ਵਿਹੜੇ ਦੀ ਰੌਣਕ ਹੁੰਦੇ ਹਨ – ਬੇਬੇ ਬਾਪੂ: ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

ਘਰ ਪਰਿਵਾਰ ਵਿੱਚ ਸੰਗ, ਸ਼ਰਮ ਅਤੇ ਸਤਿਕਾਰ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਇਹ ਬੇਬੇ ਬਾਪੂ ਦੇ ਸਮਾਜਿਕ ਰੁਤਬੇ ਨੂੰ ਬਹਾਲ ਰੱਖਦੇ ਹਨ।ਇਬਰਾਹੀਮ ਲਿੰਕਨ ਨੇ ਕਿਹਾ ਸੀ ਮੈਂ ਜੋ ਵੀ ਹਾਂ ਮਾਂ ਦੀ ਬਦੌਲਤ ਹਾਂ। ਉੱਧਰ ਬਾਪੂ ਬਾਰੇ ਚਾਣਕੀਆ ਨੀਤੀ ਦੱਸਦੀ ਹੈ ਕਿ ਪਿਤਾ ਦਾ ਫਰਜ਼ ਹੈ ਕਿ ਔਲਾਦ ਨਾਲ ਬਹੁਤਾ ਪਿਆਰ ਨਾ ਕਰੇ ਕਿਉਂਕਿ ਪਿਆਰ ਬੱਚੇ ਨੂੰ ਵਿਗਾੜ ਦਿੰਦਾ ਹੈ। ਬੇਬੇ ਬਾਪੂ ਆਪਣੇ ਬੱਚਿਆਂ ਨੂੰ ਆਪਣੀ ਆਗਿਆ ਜਾਂ ਸਖਤ ਅਨੁਸ਼ਾਸਨ ਵਿੱਚ ਰੱਖੇ ਤਾਂ ਕਿ ਉਹ ਸਮਾਜ ਦਾ ਮੁੱਖ ਅੰਗ ਬਣ ਸਕਣ। ਉੱਧਰ ਬੇਬੇ ਬਾਪੂ ਚੱਲਦਾ ਫਿਰਦਾ ਬੈਂਕ ਹੁੰਦੇ ਹਨ ਜਿਹਨਾਂ ਵਿੱਚ ਪੈਸਾ ਕਢਾਇਆ ਜਾਂਦਾ ਹੈ ਜਮਾਂ ਨਹੀਂ ਕਰਵਾਇਆ ਜਾਂਦਾ। ਛੋਟੇ ਹੁੰਦੇ ਦੇਖਿਆ ਵੀ ਹੈ ਕਿ ਬਾਪੂ ਦੇ ਘਸੇ ਹੋਏ ਗੀਜੇ (ਜੇਬ) ਵਿੱਚੋਂ ਅਤੇ ਅੰਮੜੀ ਦੀ ਚੁੰਨੀ ਦੀ ਗੱਠੀ ਬੰਨੇ ਹੋਏ ਪੈਸੇ ਮਿਲ ਜਾਂਦੇ ਸਨ। ਔਲਾਦ ਤੋਂ ਮਾਂ ਪਿਉ, ਮਾਪਿਆਂ ਤੋਂ ਦਾਦਾ-ਦਾਦੀ, ਨਾਨਾ-ਨਾਨੀ ਬਜ਼ੁਰਗ ਬਣ ਜਾਂਦੇ ਹਨ। ਇਹ ਸਮਾਂ ਬਹੁਤ ਹੀ ਰੱਬੀ ਮਿਹਰਬਾਨੀ ਨਾਲ ਮਿਲਦਾ ਹੈ ਅਤੇ ਮਨੁੱਖੀ ਜੀਵਨ ਦਾ ਸੁਨਹਿਰੀ ਮੌਕਾ ਹੁੰਦਾ ਹੈ ਜਿਸ ਨੂੰ ਬਜ਼ੁਰਗ ਬੇਬੇ ਬਾਪੂ, ਦਾਦਾ-ਦਾਦੀ ਅਤੇ ਨਾਨਾ-ਨਾਨੀ ਦਾ ਪਿਆਰ ਮਿਲਦਾ ਹੈ। ਬੇਬੇ ਬਾਪੂ ਜੀਵਨ ਜਾਂਚ ਲਈ ਕੋਈ ਸਪੈਸ਼ਲ ਸਮਾਂ ਨਹੀਂ ਦਿੰਦੇ ਪਰ ਇਹਨਾਂ ਦਾ ਹਰ ਪਲ ਹਰ ਕਦਮ ਬੱਚਿਆਂ ਨੂੰ ਜੀਵਨ ਜਾਂਚ ਸਿਖਾਉਂਦਾ ਹੈ। ਅੱਜ ਦੇ ਸਮੇਂ ਸੱਚੀ ਸਲਾਹ ਅਤੇ ਸੱਚੀ ਸਿੱਖਿਆ ਸਿਰਫ ਤੇ ਸਿਰਫ ਬੇਬੇ ਬਾਪੂ ਹੀ ਦਿੰਦੇ ਹਨ। ਇਹੀ ਗਲਤ ਕੰਮ ਤੋਂ ਰੋਕਦੇ ਹਨ। ਝਿੜਕ ਕੇ ਵੀ ਗਲ ਲਾਉਂਦੇ ਹਨ। ਗੁਰਬਾਣੀ ਦਾ ਫੁਰਮਾਨ ਹੈ, “ ਕਰਿ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ”।
ਪੀੜ੍ਹੀ ਦੇ ਵੱਧਦੇ ਪਾੜ੍ਹੇ ਨਾਲ ਬੱਚੇ ,ਬੇਬੇ ਬਾਪੂ ਮਾਂ ਪਿਉ ਤੋਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਬਣ ਜਾਂਦੇ ਹਨ। ਇਹਨਾਂ ਨੂੰ ਹਰ ਤਰ੍ਹਾਂ ਦੀ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਟੱਬਰ ਵਿੱਚ ਇਹ ਦੋਵੇਂ ਸਤਿਕਾਰ ਦੇ ਪਾਤਰ ਹੁੰਦੇ ਹਨ। ਇਹਨਾਂ ਦੇ ਸ਼ਬਦ ਸਿਰੇ ਦਾ ਫੁਰਮਾਨ ਹੁੰਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਬਾਪੂ ਸਮਾਜਿਕ ਸੁਰੱਖਿਆ ਲਈ ਵਿਹੜੇ ਅਤੇ ਬੈਠਕ ਵਿੱਚ ਬੈਠਦੇ ਰੁਤਬਾ ਨਿਖਾਰਦੇ ਹਨ।। ਬੈਠਕ ਬਜ਼ੁਰਗਾਂ ਦੀ ਮਹਿਫਲ ਦੀ ਪ੍ਰਤੀਕ ਹੁੰਦੀ ਹੈ। ਇਸੇ ਲਈ ਬਾਪੂ ਦੇ ਹਮਸਾਥੀ ਬੈਠਕ ਵਿੱਚ ਹੀ ਬੈਠਦੇ ਹਨ। ਸਾਰਾ ਦਿਨ ਬਾਪੂ ਮਿਹਨਤ ਅਤੇ ਮੁਸ਼ੱਕਤ ਕਰਕੇ ਸ਼ਾਮ ਨੂੰ ਘਰ ਆਉਂਦਾ ਹੈ ਤਾਂ ਉਹ ਘਰ ਆਉਂਦੀ ਸਾਰ ਹੀ ਖੰਘੂਰਾ ਮਾਰਦਾ ਹੈ ਤਾਂ ਕਿ ਕੁੜੀ ਕਤਰੀ ਅਤੇ ਬਹੂਆਂ ਸਿਰ ਤੇ ਚੁੰਨੀ ਅਤੇ ਘੁੰਡ ਕੱਢ ਲੈਣ। ਖੰਘੂਰਾ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਅਸਲੀ ਇਕ ਨਕਲੀ ਖੰਘੂਰਾ। ਅਸਲੀ ਖੰਘੂਰਾ ਗਲ ਵਗੈਰਾ ਸਾਫ ਕਰਨ ਲਈ ਮਾਰਿਆ ਜਾਂਦਾ ਹੈ ਜਦਕਿ ਨਕਲੀ ਖੰਘੂਰਾ ਬਜ਼ੁਰਗਾਂ ਦੀ ਪਹਿਚਾਣ ਹੁੰਦਾ ਹੈ। ਬਾਪੂ ਵੱਲੋਂ ਵਿਹੜੇ ਵੜਨ ਤੋਂ ਪਹਿਲਾ ਖੰਘੂਰਾ ਇਸ ਲਈ ਮਾਰਿਆ ਜਾਂਦਾ ਹੈ ਕਿ ਘਰ ਦੀਆਂ ਔਰਤਾਂ ਸੁਚੇਤ ਹੋ ਜਾਣ। ਉੱਧਰ ਬਾਪੂ ਦੀ ਵੀ ਹਿੰਮਤ ਨਹੀਂ ਪੈਦੀ ਸੀ ਕਿ ਬਿਨ੍ਹਾਂ ਖੰਘੂਰਾ ਮਾਰੇ ਵਿਹੜੇ ਵਿੱਚ ਵੜ ਜਾਵੇ। ਇਸ ਲਈ ਇਕ ਸੱਭਿਅਤਾ ਵੰਨਗੀ ਰਾਹੀਂ ਬਾਪੂ ਨੂੰ ਘਰ ਆਉਣ ਦੀ ਖਬਰ ਵਜੋਂ ਖੰਘੂਰਾ ਮਾਰਨ ਦਾ ਇਲਮ ਹੁੰਦਾ ਸੀ। ਬਾਪੂ ਦਾ ਸਮਾਜਿਕ ਫਰਜ਼ ਵੀ ਖੰਘੂਰਾ ਮਾਰਨਾ ਹੈ।ਸਾਡੀ ਸੱਭਿਆਚਾਰਕ ਵਿਰਾਸਤ ਵਿੱਚ ਖੰਘੂਰੇ ਦਾ ਬਾਪੂ ਨਾਲ ਇਉਂ ਮੇਲ ਕਰਾਇਆ ਗਿਆ ਹੈ, “ਵਿਹੜੇ ਵੜਦਾ ਖਬਰ ਨਹੀਂ ਕਰਦਾ ਬਾਪੂ ਗਲ ਟੱਲ ਪਾ ਦਿਓ”।
ਬੇਬੇ ਘਰ ਦੀਆਂ ਔਰਤਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਘਰ ਆਉਂਦੀ ਨੂੰਹ ਦਾ ਸਮਾਜੀਕਰਨ ਵੀ ਬੇਬੇ ਹੀ ਕਰਦੀ ਹੈ। ਇਸ ਲਈ “ਸਾਸ ਵੀ ਕਭੀ ਬਹੂ ਥੀ” ਦਾ ਪੈਂਡਾ ਤੈਅ ਕਰਦੀ ਹੋਈ ਬੇਬੇ ਸੱਸ ਦੇ ਰੂਪ ਵਿੱਚ ਸੁਰਿੰਦਰ ਕੌਰ ਦੀ ਜ਼ੁਬਾਨੀ ਸੱਭਿਆਚਾਰਕ ਵੰਨਗੀ ਇਉਂ ਪੇਸ਼ ਕਰਦੀ ਹੈ, “ਮਾਵਾਂ ਲਾਡ ਲਡਾਵਣ ਧੀ ਵਿਗਾੜਨ ਲਈ, ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ”। ਨਵੀਂ ਬਹੂ ਨੂੰ ਘਰ ਦੀ ਚਾਲ ਢਾਲ ਵੀ ਬੇਬੇ ਹੀ ਸਿਖਾਉਂਦੀ ਹੈ। ਖੇਤ ਬੰਨੇ ਦਾ ਗੇੜਾ ਲਗਵਾਉਂਦੀ ਹੈ। ਰਸੋਈ ਦਾ ਚੁੱਲ੍ਹਾ-ਚੌਕਾ,ਚੱਜ- ਅਚਾਰ ਅਤੇ ਵਿਵਹਾਰ ਵੀ ਬੇਬੇ ਹੀ ਸਿਖਾਉਂਦੀ ਹੈ। ਬੇਬੇ ਤਜ਼ਰਬੇ ਵਿੱਚੋਂ ਪ੍ਰਤਿਭਾ ਵੀ ਸਿਖਾਉਂਦੀ ਹੈ ਕਿ ਰੀਸ ਨਹੀਂ ਮਿਹਨਤ ਕਰੋ ਇਹ ਵੀ ਦੱਸਦੀ ਹੈ ਕਿ, “ਪ੍ਰਤਿੱਭਾ ਇੱਕ ਪ੍ਰਤੀਸ਼ਤ ਪ੍ਰੇਰਨਾ ਹੁੰਦੀ ਹੈ, ਨੜਿੰਨਵੇਂ ਪ੍ਰਤੀਸ਼ਤ ਮਿਹਨਤ ਹੁੰਦੀ ਹੈ”। ਬੇਬੇ ਘਰ ਪ੍ਰਤੀ ਆਪਣੀ ਮਿਹਨਤ ਦੀ ਗਾਥਾ ਸੁਣਾਕੇ ਬੱਚਿਆਂ ਨੂੰ ਪ੍ਰਭਾਵਿਤ ਵੀ ਕਰਦੀ ਹੈ। ਇੱਕ ਗੱਲ ਹੋਰ ਹੈ ਕਿ ਘਰ ਜਦੋਂ ਵੀ ਕੋਈ ਆਵਾਜ਼ ਮਾਰਦਾ ਹੈ ਤਾਂ ਬੇਬੇ ਬਾਪੂ ਦਾ ਨਾਮ ਲੈ ਕੇ ਬੁਲਾਉਂਦਾ ਹੈ। ਇੱਥੇ ਉਹਨਾਂ ਦਾ ਰੁਤਬਾ ਉੱਭਰਦਾ ਹੈ। ਇਸੇ ਪ੍ਰਸੰਗ ਵਿੱਚ ਨਰਿੰਦਰ ਸਿੰਘ ਕਪੂਰ ਕਹਿੰਦੇ ਹਨ ਕਿ, “ਬਾਪੂ ਦੀ ਗੈਰ ਹਾਜ਼ਰੀ ਵਿੱਚ ਘਰ ਖਾਲੀ ਲੱਗਦਾ ਹੈ ਪਰ ਬੇਬੇ ਦੀ ਗੈਰ ਹਾਜ਼ਰੀ ਵਿੱਚ ਉਲਟਿਆ ਪੁਲਟਿਆ ਲੱਗਦਾ ਹੈ ਬੇਬੇ ਸਾਨੂੰ ਸਿੱਖਾਉਂਦੀ ਹੈ ਕਿ ਬੋਲਣਾ ਕਿਵੇਂ ਹੈ ਜਦੋਂ ਕਿ ਬਾਪੂ ਸਾਨੂੰ ਸਿਖਾਉਂਦਾ ਹੈ ਕਿ ਚੁੱਪ ਕਿਵੇ ਰਹਿਣਾ”। ਬੇਬੇ ਬਾਪੂ ਨੂੰ ਘਰ ਦੀ ਕਿਸੇ ਵੀ ਚੀਜ਼ ਦੇ ਲੈਣ ਦੇਣ ਦਾ ਇਲਮ ਹੁੰਦਾ ਹੈ। ਚੰਗਾ ਗੁਆਂਢ ਵੀ ਬੇਬੇ ਬਾਪੂ ਦੇ ਸਿਰ ਤੇ ਹੁੰਦਾ ਹੈ। ਇਹ ਰੌਣਕ ਦੇ ਮੁਜੱਸਮਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿਸੇ ਨੂੰ ਕਦੋਂ ਦੇਣੀ ਅਤੇ ਕਦੋਂ ਵਾਪਿਸ ਲੈਣੀ। ਬੇਬੇ ਬਾਪੂ ਦੀ ਘਰ ਵਿੱਚ ਇੱਕਮਿਕਤਾ ਇਸ ਕਦਰ ਤੱਕ ਵੱਧ ਜਾਂਦੀ ਹੈ ਕਿ ਘਰ ਪ੍ਰਤੀ ਹਰ ਚੀਜ਼ ਹਰ ਗੱਲ ਪ੍ਰਤੀ ਮੋਹ ਭਿੱਜੇ ਹੋਏ ਕੇ ਬੇਵੱਸ ਹੋ ਜਾਂਦੇ ਹਨ। ਬੇਵੱਸੀ ਵਿੱਚ ਘਰ ਅਤੇ ਪਰਿਵਾਰ ਦਾ ਮੋਹ ਕੁੱਟ-ਕੁੱਟ ਕੇ ਭਰਿਆ ਨਜ਼ਰ ਆਉਂਦਾ ਹੈ ਕਿ ਦੋਵੇਂ ਮੱਲੋ ਮੱਲੀ ਇਸ ਕਥਨ ਤੇ ਚੱਲ ਪੈਂਦੇ ਹਨ, “ਜੋ ਚੇਤੇ ਨਹੀਂ ਰੱਖਣਾ ਹੁੰਦਾ ਉਹ ਚੇਤੇ ਰਹਿ ਜਾਂਦਾ ਹੈ, ਜੋ ਭੁੱਲਣਾ ਚਾਹੁੰਦਾ ਹੈ ਉਸ ਨੂੰ ਭੁੱਲ ਨਹੀਂ ਸਕਦੇ”। ਘਰ ਪ੍ਰਤੀ ਛੋਟੀਆਂ ਮੋਟੀਆਂ ਗੱਲਾਂ ਵਿੱਚ ਆਦਤ ਅਨੁਸਾਰ ਹੀ ਇਹਨਾਂ ਦੀ ਦਿਲਚਸਪੀ ਬਣੀ ਰਹਿੰਦੀ ਹੈ। ਘਰ ਦੇ ਅੰਦਰ ਹੀ ਸਬਜ਼ੀ-ਭਾਜੀ ਅਤੇ ਫਲ ਫਰੂਟ ਉਗਾ ਕੇ ਦੇਖ ਰੇਖ ਕਰੀ ਜਾਂਦੇ ਹਨ। ਆਏ ਗਏ ਰਿਸ਼ਤੇਦਾਰ ਦੀ ਮਹਿਮਾਨ ਨਿਵਾਜ਼ੀ ਵੀ ਬੇਬੇ ਬਾਪੂ ਕੋਲੋ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਹੀ ਬਾਕੀ ਮੈਂਬਰਾਂ ਦਾ ਵਰਕਾ ਖੁੱਲਦਾ ਹੈ। ਦਰਾਣੀ-ਜਠਾਣੀ ਬਾਲ ਬੱਚੇ ਦੀ ਹਰ ਸ਼ਿਕਾਇਤ ਨੂੰ ਬੇਬੇ ਬਾਪੂ ਹੀ ਨਿਬੇੜਦੇ ਹਨ। ਹਾਂ ਪਰ ਜਿੱਥੇ ਬੇਬੇ ਬਾਪੂ ਨਿਰਪੱਖ ਨਾ ਹੋਣ ਉੱਥੇ ਉਲਟਾ-ਪੁਲਟਾ ਹੋ ਜਾਂਦਾ ਹੈ।
ਕਬੀਲਦਾਰੀ ਬਾਰੇ ਬੇਬੇ ਬਾਪੂ ਨੂੰ ਸਭ ਕੁੱਝ ਉਂਗਲਾਂ ਤੇ ਪਤਾ ਹੁੰਦਾ ਹੈ। ਵਿਹੜੇ ਵਿੱਚ ਬੈਠੇ ਬੇਬੇ ਬਾਪੂ ਬਿੜਕ ਨਾਲ ਹੀ ਸਭ ਕਾਸੇ ਦਾ ਅੰਦਾਜ਼ਾ ਲਗਾ ਲੈਂਦੇ ਹਨ। ਇਹ ਆਏ ਗਏ ਦੀ ਪੈੜ ਪੜ੍ਹਨ ਲਈ ਸਮਰੱਥ ਵੀ ਹੁੰਦੇ ਹਨ। ਕੋਈ ਵੀ ਮਸਲਾ ਹੋਵੇ ਇਸ਼ਾਰੇ ਵਿੱਚ ਹੀ ਥਾਂ ਦੀ ਥਾਂ ਹੱਲ ਕਰ ਦਿੰਦੇ ਹਨ। ਕਈ ਕੁੜੀਆਂ ਜਿਹਨਾਂ ਨੂੰ ਘਰ ਦੇ ਕੰਮ ਦੀ ਚੂੰਹਡ ਨਹੀਂ ਹੁੰਦੀ ਉਹ ਬਜ਼ੁਰਗਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰ ਲੈਣ ਤਾਂ ਸੋਨੇ ਤੇ ਸੁਹਾਗਾਂ ਹੋ ਜਾਂਦਾ ਹੈ। ਜੋ ਬਹੂ ਬੇਬੇ ਦੀ ਥੋੜ੍ਹੀ ਜਿਹੀ ਸ਼ਖਤੀ ਸਹਿਣ ਕਰ ਲਵੇ ਉਹ ਭੱਵਿਖ ਦੀਆਂ ਵੰਗਾਰਾਂ ਦਾ ਸਾਹਮਣਾ ਕਰ ਸਕਦੀ ਹੈ। ਜੋ ਬਹੂਆਂ ਸਮਾਜੀਕਰਨ ਤੋਂ ਸੱਖਣੀਆਂ ਹੁੰਦੀਆਂ ਹਨ ਉਹ ਹਮੇਸ਼ਾਂ ਸੱਸ ਨੂੰ ਹੀ ਬੁਰਾ ਸਮਝਦੀਆਂ ਹਨ ਇਸ ਪ੍ਰਤੀ ਸਾਡੇ ਸੱਭਿਆਚਾਰ ਵਿੱਚ ਇਹ ਵੰਨਗੀ ਬਹੁਤਾ ਵਾਰੀ ਸੁਣਨ ਨੂੰ ਮਿਲ ਜਾਂਦੀ ਹੈ, “ਅੱਗੋਂ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ”। ਬੇਬੇ ਬਾਪੂ ਚੱਲਦੀ ਫਿਰਦੀ ਲਾਇਬ੍ਰੇਰੀ ਅਤੇ ਚੱਲਦਾ ਫਿਰਦਾ ਖਜ਼ਾਨਾ ਹੋਣ ਦੇ ਨਾਲ ਨਾਲ ਸੱਭਿਅਤਾ ਅਤੇ ਸੱਭਿਆਚਾਰ ਦਾ ਸ਼ੀਸਾ ਹੁੰਦੇ ਹਨ। ਧੀਆਂ, ਪੁੱਤ, ਬੱਚੇ ਅਤੇ ਨੂੰਹਾਂ ਜੇ ਬਾਬੂ ਬੇਬੇ ਦੀ ਗੱਲ ਸੁਣ ਲੈਣ ਤਾਂ ਉਹ 25-30 ਸਾਲ ਆਮ ਲੋਕਾਂ ਤੋਂ ਅੱਗੇ ਹੋ ਸਕਦੇ ਹਨ। ਕਿਉਂਕਿ ਉਹਨਾਂ ਨੂੰ ਬੇਬੇ ਬਾਪੂ ਦਾ ਤਜ਼ਰਬਾ ਮਿਲ ਜਾਂਦਾ ਹੈ।
ਬੇਬੇ ਬਾਪੂ ਬਚਪਨ ਅਤੇ ਜਵਾਨੀ ਤੋਂ ਬਾਅਦ ਬਣਦੇ ਹਨ ਅਸਲ ਅਰਥਾਂ ਵਿੱਚ ਬੇਬੇ ਬਾਪੂ,”ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ” ਨੂੰ ਪ੍ਰਕਾਸ਼ਮਾਨ ਕਰਕੇ ਘਰ ਦਾ ਸਹੀ ਤੌਰ ਤੇ ਮਾਨਵੀਕਰਨ ਕਰਦੇ ਹਨ ਕਿਉਂਕਿ ਆਉਂਦੇ ਜਾਂਦੇ ਜੀਅ ਆਪਣੇ ਤਜ਼ਰਬੇ ਨਾਲ ਹੀ ਘਰ ਦੇ ਜੀਆਂ ਨੂੰ ਸਮਝਾਉਂਦੇ ਹਨ। ਜੋ ਜੀਵਨ ਵਿੱਚ ਸਿੱਖਿਆ ਹੁੰਦਾ ਹੈ ਉਹੀ ਅੱਗੇ ਦਿੰਦੇ ਹਨ। ਪਰਿਵਾਰ, ਔਲਾਦ ਲਈ ਬੇਬੇ ਬਾਪੂ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਹੱਡਭੰਨਵੀਂ ਮਿਹਨਤ ਕਰਦੇ ਹਨ। ਘਰ ਦੀਆਂ ਮੁਸ਼ਕਲਾਂ ਅਤੇ ਖਰਚੇ ਪੂਰੇ ਕਰਦੇ ਹਨ। ਆਪਣੀ ਤੰਗੀ ਝੱਲ ਲੈਂਦੇ ਹਨ ਪਰ ਪਰਿਵਾਰ ਨੂੰ ਤੰਗੀ ਤੋਂ ਬਚਾਕੇ ਰੱਖਦੇ ਹਨ। ਬੇਬੇ ਬਾਪੂ ਸੱਭਿਅਤ ਇਤਿਹਾਸ ਸਿਰਜਦੇ ਹੋਏ ਔਲਾਦ ਨੂੰ ਹੌਸਲਾ ਤੇ ਸਹਾਰਾ ਦਿੰਦੇ ਹਨ। ਇਸ ਨਾਲ ਪਰਿਵਾਰ ਨੂੰ ਵੀ ਸਕੂਨ ਹਾਸਲ ਹੁੰਦਾ ਹੈ। ਬੇਬੇ ਬਾਪੂ ਹੱਥੀਂ ਮਿਹਨਤ ਨਾਲ ਤਿਆਰ ਕੀਤੇ ਤਾਣੇ-ਬਾਣੇ ਨੂੰ ਆਪਣੇ ਬੱਚਿਆਂ ਦੇ ਸਪੁਰਦ ਕਰਦੇ ਹਨ ਇਸੀ ਦਾ ਖਟਿਆਂ ਹੀ ਖਾਂਦੇ ਹਨ। ਬੇਬੇ ਬਾਪੂ ਦੀ ਸੂਝ-ਬੂਝ ਦਾ ਫ਼ਾਇਦਾ ਲੈਣ ਵਾਲੀ ਔਲਾਦ ਲਈ ਬਜ਼ੁਰਗ ਸਹੀ ਅਰਥਾਂ ਵਿੱਚ ਵਿਹੜੇ ਦੀ ਰੌਣਕ ਬਣ ਜਾਂਦੇ ਹਨ।ਗੁਰਬਾਣੀ ਵਿੱਚ ਫੁਰਮਾਨ ਮਿਲਦਾ ਹੈ, “ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨੁ, ਅਕਲੀ ਪੜ ਕੈ ਬੁਝੀਐ ਅਕਲੀ ਪਾਈਏ ਮਾਨ, ਨਾਨਕ ਆਖੇ ਰਾਹ ਇਹੋ ਹੋਰ ਗਲਾ ਸੈਤਾਨ”।
ਬੇਬੇ ਬਾਪੂ ਕਿਰਤ ਅਤੇ ਸਬਰ ਦਾ ਅਧਿਆਏ ਹੁੰਦੇ ਹਨ ਇਹ ਵਿਹੜੇ ਦੀ ਰੌਣਕ ਬਣਨ ਤੋਂ ਪਹਿਲਾਂ ਬਿਖੜੇ ਪੈਂਡਿਆਂ ਦੇ ਰਾਹਾਂ ਤੋਂ ਰਸਤਾ ਤੈਅ ਕਰਦੇ ਹਨ ਤਾਂ ਜਾ ਕੇ ਬੇਬੇ ਬਾਪੂ ਦੀ ਮੰਜ਼ਿਲ ਪ੍ਰਾਪਤ ਕਰਦੇ ਹਨ। ਬੇਬੇ ਬਾਪੂ ਜੀਉਂਦੀ ਜਿੰਦਗਾਨੀ ਦਾ ਅਜਿਹਾ ਵਰਕਾ ਹੈ ਕਿ ਇਹ ਖਿਤਾਬ ਬੁਢਾਪੇ ਵਿੱਚ ਮਿਲਦਾ ਹੈ , ਅਫ਼ਸੋਸ ਬੁਢਾਪਾ ਆਉਂਦਾ ਹੈ ਪਰ ਜਾਂਦਾ ਨਹੀਂ। ਬੇਬੇ ਬਾਪੂ ਘਰ ਦੀ ਰੌਣਕ ਅਤੇ ਚਿਰਾਗ ਵਾਂਗ ਵਿਹੜੇ ਵਿੱਚ ਰੋਸ਼ਨੀ ਦਿੰਦੇ ਹਨ ਇਸ ਲਈ ਬਜ਼ੁਰਗ ਬੇਬੇ ਬਾਪੂ ਦੀ ਸੁੰਦਰਤਾ ਕਿਸੇ ਪਵਿੱਤਰ ਸਥਾਨ ਅੰਦਰ ਜਗਦੀ ਹੋਈ ਚਿੱਟੀ ਮੋਮਬੱਤੀ ਵਰਗੀ ਹੁੰਦੀ ਹੈ। ਸਚਮੁੱਚ ਹੀ ਬੇਬੇ ਬਾਪੂ ਸਮਾਜਿਕ ਢਾਂਚੇ ਵਿੱਚ ਪਰਿਵਾਰ ਦੇ ਵਿਹੜੇ ਦੀ ਇੱਕ ਪਵਿੱਤਰ ਰੌਣਕ ਹੁੰਦੇ ਹਨ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445