Uncategorized

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ-1- ਡਾ. ਚਰਨਜੀਤ ਸਿੰਘ ਗੁਮਟਾਲਾ

ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 15 ਅਪ੍ਰੈਲ 1563 ਈ: ਨੂੰ ਚੌਥੇ ਗੁਰੂ ਸ੍ਰੀ ਗਰੁੂ ਸ੍ਰੀ ਰਾਮਦਾਸ ਜੀ ਦੇ ਗ੍ਰਹਿ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਿਆ। ਆਪ ਜੀ ਦੀ ਮਾਤਾ ਦਾ ਨਾਂ ਬੀਬੀ ਭਾਨੀ ਸੀ। ਇਹ ਸਥਾਨ ਬਿਆਸ ਦਰਿਆ ਦੇ ਕੰਢੇ ਹੈ। ਆਪ ਦੇ ਵੱਡੇ ਭਰਾ ਸ੍ਰੀ ਪ੍ਰਿਥੀ ਚੰਦ ਤੇ ਸ੍ਰੀ ਮਹਾਂਦੇਵ ਸਨ। ਆਪ ਬਹੁਤ ਹੀ ਸੂਝਵਾਨ ਸਨ, ਇਹੋ ਕਾਰਨ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਨੂੰ ਗੁਰਗੱਦੀ ਸੌਂਪੀ।

ਗੁਰਗੱਦੀ ਧਾਰਨ ਤੋਂ ਪਹਿਲਾਂ ਆਪ ਬਤੌਰ ਇੱਕ ਸਫ਼ਲ ਪ੍ਰਚਾਰਕ ਦਾ ਕੰਮ ਕਰ ਚੁੱਕੇ ਸਨ। ਭਾਵੇਂ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਜਨਮ ਅਸਥਾਨ ਲਾਹੌਰ ਵਿਖੇ ਬਹੁਤਾ ਸਮਾਂ ਨਾ ਰਹਿ ਸਕੇ ਪਰ ਉਨ੍ਹਾਂ ਨੇ ਆਪ ਨੂੰੰ ਇੱਥੇ ਪ੍ਰਚਾਰ ਕਰਨ ਲਈ ਭੇਜਿਆ। ਲਾਹੌਰ ਉਸ ਸਮੇਂ ਸੂਬਾਈ ਰਾਜਧਾਨੀ ਹੋਣ ਕਰਕੇ ਬਹੁਤ ਪ੍ਰਸਿੱਧੀ ਵਾਲਾ ਸ਼ਹਿਰ ਸੀ। ਇੱਥੇ ਹੀ ਆਪ ਜੀ ਨੇ ਸ਼ਬਦ ਹਜ਼ਾਰੇ ਆਪਣੇ ਪਿਤਾ ਜੀ ਨੂੰ ਚਿੱਠੀਆਂ ਦੇ ਰੂਪ ਵਿੱਚ ਭੇਜੇ ਜੋ ਕਿ ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ।

ਆਪ ਨੇ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ। ਮਸੰਦਾਂ ਨੂੰ ਇਹ ਕੰਮ ਸੌਂਪਿਆ ਗਿਆ ਕਿ ਉਹ ਸੰਗਤਾਂ ਪਾਸ ਦਸਵੰਧ ਉਗਰਾਹ ਕੇ ਆਪ ਪਾਸ ਜਮਾਂ ਕਰਾਉਣ ਤਾਂ ਜੋ ਲੰਗਰ ਅਤੇ ਇਮਾਰਤਾਂ ਦੀ ਉਸਾਰੀ ਦਾ ਕੰਮ ਨਿਰਵਿਘਨ ਚੱਲਦਾ ਰਹੇ। ਆਦਿ ਗ੍ਰੰਥ ਜਿਸ ਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦੀ ਸੰਪਾਦਨਾ ਆਪ ਜੀ ਦੀ ਇੱਕ ਮਹਾਨ ਦੇਣ ਹੈ। ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ ਆਪ ਨੇ ਇਹ ਕੰਮ 1604 ਈ: ਵਿੱਚ ਮੁਕੰਮਲ ਕਰਕੇ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਕੀਤਾ। ਇਹ ਇੱਕ ਐਸਾ ਗ੍ਰੰਥ ਹੈ, ਜੋ ਕਿ ਸਭ ਧਰਮਾਂ ਦਾ ਸਾਂਝਾ ਹੈ। ਇਸ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ ਵਿਦਵਾਨਾਂ ਦੀ ਬਾਣੀ ਦਰਜ਼ ਹੈ। ਇਸ ਦਾ ਉਦੇਸ਼ ਚੌਂਹ ਵਰਣਾਂ ਲਈ ਸਾਂਝਾ ਹੈ।

ਬਾਣੀ ਰਾਗਾਂ ਵਿੱਚ ਹੈ। ਕੁਲ 30 ਰਾਗ ਹਨ। ਆਰੰਭ ਵਿੱਚ ਮੂਲ ਮੰਤਰ ਤੋਂ ਬਾਅਦ ਜਪੁਜੀ ਸਾਹਿਬ ਹੈ। ਹਰ ਰਾਗ ਵਿੱਚ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਨੇ ਨੌਵੀਂ ਪਾਤਸ਼ਹੀ ਦੀ ਬਾਣੀ ਬਾਦ ਵਿਚ ਦਰਜ ਕੀਤੀ। ਗੁਰੂਆਂ ਦੇੇ ਬਾਦ ਭਗਤਾਂ ਦੀ ਬਾਣੀ ਹੈ ਜੋ ਕਿ ਸਮੇਂ ਅਨੁਸਾਰ ਦਰਜ਼ ਹੈ। ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਹੈ, ਉਨ੍ਹਾਂ ਵਿੱਚ ਫ਼ਰੀਦ ਜੀ ,ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਧੰਨਾ ਜੀ, ਸੈਣ ਜੀ, ਪੀਪਾ ਜੀ, ਭੀਖਣ ਜੀ, ਸਧਨਾ ਜੀ, ਪਰਮਾਨੰਦ ਜੀ, ਸੂਰਦਾਸ ਜੀ, ਬੈਣੀ ਜੀ ਸ਼ਾਮਿਲ ਹਨ। ਭਾਈ ਮਰਦਾਨਾ ਦੇ 3 ਸਲੋਕ ਦਿੱਤੇ ਗਏ ਹਨ।

ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸ਼ੁਰੂ ਕੀਤੇ ਕੰਮਾਂ ਨੂੰ ਪੂਰਾ ਕਰਨ ਵੱਲ ਆਪ ਨੇ ਧਿਆਨ ਦਿੱਤਾ। ਅੰਮ੍ਰਿਤਸਰ ਦੇ ਸਰੋਵਰ ਨੂੰ ਪੱਕਾ ਕਰਵਾਇਆ। ਇਸ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਜਿਸ ਦੀ ਨੀਂਹ ਮੁਸਲਮਾਨ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ, ਜਿਨ੍ਹਾਂ ਦਾ ਗੁਰੂ ਘਰ ਨਾਲ ਮੇਲ ਮਿਲਾਪ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਸੀ। ਇਹ ਸਥਾਨ ਸਿੱਖ ਕੌਮ ਲਈ ਇੱਕ ਅਜੂਬਾ ਬਣ ਗਿਆ। ਇਹ ਪਹਿਲਾ ਗੁਰਦੁਆਰਾ ਸੀ ਜਿਸ ਦੀ ਉਸਾਰੀ ਗੁਰੂ ਸਾਹਿਬ ਦੀ ਦੇਖ ਰੇਖ ਵਿੱਚ ਹੋਈ। ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾਣ ਲਈ ਆਲੀਸ਼ਾਨ ਦਰਸ਼ਨੀ ਡਿਊਢੀ ਬਣਾਈ। ਸ੍ਰੀ ਦਰਬਾਰ ਸਾਹਿਬ ਅੰਦਰ ਗੁਰਬਾਣੀ ਦਾ ਮਨੋਹਰ ਕੀਰਤਨ ਹੁੰਦਾ ਹੈ, ਜਿਸ ਦਾ ਦੁਨੀਆਂ ਭਰ ਦੇ ਸ਼ਰਧਾਲੀ ਆਨੰਦ ਮਾਣ ਰਹੇ ਹਨ।

ਗੁਰੂ ਸਾਹਿਬ ਨੇ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ 1590 ਈ. ਵਿੱਚ ਤਰਨਤਾਰਨ ਦਾ ਗੁਰਦੁਆਰਾ ਉਸਾਰਿਆ। ਇਸ ਵਿੱਚ ਗੁਰਦੁਆਰੇ ਦੀ ਇਮਾਰਤ ਸਰੋਵਰ ਦੇ ਇੱਕ ਪਾਸੇ ਹੈ। ਇਹ ਤਰਨਤਾਰਨ ਦੇ ਆਲੇ-ਦੁਆਲੇ ਦੀਆਂ ਸੰਗਤਾਂ ਲਈ ਇਹ ਕੇਂਦਰ ਬਣ ਗਿਆ। ਜਦ ਆਪ ਬਿਆਸ ਦਰਿਆ ਪਾਰ ਕਰਕੇ ਦੁਆਬੇ ਗਏ ਤਾਂ ਆਪ ਨੇ ਇੱਕ ਨਵਾਂ ਕੇਂਦਰ ਕਰਤਾਰਪੁਰ 1594 ਈ. ਦੇ ਆਸ ਪਾਸ ਵਸਾਇਆ ਤੇ ਗੁਰਦੁਆਰੇ ਦੀ ਸਥਾਪਨਾ ਕੀਤੀ।

ਗੁਰੂ ਜੀ ਵਡਾਲੀ ਵਿਖੇ ਕੁਝ ਜ਼ਮੀਨ ਲੈ ਕੇ ਆਪ ਨੇ ਖੇਤੀ ਕਰਵਾਈ। ਇੱਥੇ ਹੀ 1595 ਈ: ਵਿੱਚ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ। ਇਸ ਦੀ ਖੁਸ਼ੀ ਵਿੱਚ ਆਪ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਅਜਿਹੇ ਖੂਹ ਵਿੱਚ ਪੰਜਾਬ ਵਿੱਚ ਕੇਵਲ ਬਾਦਸ਼ਾਹ ਹੀ ਲਵਾਉਂਦੇ ਸਨ ਤੇ ਉਹ ਵੀ ਇੱਕ ਹਰਟ ਜਾਂ ਦੋ ਹਰਟਾਂ ਵਾਲਾ। ਇੱਕ ਹਰਟ ਨੂੰ ਗੇੜਨ ਲਈ ਇੱਕ ਬਲਦਾਂ ਦੀ ਜੋੜੀ ਹੁੰਦੀ ਸੀ ਜਾਂ ਇੱਕ ਊਠ ਨਾਲ ਉਸ ਨੂੰ ਗੇੜਿਆ ਜਾਂਦਾ ਸੀ। ਅੱਜ ਕੱਲ੍ਹ ਇੱਥੇ ਗੁਰਦੁਆਰਾ ਛੇਹਰਟਾ ਸਾਹਿਬ ਸਥਿਤ ਹੈ।

ਜ਼ਿਲ੍ਹਾ ਗੁਰਦਾਸਪੁਰ ਵਿੱਚ ਬਿਆਸ ਦਰਿਆ ਕੰਢੇ ਤਹਿਸੀਲ ਬਟਾਲਾ ਘੁਮਾਣ ਪਿੰਡ ਲਾਗੇ ਆਪਣੇ ਸਪੁੱਤਰ ਦੇ ਨਾਂ ’ਤੇ ਸ੍ਰੀ ਹਰਿਗੋਬਿੰਦਪੁਰ ਵਸਾਇਆ। ਇਸ ਲਈ ਇੱਕ ਮੁਰੱਬਾ ਜ਼ਮੀਨ ਖ਼੍ਰੀਦੀ।ਲਾਹੌਰ ਵਿੱਚ ਆਪ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ’ਤੇ ਸੰਗਤਾਂ ਦੀ ਸਹੂਲਤ ਲਈ ਬਾਉਲੀ ਲਗਵਾਈ।

