ਆਰਟੀਫਿਸ਼ਲ ਇਨਟੈਲੀਜੈਂਸ ਦੇ ਵਿਕਾਸ ਵਿੱਚ ਕਾਮਿਆਂ ਦਾ ਸ਼ੋਸ਼ਣ -ਸੁਖਵੰਤ ਹੁੰਦਲ-
ਅੱਜ ਕੱਲ੍ਹ ਪ੍ਰਚੱਲਤ ਮੀਡੀਏ ਵਿੱਚ ਆਰਟੀਫਿਸ਼ਨ ਇਨਟੈਲੀਜੈਂਸ ਨਾਲ ਹੋਣ ਵਾਲੀਆਂ ਪ੍ਰਾਪਤੀਆਂ ਦੇ ਸੰਬੰਧ ਵਿੱਚ ਇਕ ਗੱਲ ਆਮ ਕਹੀ ਜਾਂਦੀ ਹੈ ਕਿ ਇਸ ਨਾਲ ਵਿਸ਼ਵ ਪੱਧਰ `ਤੇ ਉਤਪਾਦਕਤਾ (ਪ੍ਰੋਡਕਟਿਵਟੀ) ਅਤੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ। ਉਦਾਹਰਨ ਲਈ ਏ ਆਈ ਗੁਰੂ ਮਾਰਕ ਐਂਡਰੀਸਨ ਦਾ ਕਹਿਣਾ ਹੈ ਕਿ ਏ ਆਈ ਨਾਲ ,”ਸਮੁੱਚੀ ਆਰਥਕਤਾ ਵਿੱਚ ਉਤਪਾਦਕਤਾ ਨਾਟਕੀ ਢੰਗ ਨਾਲ ਵਧੇਗੀ, ਜਿਸ ਨਾਲ ਆਰਥਿਕ ਵਾਧਾ ਹੋਵੇਗਾ, ਨਵੀਂਆਂ ਸਨਅਤਾਂ ਪੈਦਾ ਹੋਣਗੀਆਂ, ਨਵੀਂਆਂ ਨੌਕਰੀਆਂ ਅਤੇ ਤਨਖਾਹਾਂ ਵਿੱਚ ਵਾਧਾ ਹੋਵੇਗਾ, ਜਿਸ ਦੇ ਨਤੀਜੇ ਵਜੋਂ ਵਧੇਰੇ ਪਦਾਰਥਕ ਖੁਸ਼ਹਾਲੀ ਦੇ ਨਵੇਂ ਯੁੱਗ ਦਾ ਆਗਮਨ ਹੋਵੇਗਾ।” ਪਰ ਇਹ ਦਾਅਵਾ ਆਰਟੀਫਿਸ਼ਲ ਇਨਟੈਲੀਜੈਂਸੀ ਨੂੰ ਵਿਕਸਤ ਕਰਨ ਲਈ ਦਹਿ-ਲੱਖਾਂ ਦੀ ਗਿਣਤੀ ਵਿੱਚ ਕੰਮ ਕਰ ਰਹੇ ਵਰਕਰਾਂ ਦੇ ਤਜਰਬੇ ਨਾਲ ਮੇਲ ਨਹੀਂ ਖਾਂਦਾ। ਇਸ ਸਮੇਂ ਦੁਨੀਆ ਦੇ ਗਰੀਬ ਜਾਂ ਵਿਕਾਸਸ਼ੀਲਾਂ ਦੇਸ਼ਾਂ ਨਾਲ ਸੰਬੰਧਿਤ ਇਹ ਦਹਿ-ਲੱਖਾਂ ਵਰਕਰ ਬਹੁਤ ਹੀ ਘੱਟ ਤਨਖਾਹਾਂ ਅਤੇ ਕੰਮ ਦੀਆਂ ਮਾੜੀਆਂ ਹਾਲਤਾਂ ਵਿੱਚ ਕੰਮ ਕਰ ਰਹੇ ਹਨ ਅਤੇ ਏ ਆਈ ਦੇ ਖੇਤਰ ਕੰਮ ਕਰ ਰਹੀਆਂ ਕੰਪਨੀਆਂ ਵਲੋਂ ਕੀਤੇ ਜਾਂਦੇ ਬਹੁਤ ਹੀ ਬੁਰੀ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਸ ਲੇਖ ਵਿੱਚ ਏ ਆਈ ਦੇ ਵਿਕਾਸ ਦੌਰਾਨ ਹੋ ਰਹੇ ਕਾਮਿਆਂ ਦੇ ਇਸ ਸ਼ੋਸ਼ਣ ਬਾਰੇ ਗੱਲ ਕੀਤੀ ਜਾਵੇਗੀ।
ਆਰਟੀਫਿਸਿ਼ਲ ਇਨਟੈਲੀਜੈਂਸ ਦੇ ਮਾਡਲਾਂ, ਜਿਵੇਂ ਚੈਟ ਜੀ ਪੀ ਟੀ, ਨੂੰ ਸਿਖਲਾਈ ਦੇਣ ਲਈ ਬਹੁਤ ਸਾਰੇ ਡੈਟਾ (ਜਾਣਕਾਰੀ) ਦੀ ਲੋੜ ਪੈਂਦੀ ਹੈ। ਇਸ ਡੈਟਾ ਵਿੱਚ ਲਿਖਤ (ਟੈਕਸਟ), ਤਸਵੀਰਾਂ (ਇਮੇਜ), ਅਵਾਜ਼ (ਆਡੀਓ), ਵੀਡੀਓ ਆਦਿ ਸ਼ਾਮਲ ਹਨ। ਏ ਆਈ ਦੇ ਮਾਡਲ ਇਸ ਡੈਟਾ ਤੋਂ ਤਾਂ ਹੀ ਸਿੱਖ ਸਕਦੇ ਹਨ, ਜੇ ਇਹ ਡੈਟਾ ਠੀਕ ਤਰ੍ਹਾਂ ਲੇਬਲ ਅਤੇ ਸ਼੍ਰੇਣੀਬੱਧ ਕੀਤਾ ਗਿਆ ਹੋਵੇ। ਜਿਵੇਂ ਕਿ ਆਪਣੇ ਆਪ ਚੱਲਣ ਵਾਲੀਆਂ ਕਾਰਾਂ ਨਾਲ ਸੰਬੰਧਿਤ ਏ ਆਈ ਦੇ ਮਾਡਲਾਂ ਨੂੰ ਸੜਕ `ਤੇ ਲੱਗੇ ਸਾਈਨਾਂ, ਪੈਦਲ ਚੱਲਣ ਵਾਲਿਆਂ, ਖੰਬਿਆਂ ਆਦਿ ਬਾਰੇ ਫਰਕ ਸਿੱਖਣ ਲਈ ਜ਼ਰੂਰੀ ਹੈ ਕਿ ਵੀਡੀਓਜ਼ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਹੀ ਅਤੇ ਸਪਸ਼ਟ ਤੌਰ `ਤੇ ਲੇਬਲ ਕੀਤਾ ਗਿਆ ਹੋਵੇ। ਇਸ ਹੀ ਤਰ੍ਹਾਂ ਬੋਲੀ ਨਾਲ ਸੰਬੰਧਿਤ ਏ ਆਈ ਮਾਡਲਾਂ ਨੂੰ ਬੋਲੀ ਵਿੱਚ ਗਾਲ੍ਹਾਂ, ਅਸ਼ਲੀਲ ਭਾਸ਼ਾ, ਨਫਰਤ ਅਤੇ ਵਿਤਕਰੇ ਭਰੀ ਸ਼ਬਦਾਵਲੀ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਲਿਖਤਾਂ ਵਿੱਚ ਇਹਨਾਂ ਚੀਜ਼ਾਂ ਦੀ ਚੰਗੀ ਤਰ੍ਹਾਂ ਪਛਾਣ ਕੀਤੀ ਗਈ ਹੋਵੇ। ਇਸ ਲਈ ਇਹ ਕੰਮ ਕਰਨ ਲਈ ਲੱਖਾਂ, ਦਹਿ-ਲੱਖਾਂ (ਮਿਲੀਅਨਾਂ) ਲੋਕਾਂ ਦੀ ਲੋੜ ਪੈਂਦੀ ਹੈ ਅਤੇ ਇਹਨਾਂ ਲੋਕਾਂ ਨੂੰ ਲੇਬਲਰ (ਲੇਬਲ ਲਾਉਣ ਵਾਲੇ) ਜਾਂ ਐਨੋਨੇਟਰ (ਨੋਟ ਲਿਖਣ ਵਾਲੇ) ਕਿਹਾ ਜਾਂਦਾ ਹੈ। ਇਹ ਲੇਬਲਰ ਜਾਂ ਐਨੋਨੇਟਰ ਦਿਨ ਵਿੱਚ ਘੰਟਿਆਂ ਬੱਧੀ ਆਪਣੇ ਫੋਨਾਂ ਜਾਂ ਕੰਪਿਊਟਰਾਂ ਦੀਆਂ ਸਕਰੀਨਾਂ ਅੱਗੇ ਬੈਠੇ ਫੋਟੋਆਂ, ਵੀਡੀਓ ਅਤੇ ਲਿਖਤਾਂ ਨੂੰ ਦੇਖਦੇ ਹਨ ਅਤੇ ਵਸਤੂਆਂ ਦੁਆਲੇ ਗੋਲ ਦਾਇਰੇ ਵਾਹ ਕੇ ਉਹਨਾਂ `ਤੇ ਲੇਬਲ ਲਾਉਂਦੇ ਹਨ ਤਾਂ ਕਿ ਏ ਆਈ ਮਾਡਲ ਇਹਨਾਂ ਫੋਟੋਆਂ, ਵੀਡੀਓ ਆਦਿ ਤੋਂ ਸਿੱਖ ਸਕੇ। ਉਹ ਘਰ ਵਿਚਲੇ ਫਰਨੀਚਰ `ਤੇ ਨਿਸ਼ਾਨ ਲਾਉਂਦੇ ਹਨ ਕਿ ਇਹ ਟੀ ਵੀ ਹੈ, ਇਹ ਮਾਈਕਰੋਵੇਵ ਓਵਨ ਹੈ। ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਚਿਹਰਿਆਂ ਬਾਰੇ ਦੱਸਣ ਲਈ ਚਿਹਰਿਆਂ `ਤੇ ਨਿਸ਼ਾਨ ਲਾ ਕੇ ਲੇਬਲ ਲਾਉਂਦੇ ਹਨ, ਇਹ ਗੋਰਾ ਹੈ, ਇਹ ਕਾਲਾ ਹੈ, ਇਹ ਏਸ਼ੀਅਨ ਹੈ।
ਲੇਬਲ ਲਾਉਣ ਜਾਂ ਨੋਟ ਲਿਖਣ ਦਾ ਕੰਮ ਕਰਨ ਵਾਲੇ ਇਹਨਾਂ ਲੱਖਾਂ ਲੋਕਾਂ ਵਿੱਚੋਂ ਬਹੁਗਿਣਤੀ ਅਮਰੀਕਾ ਦੀ ਸਿਲੀਕੋਨ ਵੈਲ੍ਹੀ ਤੋਂ ਹਜ਼ਾਰਾਂ ਮੀਲ ਦੂਰ ਗਰੀਬ ਜਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਕੰਮ ਕਰਦੇ ਹਨ। ਇਹਨਾਂ ਦੇਸ਼ਾਂ ਵਿੱਚ ਫਿਲਪੀਨ, ਕੀਨੀਆ, ਇੰਡੀਆ, ਪਾਕਿਸਤਾਨ, ਵੈਨਜ਼ੂਇਲਾ, ਕੋਲੰਬੀਆ ਆਦਿ ਦੇਸ਼ ਸ਼ਾਮਲ ਹਨ। ਸੰਨ 2023 ਵਿੱਚ ਛਪੀ ਇਕ ਰਿਪੋਰਟ ਅਨੁਸਾਰ ਉਸ ਸਮੇਂ ਇਕੱਲੇ ਫਿਲਪੀਨ ਵਿੱਚ 20 ਲੱਖ ਤੋਂ ਜ਼ਿਆਦਾ ਲੋਕ ਇਸ ਤਰ੍ਹਾਂ ਦਾ ਕੰਮ ਕਰ ਰਹੇ ਸਨ। ਇੰਡੀਆ ਬਾਰੇ ਸੰਨ 2022 ਵਿੱਚ ਛਪੀ ਇਕ ਰਿਪੋਰਟ ਅਨੁਸਾਰ ਉਸ ਸਮੇਂ 70,000 ਲੋਕ ਇਸ ਖੇਤਰ ਵਿੱਚ ਕੰਮ ਕਰਦੇ ਸਨ ਅਤੇ ਉਸ ਸਮੇਂ ਇੰਡੀਆ ਵਿੱਚ ਡੈਟਾ ਲੇਬਲਿੰਗ ਦੀ ਇੰਡਸਟਰੀ ਦੀ ਕੀਮਤ 25 ਕ੍ਰੋੜ (250 ਮਿਲੀਅਨ) ਡਾਲਰ ਦੇ ਬਰਾਬਰ ਸੀ। ਉਸ ਵੇਲੇ ਆਉਣ ਵਾਲੇ ਸਾਲਾਂ ਵਿੱਚ ਇੰਡੀਆ ਵਿੱਚ ਇਸ ਇੰਡਸਟਰੀ ਦੇ ਪਸਾਰ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਇਸ ਪਸਾਰ ਦੇ ਸੱਚ ਹੋਣ ਦਾ ਅੰਦਾਜ਼ਾ ਕੰਪਿਊਟਰ ਵਰਲਡ ਨਾਂ ਦੇ ਸਾਈਟ `ਤੇ 8 ਸਤੰਬਰ 2025 ਨੂੰ ਛਪੇ ਇਕ ਆਰਟੀਕਲ ਤੋਂ ਲਾਇਆ ਜਾ ਸਕਦਾ ਹੈ। ਇਸ ਆਰਟੀਕਲ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇੰਡੀਆ ਵਿੱਚ ਊਬਰ ਨੇ ਇੰਂਡੀਆ ਦੇ 12 ਸ਼ਹਿਰਾਂ ਵਿੱਚ ਇਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਵਿੱਚ ਉਹ ਆਪਣੇ ਡਰਾਈਵਰਾਂ ਨੂੰ ਡੈਟਾ ਨੂੰ ਲੇਬਲ ਕਰਨ ਦੀ ਜਾਣਕਾਰੀ ਦੇ ਰਹੇ ਹਨ ਤਾਂ ਕਿ ਉਹ ਉਸ ਸਮੇਂ ਡੈਟਾ ਲੇਬਲ ਕਰਨ ਦਾ ਕੰਮ ਕਰ ਸਕਣ ਜਦੋਂ ਉਹ ਵਿਹਲੇ ਹੁੰਦੇ ਹਨ ਭਾਵ ਜਦੋਂ ਉਹਨਾਂ ਕੋਲ ਊਬਰ ਦੀ ਸਵਾਰੀ ਨਹੀਂ ਹੁੰਦੀ ਹੈ। ਇਸ ਆਰਟੀਕਲ ਅਨੁਸਾਰ ਊਬਰ ਦੇ ਇਸ ਕਦਮ ਨਾਲ ਇੰਡੀਆ ਵਿੱਚ ਊਬਰ ਦੇ 10 ਲੱਖ (1 ਮਿਲੀਅਨ) ਤੋਂ ਵੱਧ ਡਰਾਈਵਰ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਜਾਣਗੇ। ਫਰਵਰੀ 2024 ਵਿੱਚ ਅਲਜਜ਼ੀਰਾ ਦੀ ਸਾਈਟ `ਤੇ ਛਪੇ ਇਕ ਆਰਟੀਕਲ ਅਨੁਸਾਰ ਕੀਨੀਆ ਵਿੱਚ 12 ਲੱਖ (1.2 ਮਿਲੀਅਨ) ਲੋਕ ਆਨਲਾਈਨ ਕੰਮ ਕਰਦੇ ਹਨ। ਇਸ ਆਰਟੀਕਲ ਤੋਂ ਇਹ ਸਪਸ਼ਟ ਨਹੀਂ ਕਿ ਇਹਨਾਂ ਵਿੱਚੋਂ ਕਿੰਨੇ ਲੋਕ ਡੈਟਾ ਨੂੰ ਲੇਬਲ ਕਰਨ ਦਾ ਕੰਮ ਕਰਦੇ ਹਨ। ਪਰ ਇਹ ਕਿਹਾ ਜਾ ਸਕਦਾ ਹੈ ਇਹਨਾਂ ਵਿੱਚੋਂ ਬਹੁਗਿਣਤੀ ਲੋਕ ਇਹ ਕੰਮ ਕਰਦੇ ਹੋਣਗੇ ਕਿਉਂਕਿ ਬਹੁਤ ਸਾਰੇ ਆਰਟੀਕਲਾਂ ਵਿੱਚ ਕੀਨੀਆ ਨੂੰ ਕੰਮ ਦੇ ਇਸ ਖੇਤਰ ਦਾ ਇਕ ਪ੍ਰਮੁੱਖ ਕੇਂਦਰ ਲਿਖਿਆ ਗਿਆ ਹੈ।
ਇਹ ਲੋਕ ਏ ਆਈ ਦੇ ਖੇਤਰ ਵਿੱਚ ਵੱਡੀਆਂ ਕੰਪਨੀਆਂ ਜਿਵੇਂ ਮੈਟਾ, ਗੂਗਲ, ਓਪਨ ਆਈ, ਮਾਈਕਰੋਸੋਫਟ, ਐਮਾਜ਼ੋਨ ਲਈ ਡੈਟਾ ਨੂੰ ਲੇਬਲ ਕਰਨ ਦਾ ਕੰਮ ਕਰਦੇ ਹਨ। ਪਰ ਇਹ ਕੰਪਨੀਆਂ ਇਹਨਾਂ ਵਰਕਰਾਂ ਤੋਂ ਸਿੱਧਾ ਕੰਮ ਨਹੀਂ ਕਰਾਉਂਦੀਆਂ ਸਗੋਂ ਇਹ ਹੋਰ ਕੰਪਨੀਆਂ ਨੂੰ ਠੇਕੇ ਦੇ ਦਿੰਦੀਆਂ ਹਨ, ਅਤੇ ਉਹ ਕੰਪਨੀਆਂ ਇਹਨਾਂ ਵਰਕਰਾਂ ਤੋਂ ਇਹਨਾਂ ਵੱਡੀਆਂ ਕੰਪਨੀਆਂ ਲਈ ਕੰਮ ਕਰਾਉਂਦੀਆਂ ਹਨ। ਮੈਟਾ, ਗੂਗਲ, ਓਪਨ ਆਈ, ਮਾਈਕਰੋਸੋਫਟ ਆਦਿ ਕੰਪਨੀਆਂ ਦੀ ਡੈਟਾ ਲੇਬਲ ਕਰਨ ਦੇ ਕੰਮ ਵਿੱਚ ਠੇਕੇ `ਤੇ ਸੇਵਾ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਕੁੱਝ ਦੇ ਨਾਂ ਇਸ ਪ੍ਰਕਾਰ ਹਨ: ਸੈਮਸੋਰਸ ਇੰਪੈਕਟ ਸੋਰਸਿੰਗ ਇਨਕਾਰਪੋਰੇਸ਼ਨ (ਸਾਮਾ), ਸਕੇਲ ਆਈ, ਆਈ ਮੈਰਿਟ, ਨਿਕੀ ਡਾਟ ਏ ਆਈ, ਅਤੇ ਐਪਨ। ਵੱਡੀਆਂ ਕੰਪਨੀਆਂ ਲਈ ਠੇਕੇ `ਤੇ ਕੰਮ ਕਰਵਾਉਣ ਵਾਲੀਆਂ ਇਹ ਕੰਪਨੀਆਂ ਆਪਣੇ ਆਪ ਵਿੱਚ ਹੀ ਕਾਫੀ ਵੱਡੀਆਂ ਕੰਪਨੀਆਂ ਬਣ ਗਈਆਂ ਹਨ। ਉਦਾਹਰਨ ਲਈ ਸੰਨ 2024 ਵਿੱਚ ਛਪੇ ਇਕ ਆਰਟੀਕਲ ਅਨੁਸਾਰ ਸੰਨ 2024 ਵਿੱਚ ਇਹਨਾਂ ਵਿੱਚੋਂ ਇਕ ਕੰਪਨੀ ਸਕੇਲ ਆਈ ਦੀ ਕੁੱਲ ਕੀਮਤ 14 ਅਰਬ (ਬਿਲੀਅਨ) ਡਾਲਰ ਸੀ।
ਬਿਨਾਂ ਸ਼ੱਕ ਇਹਨਾਂ ਕੰਪਨੀਆਂ ਲਈ ਡੈਟਾ ਨੂੰ ਲੇਬਲ ਕਰਨ ਦਾ ਕੰਮ ਕਰਨ ਵਾਲੇ ਇਹ ਵਰਕਰ ਬਹੁਤ ਕੀੰਮਤੀ ਕੰਮ ਕਰਦੇ ਹਨ ਜੋ ਏ ਆਈ ਦੇ ਮਾਡਲਾਂ ਨੂੰ ਸਿੱਖਿਅਤ ਕਰਨ ਲਈ ਜ਼ਰੂਰੀ ਹੈ ਪਰ ਇਹਨਾਂ ਵਰਕਰਾਂ ਨੂੰ ਇਸ ਕੰਮ ਦੀ ਬਹੁਤ ਘੱਟ ਮਜ਼ਦੂਰੀ ਮਿਲਦੀ ਹੈ। ਬਹੁਤੀਆਂ ਹਾਲਤਾਂ ਵਿੱਚ ਇਹ ਮਜ਼ਦੂਰੀ ਉਹਨਾਂ ਦੇ ਦੇਸ਼ਾਂ ਵਿੱਚ ਨਿਸ਼ਚਿਤ ਕੀਤੀ ਗਈ ਘੱਟੋ ਘੱਟ ਉਜਰਤ ਦੇ ਨੇੜੇ ਹੁੰਦੀ ਹੈ ਅਤੇ ਕਈ ਹਾਲਤਾਂ ਵਿੱਚ ਉਸ ਤੋਂ ਵੀ ਘੱਟ। ਉਦਾਹਰਨ ਲਈ 2023 -2024 ਦੌਰਾਨ ਕੀਨੀਆ ਵਿੱਚ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਵਰਕਰਾਂ ਬਾਰੇ ਕਈ ਰਿਪੋਰਟਾਂ ਛਪੀਆਂ ਹਨ। ਇਹਨਾਂ ਰਿਪੋਰਟਾਂ ਵਿੱਚ ਕੀਨੀਆ ਦੇ ਵਰਕਰਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਕੰਮ ਕਰਨ ਦੇ 1.32 ਡਾਲਰ ਤੋਂ 2.0 ਡਾਲਰ ਪ੍ਰਤੀ ਘੰਟੇ ਦੇ ਮਿਲਦੇ ਹਨ। ਭਾਵੇਂ ਕਿ ਕੀਨੀਆ ਵਿੱਚ ਸਾਰੇ ਵਰਕਰਾਂ ਲਈ ਕੋਈ ਨਿਸ਼ਚਿਤ ਘੱਟੋ ਘੱਟ ਤਨਖਾਹ ਨਹੀਂ ਹੈ ਪਰ ਜਿਸ ਸਮੇਂ ਦੀ ਇਹ ਵਰਕਰ ਗੱਲ ਕਰਦੇ ਹਨ, ਉਸ ਸਮੇਂ ਕੀਨੀਆ ਵਿੱਚ ਇਕ ਰਿਸੈਪਸ਼ਨਿਸਟ ਦੀ ਘੱਟੋ ਘੱਟ ਤਨਖਾਹ 1.52 ਡਾਲਰ ਪ੍ਰਤੀ ਘੰਟਾ ਸੀ। ਭਾਵ ਇਹਨਾਂ ਵਰਕਰਾਂ ਦੀ ਤਨਖਾਹ ਇਕ ਰਿਸੈਪਸ਼ਨਿਸਟ ਲਈ ਨਿਸ਼ਚਿਤ ਕੀਤੀ ਘੱਟੋ ਘੱਟ ਤਨਖਾਹ ਦੇ ਬਰਾਬਰ ਸੀ, ਕੁੱਝ ਦੀ ਇਸ ਤੋਂ ਥੋੜ੍ਹੀ ਜਿਹੀ ਘੱਟ ਅਤੇ ਕੁੱਝ ਦੀ ਇਸ ਤੋਂ ਥੋੜ੍ਹੀ ਜਿਹੀ ਵੱਧ। ਫਿਲਪੀਨ ਬਾਰੇ ਛਪੀਆਂ ਰਿਪੋਰਟਾਂ ਵਿੱਚ ਉੱਥੋਂ ਦੇ ਵਰਕਰਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਅਕਸਰ ਫਿਲਪੀਨ ਵਿੱਚ ਨਿਸ਼ਚਿਤ ਘੱਟੋ ਘੱਟ ਤਨਖਾਹ ਤੋਂ ਘੱਟ ਪੈਸੇ ਮਿਲਦੇ ਹਨ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਫਿਲਪੀਨ ਵਿੱਚ ਵੱਖ ਵੱਖ ਖਿੱਤਿਆਂ ਵਿੱਚ ਘੱਟੋ ਘੱਟ ਤਨਖਾਹ ਦਿਹਾੜੀ ਦੇ 6-10 ਡਾਲਰ ਦੇ ਵਿਚਕਾਰ ਹੈ। ਵੈਨਜ਼ੁਇਲਾ ਵਿੱਚ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਪ੍ਰਤੀ ਘੰਟੇ ਦੇ 90 ਸੈਂਟ ਤੋਂ 2 ਡਾਲਰ ਦੇ ਵਿਚਕਾਰ ਮਜ਼ਦੂਰੀ ਮਿਲਦੀ ਹੈ।
ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਹ ਮਜ਼ਦੂਰੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ, ਪੂਰੀ ਨਹੀਂ ਦਿੱਤੀ ਜਾਂਦੀ ਜਾਂ ਬਿਲਕੁਲ ਹੀ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਕਰਨ ਲਈ ਇਹ ਕੰਪਨੀਆਂ ਕੋਈ ਨਾ ਕੋਈ ਕਾਰਨ ਲੱਭ ਲੈਂਦੀਆਂ ਹਨ। ਇਸ ਸੰਬੰਧ ਵਿੱਚ ਕੁੱਝ ਉਦਾਹਰਨਾਂ ਪੇਸ਼ ਹਨ। ਅਮਰੀਕਾ ਦੇ ਟੈਲੀਵਿਜ਼ਨ ਨੈੱਟਵਰਕ ਸੀ ਬੀ ਐੱਸ ਦੇ ਸਾਈਟ `ਤੇ ਉਹਨਾਂ ਦੇ 60 ਮਿੰਟ ਦੇ ਇਕ ਪ੍ਰੋਗਰਾਮ ਦੀ ਟ੍ਰਾਂਸਕ੍ਰਿਪਟ ਛਾਪੀ ਗਈ ਹੈ। ਇਸ ਪ੍ਰੋਗਰਾਮ ਵਿੱਚ ਉਹਨਾਂ ਨੇ ਕੀਨੀਆ ਵਿੱਚ ਡੈਟਾ ਨੂੰ ਲੇਬਲ ਕਰਨ ਦਾ ਕੰਮ ਕਰਨ ਵਾਲਿਆਂ ਨਾਲ ਇੰਟਰਵਿਊਆਂ ਕੀਤੀਆਂ ਹਨ ਜਿਹਨਾਂ ਵਿੱਚ ਇਹ ਵਰਕਰ ਦਸਦੇ ਹਨ ਕਿ ਉਹ ਡੈਟਾ ਨੂੰ ਲੇਬਲ ਕਰਨ ਦਾ ਕੰਮ ਕਰਨ ਵਾਲੀ ਕੰਪਨੀ ਸਕੇਲ ਆਈ ਦੇ ਵੈੱਬਸਾਈਟ ਰੀਮੋਟਟਾਸਕਸ ਨਾਲ ਕੰਮ ਕਰਦੇ ਸਨ। ਇਹਨਾਂ ਵਰਕਰਾਂ ਨੇ ਦੱਸਿਆ ਕਿ ਇਸ ਕੰਪਨੀ ਨੇ ਕਈ ਵਾਰੀ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਨਹੀਂ ਦਿੱਤੀ। ਉਹਨਾਂ ਦੱਸਿਆ ਕਿ ਜਦੋਂ ਤਨਖਾਹ ਦੇਣ ਦਾ ਸਮਾਂ ਆਉਂਦਾ ਸੀ ਤਾਂ ਇਹ ਕੰਪਨੀ ਉਸ ਤੋਂ ਕੁੱਝ ਦਿਨ ਪਹਿਲਾਂ ਵਰਕਰਾਂ ਨੂੰ ਇਹ ਕਹਿ ਕੇ ਉਹਨਾਂ ਦਾ ਅਕਾਊਂਟ ਬੰਦ ਕਰ ਦਿੰਦੀ ਸੀ ਕਿ ਉਹਨਾਂ ਨੇ “ਕਿਸੇ ਪਾਲਸੀ ਦੀ ਉਲੰਘਣਾ ਕੀਤੀ ਹੈ”। ਇੰਟਰਵਿਊ ਕਰਨ ਵਾਲੇ ਵਲੋਂ ਇਹ ਪੁੱਛਣ `ਤੇ ਕਿ ਕੀ ਇਹ ਵਰਤਾਰਾ ਆਮ ਸੀ, ਵਰਕਰਾਂ ਦਾ ਜੁਆਬ ਸੀ ਹਾਂ। ਇਕ ਹੋਰ ਰਿਪੋਰਟ ਵਿੱਚ ਇਕ ਵਰਕਰ ਨੇ ਇਸ ਤਰ੍ਹਾਂ ਦੀ ਹੀ ਇਕ ਕਹਾਣੀ ਇੰਡੀਆ ਬਾਰੇ ਦੱਸੀ ਹੈ। ਇਹ ਵਰਕਰ ਆਊਟਲੀਅਰ ਨਾਂ ਦੀ ਕੰਪਨੀ ਲਈ ਕੰਮ ਕਰਦਾ ਸੀ। ਆਊਟਲੀਅਰ ਸਕੇਲ ਆਈ ਕੰਪਨੀ ਦਾ ਹੀ ਹਿੱਸਾ ਹੈ। ਇਸ ਵਰਕਰ ਨੇ ਦੱਸਿਆ ਕਿ ਜਦੋਂ ਉਸ ਨੇ 5 ਡਾਲਰ ਦੇ ਬਰਾਬਰ ਦਾ ਕੰਮ ਕਰ ਲਿਆ ਤਾਂ ਇਕ ਹਫਤਾ ਬਾਅਦ ਤੱਕ ਕੰਪਨੀ ਨੇ ਉਸ ਨੂੰ ਕੋਈ ਅਦਾਇਗੀ ਨਹੀਂ ਕੀਤੀ। ਉਹ ਫਿਰ ਵੀ ਕੰਮ ਕਰਦਾ ਰਿਹਾ ਅਤੇ ਉਸ ਦੇ ਕੰਪਨੀ ਵੱਲ 20 -30 ਡਾਲਰ ਬਣ ਗਏ। ਜਦੋਂ ਉਹ ਇਸ ਅਦਾਇਗੀ ਦੀ ਉਡੀਕ ਕਰ ਰਿਹਾ ਸੀ ਤਾਂ ਉਸ ਨੂੰ ਕੰਪਨੀ ਵਲੋਂ ਇਕ ਈਮੇਲ ਮਿਲੀ ਕਿ ਉਸ ਨੇ ਕੰਪਨੀ ਦੀ ਪਾਲਸੀ ਦੀ ਉਲੰਘਣਾ ਕੀਤੀ ਹੈ ਅਤੇ ਉਸ ਦਾ ਅਕਾਊਂਟ ਮੁਲਤਵੀ ਕਰ ਦਿੱਤਾ ਗਿਆ ਹੈ। ਜਦੋਂ ਵਰਕਰ ਨੇ ਕੰਪਨੀ ਨੂੰ ਇਸ ਦੇ ਕਾਰਨ ਬਾਰੇ ਪੁੱਛਿਆ ਤਾਂ ਉਸ ਨੂੰ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ ਅਤੇ ਉਸ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ।
ਸੰਨ 2023 ਵਿੱਚ ਵਸ਼ਿੰਗਟਨ ਪੋਸਟ ਵਿੱਚ ਫਿਲਪੀਨ ਵਿੱਚ ਡੈਟਾ ਲੇਬਲ ਕਰਨ ਦਾ ਕੰਮ ਵਾਲੇ ਵਰਕਰਾਂ ਬਾਰੇ ਰਿਪੋਰਟ ਛਪੀ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਫਿਲਪੀਨ ਵਿੱਚ ਸਕੇਲ ਆਈ ਕੰਪਨੀ ਨੇ ਵਰਕਰਾਂ ਨੂੰ ਬਹੁਤ ਘੱਟ ਤਨਖਾਹਾ ਦਿੱਤੀਆਂ ਸਨ, ਇਹ ਤਨਖਾਹਾਂ ਬਹੁਤੀ ਵਾਰ ਲੇਟ ਦਿੱਤੀਆਂ ਸਨ ਜਾਂ ਦਿੱਤੀਆਂ ਹੀ ਨਹੀਂ ਸਨ ਅਤੇ ਵਰਕਰਾਂ ਨੂੰ ਇਸ ਬਾਰੇ ਚਾਰਾਜੋਈ ਕਰਨ ਦਾ ਕੋਈ ਢੰਗ ਮੁਹੱਈਆ ਨਹੀਂ ਕੀਤਾ ਸੀ। ਵਸ਼ਿੰਗਟਨ ਪੋਸਟ ਨੇ ਇਹ ਗੱਲ ਵਰਕਰਾਂ ਨਾਲ ਕੀਤੀਆਂ ਇੰਟਰਵਿਊਆਂ, ਕੰਪਨੀ ਦੇ ਅੰਦਰੂਨੀ ਸੁਨੇਹਿਆਂ, ਅਦਾਇਗੀਆਂ ਦੇ ਰਿਕਾਰਡ ਅਤੇ ਵਿੱਤੀ ਬਿਆਨ (ਫਾਈਨੈਂਸ਼ੀਅਲ ਸਟੇਟਮੈਂਟ) ਦੇਖਣ ਤੋਂ ਬਾਅਦ ਕਹੀ ਸੀ। ਇਸ ਰਿਪੋਰਟ ਵਿੱਚ ਫਿਲਪੀਨ ਦੇ ਕੁੱਝ ਵਰਕਰਾਂ ਨੇ ਆਪਣੀ ਸਥਿਤੀ ਇਸ ਤਰ੍ਹਾਂ ਦੱਸੀ। 23 ਸਾਲਾ ਸ਼ੈਰੀਸ ਨੇ ਦੱਸਿਆ ਕਿ ਉਸ ਨੇ ਇਕ ਕੰਮ `ਤੇ ਚਾਰ ਘੰਟੇ ਲਾਏ, ਜਿਸ ਲਈ ਉਸ ਨੂੰ 2 ਡਾਲਰ ਮਿਲਣੇ ਸਨ, ਸਕੇਲ ਆਈ ਦੀ ਕੰਪਨੀ ਰੀਮੋਟਟਾਸਕਸ ਨੇ ਉਸ ਨੂੰ 30 ਸੈਂਟ ਦਿੱਤੇ। ਇਕ ਹੋਰ ਵਰਕਰ ਜੈਕੀ ਨੇ ਦੱਸਿਆ ਕਿ ਉਸ ਨੇ ਇਕ ਕੰਮ `ਤੇ ਤਿੰਨ ਦਿਨ ਕੰਮ ਕੀਤਾ ਅਤੇ ਉਸ ਦਾ ਖਿਆਲ ਸੀ ਕਿਇਸ ਲਈ ਉਸ ਨੂੰ 50 ਡਾਲਰ ਮਿਲਣਗੇ ਪਰ ਉਸ ਨੂੰ ਇਸ ਲਈ ਸਿਰਫ 12 ਡਾਲਰ ਮਿਲੇ। 36 ਸਾਲਾ ਬੈਨਜ਼ ਨੇ ਦੱਸਿਆ ਕਿ ਉਸ ਨੇ ਕੰਪਨੀ ਲਈ 150 ਡਾਲਰ ਤੋਂ ਵੱਧ ਦਾ ਕੰਮ ਕੀਤਾ ਸੀ, ਪਰ ਉਸ ਨੂੰ ਅਚਾਨਕ ਪਲੇਟਫਾਰਮ ਤੋਂ ਕੱਢ ਦਿੱਤਾ ਗਿਆ ਅਤੇ ਉਸ ਨੂੰ ਇਸ ਲਈ ਕੁੱਝ ਨਹੀਂ ਮਿਲਿਆ। ਇਕ ਹੋਰ ਵਰਕਰ ਨੇ ਦੱਸਿਆ ਕਿ ਜੇ ਤੁਸੀਂ ਸੁਪਰਵਾਈਜ਼ਰ ਕੋਲ ਥੋੜ੍ਹੀ ਜਿਹੀ ਵੀ ਸ਼ਿਕਾਇਤ ਕਰੋ ਤਾਂ ਉਹ ਤੁਹਾਡਾ ਅਕਾਊਂਟ ਬੰਦ ਕਰ ਦਿੰਦੇ ਹਨ ਅਤੇ ਫਿਰ ਤੁਸੀਂ ਉਹਨਾਂ ਨਾਲ ਹੋਰ ਕੰਮ ਨਹੀਂ ਕਰ ਸਕਦੇ।
