ਟਾਪਪੰਜਾਬ

ਪੰਜਾਬ ਦੀ ਧਰਤੀ ‘ਤੇ ਖ਼ਾਲਿਸਤਾਨੀ ਨੈਰੇਟਿਵ ਨੂੰ ਕੋਈ ਜਗ੍ਹਾ ਨਹੀਂ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ :ਸਿੱਖ ਚਿੰਤਕ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ (ਅੰਮ੍ਰਿਤਸਰ) ਸਮੇਤ ਕੁਝ ਜਥੇਬੰਦੀਆਂ ਵੱਲੋਂ “ਖ਼ਾਲਿਸਤਾਨ ਐਲਾਨਨਾਮੇ” ਦੀ 40ਵੀਂ ਵਰ੍ਹੇਗੰਢ ਮੌਕੇ ਕੀਤੇ ਗਏ ਮਾਰਚ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਸਿੱਖ ਜਜ਼ਬਾਤਾਂ ਨਾਲ ਗਹਿਰੀ ਸਾਂਝ ਰੱਖਦੀ ‘ਸਰਬੱਤ ਖ਼ਾਲਸਾ’ ਦੀ ਆੜ ਹੇਠ “ਖ਼ਾਲਿਸਤਾਨ ਐਲਾਨਨਾਮੇ” ਦੇ ਨਾਮ ‘ਤੇ ਪ੍ਰਾਪੇਗੰਡਾ ਕਰਕੇ ਸਿੱਖਾਂ ਨੂੰ ਭਰਮਾਉਣ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨਾਲ ਖੇਡਣ ਦੀ ਹਰ ਸਾਜ਼ਿਸ਼ ਨਾਕਾਮ ਹੋਵੇਗੀ।
ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ  ਵਰਗੇ ਲੋਕ ਜਿਸ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਹੋਏ ਸਰਬੱਤ ਖ਼ਾਲਸਾ ਸਮਾਗਮ ਦਾ ਹਵਾਲਾ ਦੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ, ਉਸ ਵਿੱਚ ਇੰਦਰਾ ਗਾਂਧੀ ਸਰਕਾਰ ਵੱਲੋਂ ਢਹਿ-ਢੇਰੀ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਸੇਵਾ ਰਾਹੀਂ ਮੁੜ ਉਸਾਰੀ ਸਮੇਤ ਤਕਰੀਬਨ 23 ਮਤੇ ਪਾਸ ਕੀਤੇ ਗਏ ਸਨ। ਜੇਕਰ ‘ਸਰਬੱਤ ਖ਼ਾਲਸਾ’ ਦਾ ‘ਖ਼ਾਲਿਸਤਾਨ’ ਨਾਲ ਕੋਈ ਸਰੋਕਾਰ ਹੁੰਦਾ ਤਾਂ ਉਸ ਸਮਾਗਮ ਵਿੱਚ ਇਸ ਸਬੰਧੀ ਵੀ ਕੋਈ ਮਤਾ ਜ਼ਰੂਰ ਪਾਸ ਹੁੰਦਾ। ਪਰ ਉਸ ਮੌਕੇ ‘ਖ਼ਾਲਿਸਤਾਨ’ ਪ੍ਰਤੀ ਕਿਸੇ ਪੰਥਕ ਸਹਿਮਤੀ ਦੀ ਕੋਈ ਨਿਸ਼ਾਨਦੇਹੀ ਨਹੀਂ ਸੀ।
ਪ੍ਰੋ. ਖਿਆਲਾ ਨੇ ਕਿਹਾ ਕਿ ਬਾਅਦ ਵਿੱਚ 29 ਅਪ੍ਰੈਲ 1986 ਨੂੰ ਇੰਦਰਾ ਗਾਂਧੀ ਸਰਕਾਰ ਤੋਂ ਕੀਰਤੀ ਚੱਕਰ ਅਤੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਆਈ.ਏ.ਐਸ. ਅਧਿਕਾਰੀ ਸਵਰਨ ਸਿੰਘ ਬੋਪਾਰਾਏ ਦੇ ਪਿਤਾ ਡਾ. ਸੋਹਣ ਸਿੰਘ ਵੱਲੋਂ ਡਰਾਫਟ ਕੀਤਾ ਗਿਆ “ਖ਼ਾਲਿਸਤਾਨ ਐਲਾਨਨਾਮਾ” ਸਾਜ਼ਿਸ਼ੀ ਢੰਗ ਨਾਲ ਸਾਹਮਣੇ ਲਿਆਂਦਾ ਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਵਿੱਚ ਉਕਤ ਵਿਅਕਤੀਆਂ ਦੀ ਭੂਮਿਕਾ ਬਾਰੇ ਕਦੇ ਵੀ ਗੰਭੀਰ ਸਰਕਾਰੀ ਪੜਤਾਲ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵਰਗੇ ਆਗੂ ਹਰ ਵਾਰ ਅਜਿਹੇ ਮੰਚਾਂ ਤੋਂ ਭੜਕਾਊ ਬਿਆਨ ਦੇ ਕੇ ਆਪਣੀ ਖੋਈ ਹੋਈ ਸਾਖ ਤੇ ਸਿਆਸੀ ਜ਼ਮੀਨ ਤਲਾਸ਼ਦੇ ਹਨ। ਜਿਨ੍ਹਾਂ ਦੀ ਸਿਆਸਤ ਵਿਦੇਸ਼ੀ ਤਾਕਤਾਂ ਦੀ ਸ਼ਹਿ’ਤੇ ਸਿਰਫ਼ ਵੰਡ, ਭੜਕਾਵੇ ਅਤੇ ਪੰਜਾਬ ਦੇ ਜ਼ਖ਼ਮਾਂ ਨੂੰ ਮੁੜ ਹਰਾ ਕਰਨ ‘ਤੇ ਟਿਕੀ ਹੋਵੇ, ਉਹ ਪੰਜਾਬ ਦੇ ਹਿਤੈਸ਼ੀ ਕਿਵੇਂ ਹੋ ਸਕਦੇ ਹਨ? ਪੰਜਾਬ ਦੇ ਲੋਕ ਅਜਿਹੇ ਤੱਤਾਂ ਨੂੰ ਪਹਿਲਾਂ ਵੀ ਨਕਾਰ ਚੁੱਕੇ ਹਨ ਅਤੇ ਅੱਗੇ ਵੀ ਨਕਾਰਦੇ ਰਹਿਣਗੇ।
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਜਿਸ ਐਲਾਨਨਾਮੇ ਨੂੰ ਲੈ ਕੇ ਇਹ ਲੋਕ ਅੱਜ ਸੜਕਾਂ ‘ਤੇ ਉਤਰੇ ਹਨ, ਉਸ ਦੇ ਮੁੱਖ ਚਿਹਰਿਆਂ ਵਿੱਚੋਂ ਇੱਕ ਵਸਣ ਸਿੰਘ ਜ਼ਫਰਵਾਲ ਨੂੰ ਅੱਜ ਦੇ ਮਾਰਚ ਵਿੱਚ ਸ਼ਾਮਲ ਤੱਕ ਨਹੀਂ ਕੀਤਾ ਗਿਆ। ਇਸ ਨਾਲ ਸਾਫ਼ ਹੈ ਕਿ ਇਹ ਲੋਕ ਖੁਦ ਆਪਣੇ ਬਣਾਏ ਨੈਰੇਟਿਵ ਵਿੱਚ ਇਕਜੁੱਟ ਨਹੀਂ ਹਨ ਅਤੇ ਕੇਵਲ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਲਈ ਇਤਿਹਾਸ ਨੂੰ ਮੋੜ-ਤੋੜ ਕੇ ਪੇਸ਼ ਕਰ ਰਹੇ ਹਨ।
ਉਨ੍ਹਾਂ ਗਰਮ ਨਾਅਰਿਆਂ ਅਤੇ ਵੱਖਵਾਦੀ ਪ੍ਰਚਾਰ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਇਹ ਕਦਮ ਪੰਜਾਬ ਦੀ ਅਮਨ-ਸ਼ਾਂਤੀ, ਦੇਸ਼ ਦੀ ਏਕਤਾ ਅਤੇ ਸਿੱਖ ਕੌਮ ਦੇ ਹਿਤਾਂ ਨਾਲ ਸਿੱਧਾ ਖਿਲਵਾੜ ਹੈ। ਉਨ੍ਹਾਂ ਸਿੱਖ ਜਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੁੱਠੀਭਰ ਲੋਕ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ‘ਸਰਬੱਤ ਖ਼ਾਲਸਾ’ ਵਰਗੀਆਂ ਅਹਿਮ ਪੰਥਕ ਸੰਸਥਾਵਾਂ ਦੀ ਓਟ ਵਿੱਚ ਵੱਖਵਾਦੀ ਨਾਅਰੇਬਾਜ਼ੀ ਕਰਕੇ  ਨਾਕੇਵਲ ਸਿਆਸੀ ਇਛਾਪੂਰਤੀ ਚਾਹੁੰਦੇ ਹਨ ਸਗੋਂ ਸਿੱਖ ਇਤਿਹਾਸ ਦੀ ਵੀ ਗ਼ਲਤ ਪੇਸ਼ਕਾਰੀ ਕਰ ਰਹੇ ਹਨ। ਸਿੱਖ ਕੌਮ ਨੇ ਹਮੇਸ਼ਾ “ਸਰਬੱਤ ਦਾ ਭਲਾ”, ਮਨੁੱਖੀ ਅਧਿਕਾਰਾਂ ਅਤੇ ਭਾਰਤ ਦੀ ਅਖੰਡਤਾ ਲਈ ਕੁਰਬਾਨੀਆਂ ਦਿੱਤੀਆਂ ਹਨ, ਨਾ ਕਿ ਦੇਸ਼ ਦੀ ਵੰਡ ਲਈ।