ਆਪ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਅਰਬ ਮੁਲਕਾਂ ਵਿੱਚ ਭੇਜਿਆ ਜਿਸ ਤੋਂ ਆਪ ਦੀ ਦੀਰਘ ਦ੍ਰਿਸ਼ਟੀ ਦਾ ਪਤਾ ਚੱਲਦਾ ਹੈ।ਆਪ ਵੱਲੋਂ ਬਾਦਸ਼ਾਹ ਅਕਬਰ ਪਾਸੋਂ ਕਿਸਾਨਾਂ ਦੇ ਲਗਾਨ ਮੁਆਫ਼ ਕਰਾਉਣ ਦਾ ਹਵਾਲਾ ਸਮਕਾਲੀ ਲੇਖਕ ਸੁਜਾਨ ਰਾਏ ਭੰਡਾਰੀ ਦੀ ਲਿਖਤ ਤੋਂ ਮਿਲਦਾ ਹੈ ਕਿ ਜਦ ਅਕਬਰ ਲਾਹੌਰ ਤੋਂ ਦੱਖਣ ਬਟਾਲੇ ਗਏ ਜਿੱਥੇ ਕਿ ਮੁਸਲਮਾਨ ਫ਼ਕੀਰ ਤੇ ਹਿੰਦੂ ਸਨਿਆਸੀ ਦੀ ਲੜਾਈ ਕਰਕੇ ਮੰਦਰ ਢਾਹ ਦਿੱਤਾ ਗਿਆ। ਅਕਬਰ ਨੇ ਇਹ ਮੰਦਰ ਦੁਬਾਰਾ ਬਣਵਾਇਆ ਤੇ ਵਧੀਕੀ ਕਰਨ ਵਾਲਿਆਂ ਵਿੱਚੋਂ ਕਈ ਕੈਦ ਕਰ ਦਿੱਤੇ। ਫਿਰ ਅਕਬਰ ਗੁਰੂ ਅਰਜਨ ਦੇਵ ਜੀ ਦੇ ਸਥਾਨ ਪੁੱਜਾ ਤੇ ਗੁਰੂ ਨਾਨਕ ਜੀ ਦੀ ਬਾਣੀ ਸੁਣ ਕੇ ਬਹੁਤ ਪ੍ਰਸੰਨ ਹੋਇਆ। ਉਨ੍ਹਾਂ ਨੇ ਗੁਰੂ ਜੀ ਦੇ ਕਹਿਣ ’ਤੇ ਲਗਾਨ ਦਾ ਛੇਵਾਂ ਭਾਗ ਮੁਆਫ਼ ਕਰ ਦਿੱਤਾ ਕਿਉਂਕਿ ਅਨਾਜ ਸਸਤਾ ਹੋਣ ਕਰਕੇ ਕਿਸਾਨ ਏਨਾਂ ਲਗਾਨ ਨਹੀਂ ਦੇ ਸਕਦੇ ਸਨ।

ਆਪ ਨੇ ਗੁਰੂ ਨਾਨਕ ਰਾਹੀਂ ਸਥਾਪਤ ਕੀਤੇ ਗਏ ਸਿਧਾਂਤਾਂ ਨੂੰ ਸਿੱਖਾਂ ਦੇ ਮਨ ਵਿੱਚ ਵਸਾਇਆ। ਆਪ ਜੀ ਗੁਰਿਆਈ ਸਮੇਂ ਸਿੱਖ ਧਰਮ ਨੇ ਬਹੁਤ ਤਰੱਕੀ ਕੀਤੀ। ਮਾਲਵੇ ਦੇ ਜੰਗਜੂ ਜੱਟ ਕਬੀਲਿਆਂ ਨੂੰ ਆਪ ਨੇ ਸਿੱਖ ਧਰਮ ਦੀ ਮੁੱਖ ਧਾਰਾ ਵਿੱਚ ਲਿਆਂਦਾ ਤੇ ਸਿੱਖਾਂ ਨੂੰ ਸਰਬਪੱਖੀ ਵਿਕਾਸ ਦੇ ਰਾਹ ’ਤੇ ਤੋਰਿਆ।

ਜਿੱਥੋਂ ਤੀਕ ਗੁਰੂ ਜੀ ਦੀ ਸ਼ਹਾਦਤ ਦਾ ਸੰਬੰਧ ਹੈ, ਉਸ ਬਾਰੇ ਵੱਖ-ਵੱਖ ਰਾਵਾਂ ਹਨ। ਸ਼ਾਂਤੀ ਦੇ ਪੁੰਜ ਤੇ ਸਬਰ ਸੰਤੋਖ ਵਾਲੀ ਸ਼ਖਸੀਅਤ ਦੇ ਮਾਲਕ ਗੁਰੂ ਜੀ ਦਾ ਅੰਤ ਬਹੁਤ ਦੁੱਖਾਂਤਿਕ ਸੀ। ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਜੋ ਕਿ ਤੁਜ਼ਕੇ ਜਹਾਂਗੀਰੀ ਵਿੱਚ ਦਰਜ਼ ਹੈ, “ਗੋਇੰਦਵਾਲ ਵਿਖੇ ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਸਥਿਤ ਹੈ ਪੀਰ ਅਤੇ ਸ਼ੇਖ ਦੇ ਬੁਰਕੇ ਵਿੱਚ ਇੱਕ ਅਰਜਨ ਨਾਂ ਦਾ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਆਪਣੇ ਬਾਰੇ ਧਾਰਮਿਕ ਅਤੇ ਸੰਸਾਰਿਕ ਨੇਤਾ ਦਾ ਐਸਾ ਰੌਲਾ ਪੁਆ ਰੱਖਿਆ ਹੈ ਕਿ ਸਿੱਧੇ ਸਾਦੇ ਦਿਲ ਵਾਲੇ ਹਿੰਦੂ ਇੱਥੋਂ ਤੀਕ ਕਿ ਮੂਰਖ ਅਤੇ ਬੁੱਧੂ ਕਿਸਮ ਦੇ ਮੁਸਲਮਾਨਾਂ ਨੂੰ ਆਪਣੇ ਵੱਲ ਖਿੱਚ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ। ਸਾਰੀਆਂ ਦਿਸ਼ਾਵਾਂ ਤੋਂ ਮੂਰਖ ਅਤੇ ਮੂਰਖਾਂ ਦੀ ਪੂਜਾ ਕਰਨ ਵਾਲੇ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹਨ। ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਗਰਮ ਚੱਲੀ ਆ ਰਹੀ ਹੈ। ਕੁਝ ਸਾਲਾਂ ਤੋਂ ਇਹ ਵਿਚਾਰ ਮੇਰੇ ਮਨ ਵਿੱਚ ਚੱਲਦਾ ਆ ਰਿਹਾ ਹੈ ਕਿ ਜਾਂ ਤਾਂ ਇਸ ਝੂਠੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ।”

