ਔਰਤਾਂ ਵਿਰੁੱਧ ਇੱਕ-ਤਿਹਾਈ ਅਪਰਾਧਾਂ ’ਚ ਉਸਦੇ ਕਰੀਬੀ ਰਿਸ਼ਤੇਦਾਰ ਹੁੰਦੇ ਹਨ ਜੁੰਮੇਵਾਰ! ਡਾ.ਦਵਿੰਦਰ ਖੁਸ਼ ਧਾਲੀਵਾਲ
ਲੰਘੀ 31 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਰਾਜਸਥਾਨ ਦੀ ਇੱਕ ਵੀਡੀਓ ਵਾਇਰਲ ਹੋਈ। ਜਿਸ ਵਿੱਚ ਇੱਕ ਔਰਤ ਨੂੰ ਕੁੱਝ ਲੋਕਾਂ ਵੱਲੋਂ ਜਬਰਦਸਤੀ ਨਗਨ ਕਰਕੇ ਕੁੱਟ ਮਾਰ ਕਰਦੇ ਹੋਏ ਸੜਕ ’ਤੇ ਘੁਮਾਇਆ ਜਾ ਰਿਹਾ ਸੀ। ਵੀਡੀਓ ਵਿੱਚ ਔਰਤ ਰੋਂਦੀ ਹੋਈ ਅਤੇ ਵੀਡੀਓ ਨਾ ਬਣਾਉਣ ਲਈ ਅਰਜੋਈਆਂ ਕਰਦੀ ਹੈ। ਮੀਡੀਆ ਰਿਪੋਰਟਾਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਇਹ ਘਿਨਾਉਣੀ ਕਰਤੂਤ ਕਰਨ ਵਾਲ਼ੇ ਹੋਰ ਕੋਈ ਨਹੀਂ ਸਗੋਂ ਔਰਤ ਦਾ ਪਤੀ ਤੇ ਉਸ ਦਾ ਸਹੁਰਾ ਪਰਿਵਾਰ ਹੀ ਸੀ! ਖੈਰ ਵੀਡੀਓ ਸਭ ਦੇ ਸਾਹਮਣੇ ਆਉਣ ਤੋਂ ਬਾਅਦ, ਲੋਕਾਂ ਦੇ ਦਬਾਅ ਕਾਰਨ ਪੁਲਿਸ ਨੂੰ ਮਜਬੂਰਨ ਕੇਸ ਦਰਜ ਕਰਨਾ ਪਿਆ। ਇਹ ਅਣਮਨੁੱਖੀ ਘਟਨਾ ਹਰ ਸੁਹਿਰਦ ਨਾਗਰਿਕ ਦੇ ਸਾਹਮਣੇ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਸਾਡੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਕੀ ਹੈ? ਇਹ ਇਕੱਲੀ ਇਕਹਿਰੀ ਘਟਨਾ ਨਹੀਂ ਹੈ, ਇਸੇ ਸਾਲ ਮਈ ਮਹੀਨੇ ਵਿੱਚ ਮਨੀਪੁਰ ਵਿੱਚ ਔਰਤਾਂ ਨੂੰ ਨਗਨ ਕਰਕੇ ਸ਼ਰੇ੍ਹਆਮ ਬਜਾਰ ਵਿੱਚ ਗੇੜੇ ਲਵਾਏ ਗਏ ਸਨ। ਇਹ ਵਰਤਾਰਾ ਲਗਾਤਾਰ ਸਾਡੇ ਸਮਾਜ ਵਿੱਚ ਵਾਪਰ ਰਿਹਾ ਹੈ।
ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਔਰਤ ਖਿਲਾਫ ਹੋ ਰਹੇ ਜੁਲਮਾਂ ਪ੍ਰਤੀ ਸਾਡੇ ਸਮਾਜ ਵਿੱਚ ਇੱਕ ਸਹਿਮਤੀ ਪਾਈ ਜਾਂਦੀ ਹੈ। ਔਰਤ ਵਿਰੋਧੀ ਮਾਨਸਿਕਤਾ ਤਹਿਤ ਜਿਆਦਾ ਲੋਕ ਪੀੜਤ ਔਰਤ ਨੂੰ ਹੀ ਦੋਸ਼ੀ ਵਜੋਂ ਦੇਖਦੇ ਹਨ। ਇਸ ਵਿੱਚ ਇਕੱਲੇ ਮਰਦ ਹੀ ਨਹੀਂ ਔਰਤਾਂ ਵੀ ਸ਼ਾਮਿਲ਼ ਹਨ, ਜੋ ਕਿਸੇ ਔਰਤ ਨਾਲ਼ ਬਲਾਤਕਾਰ, ਛੇੜਛਾੜ ਦੀ ਘਟਨਾ ਹੋਣ ’ਤੇ ਮਨੋ-ਮਨੀ ਮੰਨਦੇ ਹਨ ਕਿ ਔਰਤ ਦੀ ਕੋਈ ਨਾ ਕੋਈ ਗਲਤੀ ਜਰੂਰ ਹੋਵੇਗੀ। ਇੱਥੋਂ ਤੱਕ ਸਰਕਾਰੀ ਸਰਵੇਖਣ ਵੀ ਇਸ ਦੀ ਗਵਾਹੀ ਭਰਦੇ ਹਨ। ਕੌਮੀ ਪਰਿਵਾਰ ਸਿਹਤ ਸਰਵੇਖਣ ਦੌਰਾਨ 45 ਫੀਸਦੀ ਔਰਤਾਂ ਅਤੇ 44 ਫੀਸਦੀ ਮਰਦਾਂ ਜਿਨ੍ਹਾਂ ਦੀ ਉਮਰ 15 ਤੋਂ 49 ਵਿਚਕਾਰ ਹੈ, ਨੇ ਇਹ ਗੱਲ ਮੰਨੀ ਹੈ ਕਿ ਪਤੀ ਵੱਲੋਂ ਪਤਨੀ ਦੀ ਕੁੱਟਮਾਰ ਜਾਇਜ ਹੈ। ਇੱਕ ਪਾਸੇ ਸਾਡੇ ਰੂੜੀਵਾਦੀ ਧਾਰਮਿਕ ਆਗੂ ਔਰਤਾਂ ਨੂੰ ਪਤੀ ਦੀ ਛਤਰ-ਛਾਇਆ ਹੇਠ ਰਹਿਣ ਲਈ ਕਹਿ ਰਹੇ ਹਨ। ਦੂਜੇ ਪਾਸੇ ਅਸੀਂ ਵੇਖਦੇ ਹਾਂ ਕਿ ਔਰਤਾਂ ’ਤੇ ਹੋ ਰਹੇ ਕੁੱਲ ਅਪਰਾਧਾਂ ਦਾ ਇੱਕ ਤਿਹਾਈ ਹਿੱਸਾ ਸਿਰਫ ਉਨ੍ਹਾਂ ਦੇ ਪਤੀ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀਤੇ ਜਾਂਦੇ ਅਪਰਾਧਾਂ ਦਾ ਹੈ।
‘ਕੌਮੀ ਅਪਰਾਧ ਰਿਕਾਰਡ ਬਿਊਰੋ’ ਅਨੁਸਾਰ ਔਰਤਾਂ ਪ੍ਰਤੀ ਅਪਰਾਧਾਂ ਵਿੱਚ ਸਾਲ 2017 ਤੋਂ 2021 ਤੱਕ 13 ਫੀਸਦੀ ਵਾਧਾ ਹੋਇਆ ਹੈ। ‘ਪਤੀ ਵੱਲੋਂ ਬੇਰਹਿਮੀ’ ਦੇ ਅਪਰਾਧਾਂ ਵਿੱਚ 2017 ਤੋਂ 2021 ਦਰਮਿਆਨ ਪੰਜ ਫੀਸਦੀ ਵਾਧਾ ਹੋਇਆ ਹੈ। ਇਹ ਅੰਕੜੇ ਸਾਫ ਤੌਰ ’ਤੇ ਗਵਾਹੀ ਭਰਦੇ ਹਨ ਕਿ ਔਰਤਾਂ ਦੀ ਸਾਡੇ ਸਮਾਜ ਵਿੱਚ ਹਾਲਤ ਕੀ ਹੈ? ਇਸ ਨਾਲ਼ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਅੰਕੜੇ ਸਿਰਫ ਦਰਜ ਘਟਨਾਵਾਂ ਦੇ ਹਨ ਅਸਲ ਅੰਕੜਾ ਇਹਨਾਂ ਤੋਂ ਕਿਤੇ ਜਿਆਦਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2021 ਵਿੱਚ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਦੁਆਰਾ ਔਰਤਾਂ ਖਿਲਾਫ ਬੇਰਹਿਮੀ ਦੀਆਂ 1,36,234 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜੋ ਕਿ 2017 ਵਿੱਚ 1,04,551 ਤੋਂ ਵੱਧ ਹਨ। ਇਹ 2021 ਵਿੱਚ ਔਰਤਾਂ ਖਿਲਾਫ ਕੁੱਲ ਅਪਰਾਧਾਂ ਦਾ ਲੱਗਭੱਗ ਇੱਕ ਤਿਹਾਈ ਹਿੱਸਾ ਹੈ। ਭਾਰਤ ਦੇ ਸੂਬੇ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 19,952 ਅਜਿਹੇ ਅਪਰਾਧ ਦਰਜ ਕੀਤੇ ਗਏ। ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਦੁਆਰਾ ਔਰਤਾਂ ਵਿਰੁੱਧ ਅਪਰਾਧਾਂ ਦੇ ਕੁੱਲ ਮਾਮਲਿਆਂ ਦੇ ਮਾਮਲੇ ਵਿੱਚ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ ’ਤੇ ਹਨ। ‘ਪਤੀ ਜਾਂ ਉਸ ਦੇ ਰਿਸ਼ਤੇਦਾਰ ਦੁਆਰਾ ਔਰਤ ਵਿਰੁੱਧ ਬੇਰਹਿਮੀ’ ਦੀ ਵਿਸ਼ੇਸ਼ ਅਪਰਾਧ ਸ੍ਰੇਣੀ ਵਿੱਚ 30% ਦਾ ਵਾਧਾ ਹੋਇਆ ਹੈ। ਇਸ ਅਨੁਸਾਰ, ਕੁੱਲ ਜੁਰਮਾਂ ਵਿੱਚ ਇਸਦਾ ਹਿੱਸਾ ਵੀ ਵਧਿਆ ਹੈ, ਜੋ 2017 ਵਿੱਚ 33% ਤੋਂ 2021 ਵਿੱਚ 38% ਹੋ ਗਿਆ ਹੈ।
ਤੱਥਾਂ ਜਰੀਏ ਦੇਖ ਸਕਦੇ ਹਾਂ ਕਿ, ਔਰਤਾਂ ਨੂੰ ਮਾਨਸਿਕ, ਸਰੀਰਕ ਹਿੰਸਾਂ ਦਾ ਸ਼ਿਕਾਰ ਬਣਾਉਣ ਵਾਲ਼ੇ ਅਪਰਾਧੀਆਂ ਦਾ ਵੱਡਾ ਹਿੱਸਾ ਉਸ ਦੇ ਕਰੀਬੀ, ਪਤੀ, ਚਾਚਾ, ਤਾਇਆ, ਮਾਮੇ, ਫੁੱਫੜ, ਮਾਸੜ ਜਾਂ ਉਹਨਾਂ ਦੇ ਮੁੰਡੇ ਹੁੰਦੇ ਹਨ। ਔਰਤਾਂ ਚੁੱਪ-ਚਾਪ ਸਹਿੰਦੀਆਂ ਹਨ। ਘਰ ਜਿਸ ਨੂੰ ਔਰਤਾਂ ਲਈ ਸਭ ਤੋਂ ਸੁਰੱਖਿਅਤ ਮੰਨਿਆਂ ਜਾਂਦਾ ਹੈ, ਓਹੀ ਘਰਾਂ ਦੀ ਚਾਰ ਦਿਵਾਰੀ ਅੰਦਰ, ਕਮਰੇ ਦੇ ਅੰਦਰ ਜਿੱਥੇ ਪਤੀ-ਪਤਨੀ ਤੋਂ ਬਿਨਾ ਕੋਈ ਨਹੀਂ ਹੁੰਦਾ ਉਸ ਨਾਲ਼ ਅਪਰਾਧ ਹੁੰਦੇ ਹਨ। ਰਿਸ਼ਤੇਦਾਰਾਂ ਦੇ ਰੂਪ ਵਿੱਚ ਬਘਿਆੜ ਮੌਕਾ ਭਾਲ਼ਦੇ ਰਹਿੰਦੇ ਹਨ, ਕਦੋਂ ਉਹ ਔਰਤ ਦਾ ਜਿਸਮ ਨੋਚ ਸਕਣ, ਅਕਸਰ ਘਰਾਂ ਵਿੱਚ ਪ੍ਰੋਗਰਾਮਾਂ, ਵਿਆਹ, ਤਿਓਹਾਰਾਂ ਮੌਕੇ ਘਟੀਆ ਹਰਕਤਾਂ ਕੀਤੀਆਂ ਜਾਂਦੀਆਂ ਹਨ, ਸਭ ਤੋਂ ਵੱਡੀ ਗੱਲ ਜੋ ਧਿਆਨ ਦੇਣ ਵਾਲ਼ੀ ਹੈ ਕਿ ਉਹ ਮੌਕਾ ਦੇਖਦੇ ਹੀ ਬੱਚੀਆਂ ਨਾਲ਼, 13-14 ਸਾਲ ਦੀਆਂ ਕੁੜੀਆਂ ਨਾਲ਼ ਜਿਨਸੀ ਛੇੜਛਾੜ ਕਰਦੇ ਹਨ! ਇਹ ਬਘਿਆੜ ਪੀੜਤ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਹੋਣ ਕਾਰਨ, ਬੱਚੀ ਜਾਂ ਕੁੜੀ ਇਕੱਲੀ ਕਦੋਂ ਮਿਲ਼ ਸਕਦੀ ਹੈ, ਇਸ ਸਭ ਦੀ ਜਾਣਕਾਰੀ ਨਾਲ਼, ਜਿਨਸੀ ਸੋਸ਼ਣ ਕਰਦੇ ਹਨ। ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਉਮਰ ਵਿੱਚ ਛੋਟੇ ਹੋਣ ਕਾਰਨ ਸਹੀ ਗਲਤ ਦੀ ਸਮਝ ਵੀ ਵਿਕਸਿਤ ਨਹੀਂ ਹੋਈ ਹੁੰਦੀ, ਜਦੋਂ ਉਹਨਾਂ ਨਾਲ਼ ਇਹ ਸਭ ਹੁੰਦਾ ਹੈ ਡਰ, ਸਦਮਾ ਉਹਨਾਂ ਦੇ ਮਨ ਵਿੱਚ ਘਰ ਕਰ ਜਾਂਦਾ ਹੈ ਜੋ ਕਦੇ-ਕਦੇ ਸਾਰੀ ਉਮਰ ਉਹਨਾਂ ਦਾ ਪਿੱਛਾ ਨਹੀਂ ਛੱਡਦਾ। ਪਰਿਵਾਰ ਉਹਨਾਂ ਦੀ ਗੱਲ ’ਤੇ ਯਕੀਨ ਕਰੇਗਾ? ਰਿਸ਼ਤੇਦਾਰੀ ਦਾ ਮਾਮਲਾ ਹੈ? ਰੌਲ਼ਾ ਪੈ ਜਾਵੇਗਾ? ਮਾਂ ਜਾਂ ਪਿਓ ਦੇ ਨੇੜੇ ਦੇ ਰਿਸ਼ਤੇਦਾਰ ਹੋਣ ਕਾਰਨ, ਸਮਾਜਿਕ ਦਬਾਅ ਵਿੱਚੋਂ ਲੰਘਦਿਆਂ ਇਹ ਛੋਟੀਆਂ ਬੱਚੀਆਂ, ਜਵਾਨ ਹੋ ਰਹੀਆਂ ਕੁੜੀਆਂ ਕਦੇ ਵੀ ਖੁਦ ਨਾਲ਼ ਹੋਈ ਬੁਰੀ ਘਟਨਾ ਦਾ ਜਿਕਰ ਨਹੀਂ ਕਰ ਪਾਉਂਦੀਆਂ!
