ਟਾਪਭਾਰਤ

ਹਲਕਾ ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਕਾਰਨ 15 ਮੌਤਾਂ ਆਪ ਸਰਕਾਰ ਦੀ ਅਣਗਹਿਲੀ ਅਤੇ ਨਲਾਇਕੀ ਦਾ ਸਬੂਤ ਹੈ: ਬਲਬੀਰ ਸਿੰਘ ਸਿੱਧੂ

ਮੋਹਾਲੀ-ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ ਹੋਈ 15 ਲੋਕਾਂ ਦੀ ਮੌਤ ‘ਤੇ ਗਹਿਰੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਹ ਘਟਨਾ ਨਾ ਸਿਰਫ਼ ਦੁਖਦਾਇਕ ਹੈ, ਸਗੋਂ ਇਹ ਸਾਫ਼ ਤੌਰ ‘ਤੇ ਆਮ ਆਦਮੀ ਪਾਰਟੀ ਦੀ ਅਣਗਹਿਲੀ, ਨਲਾਇਕੀ ਅਤੇ ਨਜ਼ਾਇਜ਼ ਸ਼ਰਾਬ ਮਾਫੀਆ ਨਾਲ ਗਠਜੋੜ ਦਾ ਨਤੀਜਾ ਹੈ।

ਸਿੱਧੂ ਨੇ ਮਾਨ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦੀਆਂ ਕਿਹਾ, “ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਦੌਰਾਨ ਇਹ ਤੀਜੀ ਵਾਰ ਹੈ ਜਦੋਂ ਜ਼ਹਿਰੀਲੀ ਸ਼ਰਾਬ ਨੇ ਮਾਸੂਮ ਲੋਕਾਂ ਦੀ ਜਾਨ ਲਈ ਹੈ। ਇਹ ਕੋਈ ਇਤਫ਼ਾਕ ਨਹੀਂ, ਇਹ ਸਰਕਾਰ ਦੀ ਸੂਬੇ ਪ੍ਰਤੀ ਅਣਗਿਹਲੀ ਦਾ ਨਤੀਜਾ ਹੈ। ਮਾਨ ਸਰਕਾਰ ਨੇ ਸ਼ਰਾਬ ਮਾਫੀਏ ਨੂੰ ਖੁੱਲੀ ਛੂਟ ਦਿੱਤੀ ਹੋਈ ਹੈ।”

ਉਨ੍ਹਾਂ ਅੱਗੇ ਕਿਹਾ, “ਜਿਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਸ਼ਰ੍ਹੇਆਮ ਵੇਚੀ ਜਾ ਰਹੀ ਹੈ, ਉਹ ਸਿਰਫ਼ ਇਕ ਗੱਲ ਵੱਲ ਇਸ਼ਾਰਾ ਦੇ ਰਹੀ ਹੈ—ਸਰਕਾਰ ਜਾਂ ਤਾਂ ਮਾਫੀਆ ਗੈਂਗ ਨਾਲ ਮਿਲੀ ਹੋਈ ਹੈ ਜਾਂ ਫੇਰ ਆਪਣੇ ਕੰਮਾਂ ਵਿੱਚ ਬਿਲਕੁਲ ਨਾਕਾਮ ਸਾਬਿਤ ਹੋਈ ਹੈ। ਪਹਿਲਾਂ ਸੰਗਰੂਰ, ਫੇਰ ਸੁਨਾਮ ਅਤੇ ਹੁਣ ਮਜੀਠਾ, ਇਹ ਸਾਰੇ ਜ਼ਹਿਰੀਲੀ ਸ਼ਰਾਬ ਨਾਲ ਜੁੜੇ ਕਾਂਡ ਆਮ ਆਦਮੀ ਪਾਰਟੀ ਦੀ ਨਲਾਇਕੀ ਨੂੰ ਸਾਫ਼ ਬਿਆਨ ਕਰ ਰਹੇ ਹਨ।”

ਸਿੱਧੂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਵਲੋਂ ਕੀਤੀਆਂ ਗਈਆਂ ਕਰਤੂਤਾਂ ‘ਤੇ ਵੀ ਉੰਗਲ ਚੁੱਕੀ ‘ਤੇ ਕਿਹਾ, “ਆਪ ਸਰਕਾਰ ਦੀ ਨੀਂਹ ਹੀ ਸ਼ਰਾਬ ਘੁਟਾਲਿਆਂ ਨਾਲ ਜੁੜੀ ਹੈ ਫੇਰ ਭਾਵੇਂ ਉਹ ਅਰਵਿੰਦ ਕੇਜਰੀਵਾਲ ਹੋਵੇ ਜਾਂ ਫੇਰ ਮਨੀਸ਼ ਸਿਸੋਦੀਆ। ਭਗਵੰਤ ਮਾਨ ਇਹਨਾਂ ਦੋਹਾਂ ਦੀ ਕਠਪੁਤਲੀ ਵਾਂਗ ਕੰਮ ਕਰ ਰਹੇ ਹਨ ਅਤੇ ਦਿੱਲੀ ਦੇ ਇਨ੍ਹਾਂ ਸਾਬਕਾ ਮੰਤਰੀਆਂ ਦਾ ਪੰਜਾਬ ਵਿੱਚ ਆਉਣਾ ਜਾਣਾ ਇਹੋ ਜਿਹੇ ਮਾਫ਼ੀਏ ਨੂੰ ਸ਼ਹਿ ਦੇ ਰਿਹਾ ਹੈ। ਆਪ ਸਰਕਾਰ ਸ਼ੁਰੂ ਤੋਂ ਹੀ ਮਾਫ਼ੀਆ ਨੂੰ ਉਤਸ਼ਾਹਿਤ ਕਰ ਰਹੀ ਹੈ। ਇਹ ਸਰਕਾਰ ਨਸ਼ਿਆਂ ਵਿਰੁੱਧ ਲੜਾਈ ਲੜਨ ਦੀ ਥਾਂ ਨਸ਼ਿਆਂ ਦੀ ਸਾਂਝੀਦਾਰ ਬਣ ਚੁੱਕੀ ਹੈ।”

ਸਿੱਧੂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਦੀ ਫੋਕੀ ਇਸ਼ਤਿਹਾਰਬਾਜ਼ੀ ਨਾਲ ਜ਼ਮੀਨੀ ਹਕੀਕਤਾਂ ਨਹੀਂ ਬਦਲ ਸਕਦੀਆਂ। ਉਨ੍ਹਾਂ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ, “ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਜੇਕਰ ਸਰਕਾਰ ਇਹ ਨਹੀਂ ਕਰਦੀ ਤਾਂ ਇਹ ਸਾਬਤ ਹੋ ਜਾਵੇਗਾ ਕਿ ਇਸ ਵਿੱਚ ਸਿਰਫ਼ ਸ਼ਰਾਬ ਮਾਫੀਆ ਦਾ ਹੱਥ ਨਹੀਂ, ਸਗੋਂ ਸਰਕਾਰ ਦਾ ਵੀ ਹੈ।”

Leave a Reply

Your email address will not be published. Required fields are marked *