ਜਦ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਹਿੰਦੂਆਂ ਨੇ ਬਾਦਸ਼ਾਹ ਨੂੰ ਛੱਡਣ ਲਈ ਅਪੀਲ ਕੀਤੀ। ਅਖ਼ੀਰ ਵਿੱਚ ਇਹ ਤਹਿ ਹੋਇਆ ਕਿ ਉਸ ਨੂੰ ਇੱਕ ਲੱਖ ਰੁਪਏ ਜੁਰਮਾਨੇ ਦੇ ਤੌਰ ’ਤੇ ਅਦਾ ਕਰਨੇ ਚਾਹੀਦੇ ਹਨ। ਇਹ ਕੰਮ ਇੱਕ ਅਮੀਰ ਹਿੰਦੂ ਵੱਲੋਂ ਜਮਾਨਤ ਦੇਣ ਪਿੱਛੋਂ ਕੀਤਾ ਗਿਆ। ਇਸ ਅਮੀਰ ਹਿੰਦੂ ਨਹੀਂ ਸੀ ਪਤਾ ਕਿ ਗੁਰੂ ਜੀ ਪਾਸ ਏਨੀ ਵੱਡੀ ਰਕਮ ਨਹੀਂ ਹੋ ਸਕਦੀ। ਇਸ ਅਮੀਰ ਹਿੰਦੂ ਦਾ ਨਾਂ ਚੰਦੂ ਸੀ। ਚੰਦੂ ਨੇ ਗੁਰੂ ਜੀ ਨੂੰ ਇਹ ਰਕਮ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਪਰ ਗੁਰੂ ਜੀ ਜੁਰਮਾਨਾ ਦੇਣਾ ਨਾ ਮੰਨੇ। ਗੁਰੂ ਜੀ ਨੂੰ ਕੜਕਦੀ ਧੁੱਪ ਵਿੱਚ ਕਿੱਲ੍ਹੇ ਦੇ ਇੱਕ ਬੁਰਜ਼ ਦੀ ਛੱਤ ਉੱਪਰ ਬਿਠਾਇਆ ਗਿਆ। ਉਨ੍ਹਾਂ ਦੇ ਹੇਠਾਂ ਅੱਗ ਵਾਂਗ ਤੱਪਦੀ ਤੱਤੀ ਰੇਤ ਰੱਖੀ ਗਈ। ਇਹ ਰੇਤ ਉਨ੍ਹਾਂ ਦੇ ਸਰੀਰ ਉੱਪਰ ਵੀ ਪਾਈ ਗਈ। ਇਸ ਤਰ੍ਹਾਂ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਭਰ ਗਿਆ। ਉਨ੍ਹਾਂ ਨੂੰ ਹੋਰ ਤੜਪਾਉਣ ਲਈ ਉਨ੍ਹਾਂ ਨੂੰ ਦਰਿਆ ਦੇ ਪਾਣੀ ਵਿੱਚ ਲਮਕਾਇਆ ਜਾਂਦਾ ਸੀ। ਰਾਵੀ ਦਰਿਆ ਉਸ ਸਮੇਂ ਲਾਹੌਰ ਕਿੱਲ੍ਹੇ ਦੀ ਕੰਧ ਨਾਲ ਹੀ ਵੱਗਦਾ ਸੀ, ਇੰਜ ਕਰਨ ਨਾਲ ਗੁਰੂ ਜੀ 30 ਮਈ 1606 ਈ: ਨੂੰ ਸ਼ਹੀਦ ਹੋ ਗਏ।

ਸਿੱਖ ਇਤਿਹਾਸ ੱਿਵਚ ਇਹ ਪਹਿਲੀ ਸ਼ਹਾਦਤ ਸੀ। ਇਸ ਪਿੱਛੋਂ ਸਿੱਖਾਂ ਦੀਆਂ ਸ਼ਹਾਦਤਾਂ ਦੀ ਝੜੀ ਲੱਗ ਗਈ। ਸ੍ਰੀ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਹਥਿਆਰਬੰਦ ਕਰਕੇ ਮੁਗ਼ਲਾਂ ਨਾਲ ਟੱਕਰ ਲੈਣੀ ਸ਼ੁਰੂ ਕੀਤੀ।ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮੁਗ਼ਲ ਹਕੂਮਤ ਵਿਰੁਧ ਲੜਾਈਆਂ ਲੜੀਆਂ।ਸ.ਬੰਦਾ ਸਿੰਘ ਬਹਾਦਰ ਨੇ ਇਸ ਸਘੰਰਸ਼ ਨੂੰ ਹੋਰ ਪ੍ਰਚੰਡ ਕੀਤਾ ਤੇ ਕਈ ਇਲਾਕੇ ਆਪਣੇ ਕਬਲੇ ਵਿਚ ਲਏ।ਸ.ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੱਖ ਮਿਸਲਾਂ ਦਾ ਰਾਜ ਕਾਇਮ ਹੋਇਆ। ਉਪਰੰਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ,ਜਿਸ ਨੇ ਦੁਨੀਆ ਦਾ ਨਕਸ਼ਾ ਬਦਲ ਦਿੱਤਾ।ਇਸ ਤਰ੍ਹਾਂ ਦੁਨੀਆਂ ਦੇ ਇਤਿਹਾਸ ਵਿਚ ਇਹ ਸ਼ਹਾਦਤ ਵਿਸ਼ੇਸ਼ ਸਥਾਨ ਰਖਦੀ ਹੈ।

ਵਿਸਥਾਰ ਲਈ ਵੇਖੋ ਸ੍ਰੀ ਗੁਰੂ ਅਰਜਨ ਦੇਵ ਵਿਸ਼ੇਸ਼ ਅੰਕ (ਸੰਪਾ: ਸਰਬਜਿੰਦਰ ਸਿੰਘ), ਨਾਨਕ ਪ੍ਰਕਾਸ਼ ਪੱਤ੍ਰਿਕਾ ਜੂਨ 2006 ਅੰਕ ਪਹਿਲਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ 2006

 

ਲੇਖ ਨੰਬਰ 2

30 ਮਈ 2025 ਦੇ ਅੰਕ ਲਈ

ਸ਼ਹੀਦੀ ਦਿਵਸ ‘ਤੇ ਵਿਸ਼ੇਸ਼

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਵਿਿਭੰਨ ਵਿਦਵਾਨਾਂ ਦੇ ਵਿਚਾਰ

ਡਾ. ਚਰਨਜੀਤ ਸਿੰਘ ਗੁਮਟਾਲਾ, 0019375739812(ਯੂ ਐਸ ਏ ),ਵਟਸ ਐਪ 919417533060, ਗੁਮਟੳਲੳਚਸ੍ਗਮੳਲਿ.ਚੋਮ

ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਬਾਰੇ ਵਿਿਭੰਨ ਵਿਦਵਾਨਾਂ ਦੇ ਕੀ ਵਿਚਾਰ ਹਨ , ਇਸ ਬਾਰੇ ਡਾ. ਸੁਖਦਿਆਲ ਸਿੰਘ ਨੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਹੈ।ਉਨ੍ਹਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਤ ਸਾਡੇ ਪਾਸ ਦੋ ਸਮਕਾਲੀ ਗਵਾਹੀਆਂ ਹਨ। ਇਨ੍ਹਾਂ ਦੋਵੇਂ ਸਮਕਾਲੀ ਗਵਾਹੀਆਂ ਨਾਲ ਗੁਰੂ ਜੀ ਨੂੰ ਸ਼ਹੀਦ ਕੀਤੇ ਜਾਣ ਦੀ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ। ਪਹਿਲੀ ਗਵਾਹੀ ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਹੈ ਜੋ ਤੁਜ਼ਕੇ ਜਹਾਂਗੀਰੀ ਵਿੱਚ ਦਰਜ ਹੈ। ਇਹ ਭਾਵੇਂ ਜਹਾਂਗੀਰ ਦੀ ਆਪਣੀ ਲਿਖਤ ਹੈ ਤੇ ਭਾਵੇਂ ਉਸ ਦੇ ਕਿਸੇ ਦਰਬਾਰੀ ਦੀ ਪਰ ਇਹ ਜੋ ਕੁਝ ਵੀ ਹੈ ਸਾਡੇ ਲਈ ਇੱਕ ਸਮਕਾਲੀ ਗਵਾਹੀ ਦਾ ਦਰਜਾ ਰੱਖਦੀ ਹੈ। ਦੂਜੀ ਲਿਖਤ ਫਾਦਰ ਜੈਰੋਮ ਜ਼ੇਵੀਅਰ ਦਾ 25 ਸਤੰਬਰ, 1606 ਈ. ਦਾ ਲਿਿਖਆ ਹੋਇਆ ਉਹ ਖ਼ਤ ਹੈ ਜਿਹੜਾ ਉਸ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚੋਂ ਗੋਆ ਦੇ ਕਿਸੇ ਅਧਿਕਾਰੀ ਨੂੰ ਲਿਿਖਆ ਸੀ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਅੱਖੀਂ ਦੇਖੇ ਅਤੇ ਕੰਨੀਂ ਸੁਣੇ ਹਾਲਾਤ ਹਨ। ਇਨ੍ਹਾਂ ਦੋਵਾਂ ਸਮਕਾਲੀ ਦਸਤਾਵੇਜ਼ਾਂ ਤੋਂ ਇਲਾਵਾ ਇੱਕ ਹੋਰ ਲਿਖਤ ਜੁਲਿਫਕਾਰ ਅਰਧਿਸਤਾਨੀ ਮੋਬੀਦ (ਮਹਿਿਸਨ ਫਾਨੀ) ਦੀ ਹੈ ਜਿਸ ਵਿੱਚ ਭਾਵੇਂ ਵੇਰਵਾ ਬਹੁਤ ਸੰਖੇਪ ਹੈ ਪਰ ਹੈ ਇਹ ਵੀ ਬਹੁਤ ਸਹਾਇਕ। ਇਹ ਲੇਖਕ ਗੁਰੂ ਹਰਿਗੋਬਿੰਦ ਸਾਹਿਬ ਦਾ ਸਮਕਾਲੀ ਸੀ। ਇਸ ਗਵਾਹੀ ਤੋਂ ਉਪਰਲੀਆਂ ਦੋਵੇਂ ਗਵਾਹੀਆਂ ਦੀ ਪ੍ਰੋੜਤਾ ਕੀਤੇ ਜਾਣ ਦੀ ਸਹਾਇਤਾ ਲਈ ਜਾ ਸਕਦੀ ਹੈ। ਪ੍ਰੋੜਤਾ ਕਰਨ ਲਈ ਹੀ ਗੁਰਮੁਖੀ ਦੀਆਂ ਕੁਝ ਮੁੱਢਲੀਆਂ ਲਿਖਤਾਂ ਹਨ ਜਿਨ੍ਹਾਂ ਤੋਂ ਕੁਝ ਸਾਵਧਾਨੀ ਨਾਲ ਇਸ ਵਿਸ਼ੇ ਸੰਬੰਧੀ ਮਦਦ ਲਈ ਜਾ ਸਕਦੀ ਹੈ।

ਜਹਾਂਗੀਰ ਦੀ ਲਿਖਤ ਇਸ ਪ੍ਰਕਾਰ ਹੈ :- “ਗੋਇੰਦਵਾਲ ਵਿਖੇ, ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਉੱਪਰ ਸਥਿਤ ਹੈ, ਪੀਰ ਅਤੇ ਸ਼ੇਖ਼ ਦੇ ਬੁਰਕੇ ਵਿੱਚ ਇੱਕ ਅਰਜਨ ਨਾਂ ਦਾ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਆਪਣੇ ਬਾਰੇ ਧਾਰਮਿਕ ਅਤੇ ਸੰਸਾਰਕ ਨੇਤਾ ਦਾ ਐਸਾ ਰੌਲਾ ਪੁਆ ਰੱਖਿਆ ਹੈ ਕਿ ਕਈ ਸਿੱਧੇ-ਸਾਧੇ ਦਿਲ ਵਾਲੇ ਹਿੰਦੂ, ਇੱਥੋਂ ਤੱਕ ਕਿ ਮੂਰਖ ਅਤੇ ਬੁੱਧੂ ਕਿਸਮ ਦੇ ਮੁਸਲਮਾਨਾਂ ਨੂੰ ਵੀ ਆਪਣੀ ਵੱਲ ਖਿੱਚ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ। ਸਾਰੀਆਂ ਦਿਸ਼ਾਵਾਂ ਤੋਂ ਮੂਰਖ ਅਤੇ ਮੂਰਖਾਂ ਦੀ ਪੂਜਾ ਕਰਨ ਵਾਲੇ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹਨ। ਤਿੰਨ ਜਾਂ ਚਾਰ ਪੀੜੀਆਂ ਤੋਂ ਇਹ ਦੁਕਾਨ ਗਰਮ ਚੱਲੀ ਆ ਰਹੀ ਹੈ। ਕੁਝ ਸਾਲਾਂ ਤੋਂ ਇਹ ਵਿਚਾਰ ਮੇਰੇ ਮਨ ਵਿੱਚ ਚਲਦਾ ਆ ਰਿਹਾ ਹੈ ਕਿ ਜਾਂ ਤਾਂ ਮੈਨੂੰ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ।”

