ਟਾਪਪੰਜਾਬ

ਸ਼੍ਰੋਮਣੀ ਕਮੇਟੀ ਸ਼ਹੀਦੀ ਸਮਾਗਮ ਮੌਕੇ ਭਾਈ ਗੜਗੱਜ ਨੂੰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਤੋਂ ਰੋਕੇ : ਭਾਈ ਈਸ਼ਰ ਸਿੰਘ।  

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪਣ ਦਾ ਮਾਮਲਾ ਦਿਨੋਂ ਦਿਨ ਹੋਰ ਉਲਝਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀ ਸਦੀ ਦੇ ਮਹਾਨ ਸਿੱਖ ਦੀ ਉਪਾਧੀ ਨਾਲ ਨਿਵਾਜੇ ਗਏ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ 6 ਜੂਨ 1984 ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋ ਰਹੇ ਸਮਾਗਮ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਦੇ ਹਨ ਤਾਂ ਉਹ ਇਹ ਸਨਮਾਨ ਕਿਸੇ ਵੀ ਹਾਲਤ ਵਿੱਚ ਨਹੀਂ ਲੈਣਗੇ।
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਹਰਜਿੰਦਰ ਸਿੰਘ ਧਾਮੀ ਨੂੰ ਸ਼ਹੀਦੀ ਸਮਾਗਮ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਜੇਕਰ ਗੜਗੱਜ ਉਹਨਾਂ ਦਾ ਸਨਮਾਨ ਕਰਦੇ ਹਨ ਤਾਂ ਉਹ ਇਹ ਸਨਮਾਨ ਕਿਸੇ ਵੀ ਹਾਲਤ ਵਿੱਚ ਨਹੀਂ ਲੈਣਗੇ।”
ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫੈਡਰੇਸ਼ਨ, ਦਲ ਖ਼ਾਲਸਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੱਲੂਘਾਰੇ ਮੌਕੇ ਗੈਰ ਸਿਧਾਂਤਕ ਤਰੀਕੇ ਨਾਲ ਥੋਪੇ ਗਏ ਹੋਣ ਕਾਰਨ ਪੰਥ ਵੱਲੋਂ ਅਪ੍ਰਵਾਨ ਕੀਤੇ ਜਾ ਚੁੱਕੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਕਿਸੇ ਵੀ ਹਾਲਤ ਵਿੱਚ ਸੰਦੇਸ਼ ਪੜ੍ਹਨ ਅਤੇ ਸ਼ਹੀਦ ਪਰਿਵਾਰਾਂ ਨੂੰ ਸਿਰੋਪੇ ਦੇਣ ਤੋਂ ਰੋਕਣ ਦੇ ਐਲਾਨ ਕੀਤੇ ਜਾ ਚੁੱਕੇ ਹਨ।
ਯਾਦ ਰਹੇ ਕਿ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਰ ਸਾਲ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ। ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਜਾਂਦਾ ਹੈ, ਉਪਰੰਤ ਸ਼ਹੀਦ ਪਰਿਵਾਰਾਂ ਨੂੰ ਜਥੇਦਾਰ ਵੱਲੋਂ ਸਨਮਾਨ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *