ਸੋਹਣਿਆਂ ਦਾ ਸੁਹੱਪਣ-ਜਸਦੀਪ ਸਿੰਘ (SDO, PWD)
ਸੋਹਣੀ ਸੀਰਤ ਵਾਲ਼ੇ ਹੀ ਅਸਲ ਸੋਹਣੇ ਹੁੰਦੇ ਹਨ। ਸੋਹਣੇ ਬੰਜਰ ਧਰਤੀ ਨੂੰ ਵੀ ਆਬਾਦ ਕਰ ਦਿੰਦੇ ਨੇ। ਸੋਹਣਿਆਂ ਦੀ ਹਾਜ਼ਰੀ ‘ਚ ਸਭ ਕੁਝ ਰੁਸ਼ਨਾਇਆ ਨਜ਼ਰ ਅਉਂਦਾ ਹੈ। ਮੀਂਹ ਦਾ ਵਰ੍ਹਨਾ ਬਰਸਣਾ ਹੋ ਜਾਂਦਾ ਹੈ। ਕੰਡੇ ਵੀ ਫੁੱਲਾਂ ਵਰਗੇ ਜਾਪਣ ਲੱਗਦੇ ਨੇ। ਸ਼ੀਸ਼ੇ ਵਿੱਚ ਖੁਦ ਦੀ ਸੂਰਤ ਦੀ ਬਜਾਏ ਸੋਹਣਿਆਂ ਦੇ ਝਲਕਾਰੇ ਪੈਣ ਲਗਦੇ ਹਨ। ਬੀਮਾਰ ਹੋਣ ‘ਤੇ ਡਾਕਟਰ ਨਾਲ਼ੋਂ ਸੋਹਣਿਆਂ ਦਾ ਇੰਤਜ਼ਾਰ ਜ਼ਿਆਦਾ ਹੁੰਦਾ ਹੈ। ਪਿਆਰ ਦੀ ਪੌੜੀ ਇਕੱਲਿਆਂ ਨਹੀਂ ਸੋਹਣਿਆਂ ਨਾਲ਼ ਚੜ੍ਹੀ ਜਾਂਦੀ ਹੈ। ਪੌੜੀ ‘ਤੇ ਪੈਰ ਦੋ ਜਾਣੇ ਧਰਦੇ ਹਨ ਤੇ ਪਾਰ ਕਰਨ ਵੇਲ਼ੇ ਪੌੜੀ ਦੋਵਾਂ ਨੂੰ ਇੱਕ ਬਣਾਕੇ ਵਿਦਾ ਕਰਦੀ ਹੈ।
ਸੋਹਣੀ ਸੀਰਤ ਵਿੱਚ ਗਿਆਨ ਦਾ ਸੁਹੱਪਣ ਰੋਸ਼ਨ ਹੁੰਦਾ ਹੈ। ਗਿਆਨ ਇੱਕ ਅਜਿਹਾ ਸੁਹੱਪਣ ਹੈ ਜੋ ਮਨੁੱਖ ਨੂੰ ਸਭ ਤੋਂ ਉੱਤਮ ਬਣਾਉਂਦਾ ਹੈ। ਸੋਹਣੀ ਸੀਰਤ ਦਾ ਗਿਆਨ ਵਿਅਕਤੀ ਨੂੰ ਜੀਵਨ ਵਿੱਚ ਸੱਚੇ ਮਾਰਗ ‘ਤੇ ਚੱਲਣ ਦੇ ਸਮਰੱਥ ਬਣਾਉਂਦਾ ਹੈ। ਸੋਹਣੀ ਸੀਰਤ ਵਾਲ਼ੇ ਭਾਵੇਂ ਬਦਸੂਰਤ ਹੋਣ, ਪਰ ਓਨ੍ਹਾਂ ਦੀ ਬਦਸੂਰਤੀ ਵੀ ਆਕਰਸ਼ਿਤ ਕਰਦੀ ਹੈ। ਓਨ੍ਹਾਂ ਦੀਆਂ ਅਦਾਵਾਂ ਦਾ ਆਪਣਾ ਇੱਕ ਵਿਸ਼ੇਸ਼ ਸੁਹੱਪਣ ਹੁੰਦਾ ਹੈ।
