ਸਿੱਖਾਂ ਦੀ ਧਾਰਮਿਕ ਪਛਾਣ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣੇ ਚਾਹੀਦੇ – ਬ੍ਰਹਮਪੁਰਾ

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, “ਅਬੂ ਧਾਬੀ ਵਿੱਚ ਸ੍ਰ. ਦਲਵਿੰਦਰ ਸਿੰਘ ਨਾਲ ਵਾਪਰੀ ਘਟਨਾ, ਜਿਸ ਵਿੱਚ ਉਨ੍ਹਾਂ ਨੂੰ ਸ੍ਰੀ ਸਾਹਿਬ ਕਾਰਨ ਗ੍ਰਿਫ਼ਤਾਰ ਕਰਕੇ, ਦਸਤਾਰ ਅਤੇ ਕੱਕਾਰ ਉਤਰਵਾ ਕੇ ਅਣਮਨੁੱਖੀ ਸਲੂਕ ਕੀਤਾ ਗਿਆ, ਅਤਿ ਨਿੰਦਣਯੋਗ ਹੈ। ਇਸਨੇ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ‘ਤੇ ਸਿੱਧਾ ਹਮਲਾ ਹੈ।
ਉਨ੍ਹਾਂ ਦੱਸਿਆ ਕਿ ਪੀੜਤ ਸਿੱਖ ਨੂੰ ਲਗਭਗ 20 ਦਿਨ ਅਣਮਨੁੱਖੀ ਹਾਲਾਤਾਂ ਵਿੱਚ ਨਜ਼ਰਬੰਦ ਰੱਖਿਆ ਗਿਆ, ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਗਿਆ ਅਤੇ ਬਿਨਾਂ ਦਸਤਾਰ ਦੇ ਭਾਰਤ ਵਾਪਸ ਭੇਜਿਆ ਗਿਆ, ਜੋ ਅਸਹਿ ਅਪਮਾਨ ਹੈ। ਅਜਿਹਾ ਕਿਉਂ ਹੋਇਆ, ਇਸਦੀ ਤਹਿ ਤੱਕ ਜਾਣਾ ਅਤੇ ਕਾਰਨਾਂ ਨੂੰ ਜਾਨਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਸ੍ਰ. ਬ੍ਰਹਮਪੁਰਾ ਨੇ ਜ਼ੋਰ ਦਿੱਤਾ ਕਿ ਦਸਤਾਰ ਅਤੇ ਪੰਜ ਕੱਕਾਰ ਸਿੱਖ ਦੀ ਆਨ ਤੇ ਸ਼ਾਨ ਹਨ। ਵਿਦੇਸ਼ਾਂ ਵਿੱਚ ਅਜਿਹੀਆਂ ਘਟਨਾਵਾਂ ਦਾ ਮੁੜ ਵਾਪਰਨਾ ਅਤਿ ਚਿੰਤਾਜਨਕ ਹੈ ਅਤੇ ਸਿੱਖ ਕੱਕਾਰਾਂ ਦੀ ਮਹੱਤਤਾ ਤੇ ਸਤਿਕਾਰ ਨੂੰ ਵਿਸ਼ਵ ਭਰ ਵਿੱਚ ਯਕੀਨੀ ਬਣਾਉਣ ਲਈ ਪੰਥਕ ਪੱਧਰ ‘ਤੇ ਠੋਸ ਕਦਮ ਚੁੱਕਣ ਦੀ ਫੌਰੀ ਲੋੜ ਹੈ।
ਆਪਣੇ ਪੱਤਰ ਵਿੱਚ ਸ੍ਰ. ਬ੍ਰਹਮਪੁਰਾ ਨੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ ਨੂੰ ਇਹ ਮਾਮਲਾ ਭਾਰਤ ਤੇ ਯੂ.ਏ.ਈ. ਸਰਕਾਰਾਂ ਕੋਲ ਉਠਾ ਕੇ ਭਵਿੱਖੀ ਰੋਕਥਾਮ ਲਈ ਠੋਸ ਕਦਮ ਚੁੱਕਣ ਦਾ ਆਦੇਸ਼ ਦੇਵੇ। ਉਨ੍ਹਾਂ ਭਾਰਤ ਸਰਕਾਰ ਤੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਧਾਰਮਿਕ ਹੱਕਾਂ ਤੇ ਕੱਕਾਰਾਂ ਦੀ ਸੁਰੱਖਿਆ ਲਈ ਸਥਾਈ ਕੂਟਨੀਤਕ ਨੀਤੀ ਬਣਾਉਣ ਦੀ ਮੰਗ ਕੀਤੀ ਹੈ। ਨਾਲ ਹੀ, ਪੰਥਕ ਜਥੇਬੰਦੀਆਂ ਨੂੰ ਕੱਕਾਰਾਂ ਦੀ ਮਹੱਤਤਾ ਤੇ ਸਤਿਕਾਰ ਨੂੰ ਵਿਸ਼ਵ ਪੱਧਰ ‘ਤੇ ਦ੍ਰਿੜ ਕਰਵਾਉਣ ਲਈ ਯੋਜਨਾਬੱਧ ਕਾਰਜ ਕਰਨ ਅਤੇ ਪੀੜਤ ਸ੍ਰ. ਦਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਥ ਵੱਲੋਂ ਹਰ ਸੰਭਵ ਸਹਾਇਤਾ ਦੇਣ ਦੀ ਵੀ ਬੇਨਤੀ ਕੀਤੀ।
ਸ੍ਰ. ਬ੍ਰਹਮਪੁਰਾ ਨੇ ਆਸ ਪ੍ਰਗਟਾਈ ਕਿ ਸਿੱਖ ਪੰਥ ਦੀ ਸਰਵਉੱਚ ਸੰਸਥਾ, ਸ੍ਰੀ ਅਕਾਲ ਤਖ਼ਤ ਸਾਹਿਬ, ਇਸ ਗੰਭੀਰ ਮਸਲੇ ‘ਤੇ ਤੁਰੰਤ ਕਾਰਵਾਈ ਕਰਕੇ ਪੰਥ ਦੀ ਅਗਵਾਈ ਕਰੇਗਾ ਤਾਂ ਜੋ ਵਿਸ਼ਵ ਭਰ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ‘ਤੇ ਆਵਾਜ਼ ਬੁਲੰਦ ਕਰਦਾ ਰਹੇਗਾ।