Uncategorized

ਸਿਨਸਿਨੈਟੀ ਦੇ ਅੱਠਵੇਂ ਸਾਲਾਨਾ ਸਰਵ ਧਰਮ ਸੰਮੇਲਨ “ਫੈਸਟੀਵਲ ਆਫ ਫੇਥਸ” ‘ਚ ਸਿੱਖੀ ਦਾ ਪ੍ਰਚਾਰ ਅਤੇ ਲੰਗਰ ਦੀ ਸੇਵਾ

ਸਿਨਸਿਨੈਟੀ, ਓਹਾਇਓ (ਸਮੀਪ ਸਿੰਘ ਗੁਮਟਾਲਾ): ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਅੱਠਵਾਂ ਸਲਾਨਾ ‘ਸਿਨਸਨੈਟੀ ਫੈਸਟੀਵਲ ਆਫ ਫੇਥਸ’(ਸਰਵ ਧਰਮ ਸੰਮੇਲਨ) ਦਾ ਆਯੋਜਨ ਕੀਤਾ ਗਿਆ। ‘ਇਕੁਏਜ਼ਨ’ ਸੰਸਥਾ ਵਲੋਂ ਕਰਵਾਏ ਜਾਂਦੇ ਇਸ ਸੰਮੇਲਨ ਵਿਚ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 34 ਤੋਂ ਵੱਧ ਧਾਰਮਿਕ ਸੰਸਥਾਵਾਂ ਇਕ ਵਾਰ ਫਿਰ ਇਕਜੁੱਟ ਹੋਈਆਂ ਅਤੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਬਾਰੇ ਸਿੱਖਿਆ ਦੇਣ ਅਤੇ ਲੈਣ ਲਈ, ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ।

ਇਸ ਸਮਾਗਮ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਸਾਂਝੇ ਕਰਦੇ ਹੋਏ ਸਿੱਖ ਕਾਰਕੁੰਨ ਅਤੇ ਕਈ ਸਾਲਾਂ ਤੋਂ ਇਹਨਾਂ ਸਮਾਗਮਾਂ ‘ਚ ਸ਼ਮੂਲੀਅਤ ਕਰ ਰਹੇ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿਨਸਿਨੈਟੀ, ਡੇਟਨ ਅਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਪਿਛਲੇ ਸਾਲਾਂ ਵਾਂਗ ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਾਹਿਬ ਦੀ ਸੰਗਤ ਵਲੋਂ ਆਏ ਹੋਏ ਹਜ਼ਾਰਾਂ ਮਹਿਮਾਨਾਂ ਲਈ ਲੰਗਰ ਦੀ ਸੇਵਾ ਕੀਤੀ। ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਵਿਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਤੇ ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ।

ਸਮਾਗਮ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਨਾਲ ਹੋਇਆ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਕ ਪਰਮਾਤਮਾ ਦਾ ਗੁਣ ਗਾਇਨ ਕੀਤਾ। ਸਿੱਖ ਭਾਈਚਾਰੇ ਦੇ ਮੈਂਬਰ ਪ੍ਰਭਜੋਤ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਰਾ ਸੰਸਾਰ ਇੱਕ ਪਰਮਾਤਮਾ ਦੀ ਰਚਨਾ ਹੈ, ਜਿੱਥੇ ਕੋਈ ਵੀ ਕਿਸੇ ਨਾਲੋਂ ਉੱਚਾ ਜਾਂ ਨੀਵਾਂ ਨਹੀਂ। ਉਹਨਾਂ ਨੇ ਲੰਗਰ, ਸੰਗਤ ਅਤੇ ਪੰਗਤ ਵਰਗੀਆਂ ਸਿੱਖ ਰਵਾਇਤਾਂ ਨੂੰ ਬਰਾਬਰੀ, ਨਿਮਰਤਾ ਅਤੇ ਸਾਂਝੀ ਜ਼ਿੰਮੇਵਾਰੀ ਦੇ ਪ੍ਰਤੀਕ ਵਜੋਂ ਉਜਾਗਰ ਕੀਤਾ। ਉਹਨਾਂ ਨੇ ਆਪਣੇ ਸੰਦੇਸ਼ ਦੀ ਸਮਾਪਤੀ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨਾਲ ਕੀਤੀ ਅਤੇ ਸਾਰਿਆਂ ਨੂੰ ਸਾਂਝੀ ਭਲਾਈ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।

ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਸਿਨਸਿਨੈਟੀ ਦੇ ਰਾਗੀ ਭਾਈ ਪਰਮਜੀਤ ਸਿੰਘ, ਭਾਈ ਬਿਕਰਮਜੀਤ ਸਿੰਘ, ਭਾਈ ਅੰਗਦਦੀਪ ਸਿੰਘ ਅਤੇ ਬੀਬੀ ਮਿਹਰ ਕੌਰ ਦੇ ਜੱਥੇ ਨੇ ਸਿੱਖ ਸੰਗਤ ਸਣੇ ਸ਼ਬਦ “ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥” ਦਾ ਕੀਰਤਨ ਕੀਤਾ। ਆਏ ਹੋਏ ਮਹਿਮਾਨਾਂ ਨੂੰ ਸ਼ਬਦ ਦੇ ਅੰਗਰੇਜ਼ੀ ਵਿੱਚ ਅਰਥ, ਗੁਰਮਤਿ ਸੰਗੀਤ, ਦਿਲਰੂਬਾ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸਿੱਖ ਪ੍ਰਦਰਸ਼ਨੀ ਵਿਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਕਕਾਰ ਵੀ ਰੱਖੇ ਗਏ। ਆਏ ਹੋਏ ਮਹਿਮਾਨਾਂ ਨੂੰ ਦਸਤਾਰ ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਹੁੰਦੇ, ਤਸਵੀਰਾਂ ਲੈਂਦੇੇ ਅਤੇ ਮਾਣ ਨਾਲ ਸੰਮੇਲਨ ਵਿਚ ਘੁੰਮਦੇ ਰਹੇ।

ਇਕੁਏਜ਼ਨ ਸੰਸਥਾ ਦੇ ਬੋਰਡ ਮੈਂਬਰ ਅਤੇ ਬੀਤੇ ਕਈ ਸਾਲਾਂ ਤੋਂ ਸਿੱਖ ਧਰਮ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਅਸੀਸ ਕੌਰ ਨੇ ਇਸ ਸਮਾਗਮ ਸੰਬੰਧੀ ਵਿਚਾਰ ਸਾਂਝੇ ਕਰਦੇ ਹੋੲ ਕਿਹਾ “ਇਹ ਇੱਕ ਵਿਲੱਖਣ ਸਾਲਾਨਾ ਸਮਾਗਮ ਹੈ ਜੋ ਵੱਖ-ਵੱਖ ਭਾਈਚਾਰਿਆਂ ਅਤੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰਦਾ ਹੈ। ਸਿੱਖ ਨੌਜਵਾਨਾਂ ਨੂੰ ਆਏ ਹੋਏ ਮਹਿਮਾਨਾਂ ਨਾਲ ਸਿੱਖ ਧਰਮ ਅਤੇ ਪਛਾਣ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਦੇਖਣਾ ਸਾਡੇ ਲਈ ਮਾਣ ਵਾਲੀ ਗੱਲ ਹੈ।”

ਇਸ ਮੌਕੇ ਸਵਰਗਵਾਸੀ ਜੈਪਾਲ ਸਿੰਘ ਨੂੰ ਇਸ ਸਾਲਾਨਾ ਸਮਾਗਮ ਦੀ ਸਥਾਪਨਾ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਇਸਦੇ ਸ਼ੁਰੂਆਤੀ ਚਾਰ ਸਾਲਾਂ ਦੌਰਾਨ ਪਾਏ ਯੋਗਦਾਨ ਲਈ ਯਾਦ ਕੀਤਾ ਗਿਆ।

Leave a Reply

Your email address will not be published. Required fields are marked *