ਟਾਪਫ਼ੁਟਕਲ

 ਪੰਜਾਬ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ-ਡਾ. ਜਗਮੇਲ ਸਿੰਘ ਭਾਠੂਆਂ

ਪੰਜਾਬ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਸਮੇਂ ਦੀਆਂ ਸ਼੍ਰੋਮਣੀ ਸ਼ਖ਼ਸੀਅਤਾਂ ਵਿਚੋਂ ਇੱਕ ਅਜਿਹੇ ਯੁੱਗ ਦ੍ਰਿਸ਼ਟਾ ਸਨ ਜਿਨ੍ਹਾਂ ਆਪਣੇ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਆਪਣੀ ਚੇਤਨਾ ਨੂੰ ਉੱਚਾ ਉਠਾਉਣ ਤੇ ਵਿੱਦਿਅਕ ਯੋਗਤਾ ਵਧਾਉਣ ਦੇ ਮੰਤਵ ਨੂੰ ਹਮੇਸ਼ਾ ਸਾਹਮਣੇ ਰੱਖਿਆ। ਭਾਈ ਕਾਹਨ ਸਿੰਘ ਨਾਭਾ  ਦਾ ਜਨਮ ਉਨਾਂ ਦੇ ਨਾਨਕੇ ਘਰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਚ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਈਂ ਨੂੰ ਹੋਇਆ। ਆਪਣੇ ਵਡਮੁੱਲੇ ਯੋਗਦਾਨ ਸਦਕਾ ਭਾਈ ਸਾਹੇਬ ਇੱਕ ਯੁੱਗ ਪੁਰਸ਼ ਦਾ ਦਰਜਾ ਰੱਖਦੇ ਹਨ ਯੁੱਗ ਪੁਰਸ਼ ਦੀ ਮੂਲ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੇ ਜੀਵਨ ਮਨੋਰਥ ਪ੍ਰਤੀ ਦ੍ਰਿੜ੍ਹ ਤੇ ਸਪੱਸ਼ਟ ਹੁੰਦਾ ਹੈ ਅਤੇ ਆਪਣੇ ਮੰਤਵ ਦੀ ਪੂਰਤੀ ਲਈ ਉਹ ਨਿਰੰਤਰ ਸਾਧਨਾਂ ਵਿੱਚ ਜੁਟਿਆ ਰਹਿੰਦਾ ਹੈ। ਭਾਈ ਸਾਹੇਬ ਦੇ ਬਜ਼ੁਰਗ ਬਾਬਾ ਨੌਧ ਸਿੰਘ ਪਿੰਡ ਪਿੱਥੋ (ਬਠਿੰਡਾ) ਦੇ ਪਤਵੰਤੇ ਪੁਰਸ਼ ਸਨ ਜੋ ਕੁਝ ਸਮਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁਸ਼ਾਹਬ ਵੀ ਰਹੇ ਸਨ। ਸਮਾਂ ਪਾ ਕੇ ਉਨ੍ਹਾਂ ਦੇ ਸਪੁੱਤਰ ਬਾਬਾ ਸਰੂਪ ਸਿੰਘ ਜੀ ਡੇਰਾ ਬਾਬਾ ਅਜਾਪਾਲ ਸਿੰਘ ਜੀ (ਨਾਭਾ) ਦੇ ਮੋਹਤਮਿਮ ਨੀਅਤ ਹੋਏ ਅਤੇ  ਇਸ ਤੋਂ ਬਾਅਦ ਬਾਬਾ ਸਰੂਪ ਸਿੰਘ ਦੇ ਪੋਤਰੇ ਬਾਬਾ ਨਾਰਾਇਣ ਸਿੰਘ ਜੀ (1841-1916 ਈ.) ਨੇ ਇਸੇ ਅਸਥਾਨ ਤੇ ਸੇਵਾ ਨਿਭਾਈ ਜੋ ਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਸਨ।

ਭਾਈ ਕਾਨ੍ਹ ਸਿੰਘ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਬੜੀ ਬਲਵਾਨ ਚੇਤਨਾ ਸ਼ਕਤੀ ਦੇ ਮਾਲਕ ਸਨ। ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਬਾਣੀ ਜ਼ੁਬਾਨੀ ਕੰਠ ਸੀ ਅਤੇ ਹਰੇਕ ਮਹੀਨੇ ਚਾਰ ਪਾਠ ਨੇਮ ਨਾਲ ਕਰਿਆ ਕਰਦੇ ਸਨ।  ਕਈ ਬਜੁਰਗਾਂ ਤੇ ਵਿਦਵਾਨਾਂ ਪਾਸੋਂ ਇਹ ਗੱਲਾਂ ਸੁਣਨ ਨੂੰ ਮਿਲੀਆਂ ਹਨ ਕਿ, ਬਾਬਾ ਨਾਰਾਇਣ ਸਿੰਘ ਜੀ ਨੇ ਆਪਣੀ ਉਮਰ ਵਿਚ ਇਕ ਆਸਨ ਤੇ ਬੈਠ ਕੇ ਤਿੰਨ ਵਾਰ ਅਤਿ-ਅਖੰਡ ਪਾਠ ਕੀਤੇ ਸਨ ਅਤੇ ਇਕ ਅਤਿ-ਅਖੰਡ ਪਾਠ ਆਪ ਤੋਂ ਖੁਦ ਮਹਾਰਾਜਾ ਹੀਰਾ ਸਿੰਘ ਨਾਭਾਪਤੀ ਨੇ ਜਿਸ ਪ੍ਰੇਮ ਨਾਲ ਸੁਣਿਆ ਉਹ ਦੇਖਣ ਯੋਗ ਸੀ। ਜਦੋਂ ਉਸ ਪਾਠ ਦਾ ਭੋਗ ਪਿਆ ਤਾਂ ਮਹਾਰਾਜਾ ਸਾਹਿਬ ਨੇ ਕੁਝ ਜਾਗੀਰ ਭੇਟਾ ਕਰਨੀ ਚਾਹੀ ਪਰ ਬਾਬਾ ਜੀ ਨੇ ਪਾਠ ਭੇਟਾ ਲੈਣੀ ਨਾਵਾਜਬ ਸਮਝਕੇ ਇਨਕਾਰ ਕਰ ਦਿੱਤਾ। ਜਦ ਬਾਬਾ ਜੀ ਪਾਲਕੀ ਵਿਚ ਸਵਾਰ ਹੋ ਕੇ ਗੁਰਦੁਆਰੇ ਨੂੰ ਆਉਣ ਲੱਗੇ ਤਾਂ ਮਹਾਰਾਜਾ ਸਾਹਿਬ ਨੇ ਇਕ ਕਹਾਰ ਨੂੰ ਹਟਾ ਕੇ ਉਨ੍ਹਾ ਦੀ ਪਾਲਕੀ ਮੋਢਿਆਂ ਤੇ ਉਠਾ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਨਾਲ ਬੜੀ ਸ਼ਰਧਾ ਤੇ ਅਕੀਦਤ ਦਾ ਇਜ਼ਹਾਰ ਕੀਤਾ।

ਇੱਥੇ ਹੀ (ਡੇਰਾ ਬਾਬਾ ਅਜਾਪਾਲ ਸਿੰਘ ਜੀ (ਨਾਭਾ) ਰਹਿੰਦਿਆਂ ,ਪਿਤਾ ਜੀ ਦੇ ਆਸ਼ੀਰਵਾਦ ਨਾਲ ਭਾਈ ਕਾਹਨ ਸਿੰਘ ਨਾਭਾ ਨੇ ਉਸ ਮੌਕੇ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਭਾਈ ਰਾਮ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿਘੰ ਜਲਾਲਕੇ, ਬਾਵਾ ਕਲਿਆਣ ਦਾਸ ਅਤੇ ਮਹੰਤ ਗੱਜਾ ਸਿੰਘ ਆਦਿ ਦੇਸੀ ਵਿਦਵਾਨਾਂ ਪਾਸੋਂ ਵੱਖ ਵੱਖ ਵਿਸ਼ਿਆਂ ‘ਚ ਬਹੁ-ਪੱਖੀ ਵਿਦਿਆ ਹਾਸਿਲ ਕੀਤੀ। ਦਿੱਲੀ ਅਤੇ ਲਖਨਊ ਦੇ ਵਿਦਵਾਨਾਂ ਪਾਸੋਂ ਫਾਰਸੀ ਦੀ ਸਿੱਖਿਆ ਗ੍ਰਹਿਣ ਕੀਤੀ। ਆਪ ਨੂੰ ਸੈਰ, ਬਾਗਬਾਨੀ ਅਤੇ ਸ਼ਿਕਾਰ ਤੋਂ ਇਲਾਵਾ ਸੰਗੀਤ ਦਾ ਵੀ ਬੇਹੱਦ ਸ਼ੌਕ ਸੀ।

