ਕੈਨੇਡਾ ਵਿੱਚ ਖ਼ਾਮੋਸ਼ ਕਰ ਦਿੱਤੀ ਗਈ ਆਵਾਜ਼: ਨੈਂਸੀ ਗਰੇਵਾਲ ਦੇ ਕਤਲ ਦੀ ਕਹਾਣੀ ਅਤੇ ਉਹ ਸਵਾਲ ਜੋ ਭਾਰਤ ਪੁੱਛਣੋਂ ਨਹੀਂ ਰੁਕ ਰਿਹਾ
ਲਾਸਾਲ, ਓਨਟਾਰੀਓ — 3 ਮਾਰਚ 2026 ਦੀ ਸ਼ਾਮ ਸੀ। ਵਿੰਡਸਰ ਤੋਂ ਬਾਹਰ ਵਸੇ ਛੋਟੇ ਜਿਹੇ ਸ਼ਹਿਰ ਲਾਸਾਲ ਦੀ ਟੌਡ ਲੇਨ ਉੱਤੇ ਸਭ ਕੁਝ ਆਮ ਵਰਗਾ ਲੱਗਦਾ ਸੀ। ਪਰ ਰਾਤ ਦੇ ਸਾਢੇ ਨੌਂ ਵਜੇ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਇੱਕ ਕਾਲ ਆਈ। ਪੁਲਿਸ ਅਫ਼ਸਰ ਮੌਕੇ ‘ਤੇ ਪਹੁੰਚੇ ਤਾਂ ਘਰ ਅੰਦਰ ਇੱਕ ਔਰਤ ਲਹੂ-ਲੁਹਾਣ ਪਈ ਸੀ — ਸਰੀਰ ਉੱਤੇ ਕਈ ਚਾਕੂ ਦੇ ਜ਼ਖ਼ਮ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਵਾਪਸ ਨਹੀਂ ਆਈ। ਨੈਂਸੀ ਗਰੇਵਾਲ ਯੂਟਿਊਬਰ, ਸੋਸ਼ਲ ਮੀਡੀਆ ਕਮੈਂਟੇਟਰ, ਖ਼ਾਲਿਸਤਾਨ ਵਿਰੋਧੀ ਆਵਾਜ਼ ਉਸ ਰਾਤ ਸਾਨੂੰ ਛੱਡ ਗਈ।ਕੁਝ ਹੀ ਘੰਟਿਆਂ ਵਿੱਚ ਇਹ ਖ਼ਬਰ ਪੂਰੇ ਭਾਰਤ ਵਿੱਚ ਫੈਲ ਗਈ। ਪੰਜਾਬ ਵਿੱਚ ਸੋਸ਼ਲ ਮੀਡੀਆ ਉੱਤੇ ਸੋਗ ਅਤੇ ਗੁੱਸੇ ਦੀ ਲਹਿਰ ਦੌੜ ਗਈ। ਜ਼ੀ ਨਿਊਜ਼ ਤੋਂ ਲੈ ਕੇ ਇੰਡੀਆ ਟੀਵੀ ਤੱਕ ਸਭ ਚੈਨਲਾਂ ਨੇ ਉਸ ਔਰਤ ਦੀ ਜ਼ਿੰਦਗੀ ਦੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ ਜਿਸ ਬਾਰੇ ਕਤਲ ਤੋਂ ਪਹਿਲਾਂ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਸੀ।
ਨੈਂਸੀ ਗਰੇਵਾਲ ਕੌਣ ਸੀ?
