ਟਾਪਭਾਰਤ

‘ਨੰਨ੍ਹੀ ਛਾਂ’ ਦੇ ਨਾਅਰੇ ਹੇਠ ਸੰਸਦ ਪਹੁੰਚੀ ਬੀਬੀ ਬਾਦਲ ਦੀ ਹਰਕਤ ਨੇ ਅਕਾਲੀ ਦਲ ਦਾ ਦੋਹਰਾ ਚਿਹਰਾ ਬੇਨਕਾਬ ਕੀਤਾ: ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ-ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ 33 ਫ਼ੀਸਦੀ ਰਿਜ਼ਰਵੇਸ਼ਨ ਦੇ ਸੰਵਿਧਾਨਿਕ ਸੋਧ ਬਿੱਲ ਦਾ ਵਿਰੋਧ ਕਰਕੇ ਵਿਰੋਧੀ ਧਿਰਾਂ ਨੇ ਆਪਣਾ ਅਸਲੀ ਔਰਤ-ਵਿਰੋਧੀ ਚਿਹਰਾ ਦੇਸ਼ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਬਿੱਲ ਦਾ ਵਿਰੋਧ ਨਹੀਂ, ਸਗੋਂ ਦੇਸ਼ ਦੀ ਅੱਧੀ ਆਬਾਦੀ ਦੇ ਹੱਕਾਂ ਨੂੰ ਰੌਂਦਣ ਦੀ ਸੋਚ ਦਾ ਪ੍ਰਗਟਾਵਾ ਹੈ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਭਾਜਪਾ ਨੇ ਇਸ ਇਤਿਹਾਸਕ ਬਿੱਲ ਨੂੰ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਤਾਂ ਵਿਰੋਧੀਆਂ ਨੇ ਆਪਣੀ ਸਿਆਸੀ ਬੇਚੈਨੀ ਵਿੱਚ ਇਸ ਦਾ ਵਿਰੋਧ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਨਾ ਤਾਂ ਮਹਿਲਾਵਾਂ ਦੇ ਹੱਕ ਵਿੱਚ ਹਨ ਅਤੇ ਨਾ ਹੀ ਦੇਸ਼ ਦੇ ਭਵਿੱਖ ਲਈ ਗੰਭੀਰ ਹਨ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਸੰਵੇਦਨਸ਼ੀਲਤਾ, ਨੈਤਿਕਤਾ ਅਤੇ ਦੂਰਦਰਸ਼ਤਾ ਨਾਲ ਭਰਪੂਰ ਹੁੰਦੀ ਹੈ, ਜੋ ਦੇਸ਼ ਨੂੰ ਨਵੀਆਂ ਉਚਾਈਆਂ ਵੱਲ ਲਿਜਾਣ ਦੀ ਸਮਰੱਥਾ ਰੱਖਦੀ ਹੈ। ਪਰ ਵਿਰੋਧੀਆਂ ਨੂੰ ਮਹਿਲਾ ਸਸ਼ਕਤੀਕਰਨ ਨਹੀਂ, ਸਿਰਫ਼ ਆਪਣੀ ਰਾਜਨੀਤਿਕ ਜ਼ਮੀਨ ਖਿਸਕਣ ਦਾ ਡਰ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸਭ ਤੋਂ ਵੱਡੀ ਤ੍ਰਾਸਦੀ ਤਾਂ ਇਹ ਹੈ ਕਿ ਅਕਾਲੀ ਦਲ, ਜਿਸਦਾ ਇਤਿਹਾਸ ਮਹਿਲਾਵਾਂ ਦੇ ਹੱਕਾਂ ਦੀ ਲੜਾਈ ਨਾਲ ਜੁੜਿਆ ਰਿਹਾ ਅਤੇ ਸਿੱਖ ਗੁਰਦੁਆਰਾ ਐਕਟ 1925 ਰਾਹੀਂ ਸਿੱਖ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਦੀ ਸਫਲ ਪਹਿਲ ਕਦਮੀ ਰਾਹੀ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਅਤੇ ਸਿਆਸੀ ਹੱਕ ਦਿਵਾਉਣ ਦੀ ਅਗਵਾਈ ਕਰਨ ਵਾਲਾ ਅਕਾਲੀ ਦਲ ਅੱਜ ਆਪਣੇ ਸਿਆਸੀ ਸਵਾਰਥਾਂ ਲਈ ਅਤੇ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ” ਦੇ ਬਰਾਬਰੀ ਦੇ ਸਿਧਾਂਤ ਵਰਗੇ ਸਿੱਖ ਫ਼ਲਸਫ਼ੇ ਤੋਂ ਮੂੰਹ ਮੋੜ ਲਿਆ ਹੈ। ਅਕਾਲੀ ਦਲ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦੇ ਗੁਰੂ ਨਾਨਕ ਦੇ ਔਰਤਾਂ ਪ੍ਰਤੀ ਚੁੱਕੀ ਗਈ ਆਵਾਜ਼ ਦੇ ਵਿਪਰੀਤ ਆਪਣੇ ਰਾਜਨੀਤਿਕ ਸਵਾਰਥੀ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਲੱਗਿਆ ਹੋਇਆ ਹੈ।
ਉਨ੍ਹਾਂ ਤਿੱਖਾ ਪ੍ਰਹਾਰ ਕਰਦੇ ਹੋਏ ਕਿਹਾ ਕਿ ਸਭ ਤੋਂ ਵੱਡੀ ਵਿਡੰਬਣਾ ਇਹ ਹੈ ਕਿ  ‘ਧੀਆਂ ਦਾ ਸਨਮਾਨ ਕਰੋ ਪੁੱਤਰਾ ਵਾਂਗ ਪਿਆਰ ਕਰੋ’ ਦੇ ਨਾਅਰੇ ਹੇਠ ‘ਨੰਨ੍ਹੀ ਛਾਂ’ ਦੇ ਨਾਮ ਨਾਲ ਆਪਣੀ ਰਾਜਨੀਤੀ ਚਮਕਾਉਣ ਲਈ ਅੱਗੇ ਆਈ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਸੰਸਦ ਵਿੱਚ ਧੀਆਂ ਦੇ ਹੱਕਾਂ ਦੇ ਵਿਰੁੱਧ ਖੜੇ ਨਜ਼ਰ ਆਏ ਅਤੇ ਮਹਿਲਾ ਰਿਜ਼ਰਵੇਸ਼ਨ ਬਿਲ ਦਾ ਵਿਰੋਧ ਕਰਦਿਆਂ ਨੰਨ੍ਹੀਆਂ ਛਾਵਾਂ ਦੇ ਹੱਕਾਂ ’ਚ ਡਾਕਾ ਮਾਰਿਆ ਗਿਆ। ਧੀਆਂ ਦੇ ਸਨਮਾਨ ਦੀ ਗੱਲ ਕਰਨ ਵਾਲਿਆਂ ਦੇ ਇਸ ਦੋਹਰੇ ਕਿਰਦਾਰ ਨੂੰ ਪੰਜਾਬ ਦੀਆਂ ਧੀਆਂ ਅਤੇ ਦੇਸ਼ ਦੀਆਂ ਮਹਿਲਾਵਾਂ ਕਦੇ ਮਾਫ਼ ਨਹੀਂ ਕਰਨਗੀਆਂ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਹੋਰ ਵਿਰੋਧੀਆਂ ਵੱਲੋਂ ਸੰਘੀ ਢਾਂਚੇ ਨੂੰ ਨੁਕਸਾਨ ਦੇ ਦਾਅਵੇ ਸਿਰਫ਼ ਡਰ ਅਤੇ ਗੁਮਰਾਹਕੁਨ ਪ੍ਰਾਪੇਗੰਡਾ ਫੈਲਾਉਣ ਦੀ ਸਾਜ਼ਿਸ਼ ਹਨ। ਹੱਦਬੰਦੀ ਕਮਿਸ਼ਨ ਇੱਕ ਸੁਤੰਤਰ ਸੰਸਥਾ ਹੈ, ਜਿਸ ਵਿੱਚ ਕਿਸੇ ਵੀ ਸਰਕਾਰ ਦੀ ਦਖ਼ਲਅੰਦਾਜ਼ੀ ਸੰਭਵ ਨਹੀਂ। 