“ਆਖ਼ਰਕਾਰ ਜਦੋਂ ਖੁਸਰੋ ਇਸ ਰਸਤੇ ਰਾਹੀਂ ਲੰਘਿਆ ਸੀ ਤਾਂ ਇਸ ਨਾਚੀਜ਼ ਨੇ ਉਸ ਨੂੰ ਮਿਲਣ ਲਈ ਆਪਣਾ ਮਨ ਬਣਾਇਆ। ਜਿੱਥੇ ਇਹ ਰਹਿੰਦਾ ਸੀ ਉੱਥੇ ਖੁਸਰੋ ਠਹਿਿਰਆ ਸੀ। ਇਹ ਉੱਥੇ ਪਹੁੰਚਿਆ, ਉਸ ਨੂੰ ਮਿਿਲਆ ਅਤੇ ਆਪਣੇ ਮਨ ਵਿੱਚ ਪਹਿਲੋਂ ਹੀ ਸੋਚੀਆਂ ਕੁਝ ਗੱਲਾਂ ਉਸ ਨੂੰ ਦੱਸੀਆਂ, ਉਸ ਦੇ ਮੱਥੇ ‘ਤੇ ਉਂਗਲੀਆਂ ਦੇ ਨਿਸ਼ਾਨ ਵਾਲਾ ਕੇਸਰ ਲਗਾਇਆ। ਇਸ ਨੂੰ ਹਿੰਦੂ ਸ਼ਬਦਾਵਲੀ ਵਿੱਚ ਕਸ਼ਕਾ ਕਿਹਾ ਜਾਂਦਾ ਹੈ ਅਤੇ ਬਹੁਤ ਅੱਛਾ ਸ਼ਗਨ ਮੰਨਿਆ ਜਾਂਦਾ ਹੈ। ਜਦੋਂ ਇਹ ਸਭ ਕੁਝ ਮੇਰੇ ਕੰਨਾਂ ਤੱਕ ਪਹੁੰਚਿਆ ਅਤੇ ਮੈਂ ਪਹਿਲੋਂ ਹੀ ਇਸ ਦੇ ਫਰੇਬ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਤਾਂ ਮੈਂ ਇਸ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਅਤੇ ਉਸ ਦੇ ਘਰ, ਰਿਹਾਇਸ਼ੀ ਥਾਵਾਂ ਅਤੇ ਬੱਚਿਆਂ ਨੂੰ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਕੇ ਉਸ ਦੇ ਧਨ ਮਾਲ ਨੂੰ ਜ਼ਬਤ ਕਰ ਲਿਆ। ਮੈਂ ਹੁਕਮ ਕੀਤਾ ਸੀ ਕਿ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਣਾ ਚਾਹੀਦਾ ਹੈ”।

 

“ਕੁਝ ਹਿੰਦੂਆਂ ਨੇ ਬਾਦਸ਼ਾਹ ਅੱਗੇ ਉਸ ਨੂੰ ਛੱਡ ਦੇਣ ਦੀ ਬੇਨਤੀ ਕੀਤੀ ਕਿਉਂਕਿ ਉਹ ਉਨ੍ਹਾਂ ਦਾ ਧਾਰਮਿਕ ਸੰਤ ਸੀ। ਅਖ਼ੀਰ ‘ਤੇ ਇਹ ਤਹਿ ਹੋ ਗਿਆ ਕਿ ਉਸ ਨੂੰ ਇੱਕ ਲੱਖ ਰੁਪਿਆ (ਪੁਰਤਗਾਲੀ) ਜੁਰਮਾਨੇ ਦੇ ਤੌਰ ‘ਤੇ ਅਦਾ ਕਰਨਾ ਚਾਹੀਦਾ ਹੈ। ਇਹ ਕੰਮ ਇੱਕ ਅਮੀਰ ਹਿੰਦੂ ਵੱਲੋਂ ਜ਼ਮਾਨਤ ਦੇਣ ਪਿੱਛੋਂ ਕੀਤਾ ਗਿਆ। ਉਸ (ਅਮੀਰ ਹਿੰਦੂ) ਨੇ ਸੋਚਿਆ ਸੀ ਕਿ ਇਹ ਜੁਰਮਾਨਾ ਜਾਂ ਤਾਂ ਬਾਦਸ਼ਾਹ ਮੁਆਫ਼ ਹੀ ਕਰ ਦੇਵੇਗਾ, ਜਾਂ ਇਹ ਗੁਰੂ ਅਦਾ ਕਰ ਦੇਵੇਗਾ ਜਾਂ ਇਤਨੀ ਰਕਮ ਉਹ ਉਧਾਰੀ ਕਰ ਲਵੇਗਾ ਪਰ ਇਸ ਵਿੱਚ ਉਹ ਅਮੀਰ ਹਿੰਦੂ ਨਿਰਾਸ਼ ਹੀ ਹੋਇਆ। ਉਸ ਨੇ ਗੁਰੂ ਦੇ ਘਰ ਦਾ ਸਾਰਾ ਸਾਮਾਨ ਮੰਗਵਾ ਲਿਆ, ਜਿਸ ਵਿੱਚ ਘਰ ਦਾ ਸਾਜੋ-ਸਾਮਾਨ, ਗੁਰੂ ਦੀ ਪਤਨੀ ਅਤੇ ਬੱਚਿਆਂ ਦੇ ਕੱਪੜੇ ਸ਼ਾਮਲ ਸਨ। ਪਰ ਇਸ ਸਾਰੇ ਸਾਮਾਨ ਨਾਲ ਵੀ ਉਸ ਦੀ ਰਕਮ ਪੂਰੀ ਨਹੀਂ ਹੁੰਦੀ ਸੀ। ਹਿੰਦੂ ਲੋਕਾਂ ਵਿੱਚ ਉਸ ਦਾ ਜਾਂ ਉਸ ਦੇ ਪਿਤਾ ਦਾ ਬਹੁਤਾ ਸਤਿਕਾਰ ਨਹੀਂ ਸੀ। ਉਸ (ਅਮੀਰ ਹਿੰਦੂ) ਨੇ ਉਸ ਦੇ ਸਾਰੇ ਧਨ ਮਾਲ ਨੂੰ ਹੜੱਪਣ ਦੇ ਨਾਲ ਨਾਲ ਉਸ ਨੇ ਗੁਰੂ ਨੂੰ ਹਰ ਰੋਜ਼ ਨਵੀਂ ਤੋਂ ਨਵੀਂ ਬੇਇੱਜ਼ਤੀ ਨਾਲ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਉਸ ਨਿਰਬਲ ਸੰਤ ਦੇ ਚੇਹਰੇ ਉੱਪਰ ਵੀ ਕਈ ਵਾਰ ਲੱਤਾਂ ਮਾਰੀਆਂ ਗਈਆਂ ਅਤੇ ਉਸ ਨੂੰ ਉਸ ਸਮੇਂ ਤੱਕ ਖਾਣ ਤੋਂ ਵੀ ਰੋਕਿਆ ਗਿਆ ਜਦੋਂ ਤੱਕ ਕਿ ਉਹ ਹੋਰ ਧਨ ਨਹੀਂ ਅਦਾ ਕਰਦਾ ਸੀ।