ਨੈਂਸੀ ਗਰੇਵਾਲ ਦਾ ਅਸਲ ਨਾਮ ਅਨੀਤਾ ਅਗਨੀਹੋਤਰੀ ਸੀ। 19 ਜਨਵਰੀ 1981 ਨੂੰ ਜਨਮੀ, ਉਸ ਨੇ ਸ਼ੁਰੂਆਤੀ ਪੜ੍ਹਾਈ ਸਿਰਸਾ ਦੇ ਸਤਲੁਜ ਪਬਲਿਕ ਸਕੂਲ ਵਿੱਚ ਕੀਤੀ। ਲੱਖਾਂ ਪੰਜਾਬੀਆਂ ਵਾਂਗੂ ਉਹ ਵੀ ਵਿਆਹ ਤੋਂ ਬਾਅਦ ਵਿਦੇਸ਼ ਚਲੀ ਗਈ ਕੈਨੇਡਾ। ਤਲਾਕ ਤੋਂ ਬਾਅਦ ਉਸ ਨੇ ਕੇਅਰਗਿਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਉਹੀ ਕੰਮ ਜੋ ਕੈਨੇਡਾ ਵਿੱਚ ਹਜ਼ਾਰਾਂ ਭਾਰਤੀ ਔਰਤਾਂ ਕਰਦੀਆਂ ਹਨ।ਪਹਿਲਾਂ ਕੈਲਗਰੀ ਵਿੱਚ ਰਹੀ, ਫਿਰ ਵਿੰਡਸਰ-ਲਾਸਾਲ ਆ ਵੱਸੀ। ਉਸ ਦੇ ਪਿੰਡ ਦੀਆਂ ਜੜ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਨਰੰਗਵਾਲ ਪਿੰਡ ਵਿੱਚ ਹਨ। ਉਸ ਦੀ ਮਾਂ ਸ਼ਿੰਦਰਪਾਲ ਕੌਰ ਜਲੰਧਰ ਦੇ ਦੇਓਲ ਨਗਰ ਵਿੱਚ ਰਹਿੰਦੀ ਹੈ। ਦਿਨ ਵੇਲੇ ਕੰਮ ਕਰਦੀ, ਰਾਤ ਨੂੰ ਯੂਟਿਊਬ ‘ਤੇ ਸੱਚ ਬੋਲਦੀ ਇਹੀ ਸੀ ਨੈਂਸੀ ਗਰੇਵਾਲ।
ਅਵਾਜ਼ ਜੋ ਕੱਟੜਵਾਦ ਵਿਰੁੱਧ ਉੱਠੀ
ਨੈਂਸੀ ਗਰੇਵਾਲ ਦੀ ਪਛਾਣ ਇੱਕ ਗੱਲ ਨਾਲ ਸੀ: ਉਹ ਖ਼ਾਲਿਸਤਾਨੀ ਵੱਖਵਾਦ ਦੀ ਡਟ ਕੇ ਵਿਰੋਧੀ ਸੀ। ਵੀਡੀਓ ਦਰ ਵੀਡੀਓ ਉਸ ਨੇ ਖ਼ਾਲਿਸਤਾਨ ਸਮਰਥਕ ਸ਼ਖ਼ਸੀਅਤਾਂ ਦੀ ਆਲੋਚਨਾ ਕੀਤੀ। ਅਮਰੀਕਾ ਸਥਿਤ ਗੁਰਪਤਵੰਤ ਸਿੰਘ ਪੰਨੂ ਜਿਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ ਹੈ ਉਸ ਬਾਰੇ ਉਸ ਨੇ ਬੇਬਾਕੀ ਨਾਲ ਬੋਲਿਆ। ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ‘ਤੇ ਸਵਾਲ ਉਠਾਏ। ਭਾਰਤ-ਕੈਨੇਡਾ ਰਿਸ਼ਤਿਆਂ ਵਿੱਚ ਆਈ ਦਰਾੜ ਬਾਰੇ ਖੁੱਲ੍ਹ ਕੇ ਗੱਲ ਕੀਤੀ। ਜੂਨ 2025 ਵਿੱਚ ਉਸ ਨੇ ਬਠਿੰਡਾ ਵਿੱਚ ਮ੍ਰਿਤ ਪਾਈ ਗਈ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਮਾਮਲੇ ਵਿੱਚ ਜਵਾਬਦੇਹੀ ਮੰਗੀ। ਇਹੀ ਉਸ ਦਾ ਸੁਭਾਅ ਸੀ ਸੱਚ ਬੋਲਣਾ, ਬੇਖ਼ੌਫ਼ ਹੋ ਕੇ।ਧਮਕੀਆਂ ਮਹੀਨਿਆਂ ਤੋਂ ਆ ਰਹੀਆਂ ਸਨ। ਉਸ ਦੀ ਮਾਂ ਦਾ ਕਹਿਣਾ ਹੈ ਕਿ ਨੈਂਸੀ ਨੇ ਕੈਨੇਡੀਅਨ ਪੁਲਿਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਵਿੰਡਸਰ ਵਿੱਚ ਉਸ ਦੇ ਘਰ ਨੂੰ ਇੱਕ ਵਾਰ ਅੱਗ ਲਾਈ ਗਈ। ਇੱਕ ਵਾਰ ਨਕਾਬਪੋਸ਼ ਬੰਦੇ ਨੇ ਘਰ ਵਿੱਚ ਵੜਨ ਦੀ ਕੋਸ਼ਿਸ਼ ਕੀਤੀ CCTV ਕੈਮਰੇ ਦੇਖ ਕੇ ਭੱਜ ਗਿਆ। ਉਸ ਦੀ ਮਾਂ ਕਹਿੰਦੀ ਹੈ: “ਉਸ ਨੇ ਪੁਲਿਸ ਨੂੰ ਨਾਮ ਦਿੱਤੇ ਸਨ। ਅਤੇ ਫਿਰ ਵੀ ਉਸ ਦੇ ਆਪਣੇ ਘਰ ਵਿੱਚ ਕਤਲ ਕਰ ਦਿੱਤਾ ਗਿਆ।”
3 ਮਾਰਚ ਦੀ ਰਾਤ: ਕੀ ਹੋਇਆ?
ਲਾਸਾਲ ਪੁਲਿਸ ਨੇ ਪੁਸ਼ਟੀ ਕੀਤੀ ਕਿ ਰਾਤ ਦੇ ਸਾਢੇ ਨੌਂ ਵਜੇ ਤੋਂ ਪਹਿਲਾਂ ਟੌਡ ਲੇਨ ਉੱਤੇ ਇੱਕ ਕਾਲ ਆਈ। ਨੈਂਸੀ ਨੂੰ ਚਾਕੂਆਂ ਦੇ ਕਈ ਜ਼ਖ਼ਮਾਂ ਨਾਲ ਹਸਪਤਾਲ ਲਿਜਾਇਆ ਗਿਆ — ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਨੂੰ “ਇਕੱਲੀ ਘਟਨਾ” ਦੱਸਿਆ ਅਤੇ ਕਿਹਾ ਕਿ ਆਮ ਲੋਕਾਂ ਨੂੰ ਕੋਈ ਖ਼ਤਰਾ ਨਹੀਂ। ਜਾਂਚ ਅਫ਼ਸਰ ਡਿਟੈਕਟਿਵ ਸਾਰਜੈਂਟ ਜੈਮੀ ਨੇਸਟਰ ਨੇ ਖੇਤਰ ਦੇ ਵਾਸੀਆਂ ਤੋਂ ਸੀਸੀਟੀਵੀ ਫੁਟੇਜ਼ ਮੰਗੀ ਹੈ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਮੌਤ ਦੀ ਖ਼ਬਰ ਉਸ ਦੀ ਭੈਣ ਅਲੀਸ਼ਾ ਗਰੇਵਾਲ ਨੇ ਇੰਸਟਾਗ੍ਰਾਮ ‘ਤੇ ਦਿੱਤੀ: “ਬਹੁਤ ਭਾਰੇ ਦਿਲ ਨਾਲ ਦੱਸ ਰਹੀ ਹਾਂ ਕਿ ਮੇਰੀ ਪਿਆਰੀ ਭੈਣ ਨੈਂਸੀ ਗਰੇਵਾਲ 3 ਮਾਰਚ 2026 ਨੂੰ ਸਾਨੂੰ ਛੱਡ ਗਈ। ਮੈਂ ਆਪਣੀ ਭੈਣ, ਆਪਣੀ ਤਾਕਤ, ਆਪਣੀ ਸਦਾ ਦੀ ਸਹੇਲੀ ਗੁਆ ਲਈ। ਸੁੱਖ ਨਾਲ ਆਰਾਮ ਕਰ, ਭੈਣੇ।”
ਦਾਅਵਿਆਂ ਦੀ ਹਫ਼ੜਾ-ਦਫ਼ੜੀ: ਕੌਣ ਕੀ ਕਹਿ ਰਿਹਾ ਹੈ?
ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਦੋਸ਼ਾਂ ਦਾ ਤੂਫ਼ਾਨ ਆ ਗਿਆ।ਖ਼ਾਲਿਸਤਾਨ ਸਮਰਥਕ ਅਨਾਮੀ ਖਾਤਿਆਂ ਨੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਪੋਸਟਾਂ ਕੀਤੀਆਂ ਅਕਾਸ਼ ਹਰੀਕੇ ਅਤੇ ਸੁੱਖਾ ਸੰਧੂ ਦੇ ਨਾਮ ਲੈ ਕੇ। ਇਨ੍ਹਾਂ ਸੁਨੇਹਿਆਂ ਵਿੱਚ ਕਿਹਾ ਗਿਆ ਕਿ ਉਸ ਨੇ ਖ਼ਾਲਿਸਤਾਨ ਅਤੇ ਧਰਮ ਵਿਰੁੱਧ ਬੋਲਿਆ ਸੀ ਇਹ ਉਸ ਦੀ ਸਜ਼ਾ ਸੀ।ਦੂਜੇ ਪਾਸੇ ਗੋਲਡੀ ਬਰਾੜ ਦੇ ਨਾਮ ਤੋਂ ਬਣੇ ਸੋਸ਼ਲ ਮੀਡੀਆ ਖਾਤੇ ਨੇ ਦਾਅਵਾ ਕੀਤਾ ਕਿ ਇਹ ਕਤਲ ਲਾਰੈਂਸ ਬਿਸ਼ਨੋਈ ਗਿਰੋਹ ਗੋਲਡੀ ਬਰਾੜ ਅਤੇ ਸਚਿਨ ਬਿਸ਼ਨੋਈ ਨੇ ਕੀਤਾ ਹੈ, ਅਤੇ ਇਸ ਨੂੰ ਵਿੱਕੀ ਮਿੱਡੂਖੇੜਾ ਕਤਲ ਕੇਸ ਨਾਲ ਜੋੜਿਆ।ਪੰਜਾਬ ਪੁਲਿਸ ਨੇ ਇਸ ਨੂੰ ਸਿੱਧਾ ਰੱਦ ਕਰ ਦਿੱਤਾ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਨੈਂਸੀ ਗਰੇਵਾਲ ਦਾ ਵਿੱਕੀ ਮਿੱਡੂਖੇੜਾ ਜਾਂ ਅੰਕਿਤ ਭਾਦੂ ਦੇ ਕੇਸਾਂ ਨਾਲ ਕੋਈ ਸੰਬੰਧ ਨਹੀਂ ਸੀ। ਇਹ ਦਾਅਵੇ ਸ਼ੋਹਰਤ ਖੱਟਣ ਲਈ ਕੀਤੇ ਜਾ ਰਹੇ ਹਨ।ਨੈਂਸੀ ਦੇ ਪਰਿਵਾਰ ਨੇ ਕਿਸੇ ਵੀ ਗੈਂਗ ਸਿਧਾਂਤ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਮੋਟਿਵ ਉਸ ਦੀ ਕੱਟੜਵਾਦ ਵਿਰੁੱਧ ਆਵਾਜ਼ ਸੀ।
ਪੰਜਾਬ ਵਿੱਚ ਸੋਗ — ਮਾਂ ਦੀ ਦਰਦਭਰੀ ਆਵਾਜ਼
ਲੁਧਿਆਣਾ ਦੇ ਨਰੰਗਵਾਲ ਵਿੱਚ ਚੁੱਪ ਛਾਈ ਹੈ। ਸਾਬਕਾ ਪੰਚ ਰਣਜੀਤ ਸਿੰਘ ਗਰੇਵਾਲ ਦੇ ਪਰਿਵਾਰ ਦੀ ਰਿਸ਼ਤੇਦਾਰ ਨੈਂਸੀ ਦੇ ਜਾਣ ਦਾ ਗ਼ਮ ਉੱਥੇ ਵੀ ਮਹਿਸੂਸ ਹੋ ਰਿਹਾ ਹੈ। ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਪ੍ਰਭਦੀਪ ਨਰੰਗਵਾਲ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਨੈਂਸੀ ਨੇ ਆਪਣੇ ਨਰੰਗਵਾਲ ਕਨੈਕਸ਼ਨ ਬਾਰੇ ਵੀਡੀਓ ਬਣਾਈ ਸੀ।