2011 ਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ ਸੀਟਾਂ ਵਧਣ ਨਾਲ ਦੇਸ਼ ਦੀ ਲੋਕਤੰਤਰਿਕ ਵਿਵਸਥਾ ’ਚ ਔਰਤਾਂ ਦੀ ਨੁਮਾਇੰਦਗੀ ਹੋਰ ਮਜ਼ਬੂਤ ਹੋਣੀ ਸੀ, ਨਾ ਕਿ ਕਮਜ਼ੋਰ।  ਉਹਨਾਂ ਕਿਹਾ ਕਿ ਵਿਰੋਧੀਆਂ ਦੀ ਮਾਨਸਿਕਤਾ ਨਾ ਹੀ ਔਰਤਾਂ ਦੇ ਹੱਕ ਵਿੱਚ ਹੈ ਤੇ ਨਾ ਹੀ ਦੇਸ਼ ਤੇ ਹਿਤ ਵਿੱਚ ਹੈ । ਜਿਸ ਕਾਰਨ ਔਰਤਾਂ ਨੂੰ 33% ਰਿਜ਼ਰਵੇਸ਼ਨ ਤੋਂ ਹੁਣ ਤਕ ਵਾਂਝਾ ਕੀਤੀ ਰੱਖਿਆ।
ਪ੍ਰੋ. ਖਿਆਲਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਛੇ ਦਹਾਕਿਆਂ ਤੱਕ ਸੱਤਾ ਵਿੱਚ ਰਹਿਣ ਵਾਲੀ ਕਾਂਗਰਸ ਨੇ ਮਹਿਲਾਵਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ। 2010 ਵਿੱਚ ਰਾਜ ਸਭਾ ਵਿੱਚ ਬਿੱਲ ਪਾਸ ਹੋਣ ਦੇ ਬਾਵਜੂਦ ਇਸ ਨੂੰ ਲੋਕ ਸਭਾ ਵਿੱਚ ਲਿਆਉਣ ਦੀ ਹਿੰਮਤ ਨਹੀਂ ਦਿਖਾਈ ਗਈ। ਇਹ ਸਪਸ਼ਟ ਕਰਦਾ ਹੈ ਕਿ ਕਾਂਗਰਸ ਲਈ ਮਹਿਲਾਵਾਂ ਦੇ ਹੱਕ ਨਹੀਂ, ਸੱਤਾ ਦੀ ਕੁਰਸੀ ਜ਼ਿਆਦਾ ਮਹੱਤਵਪੂਰਨ ਸੀ।
ਉਹਨਾਂ ਕਿਹਾ ਕਿ ਕਾਂਗਰਸ ਨੂੰ ਇਹ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਕਿ ਜਿਸ ਦੇਸ਼ ਨੇ ਉਹਨਾਂ ਨੂੰ ਦਹਾਕਿਆਂ ਤੱਕ ਪੂਰਨ ਬਹੁਮਤ ਅਤੇ ਨਿਰੰਕੁਸ਼ ਸੱਤਾ ਸੌਂਪੀ, ਸੰਸਦ ਵਿੱਚ ਉਸ ਦੇਸ਼ ਦੀਆਂ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ? ਉਨ੍ਹਾਂ ਸਵਾਲ ਰੱਖਿਆ ਕਿ ਬਹੁਮਤ ਵੀ ਤੁਹਾਡੀ ਸੀ ਅਤੇ ਹਕੂਮਤ ਵੀ ਤੁਹਾਡੀ ਸੀ ਫਿਰ ਕਿਉਂ 70 ਸਾਲਾਂ ਤੱਕ ਨਾਰੀ ਸ਼ਕਤੀ ਹਾਰਦੀ ਰਹੀ ਅਤੇ ਤੁਸੀਂ ਤੁਸ਼ਟੀਕਰਨ ’ਚ ਆਪਣਾ ਭਵਿੱਖ ਬੁਣਦੇ ਰਹੇ ਪਰ ਦੇਸ਼ ਦੀਆਂ ਬੇਟੀਆਂ ਹੱਕ ਮੰਗਦੀਆਂ ਰਹੀਆਂ, ਤੁਸੀਂ ਹਮੇਸ਼ਾ ਉਹਨਾਂ ਦੀ ਅਣਸੁਣੀ ਕਰਦੇ ਰਹੇ।  