ਟਾਪਭਾਰਤ

ਯੁੱਧ ਨਸ਼ੇ ਵਿਰੁੱਧ ਧੂੰਆਂ-ਧੂੰਆਂ ਹੋਈਆਂ ਡਰੇਨਾਂ..! ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ਪੁਲੀਸ ਦਾ ਨਸ਼ਾ ਤਸਕਰੀ ਖ਼ਿਲਾਫ਼ ਐਕਸ਼ਨ ਦੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਸਮੁੱਚੇ ਪੰਜਾਬ ਦੇ ਹੀ ਮੁਖ਼ਬਰਾਂ ਦੀ ਜਾਗ ਖੁੱਲ੍ਹ ਗਈ ਹੋਵੇ। ‘ਯੁੱਧ ਨਸ਼ੇ ਵਿਰੁੱਧ’ ਦੀ ਕਾਮਯਾਬੀ ’ਚ ਮੁਖ਼ਬਰਾਂ ਦੀ ਭੂਮਿਕਾ ਕਮਾਲ ਦੀ ਲੱਗਦੀ ਹੈ। ਜਦੋਂ ਨਸ਼ਿਆਂ ਨੂੰ ਲੈ ਕੇ ਦਰਜ ਪੁਲੀਸ ਕੇਸਾਂ ਦੀ ਫਰੋਲਾ-ਫਰੋਲਾ ਕੀਤੀ ਤਾਂ ਪੁਲੀਸ ਦੀ ਕਾਰਜਸ਼ੈਲੀ ਦਾ ਅਨੋਖਾ ਨਮੂਨਾ ਦੇਖਣ ਨੂੰ ਮਿਲਿਆ। ਚਾਹੇ ਨਸ਼ੇੜੀਆਂ ਖ਼ਿਲਾਫ਼ ਪੰਜਾਬ ਦੇ ਕਿਸੇ ਵੀ ਕੋਨੇ ’ਚ ਕੇਸ ਦਰਜ ਹੋਇਆ ਹੈ ਪ੍ਰੰਤੂ ਸਭ ਪੁਲੀਸ ਕੇਸਾਂ ਦੀ ਇਬਾਰਤ ਇੱਕੋ ਜਿਹੀ ਹੈ। ਪੰਜਾਬ ਪੁਲੀਸ ਨੇ ਪਹਿਲੀ ਮਾਰਚ ਤੋਂ ‘ਯੁੱਧ ਨਸ਼ੇ ਵਿਰੁੱਧ’ ਤਹਿਤ ਹੁਣ ਤੱਕ 16,492 ਤਸਕਰ ਗ੍ਰਿਫ਼ਤਾਰ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਔਸਤਨ 163 ਤਸਕਰਾਂ ਦੀ ਗ੍ਰਿਫ਼ਤਾਰੀ ਹੋ ਰਹੀ ਹੈ। ਇਨ੍ਹਾਂ ਕੇਸਾਂ ’ਚ ਹਜ਼ਾਰਾਂ ਨਸ਼ੇੜੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਫੜ੍ਹ ਕੇ ਜੇਲ੍ਹ ਭੇਜਿਆ ਗਿਆ ਹੈ ਜਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕੀਤੇ ਗਏ ਹਨ। ਪੰਜਾਬੀ ਟ੍ਰਿਬਿਊਨ ਵੱਲੋਂ ਅਲੱਗ ਅਲੱਗ ਜ਼ਿਲ੍ਹਿਆਂ ਦੇ ਥਾਣਿਆਂ ’ਚ ਦਰਜ ਕੇਸਾਂ ਦੀ ਕੀਤੀ ਘੋਖ ’ਚ ਕਈ ਨੁਕਤੇ ਨਿਕਲੇ ਹਨ।
ਪੰਜਾਬ ’ਚ ਵੱਡੀ ਗਿਣਤੀ ’ਚ ਫੜੇ ਨਸ਼ੇੜੀਆਂ ’ਤੇ ਐੱਨਡੀਪੀਐੱਸ ਐਕਟ ਦੀ ਧਾਰਾ 27/61/85 ਤਹਿਤ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ’ਚ ਨਸ਼ੇ ਦੀ ਕੋਈ ਰਿਕਵਰੀ ਨਹੀਂ ਹੋਈ ਹੈ। ਬਹੁਤੇ ਕੇਸਾਂ ’ਚ ਮੁਖ਼ਬਰ ਦੀ ਇਤਲਾਹ ’ਤੇ ਪੁਲੀਸ ਪਾਰਟੀ ਨੇ ਛਾਪਾਮਾਰੀ ਕੀਤੀ ਹੈ। ਪੁਲੀਸ ਕੇਸਾਂ ਅਨੁਸਾਰ ਨਸ਼ੇੜੀ ਝਾੜੀਆਂ ’ਚ, ਖ਼ਾਲੀ ਪਲਾਂਟਾਂ ’ਚ, ਸੁੰਨੀਆਂ ਡਰੇਨਾਂ ’ਚ ਬੈਠੇ ਸਨ ਜਿਨ੍ਹਾਂ ਕੋਲੋਂ ਪੁਲੀਸ ਨੇ ਦਸ ਦਸ ਦੇ ਨੋਟ, ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਕੀਤੇ ਹਨ। ਆਓ ਕੁਝ ਕੇਸਾਂ ’ਤੇ ਨਜ਼ਰ ਮਾਰਦੇ ਹਾਂ। ਚਾਟੀਵਿੰਡ ਥਾਣੇ ’ਚ 27 ਮਈ ਨੂੰ ਦਰਜ ਕੇਸ ’ਚ ਮੜ੍ਹੀਆਂ ਦੇ ਅੰਦਰ ਇੱਕ ਨੌਜਵਾਨ ਦਸ ਰੁਪਏ ਦੇ ਨੋਟ ਨਾਲ ਧੂੰਆਂ ਖਿੱਚਦਾ ਫੜਿਆ ਗਿਆ। ਉਸ ਕੋਲੋਂ ਇੱਕ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ। 28 ਮਈ ਨੂੰ ਮੱਤੇਵਾਲ ਥਾਣੇ ’ਚ ਦਰਜ ਕੇਸ ਅਨੁਸਾਰ ਪਿੰਡ ਝਾਮਕਾ ਦੇ ਲਾਗੇ ਝਾੜੀਆਂ ਚੋਂ ਇੱਕ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਇੱਕ ਅੱਧ ਜਲਿਆ ਦਸ ਰੁਪਏ ਦਾ ਨੋਟ, ਇੱਕ ਲਾਈਟਰ ਅਤੇ ਇੱਕ ਸਿਲਵਰ ਪੰਨੀ ਫੜਿਆ ਗਿਆ।
ਇਸੇ ਦਿਨ ਹੀ ਖਲਚੀਆ ਥਾਣੇ ਦੀ ਪਾਰਟੀ ਨੇ ਗਸ਼ਤ ਦੌਰਾਨ ਡਰੇਨ ਤੋਂ ਦੋ ਜਣੇ ਫੜੇ ਜਿਨ੍ਹਾਂ ਕੋਲੋਂ ਦਸ ਰੁਪਏ ਦਾ ਨੋਟ, ਇੱਕ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਭਿੰਡੀਸੈਦਾ ਥਾਣਾ ’ਚ 29 ਮਈ ਨੂੰ ਦਰਜ ਕੇਸ ’ਚ ਪੁਲੀਸ ਨੇ ਪਿੰਡ ਵਜ਼ੀਦ ਦੇ ਇੱਕ ਬੰਦ ਪਏ ਸੂਏ ਚੋਂ ਦੋ ਮੁੰਡੇ ਫੜੇ ਜਿਨ੍ਹਾਂ ਕੋਲੋਂ ਦਸ ਦਾ ਨੋਟ, ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਕਿਸੇ ਵੀ ਕੇਸ ’ਚ ਨਸ਼ੇ ਦੀ ਬਰਾਮਦਗੀ ਨਹੀਂ ਹੋਈ। ਇਵੇਂ ਬਿਆਸ ਥਾਣੇ ’ਚ 28 ਮਈ ਨੂੰ ਦਰਜ ਕੇਸ ਅਨੁਸਾਰ ਪੁਲੀਸ ਪਾਰਟੀ ਨੇ ਝਾੜੀਆਂ ਚੋਂ ਦੋ ਨੌਜਵਾਨ ਫੜੇ ਜਿਨ੍ਹਾਂ ਕੋਲੋਂ ਦੋ ਨੋਟ, ਲਾਈਟਰ ਤੇ ਸਿਲਵਰ ਪੇਪਰ ਮਿਲਿਆ। ਰਾਜਾਸਾਂਸੀ ਪੁਲੀਸ ਨੇ ਵੀ 28 ਮਈ ਨੂੰ ਹੀ ਡਰੇਨ ਕੋਟਲੀ ਸਿੱਕਾ ਦੇ ਇੱਕ ਪਾਸਿਓਂ ਨਸ਼ਾ ਕਰਦਾ ਨੌਜਵਾਨ ਫੜਿਆ ਜਿਸ ਤੋਂ ਉਪਰੋਕਤ ਸਾਜੋ ਸਮਾਨ ਮਿਲਿਆ। ਸਦਰ ਬਠਿੰਡਾ ਦੀ ਪੁਲੀਸ ਨੇ 27 ਮਈ ਨੂੰ ਵਿਰਕ ਖ਼ੁਰਦ ਦੇ ਸੂਏ ਦੀ ਪਟੜੀ ਤੋਂ ਦੋ ਨਸ਼ੇੜੀ ਨੌਜਵਾਨ ਫੜੇ ਜਿਨ੍ਹਾਂ ਤੋਂ ਇੱਕ ਮੋਮੀ ਕਾਗ਼ਜ਼ ਅਤੇ ਇੱਕ ਲਾਈਟਰ ਫੜਿਆ ਗਿਆ।
ਮੁਖ਼ਬਰ ਦੀ ਇਤਲਾਹ ’ਤੇ ਸਿਟੀ ਰਾਮਪੁਰਾ ਥਾਣਾ ਨੇ 28 ਮਈ ਨੂੰ ਇੱਕ ਨਸ਼ੇੜੀ ਨੌਜਵਾਨ ਲਾਈਟਰ ਤੇ ਸਰਿੰਜ ਸਮੇਤ ਫੜਿਆ ਜਿਸ ਨੂੰ ਪਰਚਾ ਦਰਜ ਕਰਕੇ ਨਸ਼ਾ ਛੁਡਾਊ ਕੇਂਦਰ ਭਰਤੀ ਕਰਾ ਦਿੱਤਾ। ਨਥਾਣਾ ਪੁਲੀਸ ਨੇ 25 ਮਈ ਨੂੰ ਪਿੰਡ ਪੂਹਲਾ ਦੇ ਇੱਕ ਨਸ਼ੇੜੀ ਨੂੰ ਲਾਈਟਰ ਤੇ ਸਿਲਵਰ ਪੇਪਰ ਸਮੇਤ ਫੜਿਆ। ਮੌੜ ਪੁਲੀਸ ਨੇ 23 ਮਈ ਨੂੰ ਮੌੜ ਚੜ੍ਹਤ ਸਿੰਘ ਵਾਲਾ ਦੇ ਇੱਕ ਨਸ਼ੇੜੀ ਨੂੰ ਦਸ ਰੁਪਏ ਦੇ ਨੋਟ ਅਤੇ ਲਾਈਟਰ ਤੋਂ ਇਲਾਵਾ ਸਿਲਵਰ ਪੇਪਰ ਸਮੇਤ ਗ੍ਰਿਫ਼ਤਾਰ ਕੀਤਾ। ਜਮਾਲਪੁਰ ਥਾਣੇ ’ਚ 29 ਮਈ ਨੂੰ ਦਰਜ ਕੇਸ ਮੁਤਾਬਿਕ ਪੁਲੀਸ ਨੇ ਗਸ਼ਤ ਦੌਰਾਨ ਪਿੰਡ ਭਾਮੀਆਂ ਕਲਾਂ ਦੇ ਟੋਇਆਂ ਚੋਂ ਬੈਠਾ ਇੱਕ ਨਸ਼ੇੜੀ ਕਾਬੂ ਕੀਤਾ ਜਿਸ ਕੋਲੋਂ ਇੱਕ ਦਸ ਦਾ ਨੋਟ, ਲਾਈਟਰ ਅਤੇ ਸਿਲਵਰ ਪੇਪਰ ਮਿਲਿਆ। ਇਸੇ ਤਰ੍ਹਾਂ ਲੁਧਿਆਣਾ ਥਾਣਾ ਡਵੀਜ਼ਨ ਦੋ ਦੀ ਪੁਲੀਸ ਨੇ ਪੁੱਡਾ ਗਰਾਊਂਡ ਦੀਆਂ ਝਾੜੀਆਂ ਚੋਂ ਇੱਕ ਨਸ਼ੇੜੀ ਨੌਜਵਾਨ ਨੂੰ ਦਸ ਦੇ ਨੋਟ, ਸਿਲਵਰ ਵਰਕ, ਲਾਈਟਰ ਅਤੇ ਬੀੜੀਆਂ ਦੇ ਬੰਡਲ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਝੁਨੀਰ ਤੇ ਭੀਖੀ ਦੀ ਪੁਲੀਸ ਨੇ 28 ਮਈ ਨੂੰ ਦੋ ਕੇਸਾਂ ’ਚ ਦੋ ਨਸ਼ੇੜੀਆਂ ਦਾ ਡੋਪ ਟੈੱਸਟ ਕਰਾ ਕੇ ਪਰਚਾ ਦਰਜ ਕੀਤਾ ਹੈ।