ਪਰ ਸਭ ਤੋਂ ਦਰਦਨਾਕ ਆਵਾਜ਼ ਜਲੰਧਰ ਤੋਂ ਆਈ। ਉਸ ਦੀ ਮਾਂ ਸ਼ਿੰਦਰਪਾਲ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਧੀ ਨੇ ਕੈਨੇਡੀਅਨ ਪੁਲਿਸ ਨੂੰ ਵਾਰ-ਵਾਰ ਦੱਸਿਆ ਸੀ। ਕੱਟੜਪੰਥੀਆਂ ਦੇ ਨਾਮ ਦਿੱਤੇ ਸਨ। ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਮਾਂ ਦੀ ਇੱਕੋ ਮੰਗ ਹੈ ਇਨਸਾਫ਼।ਸਾਬਕਾ ਵਿਧਾਇਕ ਤਰਸੇਮ ਜੋਧਾਂ ਸਮੇਤ ਕਈ ਨੇਤਾਵਾਂ ਨੇ ਇਸ ਕਤਲ ਦੀ ਨਿਖੇਧੀ ਕੀਤੀ।
ਭਾਰਤ ਇੰਨੀ ਗਹਿਰੀ ਦਿਲਚਸਪੀ ਕਿਉਂ ਲੈ ਰਿਹਾ ਹੈ?
ਕੁਝ ਲੋਕ ਪੁੱਛਦੇ ਹਨ: ਇੱਕ ਮੱਧਮ ਵਰਗ ਦੀ ਯੂਟਿਊਬਰ ਨੂੰ ਕਿਸੇ ਦੇਸ਼ ਦੇ ਆਗੂ ਵਾਂਗੂ ਕਵਰੇਜ਼ ਕਿਉਂ? ਇਸ ਸਵਾਲ ਦਾ ਜਵਾਬ ਫੌਲੋਅਰਜ਼ ਦੀ ਗਿਣਤੀ ਵਿੱਚ ਨਹੀਂ ਲੱਭਣਾ ਉਸ ਗੱਲ ਵਿੱਚ ਲੱਭਣਾ ਹੈ ਜੋ ਉਹ ਦਰਸਾਉਂਦੀ ਸੀ।
ਉਸ ਦੀ ਕਹਾਣੀ ਭਾਰਤ-ਕੈਨੇਡਾ ਰਿਸ਼ਤਿਆਂ ਵਿੱਚ ਆਈ ਦਰਾੜ, ਕੱਟੜਵਾਦੀ ਨੈੱਟਵਰਕਾਂ ਦੀ ਪਹੁੰਚ, ਅਤੇ ਵਿਦੇਸ਼ ਵਿੱਚ ਬੈਠੇ ਉਨ੍ਹਾਂ ਭਾਰਤੀਆਂ ਦੀ ਸੁਰੱਖਿਆ ਦੇ ਸਵਾਲ ਨੂੰ ਛੂਹੰਦੀ ਹੈ ਜੋ ਅੱਤਵਾਦ ਵਿਰੁੱਧ ਬੋਲਦੇ ਹਨ। 2023 ਵਿੱਚ ਨਿੱਜਰ ਕਤਲ ਕੇਸ ਤੋਂ ਬਾਅਦ ਭਾਰਤ-ਕੈਨੇਡਾ ਰਿਸ਼ਤੇ ਟੁੱਟੇ ਹੋਏ ਹਨ। ਉਸ ਪਿਛੋਕੜ ਵਿੱਚ ਨੈਂਸੀ ਗਰੇਵਾਲ ਦਾ ਕਤਲ ਇੱਕ ਹੋਰ ਸੱਟ ਵਾਂਗੂ ਲੱਗਦਾ ਹੈ।ਅਤੇ ਫਿਰ ਉਸ ਦੀ ਜ਼ਿੰਦਗੀ ਵਿੱਚ ਉਹ ਖਿੱਚ ਵੀ ਹੈ ਜੋ ਹਰ ਆਮ ਪੰਜਾਬੀ ਮਹਿਸੂਸ ਕਰਦਾ ਹੈ ਤਲਾਕਸ਼ੁਦਾ ਔਰਤ, ਕੈਨੇਡਾ ਵਿੱਚ ਕੇਅਰਗਿਵਰ ਦਾ ਕੰਮ, ਦਿਨੇ ਮਿਹਨਤ ਅਤੇ ਰਾਤੀਂ ਸੱਚ ਬੋਲਣਾ। ਉਹ ਸਾਡੇ ਵਰਗੀ ਸੀ।
ਅੱਗੇ ਕੀ ਹੋਵੇਗਾ?
