ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ
ਟੋਰਾਂਟੋ- ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਕਾਰਨੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤੀ ਵਪਾਰਕ ਜੰਗ, ਕੈਨੇਡਾ ਦਾ 51ਵੇਂ ਰਾਜ ਵਜੋਂ ਰਲੇਵਾਂ ਤੇ ਸੰਭਾਵੀ ਮੱਧਕਾਲੀ ਚੋਣਾਂ ਦਰਮਿਆਨ ਆਪਣੇ ਮੁਲਕ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ।ਕਾਰਨੀ (59) ਨੇ ਜਸਟਿਨ ਟਰੂਡੋ ਦੀ ਥਾਂ ਲਈ ਹੈ, ਜਿਨ੍ਹਾਂ ਜਨਵਰੀ ਵਿਚ ਅਸਤੀਫ਼ੇ ਦਾ ਐਲਾਨ ਕੀਤਾ ਸੀ। ਲਿਬਰਲ ਪਾਰਟੀ ਵੱਲੋਂ ਨਵਾਂ ਆਗੂ ਚੁਣੇ ਜਾਣ ਤੱਕ ਟਰੂਡੋ ਸੱਤਾ ਵਿਚ ਬਣੇ ਰਹੇ। ਉਮੀਦ ਕੀਤੀ ਜਾ ਰਹੀ ਹੈ ਕਿ ਕਾਰਨੀ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ ਵਿਚ ਆਮ ਚੋਣਾਂ ਦਾ ਐਲਾਨ ਕਰ ਸਕਦੇ ਹਨ।
ਦੱਸ ਦੇਈਏ ਕਿ ਇਸ ਸਾਲ ਚੋਣਾਂ ਵਿਚ ਸੱਤਾਧਾਰੀ ਲਿਬਰਲ ਪਾਰਟੀ ਦੀ ਹਾਰ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਟਰੰਪ ਨੇ ਟੈਰਿਫ ਦੇ ਰੂਪ ਵਿਚ ‘ਆਰਥਿਕ ਜੰਗ’ ਦਾ ਐਲਾਨ ਕਰ ਦਿੱਤਾ ਤੇ ਕੈਨੇਡਾ ਦੇ 51ਵੇਂ ਰਾਜ ਵਜੋਂ ਅਮਰੀਕਾ ਵਿਚ ਰਲੇਵੇਂ ਦੀ ਚੇਤਾਵਨੀ ਦਿੱਤੀ। ਹੁਣ ਇਨ੍ਹਾਂ ਬਦਲੇ ਹੋਏ ਸਮੀਕਰਨਾਂ ਕਰਕੇ ਲਿਬਰਲ ਪਾਰਟੀ ਨੂੰ ਚੋਣਾਂ ਵਿਚ ਵੱਡੀ ਲੀਡ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ। ਟਰੰਪ ਨੇ ਕੈਨੇਡਾ ਦੇ ਲੋਹੇ ਤੇ ਐਲੂਮੀਨੀਅਮ ਉੱਤੇ 25 ਫੀਸਦ ਟੈਕਸ ਲਾ ਦਿੱਤਾ ਸੀ ਤੇ 2 ਅਪਰੈਲ ਤੋਂ ਸਾਰੇ ਕੈਨੇਡਿਆਈ ਉਤਪਾਦਾਂ ’ਤੇ ਵੱਡੇ ਟੈਕਸ ਲਾਉਣ ਦਾ ਐਲਾਨ ਕੀਤਾ ਹੈ। -ਏਪੀ