ਟਾਪਫ਼ੁਟਕਲ

ਖਾਲੀ ਪੰਨਾ;  

ਤੇਰਾ ਦਰ ਜ਼ਿਆਰਤ ਸਾਡੀ, ਤੇਰਾ ਨਾਮ ਇਬਾਦਤ ਸਾਡੀ,
ਜ਼ਿਕਰ ਤੇਰਾ ਹਰ ਸੁਬਹੋ-ਸ਼ਾਮ, ਬਣ ਗਿਐ ਹੁਣ ਆਦਤ ਸਾਡੀ।

ਤੂੰ ਕੀ ਜਾਣੇ ਫਿਤਰਤ ਸਾਡੀ,ਪੱਥਰਾਂ ਜਿਹੀ ਖਸਲਤ ਸਾਡੀ।
ਹੁਣ ਤੇਰੇ ਹੋਗੇ ਤਾਂ ਤੇਰੇ ਈ ਰਹਿਣਾ , ਤੂੰ ਨਾ ਜਾਣੇ ਸ਼ਿੱਦਤ ਸਾਡੀ।

ਤੂੰ ਸ਼ੋਖ ਅਦਾਵਾਂ ਨਾਲ ਨਜ਼ਰ ਉਠਾ, ਤੇ ਨਿੰਮ੍ਹਾ ਜਿਹਾ ਮੁਸਕਾ,
ਸਾਡੀ ਅਦਾਬ ਦਾ ਜਵਾਬ ਦੇਵੇਂ ਪਰਤਾ,ਐਡੀ ਕਿੱਥੇ ਕਿਸਮਤ ਸਾਡੀ।
ਤੇਰੇ ਹੀ ਆਸਤਾਨੇ 'ਤੇ ਲਿਖਿਆ ਗਿਆ ਹੈ ਮੁਕੱਦਰ ਸਾਡਾ,
ਤੂੰ ਹੀ ਸਾਡਾ ਮੁਰਸ਼ਦ ਮਹਿਰਮ, ਤੂੰ ਹੀ ਹੈ ਹੁਣ ਅਕੀਦਤ ਸਾਡੀ।
ਤੇਰੇ ਸਿਆਦਤ-ਏ-ਇਸ਼ਕ ਹੇਠ, ਅਸੀਂ ਆਪਣਾ ਆਪ ਵਾਰਿਆ,
ਤੇਰੀ ਇੱਕ ਇਨਾਇਤ ਹੋਵੇ, ਇਹੀ ਹੈ ਬਸ ਰਿਆਸਤ ਸਾਡੀ।
ਕੀ ਲੈਣਾ ਅਸੀਂ ਦੁਨੀਆ ਦੇ ਤਖ਼ਤ-ਓ-ਤਾਜ ਕੋਲੋਂ,
ਤੇਰੇ ਦਰ ਦੀ ਗਦਾਈ ਹੀ, ਸਭ ਤੋਂ ਵੱਡੀ ਸਲਤਨਤ ਸਾਡੀ।

ਕਾਸਦ ਕੋਈ ਆਵੇ ਨਾ ਆਵੇ, ਤੇਰੀ ਖੁਸ਼ਬੂ ਹੀ ਕਾਫੀ ਹੈ,
ਤੇਰੇ ਹਿਜਰ ਦੇ ਸੋਗ ਵਿੱਚ ਵੀ, ਛਿਪੀ ਹੈ ਰਾਹਤ ਸਾਡੀ।

ਤਸੱਵੁਰ ਵਿੱਚ ਤੂੰ ਵਸਦਾ ਏਂ, ਅਕੀਦਤ ਵਿੱਚ ਤੂੰ ਰਹਿੰਦਾ ਏਂ,
ਤੇਰੇ ਬਿਨਾਂ ਤਾਂ 'ਖਾਲੀ ਪੰਨਾ' ਹੀ ਹਾਂ… ਇਹੀ ਹਕੀਕਤ ਸਾਡੀ।

ਤੇਰੇ ਬਾਝੋ ਅਸੀਂ ਰੋਹੀਏਂ ਉੱਘੀ ਕੰਡਿਆਲੀ ਥੋਹਰ ਵਾਂਗਰ,

ਤੂੰ ਸੰਗ ਹੋਵੇਂ ਅਸੀਂ ਲੱਖ ਬਰੋਬਰ,ਤੇਰੇ ਬਿਨਾ ਕੀ ਕੀਮਤ ਸਾਡੀ।
ਜ… ਦੀਪ ਸਿੰਘ 'ਦੀਪ'
ਪਿੰਡ ਕੋਟੜਾ ਲਹਿਲ
ਜ਼ਿਲ੍ਹਾ ਸੰਗਰੂਰ
ਮੋਬਾ:9876804714

Leave a Reply

Your email address will not be published. Required fields are marked *