ਲਾਸਾਲ ਪੁਲਿਸ ਦੀ ਜਾਂਚ ਜਾਰੀ ਹੈ। ਕੋਈ ਗ੍ਰਿਫ਼ਤਾਰੀ ਅਜੇ ਨਹੀਂ ਹੋਈ। ਕੈਨੇਡੀਅਨ ਅਧਿਕਾਰੀ ਇਸ ਨੂੰ ਵਿਅਕਤੀਗਤ ਮਕਸਦ ਦੀ ਘਟਨਾ ਦੱਸ ਰਹੇ ਹਨ — ਉਹ ਸਿਆਸੀ ਬਿਰਤਾਂਤ ਜੋ ਭਾਰਤੀ ਮੀਡੀਆ ਵਿੱਚ ਚੱਲ ਰਿਹਾ ਹੈ, ਉਸ ਤੋਂ ਬਿਲਕੁਲ ਵੱਖਰਾ।
ਇਹ ਪਾੜਾ ਉਦੋਂ ਹੀ ਬੰਦ ਹੋਵੇਗਾ ਜਦੋਂ ਕੋਈ ਗ੍ਰਿਫ਼ਤਾਰੀ ਹੋਵੇਗੀ ਅਤੇ ਸਬੂਤ ਸਾਹਮਣੇ ਆਵੇਗਾ। ਉਦੋਂ ਤੱਕ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਗਿਰੋਹ ਅਤੇ ਕੱਟੜਪੰਥੀ ਇੱਕ ਔਰਤ ਦੀ ਮੌਤ ਨੂੰ ਆਪਣੇ ਮਕਸਦ ਲਈ ਵਰਤਦੇ ਰਹਿਣਗੇ।
ਨੈਂਸੀ ਦਾ ਪਰਿਵਾਰ ਇਨਸਾਫ਼ ਚਾਹੁੰਦਾ ਹੈ। ਇਹ ਕੋਈ ਵੱਡੀ ਮੰਗ ਨਹੀਂ — ਇਹ ਉਹੀ ਮੰਗ ਹੈ ਜੋ ਕੋਈ ਵੀ ਪਰਿਵਾਰ ਕਰਦਾ ਹੈ ਜਦੋਂ ਉਸ ਦੇ ਆਪਣੇ ਦੀ ਹੱਤਿਆ ਕੀਤੀ ਜਾਂਦੀ ਹੈ।ਜੋ ਗੱਲ ਸਾਬਤ ਹੈ ਉਹ ਇਹ ਹੈ: ਲੁਧਿਆਣਾ ਤੋਂ ਕੈਨੇਡਾ ਗਈ 45 ਸਾਲਾ ਔਰਤ ਆਪਣੇ ਹੀ ਘਰ ਵਿੱਚ ਕਤਲ ਕਰ ਦਿੱਤੀ ਗਈ। ਬਾਕੀ ਸਭ ਅਜੇ ਲਿਖਿਆ ਜਾ ਰਿਹਾ ਹੈ।
