਜਾਂਦੀ ਹੈ। ਇਸ ਅਧੀਨ ਔਰਤਾਂ ਦਾ ਜਿਸਮ, ਸੁਹੱਪਣ ਤੇ ਭਾਵਨਾਵਾਂ ਵੀ ਮੁਨਾਫੇ ਕਮਾਉਣ ਦਾ ਸਾਧਨ ਬਣਾ ਦਿੱਤੀਆਂ ਜਾਂਦੀਆਂ ਹਨ। ਕਿਹਾ ਜਾ ਸਕਦਾ ਹੈ ਕਿ ਜਗੀਰੂ ਯੁੱਗ ਦੀ ਦਾਬੇ ਤੇ ਪਬੰਦੀਆਂ ਦੇ ਰੂਪ ਵਿੱਚ ਗੁਲਾਮੀ ਦੀ ਥਾਂ ਸਰਮਾਏਦਾਰਾ ਯੁੱਗ ਵਿੱਚ ਔਰਤ ਦੀ ਗੁਲਾਮੀ ਮੰਡੀ ਦੀ ਇੱਕ ਵਸਤ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਇਸ ਕਰਕੇ ਭਾਰਤ ਵਿੱਚ ਔਰਤਾਂ ਨੂੰ ਗੁਲਾਮ ਬਣਾਉਣ ਵਿੱਚ ਜਗੀਰੂ ਪਬੰਦੀਆਂ ਅਤੇ ਸਰਮਾਏਦਾਰਾ ਮੰਡੀ ਦਾ ਰਲ਼ੇਵਾਂ ਦਿਸਦਾ ਹੈ। ਕਿਤੇ ਇਹ ਦੋਵੇਂ ਧਾਰਾਵਾਂ ਰਲ਼ ਕੇ ਔਰਤਾਂ ਨੂੰ ਗੁਲਾਮ ਬਣਾਉਂਦੀਆਂ ਦਿਸਦੀਆਂ ਹਨ ਤੇ ਕਿਤੇ ਦੋਵੇਂ ਇੱਕ-ਦੂਜੀ ਦੇ ਵਿਰੋਧ ਵਿੱਚ ਖੜੇ ਕੇ ਆਪਣੇ ਤਰੀਕੇ ਨਾਲ਼ ਔਰਤਾਂ ਨੂੰ ਗੁਲਾਮ ਬਣਾਉਣ ਲਈ ਬਜ਼ਿੱਦ ਦਿਸਦੀਆਂ ਹਨ। ਇਸ ਵੀਡੀਓ ਵਾਲ਼ੇ ਮਸਲੇ ਵਿੱਚ ਵੀ ਦੁਰਗਾ ਵਾਹਿਣੀ ਤੇ ਵੀਡੀਓ ਵਿਚਲੇ ਵਿਚਾਰ ਇਹਨਾਂ ਦੋਹਾਂ ਧਾਰਾਵਾਂ ਵਿਚਲੇ ਵਿਰੋਧ ਦਾ ਹੀ ਰੂਪ ਹੈ। ਦੋਵਾਂ ਵਿੱਚ ਇਹ ਗੱਲ ਸਾਂਝੀ ਹੈ ਕਿ ਦੋਵੇਂ ਨਾ ਤਾਂ ਔਰਤਾਂ ਦੀ ਗੁਲਾਮੀ ਦੇ ਅਸਲ ਕਾਰਨਾਂ ਦੀ ਗੱਲ ਕਰਦੇ ਹਨ ਤੇ ਨਾ ਹੀ ਉਸ ਗੁਲਾਮੀ ਤੋਂ ਨਿਜਾਤ ਹਾਸਲ ਕਰਨ ਦਾ ਸਹੀ ਰਾਹ ਦੱਸਦੇ ਹਨ। ਇਸ ਤਰ੍ਹਾਂ ਇਸ ਵੀਡੀਓ ਪਿੱਛੇ ਅਸਲ ਵਿੱਚ ਇਹ ਔਰਤਾਂ ਨੂੰ ਮੰਡੀ ਦੀ ਵਸਤ ਬਣਾਉਣ ਵਾਲ਼ੀ ਸਰਮਾਏਦਾਰ ਜਮਾਤ ਹੈ। ਇਸ ਵੀਡੀਓ ਵਿਚਲੀ ਵਿਚਾਰਧਾਰਾ ਸਰਮਾਏਦਾਰ ਜਮਾਤ ਦੀ ਵਿਚਾਰਧਾਰਾ ਹੈ।
ਜਿਵੇਂ ਕਿ ਅਸੀਂ ਉੱਪਰ ਜ਼ਿਕਰ ਕੀਤਾ ਹੈ ਕਿ ਇਸ ਪਿੱਛੇ ਅਸਲ ਵਿੱਚ ‘ਵੋਗ’ ਨਾਮੀ ਹੈ ਜੋ ਫੈਸ਼ਨ ਦੀ ਦੁਨੀਆਂ ਵਿੱਚ ਇੱਕ ਵੱਡਾ ਨਾਮ ਹੈ, ਇਸਦੀਆਂ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਸ਼ਾਖਾਵਾਂ ਹਨ, ਜਿੱਥੇ ਵੋਗ ਨਾਮ ਦਾ ਹੀ ਮੈਗਜ਼ੀਨ ਪ੍ਰਕਾਸ਼ਿਤ ਹੁੰਦਾ ਹੈ। ਇਸਦੀ ਭਾਰਤ ਵਿਚਲੀ ਸ਼ਾਖਾ ਨੇ ਪਿਛਲੇ ਸਾਲ ਤੋਂ ‘ਵੋਗ ਇਮਪਾਵਰ’ ਦੇ ਨਾਮ ਹੇਠ ਔਰਤਾਂ ਦੇ “ਮਜ਼ਬੂਤੀਕਰਨ” ਲਈ ਚੇਤਨਾ ਮੁਹਿੰਮ ਵਿੱਢੀ ਹੈ। ਫੈਸ਼ਨ ਦੀ ਇਸ ਦੁਨੀਆਂ ਵਿੱਚ ਔਰਤ ਦਾ ਜਿਸਮ, ਸੁਹੱਪਣ, ਅਜ਼ਾਦੀ, ਭਾਵਨਾਵਾਂ ਸਭ ਜਿਣਸ ਹਨ, ਜਿਨ੍ਹਾਂ ਰਾਹੀਂ ਫੈਸ਼ਨ ਦੀ ਦੁਨੀਆਂ ਦੇ ਸਰਪ੍ਰਸਤ ਅਰਬਾਂ ਦੀ ਕਮਾਈ ਕਰਦੇ ਹਨ। ਇਸ ਕਰਕੇ ਉਹਨਾਂ ਦੀ ਔਰਤਾਂ ਦੇ “ਮਜ਼ਬੂਤੀਕਰਨ” ਦੀ ਪ੍ਰੀਭਾਸ਼ਾ ਵੀ ਆਪਣੇ ਮੁਨਾਫਿਆਂ ਨਾਲ਼ ਜੁੜੀ ਹੋਈ ਹੈ। ਫੈਸ਼ਨ, ਸੁਹੱਪਣ, ਜਿਸਮ ਦੇ ਦਮ ‘ਤੇ ਚਲਦੇ ਕਾਰੋਬਾਰਾਂ ਦੇ ਮਾਲਕਾਂ ਤੋਂ ਲੈ ਕੇ ਇਹਨਾਂ ਵਿੱਚ ਅਹਿਮ ਅਹੁਦਿਆਂ ‘ਤੇ ਕੰਮ ਕਰਨ ਵਾਲ਼ਿਆਂ ਲਈ ਇਸ ਗੱਲ ਦਾ ਕੋਈ ਬਹੁਤਾ ਮਤਲਬ ਨਹੀਂ ਕਿ ਉਹ ਖੁਦ ਔਰਤਾਂ ਹਨ ਜਾਂ ਮਰਦ, ਉਹ ਸਿਰਫ ਔਰਤਾਂ ਦੇ ਸਰੀਰ ਤੋਂ ਮੁਨਾਫੇ ਕਮਾਉਣ ਵਾਲ਼ੀਆਂ ਗਿਰਝਾਂ ਹਨ ਤੇ ਔਰਤਾਂ ਦੀ ਮੁਕਤੀ ਬਾਰੇ ਉਹਨਾਂ ਦਾ ਸਰੋਕਾਰ ਉਸ ਹੱਦ ਤੱਕ ਹੀ ਹੈ ਜਿਸ ਹੱਦ ਤੱਕ ਉਹ ਉਹਨਾਂ ਦੇ ਮੁਨਾਫਿਆਂ ਲਈ ਇੱਕ ਲਾਹੇਵੰਦ ਵਸਤੂ ਬਣੀਆਂ ਰਹਿਣ। ਔਰਤਾਂ ‘ਤੇ ਲਗਦੀਆਂ ਮੱਧਯੁਗੀ ਪਬੰਦੀਆਂ (ਜੋ ਲਾਜ਼ਮੀ ਹੀ ਰੱਦਣਯੋਗ ਹਨ) ਉਹਨਾਂ ਦੇ ਮੁਨਾਫਿਆਂ ਦੇ ਰਾਹ ਵਿੱਚ ਰੋੜਾ ਹਨ, ਇਸ ਲਈ ਉਹ ਇਹਨਾਂ ਦਾ ਵਿਰੋਧ ਤਾਂ ਕਰਦੇ ਹਨ ਪਰ ਔਰਤਾਂ ਦੇ ਜਿਸਮ, ਸੁਹੱਪਣ ਨੂੰ ਫੈਸ਼ਨ, ਮਾਡਲਿੰਗ ਤੇ ਇਸ਼ਤਿਹਾਰਬਾਜੀ ਲਈ ਜਿਣਸ ਬਣਾ ਦੇਣ ਦਾ ਉਹ ਵਿਰੋਧ ਨਹੀਂ ਕਰਦੇ; ਉਹਨਾਂ ਨੂੰ ਇਹ ਗੁਲਾਮੀ ਨਹੀਂ ਲਗਦੀ, ਸਗੋਂ ਉਹ ਇਸੇ ਨੂੰ ਹੀ ਔਰਤਾਂ ਦੀ ਅਜ਼ਾਦੀ ਦਾ ਨਾਮ ਦਿੰਦੇ ਹਨ। ‘ਵੋਗ ਇਮਪਾਵਰਮੈਂਟ’ ਦਾ ਬੈਨਰ ਹੇਠ ਬਣੇ ‘ਮਾਈ ਚੁਆਇਸ’ ਸਮੇਤ ਜ਼ਿਆਦਾਤਰ ਵੀਡੀਓ ਇਹੋ ਕੰਮ ਕਰਦੇ ਹਨ। ਇਹ ਗੱਲ ਤਾਂ ਇੱਥੋਂ ਵੀ ਸੋਚੀ ਜਾ ਸਕਦੀ ਹੈ ਕਿ ਕੀ ‘ਵੋਗ’ ਅਤੇ “ਇਮਪਾਵਰਮੈਂਟ” ‘ਚ ਇਸਦੇ ‘ਪਾਟਨਰ’ ਬਣੇ ਗੋਦਰੇਜ਼ ਤੇ ਟਾਟਾ ਜਿਹੇ ਔਰਤਾਂ ਨੂੰ ਮੰਡੀ ਦੀ ਵਸਤ ਬਣਾਏ ਜਾਣ ਦਾ ਵਿਰੋਧ ਕਰਨਗੇ ਜਿਨ੍ਹਾਂ ਦਾ ਆਮਦਨ ਦਾ ਵੱਡਾ ਹਿੱਸਾ ਹੀ ਇਸ ਉੱਤੇ ਅਧਾਰਤ ਹੈ?
ਸਰਮਾਏਦਾਰਾ ਢਾਂਚੇ ਵਿੱਚ ਇਹ ਗੱਲ ਵੀ ਦੇਖਣ ਵਾਲ਼ੀ ਹੈ ਕਿ ਇਹ ਆਪਣੀ ਮੰਡੀ ਅਧਾਰਤ ਔਰਤਾਂ ਦੀ ਗੁਲਾਮੀ ਦਾ ਸ਼ਿਕਾਰ ਸਮਾਜ ਦੇ ਗਰੀਬ ਅਤੇ ਅਮੀਰ ਦੋਵਾਂ ਤਬਕਿਆਂ ਦੀਆਂ ਔਰਤਾਂ ਨੂੰ ਬਣਾਉਂਦਾ ਹੈ। ਇੱਕ ਪਾਸੇ ਗਰੀਬ ਔਰਤਾਂ ਨੂੰ ਉਹਨਾਂ ਦੀ ਆਰਥਿਕ ਤੰਗੀਆਂ ਕਾਰਨ ਜਾਂ ਜਬਰੀ ਜਿਸਮ ਫਰੋਸ਼ੀ, ਵੇਸ਼ਵਾਗਮਨੀ ਦੇ ਘਿਨਾਉਣੇ ਧੰਦੇ ਵਿੱਚ ਮੁਨਾਫੇ ਲਈ ਧੱਕਿਆ ਜਾ ਰਿਹਾ, ਉੱਥੇ ਧਨਾਢ ਪਰਿਵਾਰਾਂ ਦੀਆਂ ਔਰਤਾਂ ਨੂੰ ਫੈਸ਼ਨ, ਮਾਡਲਿੰਗ, ਇਸ਼ਤਿਹਾਰਬਾਜ਼ੀ, ਸੁਹੱਪਣ ਆਦਿ ਰਾਹੀਂ ਮੁਨਾਫੇ ਲਈ ਵਰਤਿਆ ਜਾਂਦਾ ਹੈ, ਉੱਤੋਂ ਮੰਡੀ ਤੇ ਮੀਡੀਆ ਦੀ ਤਾਕਤ ਦੇ ਦਮ ‘ਤੇ ਇਹਨਾਂ “ਧੰਦਿਆਂ” ਨੂੰ ਪਵਿੱਤਰ ਤੇ ਸਤਿਕਾਰਤ ਬਣਾ ਦਿੱਤਾ ਜਾਂਦਾ ਹੈ।
ਜਿਸ ਗੱਲ ਉੱਤੇ ਸਭ ਤੋਂ ਵੱਧ ਵਿਵਾਦ ਖੜ੍ਹਾ ਹੋਇਆ ਹੈ ਉਹ ਹੈ ਵਿਭਚਾਰ ਨੂੰ ਉਤਸ਼ਾਹਿਤ ਕਰਨਾ। ਵੀਡੀਓ ਵਿੱਚ ਇੱਕ ਥਾਂ ਕਿਹਾ ਗਿਆ ਹੈ, “ਵਿਆਹ ਤੋਂ ਬਾਹਰ ਸਬੰਧ ਬਣਾਉਣੇ ਮੇਰੀ ਮਰਜ਼ੀ ਹੈ”। ਇਹ ਮਨੁੱਖੀ ਸੱਭਿਅਤਾ ਲਈ ਬੇਹੱਦ ਘਿਨਾਉਣੀ ਗੱਲ ਹੈ, ਪਰ ਸਰਮਾਏਦਾਰੀ ਦੀ ਮੰਡੀ ਅਧਾਰਤ ਨੈਤਿਕਤਾ ਲਈ ਇਹ ਕੋਈ ਓਪਰੀ ਗੱਲ ਨਹੀਂ ਹੈ। ਮੁਨਾਫੇ ਦੀ ਦੌੜ ਵਿੱਚ ਅੰਨ੍ਹੇ ਹੋਏ ਧਨ-ਪਸ਼ੂਆਂ ਲਈ ਮਨੁੱਖੀ ਭਾਵਨਾਵਾਂ, ਰਿਸ਼ਤਿਆਂ ਦਾ ਕੋਈ ਮਤਲਬ ਨਹੀਂ ਰਹਿੰਦਾ, ਉਹਨਾਂ ਲਈ ਪਿਆਰ, ਦੋਸਤੀ, ਵਿਆਹ ਆਦਿ ਸਭ ਰਿਸ਼ਤੇ ਜਾਇਦਾਦ ਅਤੇ ਰੁਤਬੇ ਦੇ ਅਧਾਰ ‘ਤੇ ਬਣਦੇ ਹਨ। ਉਹ ਮਨੁੱਖ ਨੂੰ ਮਨੁੱਖ ਦੇ ਰੂਪ ਵਿੱਚ ਦੇਖ ਸਕਣ ਦੇ ਮਨੁੱਖੀ ਗੁਣ ਤੋਂ ਵਿਹੂਣੇ ਹੋ ਚੁੱਕੇ ਹੁੰਦੇ ਹਨ। ਫਿਲਮਾਂ, ਟੀਵੀ ਸੀਰੀਅਲ, ਕਹਾਣੀਆਂ, ਨਾਵਲ, ਮੈਗਜ਼ੀਨ, ਅਖ਼ਬਾਰਾਂ ਆਦਿ ਰਾਹੀਂ ਲੋਕਾਂ ਇਹੋ ਸਿੱਖਿਆ ਦਿੱਤੀ ਜਾਂਦੀ ਹੈ ਕਿ ਮਨੁੱਖ ਇੱਕ ਜੰਗਲੀ ਪਸ਼ੂ ਹੈ ਤੇ ਔਰਤਾਂ-ਮਰਦਾਂ ਵਿੱਚ ਸਰੀਰਕ ਸਬੰਧਾਂ ਤੋਂ ਬਿਨ੍ਹਾਂ ਹੋਰ ਸਭ ਸਬੰਧ, ਭਾਵਨਾਵਾਂ ਧੋਖਾ ਹਨ। ਇਹਨਾਂ ਧਨਪਸ਼ੂਆਂ ਦੀ ਚਕਾਚੌਂਧ ਭਰੀ ਜ਼ਿੰਦਗੀ ਦੇ ਹੇਠਾਂ ਲੁਕੇ ਸੀਵਰੇਜ ਦਾ ਗੰਦ ਦੇਖਣਾ ਵੀ ਜਰੂਰੀ ਹੈ। ਨਿੱਜੀ ਜਾ ਸਮੂਹਿਕ ਰੂਪ ਵਿੱਚ ਔਰਤਾਂ ਨੂੰ ਖਰੀਦਣਾ, ਫਿਲਮੀ ਨਾਇਕਾਵਾਂ, ਮਾਡਲਾਂ ਨੂੰ ਕੈਰੀਅਰ ਦੀਆਂ ਪੌੜੀਆਂ ਚੜਾਉਣ ਦੇ ਸਬਜਬਾਗ ਦਿਖਾ ਕੇ ਉਹਨਾਂ ਨੂੰ ਵਰਤਣਾ ਤਾਂ ਉਹਨਾਂ ਲਈ ਬਹੁਤ ਛੋਟੀਆਂ ਗੱਲਾਂ ਹਨ, ਉਹਨਾਂ ਵਿੱਚ ਤਾਂ ਸਗੋਂ ਇੱਕ ਰਾਤ ਲਈ ਆਪਸ ਵਿੱਚ ਪਤਨੀਆਂ ਵਟਾਉਣਾ, ਧੋਖੇ ਨਾਲ਼ ਇੱਕ-ਦੂਜੇ ਦੀਆਂ ਪਤਨੀਆਂ ਨਾਲ਼ ਸਬੰਧ ਬਣਾਉਣੇ ਅਤੇ ਆਪਣੇ ਕਾਰੋਬਾਰੀ ਸਮਝੌਤਿਆਂ ਆਦਿ ਲਈ ਆਪਣੀਆਂ ਪਤਨੀਆਂ, ਕੁੜੀਆਂ ਨੂੰ ਇੱਕ-ਦੂਜੇ ਦੇ ਹਵਾਲੇ ਕਰਨ ਜਿਹੇ ਸ਼ਰਮਨਾਕ ਕਾਰੇ ਹੁੰਦੇ ਹਨ। ਇਹਨਾਂ ਵਿੱਚੋਂ ਬਹੁਤੇ ਮਾਮਲਿਆਂ ਵਿੱਚ ਔਰਤਾਂ ਵੀ ਬਰਾਬਰ ਦੀ ਸ਼ਮੂਲੀਅਤ ਕਰਦੀਆਂ ਹਨ, ਕਿਉਂਕਿ ਸਰਮਾਏ ਦੀ ਗੁਲਾਮੀ ਤੇ ਚਕਾਚੌਂਧ ਵਿੱਚ ਉਹ ਵੀ ਮਰਦਾਂ ਵਾਂਗ ਆਪਣੀ ਮਨੁੱਖੀ ਸਾਰਤੱਤ ਗਵਾ ਬਹਿੰਦੀਆਂ ਹਨ। ਮੁੱਕਦੀ ਗੱਲ ਜਿੰਨਾ ਉਹਨਾਂ ਦੀ ਦੌਲਤ ਦਾ ਅੰਬਾਰ ਵਧਦਾ ਜਾਂਦਾ ਓਨੇ ਹੀ ਉਹ ਪਸ਼ੂ ਬਣਨ ਵੱਲ ਵਧਦੇ ਜਾਂਦੇ ਹਨ। ਆਪਣੇ ਜਮਾਤੀ ਨਜਰੀਏ ਕਾਰਨ ਅਜਿਹੇ ਲੋਕ ਵਿਭਚਾਰ, ਇੱਕ ਤੋਂ ਵੱਧ ਸਬੰਧ ਬਣਾਉਣ ਤੇ ਔਰਤਾਂ ਦੀ ਖਰੀਦੋ-ਫਰੋਖਤ ਨੂੰ ਉਤਸ਼ਾਹਿਤ ਹੀ ਕਰ ਸਕਦੇ ਹਨ। ਹੈਰਾਨੀ ਦੀ ਗੱਲ ਨਹੀਂ ਕਿ ਸਮਾਜ ਦੀ ਇਹੋ ਜਮਾਤ ਅੱਜ ਵੇਸ਼ਵਾਗਮਨੀ ਨੂੰ ਸਮਾਜ ਦੀ “ਜਰੂਰੀ ਲੋੜ” ਦੱਸਦੀ ਹੈ ਤੇ ਇਸਨੂੰ ਕਨੂੰਨੀ ਮਾਨਤਾ ਦਿੱਤੇ ਜਾਣ ਦੀ ਪੈਰਵੀ ਕਰਦੀ ਹੈ। ਇਹਨਾਂ ਲੋਕਾਂ ਤੋਂ ਮਨੁੱਖੀ ਸਬੰਧਾਂ, ਰਿਸ਼ਤਿਆਂ, ਭਾਵਨਾਵਾਂ ਅਤੇ ਔਰਤਾਂ ਦੀ ਅਜ਼ਾਦੀ ਬਾਰੇ ਸਹੀ ਨਜਰੀਏ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ।
ਇਸ ਵੀਡੀਓ ਤੇ ਇਸ ਮਗਰੋਂ ਖੜੇ ਹੋਏ ਵਿਵਾਦ ਵਿੱਚ ਇਹ ਗੱਲ ਵੀ ਗੌਰ ਕਰਨ ਵਾਲ਼ੀ ਹੈ ਕਿ ਔਰਤਾਂ ਦੀ ਗੁਲਾਮੀ, ਦਾਬੇ ਤੇ ਦੋਇਮ ਦਰਜੇ ਦੀ ਹਾਲਤ ਦੇ ਮਸਲੇ ਨੂੰ ਔਰਤਾਂ-ਮਰਦਾਂ ਦੀ ਆਪਸੀ ਦੁਸ਼ਮਣੀ ਦੇ ਰੂਪ ਵਿੱਚ ਪੇਸ਼ ਕਰਕੇ ਦੋਵਾਂ ਨੂੰ ਇੱਕ-ਦੂਜੇ ਦੇ ਵਿਰੋਧ ਵਿੱਚ ਖੜ੍ਹੇ ਕੀਤਾ ਜਾ ਰਿਹਾ ਹੈ। ਇਸੇ ਲਈ ਔਰਤ ਮੁਕਤੀ ਦੇ ਨਾਮ ‘ਤੇ ਕੋਈ ਮਰਦਾਂ ਨੂੰ ਨਸੀਹਤਾਂ ਦੇਣ ਦੀ ਗੱਲ ਕਰ ਰਿਹਾ ਹੈ, ਕੋਈ ਔਰਤਾਂ ਨੂੰ ਮਰਿਆਦਾ ਵਿੱਚ ਰਹਿਣ ਦੀਆਂ ਸਲਾਹਾਂ ਦੇ ਮਾਰਦਾ ਹੈ, ਕੋਈ “ਕੁੜੀਆਂ ਕਿਹੜਾ ਘੱਟ ਨੇ” ਦੇ ਬਹਾਨੇ ਲੱਭਦਾ ਹੈ, ਕੋਈ “ਮੁੰਡਿਆਂ ਨੂੰ ਵੀ ਅਕਲ ਦਿਉ” ਦੇ ਪ੍ਰਵਚਨ ਦਾਗਦਾ ਹੈ ਤੇ ਕੋਈ “ਇੱਕ ਹੱਥ ਨਾਲ਼ ਤਾੜੀ ਨਹੀਂ ਵੱਜਦੀ” ਜਿਹੇ ਮੁਹਾਵਰਿਆਂ ਦੇ ਬਹਾਨੇ ਆਪਣੀ ਅਕਲ ਦਾ ਜਨਾਜਾ ਕੱਢਦਾ ਹੈ। ਚਰਚਾ ਅਧੀਨ ਵੀਡੀਓ ਦੇ ਮਾਮਲੇ ਵਿੱਚ ਇਸਦਾ ਪ੍ਰਗਟਾਵਾ ਇਸ ਵੀਡੀਓ ਦੇ ਪ੍ਰਤੀਕਰਮ ‘ਚ ਅਨੇਕਾਂ ”ਮਰਦ ਵਰਜ਼ਨ” ਵਾਲ਼ੀਆਂ “ਮਾਈ ਚੁਆਇਸ” ਵੀਡੀਓ ਦੇ ਰੂਪ ਵਿੱਚ ਹੋਇਆ ਹੈ ਜਿੰਨ੍ਹਾਂ ਵਿੱਚ ਆਤਮਕ ਤੇ ਸੱਭਿਆਚਾਰਕ ਸੜਾਂਦ ਦੀ ਉਹ ਭੈੜੀ ਨੁਮਾਇਸ਼ ਲਾਈ ਗਈ ਹੈ ਕਿ ਇੱਕ ਵਾਰ ਤਾਂ ਮਨ ਵਿੱਚ ਸਵਾਲ ਉੱਠਦਾ ਹੈ ਕਿ ਵਾਕਈ ਅਸੀਂ ਮਨੁੱਖਾਂ ਦੀ ਦੁਨੀਆਂ ਵਿੱਚ ਰਹਿ ਰਹੇ ਹਾਂ। ਇਹਨਾਂ ਵਿਚਲੇ ਵਿਚਾਰਾਂ ਨੂੰ ਸੁਣਕੇ ਹੀ ਕਚਿਆਣ ਆਉਂਦੀ ਹੈ, ਉਹਨਾਂ ਬਾਰੇ ਕੋਈ ਗੱਲ ਕਰਨਾ ਤਾਂ ਹੋਰ ਵੀ ਮਾਨਸਿਕ ਤਸੀਹਾ ਝੱਲਣਾ ਹੈ। ਅੱਜ ਔਰਤਾਂ ਦੀ ਗੁਲਾਮੀ ਦਾ ਸਵਾਲ ਸਿਰਫ ਔਰਤ ਸਵਾਲ ਨਹੀਂ ਹੈ ਸਗੋਂ ਉਹ ਮਰਦ ਸਵਾਲ ਵੀ ਹੈ, ਕਿਉਂਕਿ ਔਰਤਾਂ ‘ਤੇ ਜਬਰ ਕਰਨ, ਉਹਨਾਂ ਨੂੰ ਗੁਲਾਮ ਬਣਾਉਣ ਤੇ ਉਹਨਾਂ ਨੂੰ ਵਸਤੂ ਤੱਕ ਸੀਮਤ ਕਰਨ ਵਾਲ਼ੇ ਮਰਦ ਵੀ ਆਪਣੇ ਮਨੁੱਖ ਹੋਣ ਦੀਆਂ ਸ਼ਰਤਾਂ ਗਵਾ ਦਿੰਦੇ ਹਨ। ਇਹਨਾਂ ਅਰਥਾਂ ਵਿੱਚ ਇਹ ਸਮੁੱਚੀ ਮਨੁੱਖਤਾ ਦੀ ਮੁਕਤੀ ਦਾ ਸਵਾਲ ਹੈ ਜਿਸਦਾ ਹੱਲ ਮਰਦਾਂ-ਔਰਤਾਂ ਦੀ ਆਪਸੀ ਦੁਸ਼ਮਣੀ ਨਾਲ਼ ਨਹੀਂ ਹੋਣ ਲੱਗਿਆ।
ਇਸ ਵੀਡੀਓ ਨਾਲ਼ ਹੋ ਵੀ ਕਈ ਅਹਿਮ ਮਸਲੇ ਜੁੜੇ ਹੋਏ ਹਨ ਜਿਨ੍ਹਾਂ ਬਾਰੇ ਸੰਖੇਪ ਗੱਲ ਕਰਨੀ ਜਰੂਰੀ ਹੈ। ਇਸ ਵੀਡੀਓ ਵਿੱਚ 99 ਔਰਤਾਂ ਦਿਖਾਇਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਬਹੁ-ਗਿਣਤੀ ਸਮਾਜ ਦੇ ਉਚੇਰੇ ਤਬਕੇ ਦੀਆਂ ਹਨ। ਵੀਡੀਓ ਵਿੱਚ ਜੋ ਗੱਲਾਂ ਕੀਤੀਆਂ ਗਈਆਂ ਹਨ, ਉਹ ਵੀ ਜ਼ਿਆਦਾਤਰ ਇਹਨਾਂ ਉੱਚ-ਤਬਕੇ ਦੀਆਂ ਔਰਤਾਂ ਦੀ “ਅਜ਼ਾਦੀ” ਨਾਲ਼ ਹੀ ਜੁੜੀਆਂ ਹੋਈਆਂ ਹਨ। ਜਦਕਿ ਸਮਾਜ ਦੀਆਂ 80 ਫੀਸਦੀ ਮਜਦੂਰ, ਕਿਰਤੀ ਤੇ ਗਰੀਬ ਔਰਤਾਂ ਜਿਨ੍ਹਾਂ ਲਈ ਰੋਟੀ, ਪਾਣੀ, ਸਿਹਤ, ਸਿੱਖਿਆ ਤੇ ਰੁਜਗਾਰ ਜਿਹੇ ਮਸਲੇ ਹੀ ਮੁੱਖ ਬਣੇ ਹੋਏ ਹਨ, ਦੀ ਕੋਈ ਗੱਲ ਨਹੀਂ ਹੈ, ਉਹਨਾਂ ਦੀਆਂ ਮੰਗਾਂ ਸਮੱਸਿਆਵਾਂ ਤੇ ਹੱਕਾਂ ਦੀ ਕੋਈ ਗੱਲ਼ ਨਹੀਂ ਹੈ। ਉਹਨਾਂ ਨਾਲ਼ ਹੁੰਦੀਆਂ ਧੱਕੇਸ਼ਾਹੀਆਂ, ਜ਼ਬਰ, ਹਿੰਸਾ ਆਦਿ, ਜਿਨ੍ਹਾਂ ਦੀ ਭਾਰਤੀ ਕਨੂੰਨ, ਅਦਾਲਤਾਂ ਵਿੱਚ ਕੋਈ ਸੁਣਵਾਈ ਵੀ ਨਹੀਂ ਹੁੰਦੀ, ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਇਸ ਲਈ 80 ਫੀਸਦੀ ਔਰਤਾਂ ਤਾਂ ਇਸ ਵੀਡੀਓ ਵਿਚਲੀ ਔਰਤਾਂ ਦੀ ਪ੍ਰੀਭਾਸ਼ਾ ਤੋਂ ਬਾਹਰ ਕਰ ਦਿੱਤੀਆਂ ਗਈਆਂ ਹਨ। ਇਹਨਾਂ 80 ਫੀਸਦੀ ਔਰਤਾਂ ਦੀ ਆਰਥਿਕ, ਸਮਾਜਿਕ ਹਾਲਤ ਨੂੰ ਦੇਖਦਿਆਂ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਇਹਨਾਂ ਔਰਤਾਂ ਨੂੰ ਸਿਰਫ ਆਪਣੀ ਪਸੰਦ ਚੁਣਨ, ਮਰਜੀ ਕਰਨ ਦਾ ਹੱਕ ਮਿਲਣ ਨਾਲ਼ ਹੀ ਉਹਨਾਂ ਦੀ ਮੁਕਤੀ ਸੰਭਵ ਹੈ? ਉਦਾਹਰਨ ਵਜੋਂ ਇੱਕ ਗਰੀਬੀ ਤੇ ਥੁੜਾਂ ਮਾਰੀ ਔਰਤ ਜਿਸ ਲਈ ਅਧਿਆਪਕ, ਡਾਕਟਰ ਆਦਿ ਜਿਹੇ ਕਿੱਤੇ ਚੁਣਨਾ ਤਾਂ ਦੂਰ ਸਗੋਂ ਬੇਰੁਜਗਾਰਾਂ ਦੀ ਭੀੜ ਕਾਰਨ ਉਸਨੂੰ ਮਜਦੂਰਾਂ ਵਿੱਚ ਵੀ ਥਾਂ ਨਹੀਂ ਮਿਲ਼ ਰਹੀ, ਅਜਿਹੀ ਔਰਤ ਦੀ “ਅਜ਼ਾਦੀ” ਦਾ ਦਾਇਰਾ ਕਿੰਨਾ ਕੁ ਹੈ? ਉਸ ਕੋਲ਼ ਭੁੱਖ ਹੱਥੋਂ ਜਾਨ ਦੇਣ ਜਾਂ ਫਿਰ ਆਪਣਾ ਜਿਸਮ ਵੇਚਣ ਲਈ ਮਜਬੂਰ ਹੋਣ ਤੋਂ ਬਿਨ੍ਹਾਂ ਹੋਰ ਕਿਹੜੀ “ਚੋਣ” ਹੈ? ਮਤਲਬ ਸਾਫ ਹੈ, ਮੌਜੂਦਾ ਸਮਾਜਕ-ਆਰਥਕ ਢਾਂਚੇ ਨੂੰ ਅਣਦੇਖਿਆਂ ਕਰਕੇ ਮਾਰੇ ਗਏ ‘ਅਜ਼ਾਦੀ’, ‘ਮਰਜੀ’ ਤੇ ‘ਪਸੰਦ’ ਦੇ ਨਾਅਰੇ ਖੋਖਲੇ ਹਨ, ਉਹ ਬਹੁਗਿਣਤੀ ਔਰਤਾਂ ਦਾ ਕੁੱਝ ਵੀ ਨਹੀਂ ਸੁਆਰ ਸਕਦੇ।
ਫਿਰ ਸਵਾਲ ਉੱਠਦਾ ਹੈ ਕਿ ਔਰਤਾਂ ਦੀ ਗੁਲਾਮੀ ਦੀਆਂ ਅਸਲ ਜੜ੍ਹਾਂ ਕਿੱਥੇ ਹਨ ਅਤੇ ਔਰਤ ਮੁਕਤੀ ਦੇ ਸਹੀ ਨਾਅਰੇ ਕੀ ਹੋਣਗੇ? ਔਰਤਾਂ ਦੀ ਗੁਲਾਮੀ ਦੀਆਂ ਜੜ੍ਹਾਂ ਮਨੁੱਖੀ ਇਤਿਹਾਸ ਵਿੱਚ ਨਿੱਜੀ ਜਾਇਦਾਦ ਦੇ ਪੈਦਾ ਹੋਣ ਨਾਲ਼ ਜੁੜੀਆਂ ਹੋਈਆਂ ਹਨ। ਮੁੱਢ ਕਦੀਮੀ ਸਮਾਜ ਵਿੱਚ ਜਿੱਥੇ ਜਮੀਨ, ਰੁੱਖ, ਫਲ਼, ਪਸ਼ੂ ਆਦਿ ਸਭ ਕੁਦਰਤੀ ਦਾਤਾਂ ਮਨੁੱਖਤਾ ਦੀ ਸਾਂਝੀ ਸੰਪੱਤੀ ਸਨ, ਉੱਥੇ ਕਬੀਲੇ ਦੇ ਸਭ ਲੋਕ ਰਲ਼-ਮਿਲ਼ ਕੇ ਕੰਮ ਕਰਦੇ ਸਨ ਤੇ ਵੰਡ ਕੇ ਖਾਂਦੇ ਸਨ। ਇਸ ਦੌਰ ਵਿੱਚ ਨਾ ਔਰਤਾਂ ਗੁਲਾਮੀ ਦੀ ਹਾਲਤ ਵਿੱਚ ਸਨ, ਨਾ ਮਰਦ ਤੇ ਨਾ ਹੀ ਸਮਾਜ ਦਾ ਇੱਕ ਹਿੱਸਾ ਦੂਜੇ ਹਿੱਸੇ ਦਾ ਗੁਲਾਮ ਸੀ। ਜਦੋਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਨਾਲ਼ ਮੁੱਢ ਕਦੀਮੀ ਸਮਾਜ ਖਿੰਡਣਾ ਸ਼ੁਰੂ ਹੋਇਆ ਤੇ ਨਿੱਜੀ ਜਾਇਦਾਦ ਪੈਦਾ ਹੋਈ ਤਾਂ ਪੈਦਾਵਾਰ ਵਿੱਚ ਵਧੇਰੇ ਭੂਮਿਕਾ ਹੋਣ ਕਾਰਨ ਇਸ ਨਿੱਜੀ ਜਾਇਦਾਦ ਦੀ ਮਾਲਕੀ ਮਰਦਾਂ ਹੱਥ ਆ ਗਈ। ਇਸ ਨਾਲ਼ ਜਿੱਥੇ ਇੱਕ ਪਾਸੇ ਜਾਇਦਾਦ ਮਾਲਕਾਂ ਹੱਥੋਂ ਜਾਇਦਾਦ ਹੀਣਾਂ ਦੀ ਲੁੱਟ ਦਾ ਮੁੱਢ ਬੱਝਿਆ ਉੱਥੇ ਹੀ ਇਸਨੇ ਔਰਤਾਂ ਨੂੰ ਵੀ ਗੁਲਾਮੀ ਵਾਲ਼ੀ ਹਾਲਤ ਵਿੱਚ ਧੱਕ ਦਿੱਤਾ। ਔਰਤਾਂ ਇਸ ਨਿੱਜੀ ਜਾਇਦਾਦ ਦਾ ਜਾਇਜ ਵਾਰਿਸ ਪੈਦਾ ਕਰਨ ਦਾ ਇੱਕ ਸਾਧਨ ਬਣ ਗਈਆਂ ਤੇ ਭੋਗਣ ਦੀ ਇੱਕ ਵਸਤ ਬਣ ਕੇ ਰਹਿ ਗਈਆਂ ਅਤੇ ਇਹੋ ਹੁਣ ਤੱਕ ਚੱਲਿਆ ਆ ਰਿਹਾ ਹੈ। ਨਿੱਜੀ ਜਾਇਦਾਦ ‘ਤੇ ਅਧਾਰਤ ਬਦਲਦੇ ਪੈਦਾਵਾਰੀ ਸਬੰਧਾਂ ਵਿੱਚ ਔਰਤਾਂ ਦੀ ਗੁਲਾਮੀ ਬਦਲਦੀ ਰਹੀ ਹੈ, ਜਿਵੇਂ ਗੁਲਾਮਦਾਰੀ ਯੁੱਗ ਵਿੱਚ ਔਰਤ ਮਾਲਕ ਦੀ ਮਰਜੀ ਅਨੁਸਾਰ ਖਰੀਦਿਆ, ਵੇਚਿਆ, ਵਰਤਿਆ ਜਾ ਸਕਣ ਵਾਲ਼ਾ ਗੁਲਾਮ ਜਿਸਦੀ ਆਪਣੀ ਮਰਜੀ ਦਾ ਕੋਈ ਮਤਲਬ ਨਹੀਂ ਸੀ। ਜਗੀਰੂ ਯੁੱਗ ਵਿੱਚ ਔਰਤਾਂ ਦੀ ਗੁਲਾਮੀ ਦਾਬੇ ਅਤੇ ਪਬੰਦੀਆਂ ਦੇ ਰੂਪ ਵਿੱਚ ਸਾਹਮਣੇ ਆਈ ਅਤੇ ਮੌਜੂਦਾ ਸਰਮਾਏਦਾਰਾ ਯੁੱਗ ਵਿੱਚ ਔਰਤਾਂ ਦੇ ਜਿਸਮ ਤੋਂ ਲੈ ਕੇ ਸੁਹੱਪਣ ਤੱਕ ਮੰਡੀ ਦੀ ਵਸਤ ਬਣਾ ਦਿੱਤੇ ਗਏ ਹਨ। ਅੱਜ ਔਰਤਾਂ ਦੀ ਇਹ ਗੁਲਾਮੀ ਛੇੜਛਾੜ, ਬਲਾਤਕਾਰ ਤੋਂ ਲੈ ਕੇ ਘਰਾਂ ਵਿੱਚ ਲਾਈਆਂ ਜਾਂਦੀਆਂ ਪਬੰਦੀਆਂ ਆਦਿ ਤੱਕ ਅਨੇਕਾਂ ਰੂਪ ਵਿੱਚ ਮੌਜੂਦ ਹੈ।
ਇਸ ਹਾਲਤ ਵਿੱਚ ਔਰਤਾਂ ਦੀ ਸਮੁੱਚੀ ਮੁਕਤੀ ਤਾਂ ਜਿਣਸ ਪੈਦਾਵਾਰ ਅਤੇ ਨਿਜੀ ਸੰਪੱਤੀ ਦੇ ਮੁਕੰਮਲ ਖਾਤਮੇ ਨਾਲ਼ ਹੀ ਸੰਭਵ ਹੈ। ਨਿੱਜੀ ਜਾਇਦਾਦ ਦਾ ਖਾਤਮਾ ਕਰਕੇ ਉਸਦੀ ਥਾਂ ਸਮੂਹਿਕ ਜਾਇਦਾਦ ਨੂੰ ਦੇਣ ਨਾਲ਼ ਔਰਤਾਂ ਦੀ ਗੁਲਾਮੀ ਦਾ ਅਧਾਰ ਖਤਮ ਹੋਵੇਗਾ ਤੇ ਅਜਿਹਾ ਸਮਾਜਕ-ਆਰਥਕ ਅਧਾਰ ਤਿਆਰ ਹੋਵੇਗਾ ਜਿਸ ਵਿੱਚ ਔਰਤਾਂ ਦੀ ਮੁਕਤੀ ਯਕੀਨੀ ਬਣਾਈ ਜਾ ਸਕਦੀ ਹੈ। ਇਸ ਲਈ ਦੀ ਮੁਕਤੀ ਦੀ ਲੜਾਈ ਸਰਮਾਏਦਾਰਾ ਢਾਂਚੇ ਦੀ ਤਬਾਹੀ ਦੀ ਸਮੁੱਚੀ ਇਨਕਲਾਬੀ ਲੜਾਈ ਦੇ ਅੰਗ ਵਜੋਂ ਹੀ ਲੜੀ ਜਾ ਸਕਦੀ ਹੈ। ਔਰਤਾਂ ਨੂੰ ਵਿਦਿਆਰਥੀਆਂ, ਨੌਜਵਾਨਾਂ, ਮਜਦੂਰਾਂ, ਕਿਰਤੀਆਂ ਦੀਆਂ ਜਥੇਬੰਦੀਆਂ ਵਿੱਚ ਬਰਾਬਰ ਦੀ ਸ਼ਮੂਲੀਅਤ ਕਰਨੀ ਪਵੇਗੀ ਅਤੇ ਖੁਦ ਆਪਣੀਆਂ ਵੀ ਵੱਖਰੀਆਂ ਜਥੇਬੰਦੀਆਂ ਉਸਾਰਨੀਆਂ ਪੈਣਗੀਆਂ। ਪਰ ਇਹ ਸੋਚਣਾ ਵੀ ਭਰਮ ਹੋਵੇਗਾ ਕਿ ਸਿਰਫ ਜਾਇਦਾਦ ਦੀ ਨਿੱਜੀ ਮਾਲਕੀ ਦੀ ਥਾਂ ਸਮੂਹਿਕ ਮਾਲਕੀ ਨੂੰ ਦੇ ਦੇਣ ਨਾਲ਼ ਹੀ ਔਰਤਾਂ ਦੀ ਮੁਕਤੀ ਹੋ ਜਾਵੇਗੀ, ਇਸ ਨਾਲ਼ ਤਾਂ ਸਿਰਫ ਇੱਕ ਅਧਾਰ ਤਿਆਰ ਹੋਵੇਗਾ, ਪਰ ਸੱਭਿਆਚਾਰ, ਕਦਰਾਂ-ਕੀਮਤਾਂ ਤੇ ਸਮਾਜਕ ਸੰਸਥਵਾਂ ਆਦਿ ਦੇ ਧਰਾਤਲ ‘ਤੇ ਔਰਤਾਂ ਦੀ ਗੁਲਾਮੀ ਤੇ ਦਾਬੇ ਖਿਲਾਫ ਸੁਚੇਤ ਲੜਾਈ ਲੜਨੀ ਪਵੇਗੀ। ਇਹ ਲੜਾਈ ਹੁਣ ਤੋਂ ਹੀ ਸ਼ੁਰੂ ਕਰਨੀ ਪਵੇਗੀ ਤੇ ਜਾਇਦਾਦ ਦੇ ਸਮੂਹੀਕਰਨ (ਭਾਵ ਸਮਾਜਵਾਦੀ ਸਮਾਜ ਦੀ ਉਸਾਰੀ) ਤੋਂ ਬਾਅਦ ਵੀ ਚਲਦੀ ਰਹੇਗੀ। ਹਰ ਤਰ੍ਹਾਂ ਦੀ ਔਰਤ ਵਿਰੋਧੀ ਮਾਨਸਿਕਤਾ, ਪਿੱਤਰਸੱਤਾ, ਮਰਦ ਪ੍ਰਧਾਨਤਾ ਆਦਿ ਖਿਲਾਫ ਲਗਾਤਾਰ ਵੱਖੋ-ਵੱਖਰੇ ਪ੍ਰਚਾਰ-ਪ੍ਰਸਾਰ ਤੇ ਚੇਤੰਨਤਾ ਮੁਹਿੰਮਾਂ ਚਲਾਉਣੀਆਂ ਪੈਣਗੀਆਂ। ਔਰਤਾਂ ਖਿਲਾਫ ਵਧ ਰਹੇ ਜੁਰਮਾਂ ਖਿਲਾਫ ਸੜਕਾਂ ਉੱਤੇ ਉੱਤਰਨਾ ਪਵੇਗਾ ਤੇ ਪਿੰਡ, ਇਲਾਕੇ, ਮੁਹੱਲੇ ਆਦਿ ਦੇ ਪੱਧਰ ‘ਤੇ ਲੋਕਾਂ ਦੀਆਂ ਚੌਕਸੀ ਕਮੇਟੀਆਂ ਉਸਾਰਨੀਆਂ ਪੈਣਗੀਆਂ। ਹਰ ਤਰ੍ਹਾਂ ਦੀਆਂ ਮੱਧਯੁੱਗੀ ਕਦਰਾਂ-ਕੀਮਤਾਂ ਜਿਵੇਂ ਜਾਤ-ਪਾਤੀ ਮਾਨਸਿਕਤਾ, ਪਹਿਰਾਵੇ, ਕਿੱਤੇ ਤੇ ਜੀਵਨ ਸਾਥੀ ਦੀ ਚੋਣ ‘ਤੇ ਲਗਦੀਆਂ ਪਬੰਦੀਆਂ ਅਤੇ ਹੋਰ ਰਸਮਾਂ ਨੂੰ ਧੜੱਲੇ ਨਾਲ਼ ਤੋੜਨਾ ਪਵੇਗਾ। ਮੁੱਕਦੀ ਗੱਲ ਹਰ ਤਰ੍ਹਾਂ ਦੇ ਔਰਤ ਵਿਰੋਧੀ ਵਿਚਾਰਾਂ ਨੂੰ ਪ੍ਰਸਾਰ-ਪ੍ਰਸਾਰ, ਅਮਲੀ ਕਾਰਵਾਈਆਂ ਤੇ ਸੰਘਰਸ਼ਾਂ ਦੇ ਰੂਪ ਵਿੱਚ ਟੱਕਰ ਦੇਣੀ ਪਵੇਗੀ। ਇੱਥੇ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਨਿੱਜੀ ਜਾਇਦਾਦ ਦੇ ਖਾਤਮੇ ਦੇ ਨਿਸ਼ਾਨੇ ਨੂੰ ਪਾਸੇ ਕਰਦਿਆਂ ਸਿਰਫ ਸੱਭਿਆਚਾਰਕ ਸੰਘਰਸ਼ਾਂ ਦਾ ਵੀ ਕੋਈ ਗੁਣਾਤਮਕ ਲਾਭ ਨਹੀਂ ਹੋਵੇਗਾ। ਸਮਾਜਕ-ਆਰਥਕ ਢਾਂਚੇ ਦੀ ਤਬਾਹੀ ਦੀ ਲੜਾਈ ਅਤੇ ਸੱਭਿਆਚਾਰ ਦੇ ਖੇਤਰ ਦੇ ਸੰਘਰਸ਼ ਦੋਵੇਂ ਇੱਕ-ਦੂਜੇ ਦੇ ਪੂਰਕ ਹਨ, ਦੋਵਾਂ ਨੂੰ ਨਾਲ਼-ਨਾਲ਼ ਚਲਾਉਣਾ ਪਵੇਗਾ। ਰਾਹ ਬੇਸ਼ੱਕ ਲੰਬਾ ਤੇ ਔਕੜਾਂ ਭਰਿਆ ਹੈ, ਪਰ ਇਹੋ ਇੱਕੋ-ਇੱਕ ਰਾਹ ਹੈ। ਸਦੀਆਂ ਪੁਰਾਣੀ ਲੁੱਟ ਤੇ ਗੁਲਾਮੀ ਦਾ ਹੱਲ ਨਾ ਤਾਂ ‘ਅਜ਼ਾਦੀ-ਅਜ਼ਾਦੀ’ ਤੇ ‘ਮੇਰੀ ਪਸੰਦ, ਮੇਰੀ ਮਰਜੀ’ ਜਿਹੀ ਕਾਵਾਂ ਰੌਲ਼ੀ ਵਾਲ਼ੇ ਸਿੱਧੜ ਜਿਹੇ ਤਰੀਕੇ ਨਾਲ਼ ਹੋ ਸਕਦਾ ਹੈ ਤੇ ਨਾ ਹੀ ਇਸਦਾ ਹੱਲ “ਮਰਿਆਦਾ” ਤੇ “ਭਾਰਤੀ ਸੰਸਕ੍ਰਿਤੀ” ਦੇ ਠੇਕੇਦਾਰਾਂ ਦੀਆਂ ਨਸੀਹਤਾਂ ਰਾਹੀਂ, ਸਗੋਂ ਇਸ ਗੁਲਾਮੀ ਦੇ ਸੰਗਲ ਵਿਗਿਆਨਕ ਸਮਝ ‘ਤੇ ਅਧਾਰਿਤ ਲੰਬੀ ਜੱਦੋ-ਜਹਿਦ ਰਾਹੀਂ ਹੀ ਤੋੜੇ ਜਾ ਸਕਦੇ ਹਨ |