ਵਿਦੇਸ਼ ਸਕੱਤਰ ‘ਤੇ ਨਫ਼ਰਤੀ ਟਿੱਪਣੀਆਂ ਬੇਹੱਦ ਨਿੰਦਣਯੋਗ, ਅਧਿਕਾਰੀ ਦੇਸ਼ ਲਈ ਕੰਮ ਕਰਦੇ ਹਨ – ਬ੍ਰਹਮਪੁਰਾ

ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ਵਿੱਚ, ਜਦੋਂ ਦੇਸ਼ ਭਾਰਤ-ਪਾਕਿਸਤਾਨ ਵਿਚਾਲੇ ਜੰਗ ਵਰਗੇ ਤਣਾਅਪੂਰਨ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ, ਸ੍ਰੀ. ਮਿਸਰੀ ਵਰਗੇ ਸੀਨੀਅਰ ਅਧਿਕਾਰੀ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਉਹ ਭਾਰਤ ਸਰਕਾਰ ਦੇ ਇੱਕ ਜ਼ਿੰਮੇਵਾਰ ਅਧਿਕਾਰੀ ਹਨ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਜੋ ਵੀ ਸਰਕਾਰ ਵੱਲੋਂ ਦੇਸ਼ ਦੇ ਹਿੱਤ ਵਿੱਚ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ, ਹਰ ਅਧਿਕਾਰੀ ਦਾ ਫਰਜ਼ ਹੁੰਦਾ ਹੈ ਕਿ ਉਨ੍ਹਾਂ ਦੀ ਪਾਲਣਾ ਕਰੇ। ਸ੍ਰੀ. ਮਿਸਰੀ ਨੇ ਵੀ ਉਹੀ ਐਲਾਨ ਕੀਤਾ ਜੋ ਸਰਕਾਰ ਦੁਆਰਾ ਦੇਸ਼ ਦੇ ਹਿੱਤ ਵਿੱਚ ਤੈਅ ਕੀਤਾ ਗਿਆ ਸੀ। ਕਿਸੇ ਅਧਿਕਾਰੀ ਨੂੰ ਨਿੱਜੀ ਤੌਰ ‘ਤੇ ਨਿਸ਼ਾਨਾ ਬਣਾਉਣਾ, ਕਿਉਂਕਿ ਉਹ ਸਿਰਫ਼ ਆਪਣੀ ਡਿਊਟੀ ਨਿਭਾ ਰਿਹਾ ਹੈ, ਬੇਹੱਦ ਗ਼ਲਤ ਅਤੇ ਸ਼ਰਮਨਾਕ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਟਰੋਲ ਕਰਨ ਵਾਲਿਆਂ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਨਾ ਸਿਰਫ਼ ਅਧਿਕਾਰੀ ਨੂੰ ਬੁਰਾ-ਭਲਾ ਕਿਹਾ, ਸਗੋਂ ਉਨ੍ਹਾਂ ਦੇ ਪਰਿਵਾਰ, ਖ਼ਾਸ ਕਰਕੇ ਉਨ੍ਹਾਂ ਦੀ ਬੇਟੀ, ਨੂੰ ਵੀ ਇਸ ਵਿੱਚ ਘਸੀਟਿਆ ਅਤੇ ਉਨ੍ਹਾਂ ਦੇ ਨਿੱਜੀ ਵੇਰਵੇ ਜਿਵੇਂ ਫ਼ੋਨ ਨੰਬਰ ਆਦਿ ਜਨਤਕ ਕੀਤੇ। ਇਹ ਕਾਰਵਾਈ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਇਹ ਉਨ੍ਹਾਂ ਦੀ ਨਿੱਜਤਾ ਅਤੇ ਸੁਰੱਖਿਆ ‘ਤੇ ਸਿੱਧਾ ਹਮਲਾ ਹੈ। ਅਜਿਹੀ ਘਟੀਆ ਮਾਨਸਿਕਤਾ ਵਾਲੀ ਟਰੋਲਿੰਗ ਦੀ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਸ੍ਰ. ਬ੍ਰਹਮਪੁਰਾ ਨੇ ਕੇਂਦਰ ਸਰਕਾਰ ਨੂੰ ਇਸ ਗੰਭੀਰ ਮਾਮਲੇ ਦਾ ਤੁਰੰਤ ਅਤੇ ਸਖ਼ਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲੇ ਸਮਾਜ-ਵਿਰੋਧੀ ਅਨਸਰਾਂ ਦੀ ਪਛਾਣ ਕਰਕੇ ਉਹਨਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਦੇਸ਼ ਦੀ ਸੇਵਾ ਕਰਨ ਵਾਲੇ ਅਧਿਕਾਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰਨ ਜਾਂ ਬਦਨਾਮ ਕਰਨ ਦੀ ਜੁਰਅਤ ਨਾ ਕਰ ਸਕੇ।
ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਸਭ ਤੋਂ ਉੱਪਰ ਹੈ, ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆਂ ਸਿਆਸੀ ਵੰਡੀਆਂ ਅਤੇ ਨਿੱਜੀ ਰੰਜਿਸ਼ਾਂ ਨੂੰ ਪਿੱਛੇ ਛੱਡ ਕੇ ਇਕੱਠੇ ਖੜ੍ਹਨਾ ਚਾਹੀਦਾ ਹੈ, ਕਿਉਂਕਿ ਭਾਰਤ ਸਾਡੇ ਲਈ ਪਹਿਲਾ ਹੈ ਅਤੇ ਬਾਕੀ ਸਭ ਬਾਅਦ ਵਿੱਚ, ਅਤੇ ਦੇਸ਼ ਦੀ ਸੇਵਾ ਕਰਨ ਵਾਲੇ ਹਰੇਕ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਬਰਕਰਾਰ ਰੱਖਣਾ ਸਾਡੀ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ, ਚਾਹੇ ਉਹ ਫੌਜ ਹੋਵੇ ਜਾਂ ਪ੍ਰਸ਼ਾਸਨ, ਕਿਉਂਕਿ ਉਹ ਆਖ਼ਿਰਕਾਰ ਦੇਸ਼ ਦੇ ਭਲੇ ਲਈ ਸਰਕਾਰ ਦੀਆਂ ਨੀਤੀਆਂ ਅਤੇ ਹੁਕਮਾਂ ਨੂੰ ਹੀ ਲਾਗੂ ਕਰਦੇ ਹਨ।
ਸ੍ਰ. ਬ੍ਰਹਮਪੁਰਾ ਨੇ ਮੁੜ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਸਭ ਨੂੰ ਸੰਜਮ ਅਤੇ ਆਪਸੀ ਸਤਿਕਾਰ ਬਣਾਈ ਰੱਖਣ ਦੀ ਅਪੀਲ ਕੀਤੀ।