ਟਾਪਪੰਜਾਬ

ਰੁਝਾਨ ਨੂੰ ਮੋੜਾ -ਪਾਸਪੋਰਟ ਦੀ ਹਨੇਰੀ ਨੂੰ ਹੁਣ ਠੱਲ੍ਹ

ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ’ਚ ਹੁਣ ਨਵੇਂ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ ਮੋੜਾ ਪਿਆ ਹੈ। ਲੰਘੇ ਵਰ੍ਹਿਆਂ ਤੋਂ ਜੋ ਪਾਸਪੋਰਟ ਬਣਾਉਣ ਦੀ ਹਨੇਰੀ ਚੱਲੀ ਸੀ, ਉਸ ਨੂੰ ਹੁਣ ਠੱਲ੍ਹ ਪੈਣ ਲੱਗੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਜੋ ਜਨਵਰੀ 2025 ਤੱਕ ਦਾ ਵੇਰਵਾ ਜਨਤਕ ਕੀਤਾ ਹੈ, ਉਹ ਪੰਜਾਬ ਲਈ ਖੁਸ਼ਖਬਰ ਵਾਂਗ ਹੈ। ਪੰਜਾਬ ਵਿੱਚ ਸਾਲ 2023 ਵਿੱਚ ਪਾਸਪੋਰਟ ਬਣਾਏ ਜਾਣ ਦੇ ਸਭ ਰਿਕਾਰਡ ਟੁੱਟ ਗਏ ਸਨ ਅਤੇ ਉਸ ਇੱਕੋ ਸਾਲ ’ਚ 11.94 ਲੱਖ ਪਾਸਪੋਰਟ ਬਣੇ ਸਨ। ਨਵੇਂ ਤੱਥਾਂ ਅਨੁਸਾਰ ਸਾਲ 2024 ਵਿੱਚ 10.60 ਲੱਖ ਨਵੇਂ ਪਾਸਪੋਰਟ ਬਣੇ ਹਨ ਜੋ ਕਟੌਤੀ ਹੋਣ ਵੱਲ ਸੰਕੇਤ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਸੀ ਅਤੇ ਉੱਪਰੋਂ ਕੈਨੇਡਾ ਨੇ ਪਹਿਲਾਂ ਹੀ ਵੀਜ਼ੇ ਦੇਣ ਤੋਂ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਸੀ।
ਅਮਰੀਕਾ ’ਚੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੀ ਹੱਡ-ਬੀਤੀ ਅੱਖਾਂ ਖੋਲ੍ਹਣ ਵਾਲੀ ਹੈ। ਜਨਵਰੀ 2025 ਦੇ ਮਹੀਨੇ ’ਚ ਪੰਜਾਬ ’ਚ 59,907 ਪਾਸਪੋਰਟ ਬਣੇ ਹਨ। ਮਤਲਬ ਕਿ ਰੋਜ਼ਾਨਾ ਔਸਤਨ 1932 ਪਾਸਪੋਰਟ ਬਣੇ ਹਨ। ਸਾਲ 2023 ਵਿੱਚ ਸੂਬੇ ਵਿੱਚ ਰੋਜ਼ਾਨਾ ਔਸਤਨ 3271 ਜਦਕਿ ਸਾਲ 2024 2906 ਪਾਸਪੋਰਟ ਬਣੇ ਸਨ। ਪੰਜਾਬ ਵਿੱਚ ਸਾਲ 2014 ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ ਜਦਕਿ ਇੱਕੋ ਸਾਲ ’ਚ 5.48 ਲੱਖ ਪਾਸਪੋਰਟ ਬਣੇ ਸਨ। ਸਾਲ 2016 ਇਹ ਅੰਕੜਾ 9.73 ਲੱਖ ’ਤੇ ਪਹੁੰਚ ਗਿਆ ਸੀ। ਸਿਰਫ਼ ਕਰੋਨਾ ਵਾਲੇ ਦੋ ਵਰ੍ਹਿਆਂ ’ਚ ਪਾਸਪੋਰਟਾਂ ’ਚ ਕਮੀ ਆਈ ਸੀ ਪਰ ਉਸ ਮਗਰੋਂ ਤੇਜ਼ ਰਫ਼ਤਾਰ ਨਾਲ ਪਾਸਪੋਰਟ ਵਧੇ ਸਨ।