ਪ੍ਰੋ. ਖਿਆਲਾ ਨੇ ਕਿਹਾ ਕਿ 1980-90 ਦੇ ਕਾਲੇ ਦੌਰ ਵਿੱਚ ਪੰਜਾਬ ਨੇ ਹਜ਼ਾਰਾਂ ਬੇਗੁਨਾਹ ਜਾਨਾਂ ਗੁਆਈਆਂ, ਪਰ ਅੱਜ ਫਿਰ ਕੁਝ ਲੋਕ ਵਿਦੇਸ਼ੀ ਤਾਕਤਾਂ ਅਤੇ ਭਾਰਤ ਵਿਰੋਧੀ ਤੱਤਾਂ ਦੇ ਇਸ਼ਾਰਿਆਂ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਪਹਿਲਾਂ ਪੰਜਾਬ ਦੀ ਜਵਾਨੀ ਨੂੰ ਗਰਮ ਨਾਅਰੇ ਦਿੱਤੇ ਅਤੇ ਹੁਣ ਨਸ਼ੇ, ਹਥਿਆਰਾਂ ਅਤੇ ਵਿਦੇਸ਼ੀ ਪ੍ਰਚਾਰ ਦੇ ਰਸਤੇ ਧੱਕਣ ਦਾ ਪਾਪ ਕਮਾ ਰਹੇ ਹਨ।
ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਅਤੇ ਵੱਖਵਾਦੀ ਏਜੰਡੇ ਲਈ ਧਾਰਮਿਕ ਅਸਥਾਨਾਂ ਤੋਂ ਅਜਿਹੇ ਅਖੌਤੀ ਸੰਦੇਸ਼ ਦੇਣਾ ਨਾ ਸਿਰਫ਼ ਦੇਸ਼ ਵਿਰੋਧੀ ਤੱਤਾਂ ਨੂੰ ਹੌਸਲਾ ਦਿੰਦਾ ਹੈ, ਸਗੋਂ ਕੌਮ ਦੀਆਂ ਅਸਲ ਸਰੋਕਾਰਾਂ ਨੂੰ ਵੀ ਕਮਜ਼ੋਰ ਕਰਦਾ ਹੈ।
ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਚੱਲ ਰਹੀ ਹਾਈਬ੍ਰਿਡ ਜੰਗ ਦੇ ਮਾਹੌਲ ਵਿੱਚ ਅਜਿਹੇ ਵੱਖਵਾਦੀ ਪ੍ਰਦਰਸ਼ਨਾਂ ਅਤੇ ਵਿਦੇਸ਼ੀ ਫੰਡਿੰਗ ਵਾਲੇ ਨੈੱਟਵਰਕਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਜੇ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਦੇ ਤਾਰ ਵਿਦੇਸ਼ੀ ਏਜੰਸੀਆਂ ਜਾਂ ਭਾਰਤ ਵਿਰੋਧੀ ਸੰਗਠਨਾਂ ਨਾਲ ਜੁੜੇ ਹੋਣ ਤਾਂ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਅੰਤ ਵਿੱਚ ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਦੇਸ਼ ਨੂੰ ਤੋੜਨ ਵਾਲਿਆਂ ਦੀ ਨਹੀਂ, ਸਗੋਂ ਜੋੜਨ ਵਾਲਿਆਂ ਦੀ ਹੈ। ਪੰਜਾਬ ਦੀ ਜਨਤਾ ਅਮਨ, ਤਰੱਕੀ ਅਤੇ ਰਾਸ਼ਟਰਵਾਦ ਦੇ ਨਾਲ ਖੜ੍ਹੀ ਹੈ ਅਤੇ ਖ਼ਾਲਿਸਤਾਨੀ ਨੈਰੇਟਿਵ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।

Leave a Reply

Your email address will not be published. Required fields are marked *

Share via
Copy link