ਡੈਟਾ ਲੇਬਲ ਕਰਨ ਵਾਲੇ ਵਰਕਰਾਂ ਬਾਰੇ ਛਪੀਆਂ ਰਿਪੋਰਟਾਂ ਵਿੱਚ ਇਹਨਾਂ ਵਰਕਰਾਂ ਨੇ ਇਕ ਹੋਰ ਸ਼ਿਕਾਇਤ ਇਹ ਕੀਤੀ ਹੈ ਕਿ ਉਹਨਾਂ ਦਾ ਕੰਮ ਉਹਨਾਂ `ਤੇ ਮਾਨਸਿਕ ਤੌਰ `ਤੇ ਬਹੁਤ ਬੁਰੇ ਅਸਰ ਪਾਉਂਦਾ ਹੈ। ਉਹਨਾਂ ਅਨੁਸਾਰ ਉਹਨਾਂ ਨੂੰ ਕਈ ਵਾਰੀ ਘੰਟਿਆਂ ਬੱਧੀ ਅਸ਼ਲੀਲ, ਅਣਮਨੁੱਖੀ, ਹਿੰਸਾ ਅਤੇ ਨਫਰਤ ਨਾਲ ਭਰਪੂਰ ਲਿਖਤਾਂ, ਤਸਵੀਰਾਂ, ਵੀਡੀਓ ਆਦਿ ਦੇਖ ਕੇ ਲੇਬਲ ਕਰਨੀਆਂ ਪੈਂਦੀਆਂ ਹਨ ਤਾਂ ਕਿ ਏ ਆਈ ਦੇ ਮਾਡਲਾਂ ਨੂੰ ਇਹਨਾਂ ਚੀਜ਼ਾਂ ਬਾਰੇ ਸਿਖਲਾਈ ਦਿੱਤੀ ਜਾ ਸਕੇ। ਸੀ ਬੀ ਐੱਸ ਨੈੱਟਵਰਕ ਦੀ ਪਹਿਲਾਂ ਦਰਜ ਕੀਤੀ ਰਿਪੋਰਟ ਵਿੱਚ ਕੀਨੀਆ ਦੇ ਇਕ ਵਰਕਰ ਨੇ ਦੱਸਿਆ ਕਿ ਉਸ ਦੀ ਡਿਊਟੀ ਏ ਆਈ ਦੇ ਮਾਡਲ ਨੂੰ ਪੋਰਨੋਗ੍ਰਾਫੀ (ਅਸ਼ਲੀਲਤਾ), ਨਫਰਤ ਭਰੀ ਬੋਲਚਾਲ ਅਤੇ ਅਤਿ ਦੀ ਹਿੰਸਾ ਦੀ ਪਛਾਣ ਕਰਨਾ ਸਿਖਾਉਣਾ ਸੀ। ਇਸ ਲਈ ਉਸ ਨੂੰ ਹਰ ਰੋਜ਼ 8 ਘੰਟੇ, ਹਫਤੇ ਦੇ 40 ਘੰਟੇ ਅਜਿਹੀ ਸਮੱਗਰੀ ਦੇਖਣੀ ਪੈਂਦੀ ਸੀ ਜਿਸ ਵਿੱਚ ਲੋਕਾਂ ਨੂੰ ਵੱਢਿਆ-ਟੁੱਕਿਆ ਜਾ ਰਿਹਾ ਹੁੰਦਾ ਸੀ, ਲੋਕ ਜਾਨਵਰਾਂ ਨਾਲ ਸੰਭੋਗ ਕਰ ਰਹੇ ਹੁੰਦੇ ਸਨ ਅਤੇ ਬੱਚਿਆਂ ਨਾਲ ਸਰੀਰਕ ਅਤੇ ਲਿੰਗਕ ਤੌਰ `ਤੇ ਦੁਰਵਿਹਾਰ ਕਰ ਰਹੇ ਹੁੰਦੇ ਸਨ। ਇਸ ਤਰ੍ਹਾਂ ਦੀ ਸਮੱਗਰੀ ਦੇਖਣ ਨਾਲ ਇਹ ਵਰਕਰ ਮਾਨਸਿਕ ਤੌਰ `ਤੇ ਬਹੁਤ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ। ਉਸ ਦਾ ਕਹਿਣਾ ਸੀ ਕਿ ਉਹ ਜਦੋਂ ਵੀ ਆਪਣੇ ਇਸ ਤਜਰਬੇ ਬਾਰੇ ਗੱਲ ਕਰਦਾ ਹੈ ਤਾਂ ਉਸ ਨੂੰ ਇਸ ਬਾਰੇ ਡਰਾਉਣੇ ਸੁਫਨੇ ਆਉਂਦੇ ਹਨ। ਕੀਨੀਆ ਵਿੱਚ ਹੀ ਇਸ ਤਰ੍ਹਾਂ ਦੀ ਸਮੱਗਰੀ ਦੇਖਣ ਵਾਲੀ ਇਕ ਹੋਰ ਵਰਕਰ ਨੇ ਸੀ ਬੀ ਐੱਸ ਨੈੱਟਵਰਕ ਨੂੰ ਆਪਣੇ ਉੱਤੇ ਮਾਨਸਿਕ ਤੌਰ `ਤੇ ਪਏ ਬੁਰੇ ਅਸਰ ਬਾਰੇ ਦਸਦਿਆਂ ਕਿਹਾ ਇਸ ਕੰਮ ਦੇ ਨਤੀਜੇ ਵਜੋਂ ਉਸ ਨੂੰ ਲੋਕਾਂ ਨਾਲ ਗੱਲਬਾਤ ਕਰਨੀ ਬਹੁਤ ਮੁਸ਼ਕਿਲ ਲਗਦੀ ਹੈ ਅਤੇ ਉਸ ਨੂੰ ਗੱਲ ਕਰਨ ਦੀ ਥਾਂ ਰੋਣਾ ਸੋਖਾ ਲਗਦਾ ਹੈ। ਉਸ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੇ ਕੰਮ ਕਾਰਨ ਤੁਸੀਂ ਆਪਣੇ ਆਪ ਨੂੰ ਲੋਕਾਂ ਤੋਂ ਕੱਟ ਲੈਂਦੇ ਹੋ ਅਤੇ ਆਪਣੇ ਆਪ ਨੂੰ ਬਿਲਕੁਲ ਇਕੱਲੇ ਕਰ ਲੈਂਦੇ ਹੋ।
ਇਹਨਾਂ ਵਰਕਰਾਂ ਦੇ ਕੰਮ ਦੀਆਂ ਹਾਲਤਾਂ ਬਾਰੇ ਕੁੱਝ ਹੋਰ ਗੱਲਾਂ ਇਸ ਪ੍ਰਕਾਰ ਹਨ। ਇਹਨਾਂ ਵਰਕਰਾਂ `ਤੇ ਕੰਪਿਊਟਰ ਪ੍ਰੋਗਰਾਮਾਂ ਨਾਲ ਬਹੁਤ ਸਖਤ ਨਿਗਰਾਨੀ ਰੱਖੀ ਜਾਂਦੀ ਹੈ। ਇਹ ਕੰਪਿਊਟਰ ਪ੍ਰੋਗਰਾਮ ਵਰਕਰਾਂ ਦੇ ਕੰਮ ਦੇ ਸਕਿੰਟ ਸਕਿੰਟ ਦਾ ਹਿਸਾਬ ਰੱਖਦੇ ਹਨ। ਜੇ ਵਰਕਰਾਂ ਨੇ ਟੋਆਇਲੈੱਟ ਵਗੈਰਾ ਜਾਣਾ ਹੋਵੇ ਤਾ ਉਹਨਾਂ ਨੂੰ ਆਪਣੇ ਅਕਾਊਂਟ ਤੋਂ ਲੌਗ ਆਊਟ ਹੋ ਕੇ ਜਾਣਾ ਪੈਂਦਾ ਹੈ ਅਤੇ ਟੋਆਇਲਟ ਤੋਂ ਵਾਪਸ ਆ ਕੇ ਫਿਰ ਲੌਗ ਇਨ ਕਰਨਾ ਪੈਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਵਰਕਰਾਂ ਵਲੋਂ ਟੋਆਇਲੈੱਟ ਵਗੈਰਾ ਜਾਣ ਦਾ ਸਮਾਂ ਉਹਨਾਂ ਦੇ ਕੰਮ ਦੇ ਸਮੇਂ ਵਿੱਚੋਂ ਕੱਟ ਲਿਆ ਜਾਂਦਾ ਹੈ। ਇਹਨਾਂ ਨੂੰ ਬਹੁਤ ਤੇਜ਼ ਕੰੰਮ ਕਰਨਾ ਪੈਂਦਾ ਹੈ ਅਤੇ ਕਈ ਵਾਰੀ ਇਹਨਾਂ ਨੂੰ ਆਪਣਾ ਕੰਮ ਮੁਕਾਉਣ ਲਈ ਵਾਧੂ ਸਮਾਂ ਲਾਉਣਾ ਪੈਂਦਾ ਹੈ, ਜਿਸ ਦੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ। ਕਈ ਵਰਕਰਾਂ ਨੇ ਦੱਸਿਆ ਕਿ ਜਿਸ ਕੰੰਮ ਲਈ ਕੰਪਨੀ ਵਲੋਂ 1 ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਹੁੰਦਾ ਹੈ, ਉਹ ਕੰਮ 1 ਘੰਟੇ ਵਿੱਚ ਖਤਮ ਨਹੀਂ ਹੁੰਦਾ ਅਤੇਇਸ ਸਮੇਂ ਵਰਕਰਾਂ ਕੋਲ ਦੋ ਚੋਣਾਂ ਹੁੰਦੀਆਂ ਹਨ। ਇਕ ਕੰਮ ਨੂੰ ਅੱਧ ਵਿਚਾਲੇ ਛੱਡ ਦਿੱਤਾ ਜਾਵੇ, ਜਿਸ ਬਦਲੇ ਉਹਨਾਂ ਨੂੰ ਆਪਣੇ ਵਲੋਂ ਲਾਏ ਸਮੇਂ ਦੇ ਕੋਈ ਪੈਸੇ ਨਹੀਂ ਮਿਲਦੇ। ਜਾਂ ਵਾਧੂ ਸਮਾਂ ਲਾ ਕੇ ਕੰਮ ਨੂੰ ਮੁਕੰਮਲ ਕੀਤਾ ਜਾਵੇ, ਜਿਸ ਹਾਲਤ ਵਿੱਚ ਉਹਨਾਂ ਨੂੰ ਵਾਧੂ ਲਾਏ ਸਮੇਂ ਦੇ ਪੈਸੇ ਨਹੀਂ ਮਿਲਦੇ। ਇਸ ਤੋਂ ਬਿਨਾਂ ਉਹਨਾਂ ਨੂੰ ਕੰਮ ਦੀ ਕੋਈ ਸਕਿਉਰਟੀ ਨਹੀਂ ਹੁੰਦੀ। ਇਹ ਕੰਪਨੀਆਂ ਜਦੋਂ ਚਾਹੁਣ ਉਹਨਾਂ ਦੇ ਅਕਾਊਂਟ ਬੰਦ ਕਰ ਸਕਦੀਆਂ ਹਨ ਅਤੇ ਉਹਨਾਂ ਨੂੰ ਕੰਮ ਤੋਂ ਵਿਹਲੇ ਕਰ ਸਕਦੀਆਂ ਹਨ।
ਇਹਨਾਂ ਵਰਕਰਾਂ ਦੇ ਸੰਬੰਧ ਵਿੱਚ ਸਿਤਮ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਕੋੋਲ ਆਪਣੀ ਸ਼ਿਕਾਇਤ ਕਰਨ ਦਾ ਕੋਈ ਰਸਤਾ ਨਹੀਂ। ਉਹਨਾਂ ਦੀਆਂ ਮਾਲਕ ਕੰਪਨੀਆਂ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਜੇ ਵਰਕਰ ਆਪਣੀਆਂ ਮੁਸ਼ਕਿਲਾਂ ਦੇ ਹੱਲ ਲੱਭਣ ਲਈ ਇਕੱਠੇ ਹੋ ਕੇ ਕੋਈ ਸੰਗਠਨ ਜਾਂ ਯੂਨੀਅਨ ਬਣਾਉਣਾ ਚਾਹੁੰਦੇ ਹਨ ਤਾਂ ਇਹ ਕੰਪਨੀਆਂ ਵਰਕਰਾਂ ਨੂੰ ਕੰਮ ਤੋਂ ਕੱਢ ਦਿੰਦੀਆਂ ਹਨ ਅਤੇ ਕੰਮ ਕਰਨ ਦੀਆਂ ਥਾਂਵਾਂ ਨੂੰ ਬੰਦ ਕਰ ਦਿੰਦੀਆਂ ਹਨ। ਇਸ ਸੰਬੰਧ ਵਿੱਚ ਕੀਨੀਆ ਦੀਆਂ ਦੋ ਉਦਾਹਰਨਾਂ ਪੇਸ਼ ਹਨ। ਮਈ 2024 ਵਿੱਚ ਕੀਨੀਆ ਵਿੱਚ ਡੈਟਾ ਨੂੰ ਲੇਬਲ ਕਰਨ ਵਾਲੇ ਅਤੇ ਕਨਟੈਂਟ ਮਾਡਰੇਟਰਾਂ ਦਾ ਕੰਮ ਕਰਨ ਵਾਲੇ 97 ਵਰਕਰਾਂ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਆਪਣੀਆਂ ਕੰਮ ਦੀਆਂ ਭੈੜੀਆਂ ਹਾਲਤਾਂ ਬਾਰੇ ਇਕ ਖੁੱਲ੍ਹਾ ਖੱਤ ਲਿਖਿਆ ਕਿਉਂਕਿ ਉਹ ਆਰਟੀਫਿਸ਼ਨ ਇਨਟੈਲੀਜੈਂਸ ਦੇ ਖੇਤਰ ਵਿੱਚ ਅਮਰੀਕਾ ਦੀਆਂ ਕੰਪਨੀਆਂ ਨਾਲ ਕੰਮ ਕਰਦੇ ਸਨ। ਇਸ ਖੱਤ ਵਿੱਚ ਉਹਨਾਂ ਦੋਸ਼ ਲਾਇਆ ਕਿ ਅਮਰੀਕਾ ਦੀਆਂ ਵੱਡੀਆਂ ਟੈੱਕ ਕੰਪਨੀਆਂ ਇਕ ਯੋਜਨਾਬੱਧ ਢੰਗ ਨਾਲ ਅਫਰੀਕਾ ਦੇ ਵਰਕਰਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਕੀਨੀਆ ਵਿੱਚ ਉਹ ਦੇਸ਼ ਦੇ ਕਿਰਤ ਕਾਨੂੰਨਾਂ (ਲੇਬਰ ਲਾਅਜ਼), ਨਿਆਂ ਪ੍ਰਣਾਲੀ ਅਤੇ ਅੰਤਰਰਾਸ਼ਟਰੀ ਕਿਰਤ ਮਿਆਰਾਂ (ਇਨਟਰਨੈਸ਼ਨਲ ਲੇਬਰ ਸਟੈਂਡਰਡਜ਼) ਦੀ ਉਲੰਘਣਾ ਕਰ ਰਹੀਆਂ ਹਨ। ਇਹਨਾਂ ਵਰਕਰਾਂ ਨੇ ਅਗਾਂਹ ਲਿਖਿਆ ਕਿ ਇਹਨਾਂ ਕੰਪਨੀਆਂ ਵਲੋਂ ਯੂਨੀਅਨਾਂ ਬਣਾਉਣ ਵਿੱਚ ਰੁਕਾਵਟਾਂ ਪਾਉਣਾ ਆਮ ਗੱਲ ਹੈ। ਜਦੋਂ ਕੀਨੀਆ ਵਿੱਚ ਫੇਸਬੁੱਕ ਨਾਲ ਕਨਟੈਂਟ ਮਾਡਰੇਟਰਾਂ ਦਾ ਕੰਮ ਕਰਨ ਵਾਲੇ ਵਰਕਰਾਂ ਨੇ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਾਰੇ ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਅਤੇ ਫੇਸਬੁੱਕ ਦੀ ਮਾਲਕ ਕੰਪਨੀ ਮੈਟਾ ਕਨਟੈਂਟ ਨੂੰ ਮਾਡਰੇਟ ਕਰਨ ਦਾ ਸਾਰਾ ਕੰਮ ਕੀਨੀਆ ਵਿੱਚ ਬੰਦ ਕਰਕੇ ਘਾਨ੍ਹਾ ਵਿੱਚ ਲੈ ਗਈ। ਇਸ ਹੀ ਤਰ੍ਹਾਂ ਕੀਨੀਆ ਵਿੱਚ ਸਕੇਲ ਆਈ ਦੀ ਮਾਤਾਹਿਤ ਕੰਪਨੀ ਰੀਮੋਟਟਾਸਕ ਵਿੱਚ ਵਾਪਰਿਆ। ਜਦੋਂ ਉਸ ਕੰਪਨੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੇ ਜਥੇਬੰਦ ਹੋਣ ਦੀ ਕੋਸ਼ਿਸ਼ ਕੀਤੀ ਤਾਂ ਰੀਮੋਟਟਾਸਕ ਨੇ ਉਹਨਾਂ ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਰਾਤੋ ਰਾਤ ਆਪਣਾ ਕੰਮ ਉੱਥੇ ਬੰਦ ਕਰਕੇ ਅਫਰੀਕਾ ਤੋਂ ਬਾਹਰ ਲੈ ਗਈ।
ਉਪਰਲੇ ਤੱਥਾਂ ਦੇ ਆਧਾਰ `ਤੇ ਇਹ ਕਿਹਾ ਜਾ ਸਕਦਾ ਹੈ ਕਿ ਆਰਟੀਫਿਸ਼ਲ ਇਨਟੈਲੀਜੈਂਸ ਨੂੰ ਵਿਕਸਤ ਕਰਨ ਵਿੱਚ ਆਪਣੇ ਖੂਨ ਅਤੇ ਪਸੀਨ ਨਾਲ ਯੋਗਦਾਨ ਪਾਉਣ ਵਾਲੇ ਇਹ ਦਹਿ ਲੱਖਾਂ (ਮਿਲੀਅਨਜ਼) ਵਰਕਰ ਬਹੁਤ ਹੀ ਭੈੜੀਆਂ ਅਤੇ ਸਖਤ ਹਾਲਤਾਂ ਵਿੱਚ ਕੰਮ ਕਰ ਰਹੇ ਹਨ। ਉਹਨਾਂ ਕੋਲ ਇਹਨਾਂ ਹਾਲਤਾਂ ਵਿਰੁੱਧ ਸ਼ਿਕਾਇਤ ਕਰਨ ਅਤੇ ਇਹਨਾਂ ਦਾ ਹੱਲ ਲੱਭਣ ਲਈ ਚਾਰਾਜੋਈ ਕਰਨ ਦਾ ਕੋਈ ਰਸਤਾ ਨਹੀਂ। ਕੀਨੀਆ ਵਿੱਚ ਡੈਟਾ ਲੇਬਲ ਕਰਨ ਦਾ ਕੰਮ ਕਰਨ ਵਾਲੇ ਵਰਕਰਾਂ ਦੇ ਅਨੁਸਾਰ ਉਹਨਾਂ ਦਾ ਇਹ ਕੰਮ ਅੱਜ ਦੇ ਯੁੱਗ ਦੀ ਗੁਲਾਮੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਜਿਵੇਂਂ ਗੁਲਾਮਦਾਰੀ ਯੁੱਗ ਵਿੱਚ ਅਮਰੀਕਾ ਵਿੱਚ ਵੱਡੀਆਂ ਵੱਡੀਆਂ ਪਲਾਂਟਸੇ਼ਨਾਂ (ਖੇਤਾਂ) ਵਿੱਚ ਖੇਤੀ ਦਾ ਕੰਮ ਕਾਲੇ ਗੁਲਾਮ ਕਰਦੇ ਸਨ ਪਰ ਉਹਨਾਂ ਖੇਤਾਂ ਦੇ ਉਤਪਾਦਨ ਤੋਂ ਪੈਦਾ ਹੋਣ ਵਾਲੀ ਦੌਲਤ ਖੇਤਾਂ ਅਤੇ ਕਾਲੇ ਗੁਲਾਮਾਂ ਦੇ ਮਾਲਕ ਗੋਰੇ ਫਾਰਮਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਂਦੀ ਸੀ, ਉਸ ਹੀ ਤਰ੍ਹਾਂ ਅੱਜ ਆਰਟੀਫਿਸ਼ਲ ਇਨਟੈਲੀਜੈਂਸ ਦੇ ਮਾਡਲਾਂ ਨੂੰ ਸਿਖਿਅਤ ਕਰਨ ਲਈ ਖੂਨ ਪਸੀਨਾ, ਇਹ ਡੈਟਾ ਵਰਕਰ ਵਹਾਉਂਦੇ ਹਨ ਪਰ ਇਸ ਤਕਨੌਲੌਜੀ ਤੋਂ ਪੈਦਾ ਹੋਣ ਵਾਲੀ ਦੌਲਤ ਆਰਟੀਫਿਸ਼ਲ ਇਨਟੈਲੀਜੈਂਸ ਨਾਲ ਸੰਬੰਧਿਤ ਮੁੱਠੀ ਭਰ ਕਾਰਪੋੋਰੇਸ਼ਨਾਂ ਅਤੇ ਉਹਨਾਂ ਦੇ ਮਾਲਕਾਂ/ਸ਼ੇਅਰਹੋਲਡਰਾਂ ਦੇ ਕੋਲ ਇਕੱਠੀ ਹੋਈ ਜਾਂਦੀ ਹੈ। ਅਮਰੀਕਾ ਦੀ ਸਿਲੀਕੋਨ ਵੈਲੀ ਦੇ ਅਰਬਾਂਪਤੀ ਇਸ ਲਈ ਦੌਲਤਮੰਦ ਨਹੀਂ ਹਨ ਕਿ ਉਹ ਬਹੁਤ ਹੁਸ਼ਿਆਰ ਅਤੇ ਉੱਦਮੀ ਹਨ, ਸਗੋੋਂ ਉਹ ਇਸ ਲਈ ਅਮੀਰ ਹਨ ਕਿਉਂਕਿ ਉਹ ਦੁਨੀਆ ਭਰ ਦੇ ਦਹਿ-ਲੱਖਾਂ ਕਾਮਿਆਂ ਨੂੰ ਉਹਨਾਂ ਦੀ ਸਖਤ ਮਿਹਨਤ ਦਾ ਯੋਗ ਮੁੱਲ ਅਦਾ ਨਹੀਂ ਕਰਦੇ। **** (ਇਸ ਲੇਖ ਵਿੱਚ ਵਰਤੀ ਜਾਣਕਾਰੀ ਦੇ ਸ੍ਰੋਤਾਂ ਬਾਰੇ ਜਾਣਨ ਲਈ sukhwanthundal.wordpress.com `ਤੇ ਜਾਉ।)