ਥਾਣਾ ਮੂਨਕ ਦੀ ਪੁਲੀਸ ਨੇ 29 ਮਈ ਨੂੰ ਪਿੰਡ ਕੜੈਲ ਦੇ ਵਿਅਕਤੀ ਨੂੰ ਸੜਕ ਦੇ ਇੱਕ ਪਾਸਿਓ ਦਸ ਰੁਪਏ ਦੇ ਨੋਟ, ਸਿਲਵਰ ਪੇਪਰ ਤੇ ਲਾਈਟਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ ਕੇਸ ਇੱਕ ਨਮੂਨਾ ਹਨ ਅਤੇ ਰੋਜ਼ਾਨਾ ਦਰਜ ਹੋ ਰਹੇ ਪੁਲੀਸ ਕੇਸਾਂ ਵਿੱਚ ਅਜਿਹੇ ਨਸ਼ੇੜੀਆਂ ’ਤੇ ਦਰਜ ਕੇਸ ਵੀ ਸ਼ਾਮਲ ਹਨ। ਇਨ੍ਹਾਂ ਨਸ਼ੇੜੀਆਂ ਨੂੰ ਪੁਲੀਸ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜ ਰਹੀ ਹੈ। ਫ਼ੌਜਦਾਰੀ ਕੇਸਾਂ ਦੇ ਮਾਹਿਰ ਵਕੀਲ ਰਾਜੇਸ਼ ਸ਼ਰਮਾ ਆਖਦੇ ਹਨ ਕਿ ਐੱਨਡੀਪੀਐੱਸ ਦੀ ਧਾਰਾ 27/61/85 ਤਹਿਤ ਦਰਜ ਕੇਸ ਜ਼ਮਾਨਤਯੋਗ ਹੁੰਦੇ ਹਨ ਜੋ ਅਕਸਰ ਨਸ਼ੇੜੀਆਂ ’ਤੇ ਦਰਜ ਹੁੰਦੇ ਹਨ। ਜੋ ਨਸ਼ੇੜੀ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਹੈ।
ਥਾਣਿਆਂ ’ਚ ਲੱਗੇ ਨੋਟਾਂ ਦੇ ‘ਢੇਰ’
ਪੁਲੀਸ ਵੱਲੋਂ ਦਰਜ ਕੇਸਾਂ ’ਚ ਜੋ ਰਿਕਵਰੀ ਹੁੰਦੀ ਹੈ, ਉਹ ਕੇਸਾਂ ਦੇ ਨਿਪਟਾਰੇ ਤੱਕ ਕੇਸ ਪ੍ਰਾਪਰਟੀ ਬਣ ਜਾਂਦੀ ਹੈ। ਜਿਸ ਲਿਹਾਜ਼ ਨਾਲ ਨਸ਼ੇੜੀਆਂ ਤੋਂ ਸਾਜੋ ਸਮਾਨ ਫੜਿਆ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਥਾਣਿਆਂ ਦੇ ਮਾਲਖ਼ਾਨਿਆਂ ਵਿੱਚ ਹੁਣ ਦਸ ਦਸ ਦੇ ਨੋਟਾਂ, ਲਾਈਟਰਾਂ ਅਤੇ ਸਿਲਵਰ ਪੇਪਰਾਂ ਦੇ ਢੇਰ ਲੱਗ ਗਏ ਹੋਣੇ ਹਨ। ਕਾਫ਼ੀ ਜਲੇ ਹੋਏ ਨੋਟਾਂ ਦੀ ਰਿਕਵਰੀ ਵੀ ਹੋਈ ਹੈ।
ਸਪਲਾਈ ਲਾਈਨ ਤੋੜ ਰਹੇ ਹਾਂ : ਚੀਮਾ
ਨਸ਼ਿਆਂ ਖ਼ਿਲਾਫ਼ ਮੁਹਿੰਮ ਬਾਰੇ ਕੈਬਨਿਟ ਕਮੇਟੀ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਫੜੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਨਸ਼ੇੜੀਆਂ ਦੇ ਫੜਨ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਵੀ ਟੁੱਟ ਰਹੀ ਹੈ। ਗ੍ਰਾਹਕ ਖ਼ਤਮ ਹੋਣ ਨਾਲ ਤਸਕਰ ਵੀ ਖ਼ਤਮ ਹੋ ਰਹੇ ਹਨ।

Leave a Reply

Your email address will not be published. Required fields are marked *