ਟਾਪਪੰਜਾਬ

ਰਾਸ਼ਟਰੀ ਚੇਤਨਾ ਦਾ ਪਸਾਰਾ ਕੀਤੇ ਬਿਨਾ ਅਸੀਂ ਗੁਰੂ ਸਾਹਿਬਾਨ ਅਤੇ ਇਸ ਧਰਤੀ ਦਾ ਰਿਣ ਨਹੀਂ ਉਤਾਰ ਸਕਦੇ : ਓ.ਪੀ. ਧਨਖੜ।

ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜ ਨੇ ਵਿਸਾਖੀ ਅਤੇ ਖ਼ਾਲਸਾ ਸਾਜਣਾ ਦਿਵਸ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ ਨੂੰ ਸੰਤ ਅਤੇ ਸਿਪਾਹੀ ਦੇ ਰੂਪ ਵਿਚ ਖੜ੍ਹਾ ਕਰਦਿਆਂ ਜੀਵਨ ਮੁੱਲਾਂ ਲਈ ਲੜਨਾ ਸਿਖਾਇਆ।  ਪੰਜਾਬੀ ਭਾਸ਼ਾ ਜਿੱਥੇ ਇਕ ਬਹੁਤ ਮਿੱਠੀ ਅਤੇ ਸੁਰੀਲੀ ਹੈ, ਗੁਰੂ ਸਾਹਿਬਾਨ ਅਤੇ ਸੰਤਾਂ ਮਹਾਪੁਰਸ਼ਾਂ ਦੀ ਇਕ ਇਕ ਬਾਣੀ ਅਤੇ ਵਿਚਾਰ ਬਹੁਤ ਕੀਮਤੀ ਹੈ, ਜਿੱਥੋਂ ਸਾਨੂੰ ਸੇਧ ਮਿਲਦੀ ਹੈ।
ਸ੍ਰੀ ਓ.ਪੀ. ਧਨਖੜ ਨੇ ਅੰਮ੍ਰਿਤਸਰ ਵਿਖੇ ਭਾਜਪਾ ਦੇ ਕੌਮੀ ਆਗੂ ਸ. ਸੁਖਮਿੰਦਰ ਸਿੰਘ ਗਰੇਵਾਲ, ਭਾਜਪਾ ਦੇ ਸੂਬਾਈ ਬੁਲਾਰੇ ਨਿਧੜਕ ਸਿੰਘ ਬਰਾੜ, ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਚੇਅਰਮੈਨ ਸ੍ਰੀ ਥਾਮਸ ਨਾਲ ਵਿਚਾਰਾਂ ਕਰਦਿਆਂ  ਉਨ੍ਹਾਂ ਕਿਹਾ ਕਿ ਭਾਵੇਂ ਹੀ ਅਸੀਂ ਪੰਜਾਬ ਦੀ ਧਰਤੀ ’ਤੇ ਖੜੇ ਹਾਂ ਫਿਰ ਵੀ ਆਪਾਂ ਸ੍ਰੀ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ ਅਤੇ ਚਾਂਦਨੀ ਚੌਕ ਦਿੱਲੀ ਤੋਂ ਵੱਖ ਹੋਣ ਬਾਰੇ ਸੋਚ ਵੀ ਨਹੀਂ ਸਕਦੇ। ਸਿੱਖੀ ਅਤੇ ਪੰਜਾਬ ਦੇਸ਼ ਦੇ ਕੋਨੇ ਕੋਨੇ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਪੰਜਾਬ ਦੀ ਧਰਤੀ ਨੇ ਲਾਜਵਾਬ ਚਿੰਤਕ, ਦੇਸ਼ ਦੀ ਏਕਤਾ ਅਖੰਡਤਾ ਅਤੇ ਰਾਸ਼ਟਰਵਾਦ ਨੂੰ ਸਮਰਪਿਤ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ। ਸਾਨੂੰ ਦੇਸ਼ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ  ਅਸੀਂ ਸਦਾ ਹੀ ਅਹਿਸਾਨ ਮੰਦ ਹਾਂ, ਅਤੇ ਰਾਸ਼ਟਰੀ ਚੇਤਨਾ ਦਾ ਪਸਾਰਾ ਕੀਤੇ ਬਿਨਾ ਅਸੀਂ ਗੁਰੂ ਸਾਹਿਬਾਨ ਅਤੇ ਇਸ ਧਰਤੀ ਦਾ ਰਿਣ ਨਹੀਂ ਉਤਾਰ ਸਕਦੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦਾ ਸਿੱਖ ਭਾਈਚਾਰੇ ਨਾਲ ਖ਼ਾਸ ਲਗਾਵ ਹੈ, ਉਨ੍ਹਾਂ ਕਰਤਾਰ ਪੁਰ ਲਾਂਘਾ, ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਉਣ, ਵੀਰ ਬਾਲ ਦਿਵਸ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ, ਕਾਲੀ ਸੂਚੀ ਦਾ ਖ਼ਾਤਮਾ ਕਰਨ, ਸਿੱਖ ਕਤਲੇਆਮ ਦੇ ਪੀੜਤਾਂ ਨੂੰ ਸਹਾਇਤਾ ਦੇਣ ਅਤੇ ਅਫ਼ਗ਼ਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਤਿਕਾਰ ਸਹਿਤ ਦੇਸ਼ ’ਚ ਲਿਆਉਣ ਤੋਂ ਇਲਾਵਾ ਹਾਲ ਹੀ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਵਲੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਾਣ ਲਈ 2700 ਕਰੋੜ ਦੀ ਲਾਗਤ ਨਾਲ ਰੋਪ ਵੇ ਬਣਾਉਣ ਨੂੰ ਮੰਨਜੂਰੀ ਦਿੱਤੀ ਹੈ।
