News

ਧਰਨਾ ਦੇਣ ਜਾ ਰਹੇ ਮਨਪ੍ਰੀਤ ਇਆਲੀ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

ਧਰਨਾ ਦੇਣ ਜਾ ਰਹੇ ਮਨਪ੍ਰੀਤ ਇਆਲੀ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

ਮਾਨਸਾ ਧਰਨੇ ਵਿੱਚ ਜਾ ਰਹੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਨੂੰ ਹਲਵਾਰਾ ਚੌਕ ਉੱਤੇ ਜਗਰਾਉਂ ਪੁਲੀਸ ਨੇ ਨਾਕਾ ਲਗਾ ਕੇ ਰੋਕ ਲਿਆ। ਪੁਲੀਸ ਦੀ ਕਾਰਵਾਈ ਦਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਅਤੇ ਵਿਧਾਇਕ ਮਨਪ੍ਰੀਤ ਇਆਲੀ ਨੇ ਵਿਰੋਧ ਕੀਤਾ ਤਾਂ ਪੁਲੀਸ ਨੇ ਮਨਪ੍ਰੀਤ ਇਆਲੀ ਨੂੰ ਹਿਰਾਸਤ ਵਿੱਚ ਲੈ ਲਿਆ।

ਜ਼ਿਕਰਯੋਗ ਹੈ ਕਿ ਅਕਾਲੀ ਦਲ (ਵਾਰਿਸ ਪੰਜਾਬ) ਜਥੇਬੰਦੀ ਵੱਲੋਂ ਲੰਘੇ ਦਿਨ ਮਾਨਸਾ ਵਿਖੇ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਅੱਜ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ। ਪੰਜਾਬ ਪੁਲੀਸ ਨੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਜਥੇਬੰਦੀ ਦੇ ਆਗੂਆਂ ਦੀ ਫੜੋ-ਫੜੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਵੱਲੋਂ ਕੀਤਾ ਗਿਆ ਹੈ।

ਮਨਪ੍ਰੀਤ ਇਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਸਭ ਤੋਂ ਹੇਠਲੇ ਦਰਜੇ ਦੀ ਸਿਆਸਤ ’ਤੇ ਉਤਰ ਚੁੱਕੀ ਹੈ। ਅਕਾਲੀ ਦਲ (ਵਾਰਿਸ ਪੰਜਾਬ) ਦੇ ਲੀਡਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਇਆਲੀ ਨੇ ਕਿਹਾ, “ਮਾਨਸਾ ਵਿਖੇ ਸ਼ਹੀਦ ਭਾਈ ਪਰਮਿੰਦਰ ਸਿੰਘ (ਝੋਟਾ) ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋਂ ਰੋਸ ਧਰਨਾ ਦਿੱਤਾ ਜਾਣਾ ਸੀ। ਪਰ ਧਰਨੇ ਤੋਂ ਪਹਿਲਾਂ ਹੀ, ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਪੂਰੇ ਪੰਜਾਬ ਵਿੱਚ ਜਥੇਬੰਦੀ ਦੇ ਯੋਧਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਕਈ ਸਿੰਘਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਪੁਲਿਸੀਆ ਰਾਜ ਤੋਂ ਡਰਨ ਵਾਲੇ ਨਹੀਂ ਹਾਂ ਅਤੇ ਮਰਹੂਮ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾ ਕੇ ਰਹਾਂਗੇ।”

ਉੱਧਰ ਜਲਾਲਾਬਾਦ ਤੋਂ ‘ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਗਾਂ ਨੂੰ ਅੱਜ ਪੁਲੀਸ ਵੱਲੋਂ ਹਾਊਸ ਅਰੈਸਟ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਘਾਗਾਂ ਨੇ ਅੱਜ ਜਲਾਲਾਬਾਦ ਹਲਕੇ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਨੂੰ ਲੈ ਕੇ ਜਾਣਾ ਸੀ, ਪਰ ਅੱਜ ਸਵੇਰੇ ਹੀ ਪੁਲੀਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਕੈਦ ਕਰ ਲਿਆ।

ਆਗੂ ਨਰਿੰਦਰ ਸਿੰਘ ਖੁਸਰੋਪੁਰ ਨੂੰ ਪੁਲੀਸ ਨੇ ਘਰ ਵਿੱਚ ਕੀਤਾ ਨਜ਼ਰਬੰਦ
ਨਸ਼ਿਆਂ ਦੇ ਖਿਲਾਫ ਲੜਨ ਵਾਲੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਨੂੰ ਮੁੱਖ ਰੱਖਦਿਆਂ ਪੁਲੀਸ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਦੁਆਬਾ ਜੋਨ ਦੇ ਜਥੇਬੰਦਕ ਸਕੱਤਰ ਨਰਿੰਦਰ ਸਿੰਘ ਖੁਸਰੋਪੁਰ ਨੂੰ ਅੱਜ ਤੜਕਸਾਰ ਪੁਲੀਸ ਨੇ ਉਨਾਂ ਦੇ ਪਿੰਡ ਖੁਸਰੋਪੁਰ ਵਿਚਲੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ।  

Leave a Reply

Your email address will not be published. Required fields are marked *