ਟਾਪਪੰਜਾਬ

ਵਿਦਿਆਰਥੀਆਂ ਨੂੰ ਹਕੀਕੀ ਜੀਵਨ ਪ੍ਰਤੀ ਜਾਗਰੂਕ ਕਰਦੇ ਹੋਏ ਉਨ੍ਹਾਂ ਦਾ ਸਰਵਪੱਖੀ ਵਿਕਾਸ-ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਇੱਕ ਆਦਰਸ਼ ਅਧਿਆਪਕ ਉਹੀ ਹੈ ਜੋ ਆਪਣੇ ਵਿਦਿਆਰਥੀਆਂ ਦੇ ਅੰਦਰ ਛੁਪੀਆਂ ਹੋਈਆਂ ਵੱਖ – ਵੱਖ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਖੋਜ ਲਵੇ , ਵਿਦਿਆਰਥੀਆਂ ਨੂੰ ਹਕੀਕੀ ਜੀਵਨ ਪ੍ਰਤੀ ਜਾਗਰੂਕ ਕਰਦੇ ਹੋਏ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰੇ ਤੇ ਆਪਣੇ ਹੋਣਹਾਰ ਵਿਦਿਆਰਥੀਆਂ ਦੀ ਛੋਟੀ ਤੋਂ ਛੋਟੀ ਪ੍ਰਾਪਤੀ ਨੂੰ ਵੀ ਤਵੱਜੋ ਦੇ ਕੇ ਉਹਨਾਂ ਨੂੰ ਉਤਸਾਹਿਤ ਕਰੇ। ਇਸ ਸਮੁੱਚੀ ਮਨਸ਼ਾ/ ਇੱਛਾ ਦਾ ਉਪਰਾਲਾ ਹੈ : ਸਰਕਾਰੀ ਸਕੂਲਾਂ ਵਿੱਚ ਹਰ ਸ਼ਨੀਵਾਰ ਨੂੰ ਬਾਅਦ ਦੁਪਹਿਰ ਹੁੰਦੀ ਬਾਲ – ਸਭਾ। ਇਸ ਦੇ ਨਾਂ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਬੱਚਿਆਂ ਦੀ ਸਭਾ ਅਤੇ ਇਕੱਤਰਤਾ। ਜਿੱਥੇ ਬਾਲ – ਸਭਾ ਵਿਦਿਆਰਥੀਆਂ ਦਾ ਮਨੋਰੰਜਨ ਕਰਦੀ ਹੈ , ਉੱਥੇ ਹੀ ਉਹਨਾਂ ਦੇ ਮਾਨਸਿਕ ਵਿਕਾਸ ਨੂੰ ਪ੍ਰਫੁੱਲਿਤ ਕਰਕੇ ਉਹਨਾਂ ਅੰਦਰ ਸਵੈ – ਪ੍ਰਗਟਾਵੇ , ਸਵੈ – ਵਿਸ਼ਵਾਸ , ਰੰਗਮੰਚ ਪ੍ਰਤੀ ਪਿਆਰ , ਆਪਸੀ ਸਦਭਾਵਨਾ , ਕਲਪਨਾ ਸ਼ਕਤੀ ਦੇ ਨਿਖਾਰ, ਦੂਰਅੰਦੇਸ਼ੀ ਸੋਚ ਜਿਹੇ ਗੁਣਾਂ ਦਾ ਵਿਕਾਸ ਕਰਕੇ ਗਿਆਨ ਵਧਾਉਣਡੇ ਨਾਲ਼ ਹੀ ਹਕੀਕੀ ਜੀਵਨ ਪ੍ਰਤੀ ਸੋਝੀ ਪੈਦਾ ਕਰਦੀ ਹੈ , ਜੋ ਕਿ ਉਨਾਂ ਦੇ ਭਵਿੱਖਤ ਜੀਵਨ ਲਈ ਅਤਿ ਜਰੂਰੀ ਹੈ। ਬਾਲ – ਸਭਾ ਦੇ ਦੌਰਾਨ ਬੱਚੇ ਜਿੱਥੇ ਮੌਜ – ਮਸਤੀ ਨਾਲ਼ ਬਹੁਤ ਕੁਝ ਨਵਾਂ – ਨਰੋਆ ਸਿੱਖਦੇ ਹਨ , ਉੱਥੇ ਹੀ ਇੱਕ ਅਧਿਆਪਕ ਨੂੰ ਵੀ ਆਪਣੇ ਵਿਦਿਆਰਥੀਆਂ ਨੂੰ ਸਮਝਣ ਲਈ ਇੱਕ ਵਿਸ਼ਾਲ , ਅਸਲ ਤੇ ਸੁਖਾਵਾਂ ਮਾਹੌਲ ਵੀ ਮਿਲਦਾ ਹੈ ਤੇ ਅਧਿਆਪਕ – ਵਿਦਿਆਰਥੀ ਦਾ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ। ਸਰਕਾਰੀ ਸਕੂਲਾਂ ਵਿੱਚ ਹਰ ਸ਼ਨੀਵਾਰ ਬਾਅਦ ਦੁਪਹਿਰ ਬੱਚਿਆਂ ਦੀ ਬਾਲ – ਸਭਾ ਹੁੰਦੀ ਹੈ। ਹੁਣ ਤਾਂ ਸਰਕਾਰ ਨੇ ਬਾਲ – ਸਭਾ ਦੇ ਮਹੱਤਵ ਨੂੰ ਦੇਖਦੇ ਹੋਏ ਹਰ ਪਿੰਡ ਵਿੱਚ ਹਰ ਉਮਰ ਪੱਧਰ ਦੇ ਬੱਚਿਆਂ ਦੀ ਬਾਲ – ਸਭਾ ਕਰਾਉਣ ਹਿੱਤ ਟ੍ਰੇਨਿੰਗਾਂ ਤੇ ਯੋਜਨਾਵਾਂ ਤਿਆਰ ਕੀਤੀਆਂ ਹਨ ਜੋ ਕਿ ਇੱਕ ਬਹੁਤ ਵੱਡੀ ਸ਼ਲਾਘਾਯੋਗ ਗੱਲ ਹੈ। ਹਰ ਅਧਿਆਪਕ ਨੂੰ ਆਪ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਕੂਲ ਪੱਧਰ ‘ਤੇ ਖਾਸ ਤੌਰ ‘ਤੇ ਪ੍ਰਾਇਮਰੀ ਪੱਧਰ ਦੀ ਸਿੱਖਿਆ ਸਮੇਂ ਹਰ ਹਫਤੇ ਨਿਰੰਤਰ ਬਾਲ – ਸਭਾ ਹੋਵੇ। ਇਸ ਸਮੇਂ ਦੌਰਾਨ  ਅਧਿਆਪਕ ਨੂੰ ਵੀ ਕੁਝ ਨਾ ਕੁਝ ਗਤੀਵਿਧੀ ਖੁਦ ਵੀ ਕਰਨੀ ਚਾਹੀਦੀ ਹੈ। ਬਾਲ – ਸਭਾ ਦੌਰਾਨ ਸਕੂਲ ਦੇ ਵਿਦਿਆਰਥੀ ਕਹਾਣੀਆਂ , ਕਵਿਤਾਵਾਂ , ਚੁਟਕੁਲੇ , ਧਾਰਮਿਕ ਗੀਤ , ਭਜਨ , ਇਤਿਹਾਸਕ ਗੱਲਾਂ , ਘਟਨਾਵਾਂ , ਬੁਝਾਰਤਾਂ , ਘੋੜੀਆਂ , ਸੁਹਾਗ , ਟੱਪੇ ਆਦਿ ਸੁਣਨ – ਸੁਣਾਉਣ ਦੇ ਨਾਲ਼ ਹੀ ਬਾਲ – ਸਾਹਿਤ ਲਿਖਣ , ਬਾਲ – ਪੇਂਟਿੰਗਜ਼ ਬਣਾਉਣ ਤੇ ਹੋਰ ਰਚਨਾਤਮਕ ਗਤੀਵਿਧੀਆਂ ਵੀ ਕਰ ਸਕਦੇ ਹਨ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਪੜ੍ਹਾਈ ਦੀ ਨੀਰਸਤਾ ਨੂੰ ਖਤਮ ਕਰਨ , ਵਿਦਿਆਰਥੀਆਂ ਵਿੱਚ ਉਤਸੁਕਤਾ ਵਧਾਉਣ ਅਤੇ ਮਾਹੌਲ ਨੂੰ ਖੁਸ਼ਨੁਮਾ ਤੇ ਸੁਹਾਰਦ ਭਰਪੂਰ ਬਣਾਉਣ ਹਿੱਤ ਆਪਣੇ ਵਿਦਿਆਰਥੀਆਂ ਨੂੰ ਬਾਲ – ਸਭਾ ਵਿੱਚ ਭਾਗੀਦਾਰੀ ਬਣਾਉਣ ਲਈ ਉਤਸਾਹ ਭਰਪੂਰ ਮਾਹੌਲ ਦਿੰਦੇ ਰਹਿਣ ਤਾਂ ਜੋ ਵਿਦਿਆਰਥੀਆਂ ਅੰਦਰ ਸਮਾਜਿਕ ਸਦਭਾਵਨਾ , ਟੀਮ – ਵਰਕ , ਸਹਿਯੋਗ ਤੇ ਸਵੈ – ਵਿਸ਼ਵਾਸ ਜਿਹੇ ਜ਼ਰੂਰੀ ਤੇ ਨੈਤਿਕ ਗੁਣਾਂ ਦਾ ਵਿਕਾਸ ਹੋ ਸਕੇ ਤੇ ਉਹ ਆਪਣੀ ਪੜ੍ਹਾਈ ਸਮੇਂ ਅਤੇ ਵਿਦਿਆਰਥੀ ਜੀਵਨ ਤੋਂ ਬਾਅਦ ਦੇ ਹਕੀਕੀ ਜੀਵਨ ਵਿੱਚ ਸੁਖਾਵੇਂ ਮਾਹੌਲ ਤੇ ਵਿਸ਼ਾਲ ਸੋਚ ਦੇ ਨਾਲ਼ ਵਿਚਰ ਸਕਣ। ਬਾਲ – ਸਭਾ ਦੇਸ਼ ਦੇ ਚੰਗੇ ਨਾਗਰਿਕ ਪੈਦਾ ਕਰਨ ਦਾ ਮੂਲ ਆਧਾਰ ਹੈ।
 ” ਬਾਲ – ਸਭਾ ਲਈ ਹਰ ਇੱਕ ਅਧਿਆਪਕ ਕਰੇ ਉਪਰਾਲਾ ਵਿਦਿਆਰਥੀ ਜੀਵਨ ਲਈ ਇਹ ਮੌਕਾ ਹੈ ਨਿਰਾਲਾ ,
 ਆਓ ! ਵਿਦਿਆਰਥੀਆਂ ਨੂੰ ਬਾਲ – ਸਭਾ ਵਿੱਚ ਬੁਲਾਈਏ ਹਰ ਬੱਚੇ ਦੇ ਸੁਪਨਿਆਂ ਨੂੰ ਪੰਖ ਲਗਾਈਏ
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਲੇਖਕ ਦਾ ਨਾਂ ਸਾਹਿਤ ਲਈ ਕੀਤੇ ਵਿਸ਼ੇਸ਼ ਕੰਮਾਂ ਕਰਕੇ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ )
  ਸ੍ਰੀ ਅਨੰਦਪੁਰ ਸਾਹਿਬ
9478561356

Leave a Reply

Your email address will not be published. Required fields are marked *