“ਉਸ (ਅਮੀਰ ਹਿੰਦੂ) ਨੂੰ ਇਹ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਸ (ਗੁਰੂ) ਕੋਲ ਕੋਈ ਧਨ ਨਹੀਂ ਸੀ ਭਾਵੇਂ ਕਿ ਉਸ ਕੋਲ ਬਿਲਕੁਲ ਕੁਝ ਵੀ ਨਹੀਂ ਸੀ ਅਤੇ ਕੋਈ ਹੋਰ ਵੀ ਉਸ ਨੂੰ ਦੇਣ ਲਈ ਤਿਆਰ ਨਹੀਂ ਸੀ। ਇਸ ਤਰ੍ਹਾਂ ਉਸ (ਅਮੀਰ ਹਿੰਦੂ) ਰਾਹੀਂ ਦਿੱਤੇ ਗਏ ਜ਼ਖ਼ਮਾਂ, ਦੁੱਖਾਂ ਅਤੇ ਬੇਇਜ਼ਤੀ ਕਰਨ ਵਾਲੇ ਵਿਵਹਾਰ ਸਦਕਾ ਉਹ ਨਿਰਬਲ ਗੁਰੂ ਮਰ (ਸ਼ਹੀਦ ਹੋ) ਗਿਆ।”

“ਇਹ ਜ਼ਮਾਨਤ ਦੇਣ ਵਾਲਾ (ਅਮੀਰ ਹਿੰਦੂ) ਭੱਜ ਕੇ ਬਚਣਾ ਚਾਹੁੰਦਾ ਸੀ ਪਰ ਆਖ਼ਰਕਾਰ ਇਸ ਨੂੰ ਪਕੜ ਲਿਆ ਗਿਆ ਅਤੇ ਉਸ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ”।

ਇਸ ਪੱਤਰ ਵਿੱਚ ਕੁਝ ਗੱਲਾਂ ਖ਼ਾਸ ਧਿਆਨ ਮੰਗਦੀਆਂ ਹਨ। ਇੱਕ ਤਾਂ ਇਹ ਕਿ ਗੁਰੂ ਜੀ ਨੂੰ ਇੱਕ ਅਮੀਰ ਹਿੰਦੂ ਦੇ ਜ਼ੁਰਮਾਨੇ ਦੀ ਰਕਮ ਅਦਾ ਕਰਨ ਦੀ ਜ਼ਾਮਨੀ ਦੇ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਭਾਵੇਂ ਇਸ ਅਮੀਰ ਹਿੰਦੂ ਦਾ ਨਾਂ ਨਹੀਂ ਦਿੱਤਾ ਗਿਆ। ਪਰ ਮੁੱਢਲੀਆਂ ਸਿੱਖ ਲਿਖਤਾਂ ਵਿੱਚ ਗੁਰੂ ਜੀ ਦੀ ਸ਼ਹਾਦਤ ਦਾ ਮੁੱਖ ਜ਼ਿੰਮੇਵਾਰ ਇੱਕ ਅਮੀਰ ਹਿੰਦੂ ਚੰਦੂ ਸ਼ਾਹ ਨੂੰ ਦੱਸਿਆ ਗਿਆ ਹੈ। ਇਹ ਲਾਹੌਰ ਦਾ ਦੀਵਾਨ ਸੀ ਜਿਸ ਦੀ ਸਰਕਾਰੇ ਦਰਬਾਰੇ ਚੰਗੀ ਚੱਲਦੀ ਸੀ। ਇਹ ਅਮੀਰ ਹਿੰਦੂ ਇਸੇ ਚੰਦੂ ਸ਼ਾਹ ਨੂੰ ਮੰਨਿਆ ਜਾਣਾ ਚਾਹੀਦਾ ਹੈ।

ਮਹਿਮਾ ਪ੍ਰਕਾਸ਼ ਜੋ 1870 ਵਿਆਂ ਦੀ ਲਿਖਤ ਹੈ, ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ੈਕਿ ਇਹ ਚੰਦੂ ਸੀ ਜਿਸ ਦੇ ਹਵਾਲੇ ਗੁਰੁ ਜੀ ਨੂੰ ਕੀਤਾ ਗਿਆ ਸੀ।1870 ਵਿਆਂ ਦੀ ਹੀ ਇੱਕ ਹੋਰ ਕਨੱਈਆ ਲਾਲ ਦੀ ਲਿਖਤ ਤਾਰੀਖ-ਇ-ਪੰਜਾਬ ਵੀ ਇਸ ਗੱਲ ਦੀ ਇੰਨ-ਬਿੰਨ ਪ੍ਰੋੜਤਾ ਕਰਦੀ ਹੈ। ਇਸ ਅਨੁਸਾਰ ਬਾਦਸ਼ਾਹ ਬਿਗੜ ਗਿਆ ਤੇ ਲਾਹੌਰ ਵਿੱਚ ਗੁਰੂ ਜੀ ਨੂੰ ਤਲਬ ਕੀਤਾ ਗਿਆ। ਉਨ੍ਹਾਂ ਨੂੰ ਚੰਦੂ ਦੀ ਸਪੁਰਦਗੀ ਵਿੱਚ ਰੱਖਿਆ ਗਿਆ। ਚੰਦੂ ਨੇ ਗੁਰੂ ਜੀ ਦਾ ਡੇਰਾ ਆਪਣੇ ਮਕਾਨ ਵਿੱਚ ਕਰਵਾਇਆ… ਬਾਦਸ਼ਾਹ ਉਨ੍ਹਾਂ ਦਿਨਾਂ ਵਿੱਚ ਕਸ਼ਮੀਰ ਚਲਾ ਗਿਆ ਸੀ ਤੇ ਗੁਰੂ ਜੀ ਉਸੇ ਤਰ੍ਹਾਂ ਚੰਦੂ ਦੇ ਹਵਾਲੇ ਰਹੇ : “ਇਸ ਲਈ ਚੰਦੂ ਨੇ ਗੁਰੂ ਜੀ ਨੂੰ ਲਗਾਤਾਰ ਤਸੀਹੇ ਦੇਣੇ ਸ਼ੁਰੂ ਕੀਤੇ ਤੇ ਅਜਿਹੇ ਅਤਿਆਚਾਰ ਕੀਤੇ ਜਿਨ੍ਹਾਂ ਨੂੰ ਕਲਮ ਬਿਆਨ ਨਹੀਂ ਕਰ ਸਕਦੀ ਤੇ ਜ਼ਬਾਨ ਦੱਸ ਨਹੀਂ ਸਕਦੀ”। ਗਯਾਨੀ ਗਯਾਨ ਸਿੰਘ ਵੀ ਇਸੇ ਤਰ੍ਹਾਂ ਲਿਖਦਾ ਹੈ : “ਚੰਦੂ ਦੁਸ਼ਟ ਮੌਕਾ ਪਾਕਰ ਸੇਵਾ ਕਰਨ ਦੇ ਬਹਾਨੇ ਜ਼ਮਾਨਤ ਪਰ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ।” ਇਸ ਤਰ੍ਹਾਂ ਇਸ ਗੱਲ ਦੀ ਬੜੀ ਸਪੱਸ਼ਟਤਾ ਨਾਲ ਪੁਸ਼ਟੀ ਹੋ ਜਾਂਦੀ ਹੈ ਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਇੱਕ ਹਿੰਦੂ ਅਹਿਲਕਾਰ ਚੰਦੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਇਸ ਨੇ ਹੀ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ।

ਦੂਜੀ ਗੱਲ ਹੈ, ਸ਼ਾਹਜ਼ਾਦਾ ਖੁਸਰੋ ਨੂੰ ਗੁਰੂ ਜੀ ਵੱਲੋਂ ਆਸ਼ੀਰਵਾਦ ਦੇਣ ਦੀ। ਇਸ ਦੀ ਪੁਸ਼ਟੀ ਬਾਦਸ਼ਾਹ ਦੀ ਆਪਣੀ ਲਿਖਤ ਤੋਂ ਵੀ ਹੋ ਜਾਂਦੀ ਹੈ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਲੇਖਕ ਮੁਹਸਿਨ ਫਾਨੀ ਦੀ ਲਿਖਤ ਤੋਂ ਵੀ। ਮੁੱਢਲੀਆਂ ਸਿੱਖ ਲਿਖਤਾਂ ਵੀ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਹਨ।

ਤੀਜੀ ਗੱਲ ਹੈ ਕਿ ਗੁਰੂ ਜੀ ਨੂੰ ਭਾਰੀ ਜੁਰਮਾਨਾ ਕਰਨ ਦੀ। ਇਸ ਗੱਲ ਦੀ ਪੁਸ਼ਟੀ ਮੋਹਸਿਨਫਾਨੀ ਦੀ ਲਿਖਤ ਤੋਂ ਹੋ ਜਾਂਦੀ ਹੈ “ਜ਼ੁਰਮਾਨੇ ਦੀ ਇੱਕ ਭਾਰੀ ਰਕਮ ਗੁਰੂ ਉੱਤੇ ਥਾਪੀ ਗਈ ਅਤੇ ਗੁਰੂ ਇਸ ਨੂੰ ਅਦਾ ਕਰਨ ਤੋਂ ਅਸਮਰੱਥ ਸੀ”।

ਚੌਥੀ ਗੱਲ ਹੈ ਕਿ ਇਹ ਅਮੀਰ ਹਿੰਦੂ (ਚੰਦੂ) ਗੁਰੂ ਜੀ ਦੀ ਸ਼ਹਾਦਤ ਪਿੱਛੋਂ ਭੱਜ ਕੇ ਬੱਚਣਾ ਚਾਹੁੰਦਾ ਸੀ। ਭੱਜਣ ਦੇ ਕਈ ਕਾਰਨ ਹੋ ਸਕਦੇ ਸਨ। ਇੱਕ ਤਾਂ ਇਹ ਹੋ ਸਕਦਾ ਸੀ ਕਿ ਜਿਹੜਾ ਜ਼ੁਰਮਾਨਾ ਤਾਰਨ ਦੀ ਜਾਮਨੀ ਅਮੀਰ ਹਿੰਦੂ ਨੇ ਬਾਦਸ਼ਾਹ ਨੂੰ ਦਿੱਤੀ ਸੀ ਉਹ ਗੁਰੂ ਜੀ ਦੇ ਸ਼ਹੀਦ ਹੋ ਜਾਣ ਕਰਕੇ ਉਸ ਨੂੰ ਆਪ ਤਾਰਨੀ ਪੈਣੀ ਸੀ। ਇਹ ਵੀ ਹੋ ਸਕਦਾ ਸੀ ਕਿ ਉਹ ਗੁਰੂ ਜੀ ਨੂੰ ਸ਼ਹੀਦ ਕਰਨ ਕਰਕੇ ਬਾਦਸ਼ਾਹ ਤੋਂ ਡਰ ਗਿਆ ਹੋਵੇ ਜਾਂ ਉਹ ਸਿੱਖਾਂ ਕੋਲੋਂ ਡਰ ਗਿਆ ਹੋਵੇ।

ਇਸ ਤਰ੍ਹਾਂ ਅਸੀਂ ਪੱਤਰ ਨੂੰ ਮੁੱਢਲੀ ਜਾਣਕਾਰੀ ਦੇਣ ਵਾਲਾ ਇੱਕ ਅਤੀ ਅਹਿਮ ਦਸਤਾਵੇਜ਼ ਜਾਂ ਗਵਾਹੀ ਕਹਿ ਸਕਦੇ ਹਾਂ। ਜਹਾਂਗੀਰ ਦੇ ਬਿਆਨ ਨਾਲੋਂ ਇਸ ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਦਾ ਇਹ ਫਰਕ ਹੈ ਕਿ ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਜੀ ਨੂੰ ਬਾਦਸ਼ਾਹ ਨੇ ਕਿਸੇ ਅਮੀਰ ਹਿੰਦੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਦੂਜਾ ਇਹ ਕਿ ਗੁਰੂ ਸਾਹਿਬ ਅਨੇਕਾਂ ਤਸੀਹੇ ਸਹਿੰਦੇ ਹੋਏ ਸ਼ਹੀਦ ਹੋ ਗਏ ਸਨ।

 

ਹਵਾਲਾ ਪੁਸਤਕ :ਸੁਖਦਿਆਲ ਸਿੰਘ (ਡਾ.) ,ਪੰਜਾਬ ਦਾ ਇਤਿਹਾਸ(ਗੁਰੁ ਕਾਲ :1469-1708),(ਜਿਲਦ ਪੰਜਵੀਂ), ਪੰਜਾਬੀ ਯੂਨੀਵਰਸਿਟੀ ਪਟਿਆਲਾ 2012, ਪੰਨੇ 109-115

Leave a Reply

Your email address will not be published. Required fields are marked *