ਪਤੀ-ਪਤਨੀ ਦੇ ਰਿਸ਼ਤੇ ਦੀ ਗੱਲ ਕਰੀਏ, ਤਾਂ ਜਦੋਂ ਸਾਡੇ ਸਮਾਜ ਵਿੱਚ ਵਿਆਹ ਹੁੰਦਾ ਹੈ ਤਾਂ ਸਭ ਦੇ ਸਾਹਮਣੇ ਵਾਅਦਾ ਕਰਦੇ ਹਨ ਕਿ ਮਰਦ ਔਰਤ, ਸਤਿਕਾਰ, ਵਫਾ ਨਾਲ਼ ਇਹ ਰਿਸ਼ਤਾ ਨਿਭਾਉਣਗੇ, ਪਰ ਇੰਝ ਹੁੰਦਾ ਨਹੀਂ! ਮਰਦ ਪ੍ਰਧਾਨ ਸਮਾਜ ਵਿੱਚ ਮਰਦ ਨੂੰ ਪਰਮੇਸ਼ਰ ਦਾ ਦਰਜ ਹਾਸਿਲ ਹੈ, ਉਸ ਦੀ ਖਾਣ-ਪੀਣ ਦੀ ਖੁਸ਼ੀ ਤੋਂ ਲੈ ਕੇ ਸਰੀਰਕ ਸੁੱਖ ਦੀ ਖੁਸ਼ੀ ਪੂਰੀ ਕਰਨਾ ਪਤਨੀ ਦੇ ਫਰਜ ਬਣੇ ਹੋਏ ਹਨ। ਪਤੀ, ਪਤਨੀ ਨੂੰ ਜਾਇਦਾਦ ਵਾਂਗੂੰ ਸਮਝਦਾ ਹੈ, ਜਿਸ ਉੱਤੇ ਹੱਕ ਉਸਦਾ ਹੈ। ਭਾਰਤ ਵਿੱਚ ਆਪਣੀ ਮਰਜੀ ਨਾਲ਼ ਘਰੋਂ ਬਾਹਰ ਜਾਣਾ, ਦੋਸਤ ਮਿੱਤਰ ਬਣਾਉਣੇ, ਨੌਕਰੀ ਕਰਨੀ ਜਾਂ ਨਹੀਂ ਵਰਗੇ ਹੱਕ ਤਾਂ ਮੁਕਾਬਲਤਨ ਵੱਡੇ ਹਨ! ਜੇ ਖਾਣਾ ਬਣਾਉਣ, ਰਿਸ਼ਤੇਦਾਰੀ ਵਿੱਚ ਵਰਤਣ, ਪਤੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਕੋਈ ਗਲਤੀ ਹੁੰਦੀ ਹੈ, ਤਾਨੇ- ਮੇਹਣੇ ਦੇਣਾ, ਥੱਪੜ ਮਾਰਨਾ ਤਾਂ ਆਮ ਹੀ ਹਨ। ਇਸ ਸਭ ਨੂੰ ਖੁਦ ਔਰਤਾਂ ਵੀ ਸਹੀ ਮਨਦੀਆਂ ਹਨ। ਕਿ ਪਤੀ ਕਮਾ ਕੇ ਲੈ ਕੇ ਆਉਂਦਾ ਹੈ, ਘਰ ਚਲਾਉਂਦਾ ਹੈ, ਇਸ ਲਈ ਉਸਦਾ ਕਿਹਾ ਸਿਰ ਮੱਥੇ ਹੋਣਾ ਚਾਹੀਦਾ ਹੈ। ਪਤਨੀ ਆਪਣੇ ਪਤੀ ਨਾਲ਼ ਸਰੀਰਕ ਸਬੰਧ ਬਣਾਉਣ ਤੋਂ ਜਵਾਬ ਦਵੇ ਫਿਰ ਤਾਂ ਆਫ਼ਤ ਹੈ! ਪਤਨੀ ਦਾ ਮਨ ਕਰਦਾ ਹੈ ਜਾਂ ਨਹੀਂ? ਉਸਦੀ ਸਿਹਤ ਠੀਕ ਹੈ? ਕਿਸੇ ਮਾਨਸਿਕ ਪ੍ਰੇਸ਼ਾਨੀ ਵਿੱਚ ਤਾਂ ਨਹੀਂ? ਇਹ ਕੋਈ ਤਵੱਕੋਂ ਨਹੀਂ ਰੱਖਦਾ! ਜੇ ਪਤਨੀ ਮਨਾ ਕਰੇ ਤਾਂ ਅਕਸਰ ਪਤੀ ਵੱਲੋਂ ਇਹ ਮੰਨ ਲਿਆ ਜਾਂਦਾ ਹੈ ਕਿ ਉਸਦਾ ਕਿਤੇ ਹੋਰ ਸਬੰਧ ਤਾਂ ਨਹੀਂ! ਪਤਨੀ ਦੀ ਸਹਿਮਤੀ ਨਾ ਹੋਣਾ, ਪਤੀ ਵੱਲੋਂ ਧੱਕਾ, ਬਲਾਤਕਾਰ ਬਣ ਜਾਂਦਾ ਹੈ ਪਰ ਸਾਡੇ ਸਮਾਜ ਵਿੱਚ ਇਹ ਅਪਰਾਧ ਨਹੀਂ ਸਗੋਂ ਮਰਦ ਦਾ ਹੱਕ ਮੰਨਿਆ ਜਾਂਦਾ ਹੈ! ਪਤਨੀ ਨੂੰ ਸਜਾ ਦੇਣ ਲਈ ਵੀ ਪਤੀ ਉਸ ਨਾਲ਼ ਬਲਾਤਕਾਰ ਕਰਦਾ ਹੈ! ਜਿਸ ਨੂੰ ਔਰਤਾਂ ਮਰਦੇ ਦਮ ਤੱਕ ਸਹਿੰਦੀਆਂ ਰਹਿੰਦੀਆਂ ਹਨ!
