ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 249ਵੇਂ ਆਜ਼ਾਦੀ ਦਿਹਾੜੇ ’ਤੇ ਲਹਿਰਾਇਆ ਝੰਡਾ (ਸਮੀਪ ਸਿੰਘ ਗੁਮਟਾਲਾ)
ਡੇਟਨ, ਓਹਾਇਓ: ਅਮਰੀਕਾ ਵਿੱਚ ਹਰ ਸਾਲ 4 ਜੁਲਾਈ ਨੂੰ ਵਸਨੀਕ ਝੰਡਾ ਲਹਿਰਾਉਣ, ਵੱਖ-ਵੱਖ ਸ਼ਹਿਰਾਂ ਵਿੱਚ ਪਰੇਡਾਂ ਕੱਢਣ ਅਤੇ ਰਾਤ ਨੂੰ ਆਤਿਸ਼ਬਾਜ਼ੀ ਕਰਕੇ ਆਜ਼ਾਦੀ ਦਿਵਸ ਨੂੰ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।
ਇਸ ਮੌਕੇ, ਓਹਾਇਓ ਦੇ ਡੇਟਨ ਸ਼ਹਿਰ ਵਿੱਚ ਸਿੱਖ ਭਾਈਚਾਰੇ ਨੇ ਗੁਰਦੁਆਰਾ ਸਿੱਖ ਸੋਸਾਇਟੀ ਆਫ ਡੇਟਨ ਦੇ ਮੈਦਾਨ ਵਿੱਚ ਅਮਰੀਕਾ ਦਾ ਝੰਡਾ ਲਹਿਰਾਇਆ। ਇਸ ਸਮਾਗਮ ਲਈ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਕਮੇਟੀ ਦੇ ਮੈਂਬਰ ਡਾ. ਦਰਸ਼ਨ ਸਿੰਘ ਸਹਿਬੀ ਨੇ ਸ਼ਹਿਰ ਦੇ ਪ੍ਰਮੁੱਖ ਆਗੂਆਂ ਨੂੰ ਸੱਦਾ ਦਿੱਤਾ ਸੀ, ਜਿਨ੍ਹਾਂ ਵਿੱਚ ਬੀਵਰਕਰੀਕ ਦੇ ਮੇਅਰ ਡੋਨ ਐਡਮਸ, ਰੀਵਰਸਾਈਡ ਦੇ ਸਾਬਕਾ ਮੇਅਰ ਬਿਲ ਫਲਾਉਟੀ ਅਤੇ ਇੰਟਰਫੇਥ ਗਰੁੱਪ ਆਫ ਡੇਟਨ ਤੋਂ ਚਾਰਲਿਨ ਬੇਅਲਸ ਸ਼ਾਮਲ ਸਨ।
ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹੇਮ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਇਸ ਤੋਂ ਬਾਅਦ ਅਮਰੀਕਾ ਦਾ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ।
ਮੇਅਰ ਡੋਨ ਐਡਮਸ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਮੈਂ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ 4 ਜੁਲਾਈ ਦੇ ਜਸ਼ਨ ਦਾ ਹਿੱਸਾ ਬਣਨ ਲਈ ਗੁਰਦੁਆਰਾ ਸਾਹਿਬ ਸੱਦਿਆ। ਇਹ ਸਮਾਗਮ ਸਿਰਫ਼ ਸਾਡੇ ਦੇਸ਼ ਦੀ ਆਜ਼ਾਦੀ ਦੀ ਯਾਦ ਨਹੀਂ, ਸਗੋਂ ਇੱਥੇ ਵੱਸਦੇ ਵੱਖ-ਵੱਖ ਭਾਈਚਾਰਿਆਂ ਦੀ ਏਕਤਾ ਦੀ ਚਮਕਦਾਰ ਤਸਵੀਰ ਵੀ ਪੇਸ਼ ਕਰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਾਲ, ਜਦੋਂ ਅਮਰੀਕਾ ਆਪਣੀ 250ਵੀਂ ਆਜ਼ਾਦੀ ਮਨਾਏਗਾ, ਮੈਂ ਮੁੜ ਇੱਥੇ ਆਵਾਂਗਾ।”
ਡਾ. ਸਿਮਰਨ ਕੌਰ ਸਹਿਬੀ ਨੇ ਸਿੱਖ ਭਾਈਚਾਰੇ ਵੱਲੋਂ ਕਿਹਾ, “ਅਸੀਂ ਆਜ਼ਾਦੀ ਦੀ ਰੱਖਿਆ ਕਰਨ ਵਾਲਿਆਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਦੇ ਹਾਂ ਅਤੇ ਸਿੱਖ ਹੋਣ ਦੇ ਨਾਤੇ ਇਸ ਮਹਾਨ ਰਾਸ਼ਟਰ ਦਾ ਹਿੱਸਾ ਹੋਣ ’ਤੇ ਮਾਣ ਮਹਿਸੂਸ ਕਰਦੇ ਹਾਂ।”
ਹੋਰ ਬੁਲਾਰਿਆਂ ਵਿੱਚ ਡਾ. ਸੰਧਿਆ, ਅਵਤਾਰ ਸਿੰਘ (ਸਪਰਿੰਗਫੀਲਡ) ਅਤੇ ਚਾਰਲਿਨ ਬੇਅਲਸ ਸ਼ਾਮਲ ਸਨ। ਅੰਤ ਵਿੱਚ, ਡਾ. ਦਰਸ਼ਨ ਸਿੰਘ ਸਹਿਬੀ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ।