ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਰਾਸ਼ਟਰੀ ਮਾਮਲਾ, ਜਾਂਚ ਐਨ.ਆਈ.ਏ. ਨੂੰ ਸੌਂਪੀ ਜਾਵੇ – ਬ੍ਰਹਮਪੁਰਾ

ਸ੍ਰ. ਬ੍ਰਹਮਪੁਰਾ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਰੀਬੀ ਸਾਥੀਆਂ ਅਤੇ ਰਿਸ਼ਤੇਦਾਰਾਂ ਦੀਆਂ ਅਪਰਾਧਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਾ ਪਰਦਾਫਾਸ਼ ਕਰਦਿਆਂ, ਸਰਕਾਰ ਅਤੇ ਸਥਾਨਕ ਵਿਧਾਇਕ ਖਿਲਾਫ਼ ਜੰਮ ਕੇ ਪੋਲ ਖੋਲ੍ਹੀ। ਉਨ੍ਹਾਂ ਨੇ ਇਸ ਗੱਲ ਦਾ ਪ੍ਰਗਟਾਵਾ ਆਪਣੇ ਹਲਕੇ ਖਡੂਰ ਸਾਹਿਬ ਦੇ ਨਗਰ ਚੋਹਲਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨਸ਼ਿਆਂ ਵਿਰੁੱਧ ਲੜਾਈ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਇਹ ਦਾਅਵੇ ਕੇਵਲ ਮਸ਼ਹੂਰੀਆਂ ਅਤੇ ਇਸ਼ਤਿਹਾਰਬਾਜ਼ੀ ਤੱਕ ਸੀਮਤ ਹਨ। ਕਰੋੜਾਂ ਰੁਪਏ ਲੋਕਾਂ ਦੀ ਭਲਾਈ ‘ਤੇ ਖਰਚ ਕਰਨ ਦੀ ਬਜਾਏ, ਸਰਕਾਰ ਆਪਣੀ ਪ੍ਰਚਾਰਬਾਜ਼ੀ ‘ਤੇ ਉਡਾ ਰਹੀ ਹੈ, ਜਦੋਂ ਕਿ ਜ਼ਮੀਨੀ ਪੱਧਰ ‘ਤੇ ਨਸ਼ੇ ਦਾ ਦੈਂਤ ਸਾਡੀ ਜਵਾਨੀ ਨੂੰ ਨਿਗਲ ਰਿਹਾ ਹੈ।
ਉਨ੍ਹਾਂ ਕੁੱਝ ਦਿਨ ਪਹਿਲਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਰਹੱਦੀ ਖੇਤਰ ਝਬਾਲ ਵਿਖੇ ਪੰਜਾਬ ਪੁਲਿਸ ਵੱਲੋਂ 425 ਕਰੋੜ ਰੁਪਏ ਦੀ ਕਰੀਬ 85 ਕਿਲੋ ਹੈਰੋਇਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਿੰਨੀ ਬੇਰੋਕ ਟੋਕ ਜਾਰੀ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਮਾਤਰਾ ਵਿੱਚ ਨਸ਼ੇ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸੂਬੇ ਅੰਦਰ ਪਹੁੰਚਣਾ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਸ੍ਰ. ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਦੇ ਨਾਲ-ਨਾਲ ਹਥਿਆਰਾਂ ਦੀ ਤਸਕਰੀ ਵੀ ਪੰਜਾਬ ਅਤੇ ਦੇਸ਼ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਭਾਰਤ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਅਤੇ ਇਸਦੀ ਡੂੰਘਾਈ ਨਾਲ ਜਾਂਚ ਕੇਂਦਰੀ ਏਜੰਸੀ ਐਨ.ਆਈ.ਏ. ਤੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਹੋ ਸਕੇ।
ਉਨ੍ਹਾਂ ‘ਆਪ’ ਸਰਕਾਰ ਅਤੇ ਖਡੂਰ ਸਾਹਿਬ ਦੇ ਸਥਾਨਕ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ, “ਚੋਣਾਂ ਤੋਂ ਪਹਿਲਾਂ ਇਹ ਲੋਕ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਕਰਨ ਦੇ ਵੱਡੇ-ਵੱਡੇ ਵਾਅਦੇ ਕਰਦੇ ਸਨ, ਪਰ ਅੱਜ ਹਕੀਕਤ ਇਹ ਹੈ ਕਿ ਇਨ੍ਹਾਂ ਦੇ ਆਪਣੇ ਕਰੀਬੀ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾ ਰਹੇ ਹਨ।
ਸ੍ਰ. ਬ੍ਰਹਮਪੁਰਾ ਨੇ ਬੀਤੇ ਕੱਲ੍ਹ ਅੰਮ੍ਰਿਤਸਰ ਪੁਲਿਸ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਇੱਕ ਖਾਸਮ ਖ਼ਾਸ ਕਰੀਬੀ ਸਾਥੀ ਅਮਨਦੀਪ ਸਿੰਘ ਨੂੰ ਨਾਜਾਇਜ਼ ਹਥਿਆਰਾਂ ਸਮੇਤ ਫ਼ੜ੍ਹੇ ਜਾਣ ਦੇ ਮਾਮਲੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਿਅਕਤੀ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਇਸੇ ਅਮਨਦੀਪ ਸਿੰਘ ਉੱਪਰ ਕੋਟ ਮੋਹੰਮਦ ਖਾਂ ਵਿਖੇ ਬਹਾਦਰ ਪੁਲਿਸ ਅਫ਼ਸਰ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਹੱਤਿਆ ਦਾ ਮਾਮਲਾ ਵੀ ਦਰਜ਼ ਹੈ। (ਪਰਚਾ ਨੰਬਰ 0176/25 ਥਾਣਾ ਗੋਇੰਦਵਾਲ ਸਾਹਿਬ)
ਸ੍ਰ. ਬ੍ਰਹਮਪੁਰਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, “ਐੱਸ.ਆਈ. ਚਰਨਜੀਤ ਸਿੰਘ ਦੇ ਕਤਲ ਵਰਗੇ ਗੰਭੀਰ ਪਰਚੇ ਵਿੱਚ ਨਾਮਜ਼ਦ ਹੋਣ ਦੇ ਬਾਵਜੂਦ, ਅਮਨਦੀਪ ਸਿੰਘ ਕਈ ਦਿਨ ਮੌਜੂਦਾ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਘਰ ਬੈਠ ਕੇ ਆਰਾਮ ਨਾਲ ਪ੍ਰੈਸ ਕਾਨਫਰੰਸਾਂ ਕਰਦਾ ਰਿਹਾ ਅਤੇ ਉਸਨੇ ਵਿਧਾਇਕ ਦੇ ਘਰ ਪਨਾਹ ਵੀ ਲਈ। ਇਹ ਸਿੱਧੇ ਤੌਰ ‘ਤੇ ਦਰਸਾਉਂਦਾ ਹੈ ਕਿ ਵਿਧਾਇਕ ਵੱਲੋਂ ਅਪਰਾਧੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਪੁਲਿਸ ਦੇ ਕੰਮ ਵਿੱਚ ਬੇਲੋੜਾ ਦਖ਼ਲ ਦਿੱਤਾ ਜਾ ਰਿਹਾ ਹੈ।
ਸ੍ਰ. ਬ੍ਰਹਮਪੁਰਾ ਨੇ ਵਿਧਾਇਕ ਲਾਲਪੁਰਾ ਦੇ ਜੀਜੇ ਦੀ ਰੇਤ ਮਾਈਨਿੰਗ ਮਾਫ਼ੀਆ ਵਿੱਚ ਸ਼ਮੂਲੀਅਤ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ‘ਤੇ ਕਾਰਵਾਈ ਕਰਕੇ ਵਿਧਾਇਕ ਦੇ ਜੀਜੇ ਨੂੰ ਫੜ੍ਹਿਆ ਗਿਆ, ਤਾਂ ਵਿਧਾਇਕ ਨੇ ਆਪਣੇ ਅਸਰ ਰਸੂਖ਼ ਦੀ ਵਰਤੋਂ ਕਰਦਿਆਂ ਐੱਸ.ਐੱਸ.ਪੀ. ਦਾ ਤਬਾਦਲਾ ਕਰਵਾ ਦਿੱਤਾ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਤਤਕਾਲੀਨ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਵੀ ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਰਿਪੋਰਟ ਮੰਗੀ ਸੀ, ਪਰ ਅਫ਼ਸੋਸ ਕਿ ਸਰਕਾਰ ਨੇ ਉਹ ਰਿਪੋਰਟ ਅੱਜ ਤੱਕ ਜਨਤਕ ਨਹੀਂ ਕੀਤੀ, ਜੋ ਇਸ ਮਾਮਲੇ ਵਿੱਚ ਸਰਕਾਰੀ ਲੁਕੋ-ਛਿਪਾਅ ਨੂੰ ਸਪੱਸ਼ਟ ਕਰਦੀ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ, ਜਦੋਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੇ ਕਰੀਬੀ ਲੋਕ ਹਥਿਆਰਾਂ ਦੀ ਤਸਕਰੀ, ਕਤਲ ਅਤੇ ਨਾਜਾਇਜ਼ ਮਾਈਨਿੰਗ ਵਰਗੀਆਂ ਗੰਭੀਰ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾ ਰਹੇ ਹਨ ਅਤੇ ਵਿਧਾਇਕ ਉਨ੍ਹਾਂ ਨੂੰ ਬਚਾਉਣ ਲਈ ਪੁਲਿਸ ਕਾਰਵਾਈ ਵਿੱਚ ਦਖ਼ਲ ਦੇ ਰਹੇ ਹਨ, ਤਾਂ ‘ਆਪ’ ਸਰਕਾਰ ਦਾ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਬਣਾਉਣ ਦਾ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਸਾਬਤ ਹੁੰਦਾ ਹੈ।
ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਸ ਗੰਭੀਰ ਮਾਮਲੇ ਦੀ ਜਾਂਚ ਤੁਰੰਤ ਐਨ.ਆਈ.ਏ. ਦੇ ਹਵਾਲੇ ਕੀਤੀ ਜਾਵੇ। ਨਾਲ ਹੀ, ਐੱਸ.ਆਈ. ਚਰਨਜੀਤ ਸਿੰਘ ਕਤਲ ਕੇਸ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਅਮਨਦੀਪ ਸਿੰਘ ਨੂੰ ਸ਼ਹਿ ਦੇਣ ਅਤੇ ਪਨਾਹ ਦੇਣ ਵਾਲੇ, ਜਿਸ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੀ ਸ਼ਾਮਲ ਹਨ, ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਸਰਕਾਰ ਦੇ ਝੂਠੇ ਦਾਅਵਿਆਂ ਤੋਂ ਸੁਚੇਤ ਰਹਿਣ ਅਤੇ ਇਨ੍ਹਾਂ ਦੇ ਅਸਲੀ ਚਿਹਰੇ ਨੂੰ ਪਹਿਚਾਣਨ।
ਇਸ ਮੌਕੇ ‘ਤੇ ਸਾਬਕਾ ਸਰਪੰਚ ਅਮਰੀਕ ਸਿੰਘ ਚੋਹਲਾ ਸਾਹਿਬ, ਡਾਕਟਰ ਜਤਿੰਦਰ ਸਿੰਘ, ਮਨਜਿੰਦਰ ਸਿੰਘ ਲਾਟੀ, ਗੁਰਦੇਵ ਸਿੰਘ ਸ਼ਬਦੀ, ਅਵਤਾਰ ਸਿੰਘ ਰੇਮੰਡ, ਹਰਜਿੰਦਰ ਸਿੰਘ ਬਾਦਸ਼ਾਹ, ਸੂਬੇਦਾਰ ਹਰਬੰਸ ਸਿੰਘ, ਸੁਰਜੀਤ ਸਿੰਘ ਫੌਜੀ, ਗੁਰਦਿਆਲ ਸਿੰਘ ਫੌਜੀ ਅਤੇ ਹਰਬੰਸ ਸਿੰਘ ਫੌਜੀ ਵੀ ਹਾਜ਼ਰ ਸਨ।