ਟਾਪਪੰਜਾਬ

ਮੋਹਾਲੀ ਵਿਖੇ ਹੋਈ “ਸੰਵਿਧਾਨ ਬਚਾਓ ਰੈਲੀ” ਦੀ ਅਦਭੁੱਤ ਸਫਲਤਾ ਲਈ ਮੋਹਾਲੀ ਵਾਸੀਆਂ ਦਾ ਦਿਲੋਂ ਧੰਨਵਾਦ: ਬਲਬੀਰ ਸਿੰਘ ਸਿੱਧੂ

ਮੋਹਾਲੀ-ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕੱਲ ਮੋਹਾਲੀ ਦੇ ਸੈਕਟਰ 78 ਵਿਖੇ ਹੋਈ ਵਿਸ਼ਾਲ ‘ਸੰਵਿਧਾਨ ਬਚਾਓ ਰੈਲੀ’ ਨੂੰ ਕਾਮਯਾਬ ਬਣਾਉਣ ਲਈ ਸਮੂਹ ਮੋਹਾਲੀ ਹਲਕਾ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜ ਵੜਿੰਗ ਸਮੇਤ ਕਈ ਪ੍ਰਮੁੱਖ ਲੀਡਰ ਸ਼ਾਮਿਲ ਹੋਏ ਸਨ। ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।
ਮੋਹਾਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਸਿੱਧੂ ਨੇ ਕਿਹਾ, “ਕੱਲ ਮੋਹਾਲੀ ਦੀ ਧਰਤੀ ਨੇ ਇੱਕ ਵਾਰ ਫਿਰ ਇਤਿਹਾਸ ਲਿਖਿਆ, ਜਦੋਂ ਹਜ਼ਾਰਾਂ ਲੋਕ “ਸੰਵਿਧਾਨ ਬਚਾਓ ਰੈਲੀ” ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ। ਇਹ ਸਿਰਫ ਇੱਕ ਰੈਲੀ ਨਹੀਂ ਸੀ, ਇਹ ਲੋਕਤੰਤਰ ਦੀ ਰੱਖਿਆ ਲਈ ਲੋਕਾਂ ਦੀ ਇਕ ਬੁਲੰਦ ਆਵਾਜ਼ ਸੀ। ਇਸ ਰੈਲੀ ਦੀ ਵਿਸ਼ਾਲ ਹਾਜ਼ਰੀ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਅਜੇ ਵੀ ਸੰਵਿਧਾਨਿਕ ਅਧਿਕਾਰਾਂ ਅਤੇ ਮੁੱਲਾਂ ਲਈ ਜਾਗਰੂਕ ਅਤੇ ਸੰਕਲਪਬੱਧ ਹਨ।”
ਮੋਹਾਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਸਿੱਧੂ ਨੇ ਭਾਵੁਕ ਲਹਿਜ਼ੇ ‘ਚ ਆਖਿਆ, “ਅਸੀਂ ਮੋਹਾਲੀ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਇਹਨੇ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਦੇਸ਼ ਭਗਤੀ ਦੀ ਭਾਵਨਾ ਦਿਖਾਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਪਣੇ ਹੱਕਾਂ ਨੂੰ ਬਚਾਉਣ ਲਈ ਲੋਕ ਕੁਝ ਵੀ ਕਰ ਸਕਦੇ ਹਨ,  ਜੋ ਨਾ ਸਿਰਫ ਸ਼ਾਂਤਮਈ ਢੰਗ ਨਾਲ ਇਸ ਰੈਲੀ ਵਿੱਚ ਸ਼ਾਮਿਲ ਹੋਏ, ਸਗੋਂ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਇਕ ਜਾਗਰੂਕ ਨਾਗਰਿਕ ਦੀ ਭੂਮਿਕਾ ਵੀ ਨਿਭਾਈ। ਤੁਹਾਡਾ ਜੋਸ਼, ਵਿਸ਼ਵਾਸ ਅਤੇ ਸਮਰਥਨ ਹੀ ਸਾਡੀ ਤਾਕਤ ਹੈ।”
ਸਿੱਧੂ ਨੇ ਅੱਗੇ ਕਿਹਾ ਇਹ ਰੈਲੀ ਇਨਸਾਫ਼, ਬਰਾਬਰੀ, ਧਾਰਮਿਕ ਆਜ਼ਾਦੀ, ਅਤੇ ਸੰਵਿਧਾਨ ਦੀ ਰੱਖਿਆ ਲਈ ਇੱਕ ਉਦਾਹਰਣ ਬਣੀ। ਇਸ ਰਾਹੀਂ ਅਸੀਂ ਸਾਰੇ ਭਾਰਤੀ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਸੰਵਿਧਾਨ ਸਾਡੀ ਤਾਕਤ ਹੈ — ਜਦ ਤੱਕ ਇਹ ਮਜ਼ਬੂਤ ਹੈ, ਤਦ ਤੱਕ ਸਾਡਾ ਲੋਕਤੰਤਰ ਮਜ਼ਬੂਤ ਹੈ।”
ਸਿੱਧੂ ਨੇ ਜੋਸ਼ ਵਿੱਚ ਕਿਹਾ, “ਇਸ ਦੇਸ਼ ਦੀ ਰੂਹ—ਸਾਡਾ ਸੰਵਿਧਾਨ, ਸਾਡਾ ਲੋਕਤੰਤਰ ਅਤੇ ਸਾਡਾ ਭਾਈਚਾਰਾ, ਅੱਜ ਖਤਰੇ ਵਿੱਚ ਹੈ। ਪਰ ਕਾਂਗਰਸ, ਇੱਕੋ-ਇੱਕ ਰਾਸ਼ਟਰੀ ਤਾਕਤ ਵਜੋਂ, ਇਸ ਦੀ ਰਾਖੀ ਦੀ ਲੜਾਈ ਲੜ ਰਹੀ ਹੈ। ਅਸੀਂ ਇਹ ਤਾਨਾਸ਼ਾਹੀ, ਜੋ ਭਾਜਪਾ ਅਤੇ ਆਰ.ਐੱਸ.ਐੱਸ ਵੱਲੋਂ ਦੇਸ਼ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ ਨਹੀਂ ਵਧਣ ਦਵਾਂਗੇ।”
ਅੰਤ ਵਿੱਚ ਸਿੱਧੂ ਨੇ ਫਿਰ ਇੱਕ ਵਾਰ, ਮੋਹਾਲੀ ਵਾਸੀਆਂ ਦਾ ਲੱਖ-ਲੱਖ ਧੰਨਵਾਦ ਕੀਤਾ ਅਤੇ ਕਿਹਾ, “ਪੂਰਾ ਮੋਹਾਲੀ ਹਲਕਾ ਮੇਰਾ ਪਰਿਵਾਰ ਹੈ ਜੋਕਿ ਪਿਛਲੇ 35 ਸਾਲਾਂ ਤੋਂ ਮੇਰੇ ਨਾਲ ਜੁੜਿਆ ਹੋਇਆ ਹੈ ਅਤੇ ਮੈਨੂੰ ਅੱਜ ਤੱਕ ਆਪ ਸਭ ਨੇ ਢੇਰ ਸਾਰਾ ਪਿਆਰ ਅਤੇ ਸਮਰਥਨ ਦਿੱਤਾ ਹੈ। ਤੁਸੀਂ ਇਕ ਵਾਰ ਫ਼ੇਰ ਸਾਬਤ ਕਰ ਦਿੱਤਾ ਕਿ ਜਦ ਲੋਕ ਜਾਗਦੇ ਹਨ ਤਾਂ ਹੀ ਇਤਿਹਾਸ ਸਿਰਜਿਆ ਜਾਂਦਾ ਹੈ।”

Leave a Reply

Your email address will not be published. Required fields are marked *