ਟਾਪਪੰਜਾਬ

ਮੱਕੀ ਦੀ ਫ਼ਸਲ ’ਤੇ AAP ਸਰਕਾਰ ਦੀ ਚੁੱਪੀ — ਕਿਸਾਨ ਬੇਚੈਨ, ਸਰਕਾਰ ਗਾਇਬ! ਸਰਬਜੀਤ ਸਿੰਘ ਝਿੰਜਰ

ਚੰਡੀਗੜ੍ਹ:ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਮੱਕੀ ਦੀ ਫ਼ਸਲ ਇਕ ਵੱਡੀ ਉਮੀਦ ਸੀ, ਪਰ ਆਮ ਆਦਮੀ ਪਾਰਟੀ ਦੀ ਨੀਤੀਹੀਣਤਾ ਅਤੇ ਸਰਕਾਰਾਂ ਦੀ ਲਾਪਰਵਾਹੀ ਨੇ ਉਨ੍ਹਾਂ ਦੀ ਉਮੀਦ ਨੂੰ ਨਿਰਾਸ਼ਾ ਵਿੱਚ ਬਦਲ ਦਿੱਤਾ।

ਆਏ ਦਿਨ ਕਿਸਾਨਾਂ ਨਾਲ, ਪੰਜਾਬੀਆਂ ਨਾਲ, ਵਿਦਿਆਰਥੀਆਂ ਨਾਲ ਹੋ ਰਹੇ ਧੱਕੇ ਦੇ ਆਧਾਰ ‘ਤੇ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਤੋਂ ਪੱਥਰ-ਦਿਲ ਹੋ ਚੁੱਕੀ ਹੈ। ਉਹਨਾਂ ਨੇ ਕਿਸਾਨਾਂ ਨੂੰ ਮੱਕੀ ਦਾ ਬਣਦਾ ਮੁੱਲ ਤਾਂ ਕੀ ਦਵਾਉਣਾ ਸੀ ਸਗੋਂ ਜਿਹੜੀ ਹੋਰ ਸੂਬਿਆਂ ਤੋਂ ਵਿਕਣ ਲਈ ਆ ਰਹੀ ਮੱਕੀ ਹੈ ਉਸ ‘ਤੇ ਵੀ ਰੋਕ ਲਾਉਣ ‘ਚ ਨਾਕਾਮਯਾਬ ਰਹੀ, ਅਜਿਹਾ ਕੋਈ ਕੰਮ ਨਹੀਂ ਜਿਸ ‘ਚ ਮੌਜੂਦਾ ਆਪ ਸਰਕਾਰ ਦੀ ਕਾਮਯਾਬੀ ਨਜ਼ਰ ਆ ਰਹੀ ਹੋਵੇ। ਇਹਨਾਂ ਦੀ ਸਰਕਾਰ ਦੇ ਰਾਜ ਵਿੱਚ ਤਾਂ ਪੰਜਾਬ ਅਤੇ ਪੰਜਾਬੀਆਂ ਦਾ ਘਾਣ ਹੁੰਦਾ ਹੀ ਦਿੱਸ ਰਿਹਾ ਹੈ ਜੋ ਸਾਡੇ ਅੱਜ ‘ਤੇ ਕੱਲ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ।

ਝਿੰਜਰ ਨੇ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦਾ ਮੱਕੀ ਦੇ ਮਾਮਲੇ ’ਚ ਦਖ਼ਲ ਨਾ ਲੈਣਾ ਸਿੱਧਾ ਇਸ਼ਾਰਾ ਕਰਦਾ ਹੈ ਕਿ ਉਨ੍ਹਾਂ ਨੂੰ ਕਿਸੇ ਕਿਸਾਨ ਦੀ ਪਰਵਾਹ ਨਹੀਂ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਵਲੋਂ ਕੀਤੇ ਗਏ ਵਾਅਦੇ ਝੂਠੇ ਅਤੇ ਬੇਕਾਰ ਸਨ। ਕਿਸਾਨ ਅੱਜ ਮਾਯੂਸ ਹੋ ਰਹੇ ਨੇ — ਕਿਓਂਕਿ ਫ਼ਸਲਾਂ ਦਾ ਕੋਈ ਵਾਜਬ ਮੁੱਲ ਨਹੀਂ ਮਿਲ ਰਿਹਾ, ਨਾਂ ਹੀ ਕੋਈ ਸਰਕਾਰੀ ਯੋਜਨਾ ਜੋ ਕਿਸਾਨ ਭਰਾਵਾਂ ਦੇ ਹੱਕ ‘ਚ ਹੋਵੇ। ਪੰਜਾਬ ਦੀ ਖੇਤੀ ਅੱਜ ਇਨ੍ਹਾਂ ਦੀ ਨੀਤੀਆਂ ਕਾਰਣ ਲਾਹੇਵੰਦ ਨਹੀਂ ਰਹੀ, ਪਰ ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ ਨੂੰ ਇਨ੍ਹਾਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ।”

ਮੌਜੂਦਾ ਸਰਕਾਰ ‘ਤੇ ਸਵਾਲ ਚੁੱਕਦਿਆਂ ਝਿੰਜਰ ਨੇ ਕਿਹਾ,”ਸਵਾਲ ਇਕ ਜਾਂ ਦੋ ਨਹੀਂ ਕਈਂ ਉਠਦੇ ਨੇ ਕਿ ਸੂਬੇ ਤੋਂ ਬਾਹਰ ਤੋਂ ਆ ਰਹੀ ਮੱਕੀ ਤੇ ਰੋਕ ਕਿਉੰ ਨਹੀਂ ਲਾਈ ਜਾ ਰਹੀ? ਸਰਕਾਰ ਨੇ ਕਿਉਂ ਨਹੀਂ ਪਹਿਲਾਂ ਤੋਂ ਕਿਸਾਨਾਂ ਨੂੰ ਭਰੋਸਾ ਦਵਾਇਆ? ਸਾਡੇ ਕਿਸਾਨਾਂ ਨੂੰ ਮੱਕੀ ਦਾ ਸਹੀ ਮੁੱਲ ਕਿਉਂ ਨਹੀਂ ਮਿਲ ਰਿਹਾ? ਆਪ ਸਰਕਾਰ ਵਲੋਂ ਸਾਡੇ ਅੰਦਾਤਾਵਾਂ ਦੀ ਮਦਦ ਕਰਨ ਦੀ ਥਾਂ ਉਹਨਾਂ ਨੂੰ ਅਣਦੇਖਾ ਕਿਉਂ ਕਰ ਰਹੇ ਹਨ?

ਇਸ ਤੋਂ ਇਲਾਵਾ ਹਾਲ ਹੀ ‘ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਕਿਸਾਨਾਂ ਦੇ ਸਵਾਲਾਂ ਨੂੰ ਅਣਦੇਖਾ ਕਰਨ ਤੇ ਝਿੰਜਰ ਨੇ ਕਿਹਾ, “ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਥਾਂ, ਇਹਨਾਂ ਦੀ ਸਰਕਾਰ ਵਲੋਂ ਓਹਨਾ ਨੂੰ ਇਹ ਕਿਹਾ ਜਾ ਰਿਹਾ ਹੈ, ਕਿ ਰਾਜਨੀਤੀ ਚ ਸ਼ਾਮਿਲ ਹੋ ਕੇ ਆਪਣੇ ਵੋਟ ਆਪ ਲੈ ਕੇ ਕੰਮ ਕਰ ਲਵੋ, ਜੋ ਕਿ ਬਹੁਤ ਸ਼ਰਮਨਾਕ ਹੈ!

ਝਿੰਜਰ ਨੇ ਇਹ ਵੀ ਕਿਹਾ ਕਿ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹਲ ਚਾਹੀਦੇ ਨੇ ਕਿਉਂਕਿ ਪੰਜਾਬ ਦੀ ਕਿਸਾਨੀ ਦੀ ਪਹਿਲਾਂ ਹੀ ਹਾਲਤ ਇਹਨਾਂ ਨੇ ਬਹੁਤ ਮਾੜੀ ਕੀਤੀ ਹੋਈ ਹੈ ਅਜਿਹੇ ਵਿੱਚ ਜੇ ਅਜੇ ਵੀ ਹਲ ‘ਚ ਦੇਰੀ ਹੋਏਗੀ ਤਾਂ ਸਥਿਤੀ ਕਿਸਾਨਾਂ ਦੀ ਖੁਦਖੁਸ਼ੀਆਂ ਵਧਾਉਣ ਵੱਲ ਜਾ ਸਕਦੀ ਹੈ ਜੋ ਪੰਜਾਬ ਲਈ ਅਭਾਗਾ ਸਾਬਿਤ ਹੋਵੇਗਾ ਇਸਲਈ ਜ਼ਰੂਰੀ ਹੈ ਕਿ ਮੱਕੀ ਦੀ ਖਰੀਦ ਐਮ. ਐਸ.ਪੀ ‘ਤੇ ਕੀਤੀ ਜਾਵੇ ਅਤੇ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਵਿਕਣ ਲਈ ਆ ਰਹੀ ਮੱਕੀ ‘ਤੇ ਪਾਬੰਦੀ ਲਾਈ ਜਾਵੇ।

Leave a Reply

Your email address will not be published. Required fields are marked *