ਕਰੀਬ ਇੱਕ ਦਹਾਕੇ ਮਗਰੋਂ ਹੁਣ ਪਾਸਪੋਰਟਾਂ ਦੇ ਰੁਝਾਨ ਨੂੰ ਮੋੜਾ ਪਿਆ ਹੈ ਜੋ ਸੰਕੇਤ ਕਰਦਾ ਹੈ ਕਿ ਪੰਜਾਬੀਆਂ ਦੇ ਸਿਰ ’ਤੇ ਜੋ ਵਿਦੇਸ਼ ਜਾਣ ਦਾ ‘ਜਨੂੰਨ’ ਸਵਾਰ ਸੀ, ਉਹ ਹੁਣ ਉਤਰਨ ਲੱਗਾ ਹੈ। ਪੰਜਾਬ ’ਚ ਸਾਲ 2014 ਤੋਂ ਹੁਣ ਤੱਕ 92.40 ਲੱਖ ਪਾਸਪੋਰਟ ਬਣ ਚੁੱਕੇ ਹਨ। ਹਰਿਆਣਾ ’ਚ ਵੀ ਪਾਸਪੋਰਟ ਬਣਾਉਣ ਦਾ ਰੁਝਾਨ ਘਟਿਆ ਹੈ ਜਿੱਥੇ ਸਾਲ 2023 ਵਿੱਚ 5.82 ਲੱਖ ਜਦਕਿ ਸਾਲ 2024 ਵਿੱਚ 5.49 ਲੱਖ ਪਾਸਪੋਰਟ ਬਣੇ ਸਨ। ਪਾਸਪੋਰਟ ਬਣਾਉਣ ਦੇ ਮਾਮਲੇ ’ਚ ਕੇਰਲਾ ਦਾ ਪਹਿਲਾ ਸਥਾਨ ਹੈ ਜਿੱਥੇ ਸਾਲ 2023 ’ਚ 15.07 ਲੱਖ ਜਦਕਿ 2024 ਵਿਚ 15.93 ਲੱਖ ਪਾਸਪੋਰਟ ਬਣੇ। ਪੰਜਾਬ ਵਿੱਚ ਹੁਣ ਆਈਲੈਟਸ ਕੇਂਦਰਾਂ ਦਾ ਕਾਰੋਬਾਰ ਵੀ ਚੌਪਟ ਹੋਣ ਲੱਗਾ ਹੈ ਅਤੇ ਇਨ੍ਹਾਂ ਕੇਂਦਰਾਂ ਨੂੰ ਤੇਜ਼ੀ ਨਾਲ ਤਾਲੇ ਲੱਗੇ ਹਨ।
ਅਸਲ ਵਿੱਚ ਪੰਜਾਬ ਚੋਂ ਨੌਜਵਾਨ ਪਿਛਲੇ ਵਰ੍ਹਿਆਂ ’ਚ ਕੈਨੇਡਾ ਗਏ ਹਨ, ਉਹ ਉੱਥੇ ਪੀਆਰ ਹੋ ਚੁੱਕੇ ਹਨ ਅਤੇ ਪਿੱਛੇ ਉਨ੍ਹਾਂ ਦੇ ਮਾਪੇ ਵੀ ਕੈਨੇਡਾ ਚਲੇ ਗਏ ਹਨ। ਪੰਜਾਬ ’ਚ ਇਸ ਵੇਲੇ ਕਰੀਬ 55 ਲੱਖ ਘਰ ਹਨ ਜਦਕਿ ਪਾਸਪੋਰਟਾਂ ਦਾ ਅੰਕੜਾ 92.40 ਲੱਖ ਹੈ। ਇੱਕ ਦਹਾਕੇ ’ਚ ਕਰੀਬ 30 ਹਜ਼ਾਰ ਪੰਜਾਬੀ ਵਿਦੇਸ਼ ’ਚ ਨਾਗਰਿਕਤਾ ਮਿਲਣ ਮਗਰੋਂ ਪੰਜਾਬ ਨੂੰ ਪੱਕੇ ਤੌਰ ’ਤੇ ਅਲਵਿਦਾ ਵੀ ਆਖ ਚੁੱਕੇ ਹਨ। ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਗਿਆ ਸੀ, ਉਹ ਰੰਗ ਦਿਖਾਉਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਕਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਨੂੰ ਸੂਬੇ ਵਿੱਚ ਨੌਕਰੀਆਂ ਦੇ ਮੌਕੇ ਮਿਲਣ ਲੱਗੇ ਹਨ। ਇਸੇ ਦਾ ਅਸਰ ਹੁਣ ਸਾਹਮਣੇ ਆਉਣ ਲੱਗਿਆ ਹੈ।

Leave a Reply

Your email address will not be published. Required fields are marked *

Share via
Copy link