ਹਾਂ ਇਹ ਸੱਚ ਹੈ ਕਿ ਪੂਰੇ ਭਾਰਤ ਦੇ ਪਤੀ-ਪਤਨੀ ਦੇ ਸਾਰੇ ਰਿਸ਼ਤੇ ਇਹੋ ਜਿਹੇ ਨਹੀਂ ਹਨ, ਪਰ ਸਾਡੇ ਸਮਾਜ ਦਾ ਇਹ ਇੱਕ ਕੌੜਾਂ ਸੱਚ ਹੈ, ਜੋ ਇਹ ਅੰਕੜੇ ਦੱਸਦੇ ਹਨ, ਸਾਡੇ ਆਲ਼ੇ ਦੁਆਲ਼ੇ ਵੀ ਸਾਨੂੰ ਦਿਖਾਈ ਦਿੰਦਾ ਹੈ! ਇਹ ਸਮਾਜ ਜਿੱਥੇ ਸਾਰੇ ਸਬੰਧ ਪੈਸੇ-ਟਕੇ ਦੇ ਹਨ, ਉੱਥੇ ਸਮਾਜ ਦਾ ਆਰਥਿਕ ਪ੍ਰਬੰਧ ਜੋ ਕਿ ਲੁੱਟ ਤੇ ਅਧਾਰਿਤ ਸਰਮਾਏਦਾਰਾ ਢਾਂਚਾ ਹੈ, ਜੋ ਸਾਡੇ ਪਰਿਵਾਰਕ ਸਬੰਧਾਂ, ਸਾਡੇ ਰਿਸ਼ਤਿਆਂ ਵਿੱਚ ਵੀ ਸਮੋਇਆ ਹੋਇਆ ਹੈ! ਅਜਿਹੇ ਪਦਾਰਥਕ ਹਲਾਤ ਹਨ ਜੋ ਵਿਅਕਤੀਆਂ ਨੂੰ ਉਹਨਾਂ ਦੀ ਇੱਛਾਂ ਤੋਂ ਬਿਨਾ ਇਹ ਘਟੀਆਂ ਕਦਰਾਂ ਕੀਮਤਾਂ ਦਿੰਦੇ ਰਹਿੰਦੇ ਹਨ! ਜਰੂਰਤ ਹੈ ਇਹ ਪਦਾਰਥਕ ਹਲਾਤ ਬਦਲਣ ਦੀ, ਤਾਂ ਜੋ ਇਨਸਾਨ ਆਪਣੇ ਉੱਚੇ ਚੰਗੇ ਗੁਣਾਂ ਨੂੰ ਹਾਸਲ ਕਰ ਸਕਣ। ਅਜਿਹੇ ਰਿਸ਼ਤੇ ਹੀ ਖੂਬਸੂਰਤ ਹੋ ਸਕਦੇ ਹਨ ਜੋ ਬਰਾਬਰੀ ਨੂੰ ਸਿਰਫ ਕਹਿਣ ਲਈ ਨਹੀਂ, ਲਾਗੂ ਵੀ ਕਰਦੇ ਹੋਣ, ਜਿੱਥੇ ਉਹ ਇੱਕ ਦੂਜੇ ਦੇ ਵਿਅਕਤਿਤਵ ਦੇ ਵਿਕਾਸ ਵਿੱਚ ਸਹਾਈ ਹੋਣ। ਔਰਤਾਂ ਖਿਲਾਫ ਅਪਰਾਧ, ਮਨੁੱਖਤਾ ਖਿਲਾਫ ਅਪਰਾਧ ਹੈ ਇਸ ਨੂੰ ਖਤਮ ਕਰਨ ਲਈ ਇਸ ਆਰਥਿਕ ਢਾਂਚੇ ਨੂੰ ਬਦਲਣਾ ਜਰੂਰੀ ਹੈ ਅਤੇ ਵਿਚਾਰਧਾਰਕ ਤੌਰ ’ਤੇ ਔਰਤ ਵਿਰੋਧੀ ਮਾਨਸਿਕਤਾ ਨਾਲ਼ ਟੱਕਰ ਲੈਣ ਦੀ ਲੋੜ ਹੈ।