ਕਾਂਗਰਸ ਲਈ ਮਹਿਲਾ ਸਸ਼ਕਤੀਕਰਨ ਦਾ ਮਤਲਬ  ਕੇਵਲ ਖ਼ਾਨਦਾਨੀ ਵਿਰਾਸਤ ਨੂੰ ਅੱਗੇ ਵਧਾਉਣ ਤਕ ਹੀ ਸੀਮਤ ਰਿਹਾ।  ਮਹਿਲਾ ਸ਼ਸਤਰੀਕਰਨ ਦੀ ਗੱਲ ਕਰਨ ਵਾਲੀ ਕਾਂਗਰਸ ਦਾ ਇਤਿਹਾਸ ਇਹ ਰਿਹਾ ਕਿ ਉਹਨਾਂ ਨੇ ਅੱਧੀ ਆਬਾਦੀ ਦੇ ਅਧਿਕਾਰਾਂ ਦੀ ਥਾਂ ਹਮੇਸ਼ਾ ਆਪਣੇ ਰਾਜਨੀਤਿਕ ਸਵਾਰਥ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਕਾਂਗਰਸ ਦੇ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਵੱਲੋਂ ਇਹ ਸਪਸ਼ਟ ਕਿਹਾ ਗਿਆ ਹੈ ਕਿ ਬਿਲ ਦੇ ਵਿਰੋਧ ਦਾ ਮਕਸਦ ਕੇਵਲ ਤੇ ਕੇਵਲ ਭਾਜਪਾ ਨੂੰ ਭਵਿੱਖ ਵਿੱਚ ਸੱਤਾ ਚ ਆਉਣ ਤੋਂ ਰੋਕਣਾ ਸੀ। ਵਿਰੋਧੀਆਂ ਵੱਲੋਂ ਪ੍ਰਗਟਾਏ ਗਏ ਮਹਿਲਾ ਵਿਰੋਧੀ ਸੋਚ ਲਈ ਕੱਲ੍ਹ ਦਾ ਦਿਨ ਕਾਲਾ ਦਿਵਸ ਵਜੋਂ ਇਤਿਹਾਸ ’ਚ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਸਦਾ ਹੀ ਮਹਿਲਾ ਸਸ਼ਕਤੀਕਰਨ ਨੂੰ ਨੀਤੀ ਨਹੀਂ, ਪ੍ਰਾਥਮਿਕਤਾ ਬਣਾਇਆ ਹੈ। ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਇਸ ਦੀ ਜੀਵੰਤ ਮਿਸਾਲ ਹਨ। ਪਾਰਟੀ ਸੰਗਠਨ ਵਿੱਚ ਵੀ ਮਹਿਲਾਵਾਂ ਨੂੰ 33 ਫ਼ੀਸਦੀ ਪ੍ਰਤੀਨਿਧਤਾ ਲਾਗੂ ਹੈ।
ਅੰਤ ਵਿੱਚ ਉਨ੍ਹਾਂ ਕਿਹਾ ਕਿ “ਨਾਰੀ ਸ਼ਕਤੀ ਦਾ ਸਨਮਾਨ ਹੀ ਰਾਸ਼ਟਰ ਨਿਰਮਾਣ ਦੀ ਮਜ਼ਬੂਤ ਨੀਂਹ ਹੈ”, ਅਤੇ ਜੋ ਪਾਰਟੀਆਂ ਅੱਜ ਇਸ ਦੇ ਵਿਰੁੱਧ ਖੜੀਆਂ ਹਨ, ਇਤਿਹਾਸ ਉਨ੍ਹਾਂ ਨੂੰ ਮਹਿਲਾ ਵਿਰੋਧੀ ਸੋਚ ਦੇ ਪ੍ਰਤੀਕ ਵਜੋਂ ਯਾਦ ਰੱਖੇਗਾ।

Leave a Reply

Your email address will not be published. Required fields are marked *