ਹੁਣ ਤਸਕਰਾਂ ਦੀ ਰਜਿਸਟਰੀ ਵਾਲੀ ਜਾਇਦਾਦ ’ਤੇ ਵੀ ਹੋਵੇਗੀ ਕਾਰਵਾਈ-ਡੀਜੀਪੀ
ਪਟਿਆਲਾ : ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਸ ਸਮੇਂ ਨਸ਼ਾ ਤਸਕਰਾਂ ਦੀਆਂ ਗ਼ੈਰ-ਕਾਨੂੰਨੀ ਇਮਾਰਤਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਜਲਦ ਹੀ ਰਜਿਸਟਰੀ ਵਾਲੀਆਂ ਜਾਂ ਹੋਰ ਜਾਇਦਾਦਾਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਹਾਰਡ ਡਰੱਗਜ਼ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿਚ ਮੈਡੀਕਲ ਨਸ਼ਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਹੱਦ ਤੋਂ ਹਾਲੇ ਵੀ ਡ੍ਰੋਨਾਂ ਰਾਹੀਂ ਨਸ਼ੇ ਦੀ ਸਪਲਾਈ ਜਾਰੀ ਹੈ ਪਰ ਹੁਣ ਡ੍ਰੋਨ ਛੋਟੇ ਹਨ। ਡੀਜੀਪੀ ਯਾਦਵ ਪਟਿਆਲਾ ਵਿਚ ਪੁਲਿਸ ਲਾਈਨ ਵਿਚ ਬਣੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਦੀ ਰੇਂਜ ਲੈਵਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਸਨ। ਉਦਘਾਟਨ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਪਰੋਕਤ ਗੱਲਾਂ ਦਾ ਪ੍ਰਗਟਾਵਾ ਕੀਤਾ।
ਤਰਨਤਾਰਨ ਵਿਚ ਆਈਐੱਸਆਈ ਲਈ ਜਾਸੂਸੀ ਕਰਨ ਵਾਲੇ ਦੀ ਗ੍ਰਿਫਤਾਰੀ ਬਾਰੇ ਪੁੱਛੇ ਜਾਣ ’ਤੇ ਡੀਜੀਪੀ ਯਾਦਵ ਨੇ ਕਿਹਾ ਕਿ ਜਦੋਂ ਤੋਂ ਆਪਰੇਸ਼ਨ ਸਿੰਧੂਰ ਚੱਲ ਰਿਹਾ ਹੈ, ਉਦੋਂ ਤੋਂ ਪਾਕਿਸਤਾਨ ਲਈ ਜਾਸੂਸੀ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਵਧੀ ਹੈ। ਬਾਰੀਕੀ ਨਾਲ ਜਾਂਚ ਕਰਨ ’ਤੇ ਗ੍ਰਿਫ਼ਤਾਰ ਲੋਕਾਂ ਦੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੋਣ ਦੇ ਸਬੂਤ ਮਿਲੇ ਹਨ। ਜ਼ਿਆਦਾਤਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਅੱਤਵਾਦੀ ਗੋਪਾਲ ਸਿੰਘ ਚਾਵਲਾ ਨਾਲ ਜੁੜੇ ਹੋਏ ਹਨ, ਜੋ ਸਿੱਧੇ ਆਈਐੱਸਆਈ ਨਾਲ ਜੁੜੇ ਹੋਏ ਹਨ। ਇਨ੍ਹਾਂ ਦੀ ਕੇਂਦਰੀ ਜਾਂਚ ਏਜੰਸੀ ਦੀ ਮਦਦ ਨਾਲ ਤਕਨੀਕੀ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਨਸ਼ੇ ਅਤੇ ਹੋਰ ਅਪਰਾਧਾਂ ਦੇ ਖ਼ਿਲਾਫ਼ ਗੰਭੀਰਤਾ ਨਾਲ ਕੰਮ ਕਰ ਰਹੀ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਅਤੇ ਅਧਿਕਾਰੀ ਪੁਲਿਸ ਵਰਦੀ ਵਿਚ ਇੰਟਰਨੈੱਟ ’ਤੇ ਰੀਲਾਂ ਬਣਾਉਣ ਵਿਚ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਪੁਲਿਸ ਵਿਚ ਇਸ ਰੁਝਾਨ ਨੂੰ ਰੋਕਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੀ ਸੋਸ਼ਲ ਮੀਡੀਆ ਵਰਤੋਂ ਨੀਤੀ ’ਤੇ ਕੰਮ ਕੀਤਾ ਜਾਵੇਗਾ ਤਾਂ ਜੋ ਇੰਟਰਨੈੱਟ ’ਤੇ ਪੁਲਿਸ ਵਰਦੀ ਪਹਿਨ ਕੇ ਰੀਲ ਬਣਾਉਣ ਵਾਲੇ ਵੀਡੀਓ ਮਜ਼ਾਕ ਦਾ ਪਾਤਰ ਨਾ ਬਣਨ।