ਸੋਹਣਿਆਂ ਦੀ ਆਮਦ ਨਾਲ਼ ਦੁੱਖਾਂ ਭਰੀ ਜ਼ਿੰਦਗੀ ਵਿੱਚ ਵੀ ਸਕੂਨ ਦੇ ਫੁੱਲ ਖਿੜ ਜਾਂਦੇ ਹਨ। ਗਮ ਦੀਆਂ ਧੁੱਪਾਂ ਵਿੱਚ ਸਨੇਹ ਦਾ ਸਾਵਣ ਨਿਰਾਸ਼ ਜ਼ਿੰਦਗੀ ਨੂੰ ਖੁਸ਼ਹਾਲ ਕਰ ਦਿੰਦਾ ਹੈ। ਸੋਹਣੇ ਜਿੱਥੇ ਵੀ ਹੋਣ ਓਨ੍ਹਾਂ ਦੇ ਸੰਗ ਰਹਿਕੇ ਪੂਰੀ ਕਾਇਨਾਤ ਸੋਹਣੀ ਲਗਦੀ ਹੈ। ਸੋਹਣਿਆਂ ਦੀ ਹੋਂਦ ਵਿੱਚ ਪ੍ਰੇਮ ਜਨਮਦਾ ਹੈ। ਜਿੱਥੇ ਪ੍ਰੇਮ ਹੋਵੇਗਾ ਉੱਥੇ ਦਇਆ, ਸੰਤੋਖ ਅਤੇ ਸਨੇਹ ਜਿਹੇ ਗੁਣ ਉਸਰਦੇ ਹਨ। ਸਾਰੀ ਸ੍ਰਿਸ਼ਟੀ ਪ੍ਰੇਮ ਦੀ ਨੀਂਹ ‘ਤੇ ਕਾਇਮ ਹੈ। ਜੇ ਜੀਵਾਂ ਵਿੱਚ ਪ੍ਰੇਮ-ਭਾਵ ਨਾ ਹੁੰਦਾ ਤਾਂ ਸ੍ਰਿਸ਼ਟੀ ਸ਼ੁਰੂਆਤ ਵਿੱਚ ਹੀ ਤਬਾਹ ਹੋ ਜਾਂਦੀ। ਸੋਹਣਿਆਂ ਨਾਲ਼ ਜੀਵਨ ਦਾ ਆਤਮਿਕ ਸੰਗੀਤ ਉਤਪੰਨ ਹੁੰਦਾ ਹੈ। ਜੀਵਨ ਵਿੱਚ ਪ੍ਰੇਮ ਦੇ ਆਤਮਿਕ ਸੁਰ ਜ਼ਿੰਦਗੀ ਨੂੰ ਪਰਮ-ਪ੍ਰੇਮ ਦੀ ਅਵਸਥਾ ਵੱਲ ਗਤੀਮਾਨ ਕਰਦੇ ਹਨ। ਜਿਸਨੇ ਇਸ ਸੰਗੀਤ ਨੂੰ ਮਾਣ ਲਿਆ ਉਸਨੂੰ ਮੋਹ-ਮਾਇਆ ਅਤੇ ਧਨ-ਦੌਲਤ ਦੀ ਵਿਅਰਥਤਾ ਦਾ ਬੋਧ ਹੋ ਜਾਂਦਾ ਹੈ। ਇਹ ਆਤਮਿਕ ਸੰਗੀਤ ਹੀ ਉਸਦੇ ਜੀਵਨ ਦਾ ਅਮੁੱਲ ਧਨ ਹੋ ਜਾਂਦਾ ਹੈ। ਇੱਕ ਦੌਲਤਮੰਦ ਸੰਗੀਤਕਾਰ ਕਿਸੇ ਜੰਗਲ ਵਿੱਚੋਂ ਗੁਜ਼ਰ ਰਿਹਾ ਸੀ। ਰਾਹ ਵਿੱਚ ਡਾਕੂਆਂ ਨੇ ਉਸਦਾ ਸਾਰਾ ਧਨ ਲੁੱਟ ਲਿਆ ਅਤੇ ਉਸਦਾ ਸਾਜ਼ ਵੀ ਖੋਹ ਲਿਆ। ਸੰਗੀਤਕਾਰ ਨੇ ਬੜੇ ਸਨੇਹ ਨਾਲ਼ ਡਾਕੂਆਂ ਨੂੰ ਸਾਜ਼ ਵਾਪਿਸ ਕਰਨ ਦੀ ਅਰਜ਼ੋਈ ਕੀਤੀ। ਡਾਕੂ ਹੈਰਾਨ ਹੋਏ ਕਿ ਇਸ ਇਨਸਾਨ ਨੂੰ ਦੌਲਤ ਦੀ ਕੋਈ ਪ੍ਰਵਾਹ ਨਹੀਂ, ਸਿਰਫ਼ ਇੱਕ ਆਮ ਜਿਹੇ ਸਾਜ਼ ਲਈ ਉਤਾਵਲਾ ਹੋ ਰਿਹਾ ਹੈ। ਡਾਕੂਆਂ ਨੇ ਉਸ ਆਮ ਸਾਜ਼ ਨੂੰ ਕਿਸੇ ਕੰਮ ਦਾ ਨਾ ਹੋਣ ਕਾਰਨ ਉਸ ਇਨਸਾਨ ਨੂੰ ਵਾਪਿਸ ਕਰ ਦਿੱਤਾ। ਉਹ ਇਨਸਾਨ ਆਪਣਾ ਸਾਜ਼ ਪਾਕੇ ਖੁਸ਼ੀ ਵਿੱਚ ਨੱਚ ਉੱਠਿਆ। ਉਸਨੇ ਸੰਗੀਤ ਵਿੱਚ ਮਸਤ ਹੋਕੇ ਆਪਣੇ ਸਾਜ਼ ਦੀ ਤਾਰ ਛੇੜੀ। ਜੰਗਲ ਦੀ ਸ਼ਾਂਤਮਈ ਰਾਤ ਵਿੱਚ ਉਸ ਸਾਜ਼ ਦੇ ਸੁਰ ਅਲੌਕਿਕ ਹੋਕੇ ਗੂੰਜਣ ਲੱਗੇ। ਸ਼ੁਰੂ ਵਿੱਚ ਡਾਕੂਆਂ ਨੂੰ ਕੋਈ ਦਿਲਚਸਪੀ ਨਹੀਂ ਸੀ ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਮਨ ਵੀ ਸੰਗੀਤ ਦੇ ਰਸ ਵਿੱਚ ਝੂੰਮਣ ਲੱਗਾ। ਇੰਨੇ ਭਾਵੁਕ ਹੋ ਗਏ ਕਿ ਸੰਗੀਤਕਾਰ ਦੇ ਚਰਨਾਂ ਵਿੱਚ ਡਿੱਗ ਪਏ। ਪਛਤਾਵੇ ਵਿੱਚ ਸਾਰਾ ਧਨ ਵਾਪਿਸ ਕਰ ਦਿੱਤਾ। ਇੰਝ ਦੀ ਸਥਿਤੀ ਬਹੁਤ ਗਹਿਰੇ ਵਿੱਚ ਹਰ ਮਨੁੱਖ ਦੀ ਹੈ। ਪਰ ਜ਼ਿਆਦਾਤਰ ਮਨੁੱਖ ਧਨ-ਦੌਲਤ ਦੀ ਦੌੜ ਵਿੱਚ ਖੁਦ ਦੇ ਆਤਮਿਕ ਧਨ ਨੂੰ ਗਵਾ ਰਹੇ ਹਨ। ਕੋਈ ਵਿਰਲਾ ਹੀ ਹੁੰਦਾ ਹੈ ਜੋ ਆਪਣੇ ਜੀਵਨ ਦੇ ਕੀਮਤੀ ਆਤਮਿਕ ਸਾਜ਼ ਦੀ ਦੌਲਤ ਨੂੰ ਪਛਾਣ ਲੈਂਦਾ ਹੈ। ਉਸਨੂੰ ਇਲਮ ਹੋ ਜਾਂਦਾ ਕਿ ਇਹ ਆਤਮਿਕ ਸੰਗੀਤ ਹੀ ਪਰਮਆਨੰਦ ਦੀ ਅਵਸਥਾ ਹੈ।
ਸਾਧਾਰਣ ਜ਼ਿੰਦਗੀ ਵਿੱਚ ਜੇ ਕੋਈ ਸੋਹਣਾ ਪ੍ਰੇਮ ਨੂੰ ਸਵੀਕਾਰ ਕਰ ਲਵੇ ਤਾਂ ਮਨ ਫੁੱਲਿਆ ਨਹੀਂ ਸਮਾਉਂਦਾ, ਪਰ ਇਹੋ ਪ੍ਰੇਮ ਜੇ ਕੁਦਰਤ ਸਵੀਕਾਰ ਕਰ ਲਵੇ ਤਾਂ ਇਹੋ ਖੁਸ਼ੀ ਪਰਮਆਨੰਦ ਦੀ ਅਵਸਥਾ ‘ਚ ਤਬਦੀਲ ਹੋ ਜਾਂਦੀ ਹੈ।
ਜਸਦੀਪ ਸਿੰਘ (SDO, PWD)
ਪਿੰਡ ਆਸੀ ਕਲਾਂ, ਜ਼ਿਲ੍ਹਾ ਲੁਧਿਆਣਾ।