ਸ੍ਰੀ ਓ.ਪੀ. ਧਨਖੜ ਨੇ ਸੰਵਿਧਾਨ ਨਿਰਮਾਤਾ ਡਾ ਬੀਮ ਰਾਓ ਅੰਬੇਡਕਰ ਜਯੰਤੀ ਦੇ ਅਵਸਰ ’ਤੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਇਕ ਸਚਾਈ ਹੈ ਕਿ ਕਾਂਗਰਸ ਨੇ ਭਾਰਤੀ ਸੰਵਿਧਾਨ ਨੂੰ ਮਨ ਮਰਜ਼ੀ ਨਾਲ ਇਸਤੇਮਾਲ ਕੀਤਾ, ਜਦੋਂ ਕਿ ਭਾਜਪਾ ਨੇ ਹਮੇਸ਼ਾਂ ਸੰ‌ਵਿਧਾਨ ਦਾ ਸਨਮਾਨ ਸਤਿਕਾਰ ਕੀਤਾ ਹੈ। ਸੰਵਿਧਾਨ ਵਿਚ ਸੋਧਾਂ ਕਾਂਗਰਸ ਵਾਂਗ ਸਿਆਸੀ ਅਤੇ ਨਿੱਜੀ ਹਿਤਾਂ ਲਈ ਨਾ ਕਰਦਿਆਂ ਕੇਵਲ ਰਾਸ਼ਟਰੀ ਅਤੇ ਲੋਕ ਹਿਤ ’ਚ ਕੀਤੀ। ਧਾਰਾ 370 ਨੂੰ ਰੱਦ ਕਰਨਾ,  ਵਕਫ਼ ਸੋਧ ਬਿਲ, ਨਾਗਰਿਕਤਾ ਸੋਧ ਕਾਨੂੰਨ ( ਸੀ ਏ ਏ), ਤਿੰਨ ਤਲਾਕ ਆਦਿ ਅਨੇਕਾਂ ਮਿਸਾਲ ਹਨ।
ਸ੍ਰੀ ਓ.ਪੀ. ਧਨਖੜ ਨੇ ਪੰਜਾਬ ਦੀ ਦਿਨੋਂ ਦਿਨ ਖ਼ਰਾਬ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤਾ ਅਤੇ ਰਾਜ ਸਰਕਾਰ ਨੂੰ ਸ਼ਰਾਰਤੀ ਤੱਤਾਂ ’ਤੇ ਤੁਰੰਤ ਕਾਬੂ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਿੱਤ ਬੰਬ ਧਮਾਕੇ ਆਮ ਲੋਕਾਂ ਵਿਚ ਦਹਿਸ਼ਤ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਪੰਜਾਬ ਵਿਚ ਫੈਲ ਰਹੀ ਨਸ਼ਿਆਂ ਲਈ ਰਾਜ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਅਤੇ ਰਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਦ੍ਰਿੜ੍ਹ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਅਤੇ ਕਿਹਾ ਕਿ ਜੋ ਲੋਕ ਜ਼ਿੰਦਗੀ ਵਿੱਚ ਦ੍ਰਿੜ੍ਹਤਾ ਨਾਲ ਚੱਲਦੇ ਹਨ, ਉਹ ਅੱਗੇ ਵਧਦੇ ਹਨ। ਜ਼ਿੰਦਗੀ ਛੋਟੇ ਸੰਕਲਪਾਂ ‘ਤੇ ਬਣੀ ਹੁੰਦੀ ਹੈ। ਜੇਕਰ ਨੌਜਵਾਨਾਂ ਨੂੰ ਜ਼ਿੰਦਗੀ ਦੇ ਸ਼ੁਰੂ ਵਿੱਚ ਸਹੀ ਕਦਰਾਂ-ਕੀਮਤਾਂ ਮਿਲਦੀਆਂ ਹਨ, ਤਾਂ ਉਹ ਚੰਗੀ ਜ਼ਿੰਦਗੀ ਜਿਉਂਦੇ ਹਨ। ਸ੍ਰੀ ਧਨਖੜ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਸਕਾਰਾਤਮਿਕ ਕੰਮਾਂ ‘ਤੇ ਕੇਂਦਰਿਤ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੇ ਰਾਹ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਭਵਿੱਖ ਨੂੰ ਬਣਾਉਣ ਲਈ ਆਪਣੀ ਊਰਜਾ ਨੂੰ ਅਰਥਪੂਰਨ ਕੰਮ ਵਿੱਚ ਲਗਾਉਣਾ ਚਾਹੀਦਾ ਹੈ। ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਸ਼ਾਮਲ ਹੋਣ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਖੇਡਾਂ ਸਿਹਤਮੰਦ ਰਹਿਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

Leave a Reply

Your email address will not be published. Required fields are marked *