ਟਾਪਫ਼ੁਟਕਲ

ਮੰਡੀ ਜੰਗ-ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਠੰਢੀ ਜੰਗ ਤੋਂ ਮੰਡੀ ਜੰਗ ਦਾ,
ਬਦਲਿਆ ਖੇਲ੍ਹ ਅਨੋਖਾ ਹੈ,
ਕੀ ਇਹ ਬਿਲਕੁਲ ਸੱਚ ਹੋ ਰਿਹੈ,
ਜਾਂ ਫਿਰ ਨਜ਼ਰ ਦਾ ਧੋਖਾ ਹੈ?

ਅੱਸੀ ਸਾਲ ਦੀ ਠੰਢੀ ਦੁਸ਼ਮਣੀ,
ਕਰੋੜਾਂ ਜਾਨਾਂ ਹੜੱਪ ਗਈ,
ਮੰਦਹਾਲੀ ਦੀ ਹਾਲਤ ‘ਚ ਰਹਿ ਕੇ,
ਕਿੰਨੀ ਜਨਤਾ ਤੜਪ ਗਈ।

ਹਥਿਆਰਾਂ ਦੇ ਪਹਾੜਾਂ ਨੇ ਮਿਲ ਕੇ,
ਲੋਕਾਂ ਦਾ ਪੈਸਾ ਡਕਾਰ ਲਿਆ,
ਧਰਤੀ ‘ਤੇ ਸਵਰਗ ਦਾ ਸੁਪਨਾ,
ਲੋਕਾਂ ਮਨਾਂ ਤੋਂ ਵਿਸਾਰ ਲਿਆ।

ਸਮਾਜਵਾਦ ਤੇ ਸਾਮਰਾਜ ਦੇ,
ਮਖੌਟੇ ਪਲਾਂ ਵਿੱਚ ਉਤਰ ਗਏ,
ਇੱਕ ਦੂਜੇ ਦੀ ਪਿੱਠ ਲਾਉਣ ਦੇ,
ਨਾਹਰੇ ਪਤਾ ਨਹੀਂ ਕਿੱਧਰ ਗਏ।

ਕੋਈ ਕਿਸ ਕਿਸ ਦਾ ਦੋਸਤ ਏ,
ਕੌਣ ਅੱਜ ਕਿਸ ਦਾ ਦੁਸ਼ਮਣ ਏ,
ਅੱਜ ਸੁਰਜਨ ਸਭ ਦਾ ਪੈਸਾ ਏ,
ਤੇ ਪੈਸਾ ਹੀ ਬੱਸ ਦੁਰਜਨ ਏ।

ਟੈਕਸਾਂ ਦੀ ਲੁੱਟ ਖਸੁੱਟ ਦੇ ਵਿੱਚ,
ਆਮ ਆਦਮੀ ਲੁੱਟਿਆ ਗਿਆ,
ਗਰੀਬੀ ਦੇ ਤਾਬੂਤ ‘ਚ ਸਮਝੋ,
ਆਖਰੀ ਕਿੱਲ ਵੀ ਠੁਕਿਆ ਗਿਆ।

ਸਿਰ ਫਿਰੇ ਸਿਰਫ ਇੱਕ ਬੰਦੇ ਨੇ,
ਦੁਨੀਆ ਸਾਰੀ ਹਿਲਾ ਦਿੱਤੀ,
ਅਰਥ ਸ਼ਾਸਤਰ ਦੀ ਹਰੇਕ ਯੂਨੀਵਰਸਿਟੀ,
ਮੁੜ ਤੋਂ ਪੜ੍ਹਨੇ ਪਾ ਦਿੱਤੀ।

ਠੰਢੀ ਜੰਗ ਤੋਂ ਮੰਡੀ ਜੰਗ ਹੁਣ,
ਕਿੱਥੇ ਜਾ ਕੇ ਰੁਕਦੀ ਹੈ?
ਹਰ ਜ਼ੁਬਾਨ ਤੇ ਚੱਲਦੀ ਹਰ ਗੱਲ,
ਇਸ ਸਵਾਲ ‘ਤੇ ਮੁੱਕਦੀ ਹੈ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ

Leave a Reply

Your email address will not be published. Required fields are marked *