ਟਾਪਪੰਜਾਬ

ਮੁੱਖਮੰਤਰੀ ਮਾਨ ਅਤੇ ਬਾਜਵਾ ’ਚ ਚੱਲ ਰਿਹਾ ਫਿਕਸ ਮੈਚ : ਪ੍ਰੋ. ਸਰਚਾਂਦ ਸਿੰਘ  ਖਿਆਲਾ।

ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ  ਖਿਆਲਾ ਨੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਬੰਬਾਂ ਵਾਲੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ’ਤੇ ਸ. ਬਾਜਵਾ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਨੂੰ ਦੋਹਾਂ ਧਿਰਾਂ ਦਾ ਫਿਕਸ ਮੈਚ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਆਪ ਦੇ ਆਗੂਆਂ ਵੱਲੋਂ ਕਾਂਗਰਸ ’ਤੇ ਭਾਰਤ ਵਿਰੋਧੀ ਬਾਹਰੀ ਤਾਕਤਾਂ ਦੇ ਸੰਪਰਕ ਵਿਚ ਹੋਣ ਦੇ ਦੋਸ਼ਾਂ ’ਚ ਗੰਭੀਰਤਾ ਮੌਜੂਦ ਹੈ ਅਤੇ ਵਾਕਿਆ ਹੀ ਪੰਜਾਬ ਕਾਂਗਰਸ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਪਹੁੰਚ ਕਾਰਨ ਦੇਸ਼ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਖ਼ਤਰਾ ਹੈ ਅਤੇ ਇਨ੍ਹਾਂ ਕਾਰਨ ਲੋਕਾਂ ’ਚ ਦਹਿਸ਼ਤ ਪੈਦਾ ਹੋ ਰਿਹਾ ਹੈ ਤਾਂ ’ਆਪ’ ਨੇ ਹੁਣ ਤਕ ਕਾਂਗਰਸ ਅਗਵਾਈ ਵਾਲੀ ਇੰਡੀ ਅਲਾਇੰਸ ਤੋਂ ਖ਼ੁਦ ਨੂੰ ਤੁਰੰਤ ਵੱਖ ਕਰਨ ਦਾ ਐਲਾਨ ਕਿਉਂ ਨਹੀਂ ਕੀਤਾ?
ਪ੍ਰੋ. ਸਰਚਾਂਦ ਸਿੰਘ ਨੇ ਮੁੱਖਮੰਤਰੀ ਮਾਨ ਨੂੰ ਕਿਹਾ ਕਿ ਸ. ਬਾਜਵਾ ਸ਼ੁਰ੍ਹਲੀਆਂ ਛੱਡਣ ਦੇ ਆਦੀ ਹਨ, ਉਨ੍ਹਾਂ ਦੇ ਸਿਆਸੀ ਤੇ ਗੈਰ ਜ਼ਿੰਮੇਵਾਰ ਬਿਆਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ  ਸੀ, ਨਾ ਹੀ ਉਨ੍ਹਾਂ ਖਿਲਾਫ ਕਾਹਲੀ ’ਚ ਐਫਆਈਆਰ ਦਰਜ ਕਰਨ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਮੁੱਖਮੰਤਰੀ ਮਾਨ ਆਪਣੀ ਸਰਕਾਰ ਦੀਆਂ ਨਾਕਾਮੀਆਂ ਅਤੇ ਪੰਜਾਬ ਨੂੰ ਦਰਪੇਸ਼ ਅਮਨ ਕਾਨੂੰਨ ਦੀ ਖ਼ਰਾਬ ਸਥਿਤੀ, ਨਸ਼ਾ,ਬੇਰੁਜ਼ਗਾਰੀ, ਕੁਸ਼ਾਸਨ ਆਦਿ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਵਿਰੋਧੀ ਧਿਰ ਦੇ ਨੇਤਾ ਖਿਲਾਫ ਕਾਰਵਾਈ ਨੂੰ ਅੰਜਾਮ  ਦੇ ਰਿਹਾ ਹੈ। ਉੱਧਰ ਸ. ਬਾਜਵਾ ਕਾਂਗਰਸ ’ਚ ਆਪਣੀ ਰਾਜਸੀ ਸਾਖ ਬਚਾਉਣ ਦੀ ਕੋਸ਼ਿਸ਼ ’ਚ ਮਸਰੂਫ਼ ਹਨ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ  ਦੋਹਾਂ ਧਿਰਾਂ ’ਚ ਲੋਕ ਹਿਤਾਂ ਪ੍ਰਤੀ ਗੰਭੀਰਤਾ ਦੀ ਅਣਹੋਂਦ ਹੈ। ਸ. ਬਾਜਵਾ ਨੂੰ ਲੋਕ-ਹਿਤ  ’ਚ ਇਹ ਦਸ ਦੇਣਾ ਚਾਹੀਦਾ ਹੈ ਕਿ  ਬਾਕੀ ਦੇ 32 ਬੰਬ ਕਿਥੇ ਜਾਂ ਕਿਸ ਕੋਲ ਹਨ? ਉਨ੍ਹਾਂ ਸ. ਬਾਜਵਾ ਦੇ ਪਿੱਠ ’ਤੇ ਖੜ੍ਹਨ ਵਾਲੇ ਜੈ ਰਾਮ ਰਮੇਸ਼ ਅਤੇ ਭੂਪੇਸ਼ ਬਘੇਲ ਵਰਗੇ ਸੀਨੀਅਰ ਕਾਂਗਰਸੀ ਆਗੂਆਂ ਦੀ ਪਹੁੰਚ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਜੇ ਸ. ਬਾਜਵਾ ਦੇ ਪੰਜਾਬ ’ਚ 32 ਹੋਰ ਬੰਬ ਹੋਣ ਦੇ ਦਾਅਵੇ ਨੂੰ ਠੀਕ ਸਮਝਦੇ ਹਨ ਤਾਂ ਉਹ ਸ. ਬਾਜਵਾ ਤੋਂ ਉਨ੍ਹਾਂ ਬੰਬਾਂ ਬਾਰੇ ਪਤਾ ਕਰਕੇ ਪੁਲੀਸ ਨੂੰ ਕਿਉਂ ਨਹੀਂ ਦਸ ਦੇ? ਉਨ੍ਹਾਂ ਨੂੰ ਕਿਸ ਹੋਣੀ  ਦੀ ਉਡੀਕ ਹੈ? ਕੀ ਉਹ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਬੰਬਾਂ ਤੋਂ ਸੁਰੱਖਿਅਤ ਨਹੀਂ ਕਰਨਾ ਚਾਹੁੰਦੇ ਹਨ?

Leave a Reply

Your email address will not be published. Required fields are marked *