                    ਭਾਈ ਸਾਹਿਬ ਦੀ ਸਮੁੱਚੀ ਸਾਹਿਤਕ ਘਾਲਣਾ ਦੀ ਜੇਕਰ ਵਰਗ ਵੰਡ ਕੀਤੀ ਜਾਵੇ ਤਾਂ ਪਹਿਲੇ ਪੜਾਅ 1884 ਈ. ਤੋਂ 1897 ਈ. ਤੱਕ ਜੋ ਆਪ ਜੀ ਨੇ ਸਾਹਿਤ ਰਚਨਾ ਕੀਤੀ ਉਹ ਪਰੰਪਰਾਵਾਦੀ ਰਿਵਾਜ ਦੇ ਅਨੁਸਾਰ ਬ੍ਰਜ ਭਾਸ਼ਾ ਦੇ ਅਸਰ ਅਧੀਨ ਕੀਤੀ। ਉਨੀਂਵੀ ਸਦੀ ਦੇ ਅਖੀਰਲੇ ਦਹਾਕੇ ‘ਚ ਲਿਖੇ ਗ੍ਰੰਥ ‘ਰਾਜ ਧਰਮ’ (1884 ਈ.) ਤੋਂ ਆਪ ਦਾ ਸਾਹਿੱਤਕ ਸਫ਼ਰ ਆਰੰਭ ਹੋਇਆ।  ਟੀਕਾ ਜੈਮਨੀ ਅਸਵਮੇਧ, ਨਾਟਕ ਭਾਵਾਰਥ ਦੀਪਿਕਾ ਤੇ ਟੀਕਾ ਵਿਸ਼ਨੂੰ ਪੁਰਾਣ ਆਦਿ ਇਸੇ ਦੌਰ ਦੀਆਂ ਕੁਝ ਹੋਰ ਮਹੱਤਵਪੂਰਣ ਰਚਨਾਵਾਂ ਹਨ। ਦੂਜੇ ਪੜਾਅ 1907 ਈ. ਤੱਕ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਸਿੱਖ ਸਿਧਾਂਤਾਂ ਤੇ ਸਿੱਖੀ ਜੀਵਨ ਦੇ ਪ੍ਰਚਾਰ ਲਈ , ਆਪ ਨੇ ‘ਹਮ ਹਿੰਦੂ ਨਹੀਂ’, ਗੁਰੁਮਤ ਪ੍ਰਭਾਕਰ, ਗੁਰਮਤ ਸੁਧਾਕਰ, ਸੱਦ ਕਾ ਪਰਮਾਰਥ, ਅਤੇ ਗੁਰੁ ਗਿਰਾ ਕਸੌਟੀ ਆਦਿ ਕਈ ਲਾਸਾਨੀ ਪੁਸਤਕਾਂ ਲਿਖ ਕੇ ਸਿੱਖ ਸੰਗਠਨ ਦੀ ਧਾਰਮਿਕ ਵਿਲੱਖਣਤਾ ਅਤੇ ਸਮਾਜਿਕ ਵੱਖਰੇਪਨ ਨੂੰ ਮਜਬੂਤ ਕੀਤਾ। ਤੀਜੇ ਦੌਰ ਦੀਆਂ ਦਰਜਨਾਂ ਪੁਸਤਕਾਂ ਵਿੱਚ ਸਭ ਤੋਂ ਮਹਾਨ ਸਾਹਿਤਕ ਗ੍ਰੰਥ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ (1930 ਈ.) ਭਾਈ ਸਾਹੇਬ ਦੀ ਪੂਰੀ ਜ਼ਿੰਦਗੀ ਦੇ ਪਰਿਸ਼ਰਮ ਦਾ ਸਿੱਟਾ ਕਿਹਾ ਜਾ ਸਕਦਾ ਹੈ। ਆਪ ਨੇ ਉਮਰ ਭਰ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ। ਭਾਈ ਸਾਹਿਬ ਵੱਲੋਂ ਸੰਪਾਦਿਤ ਕੋਸ਼ ‘ਅਨੇਕਾਰਥ ਕੋਸ਼’ ਤੇ ‘ਨਾਮਮਾਲਾ ਕੋਸ਼’ ਨਾਲ ਜਿਥੇ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਹਿੰਦੀ ਤੇ ਬ੍ਰਜ ਭਾਸ਼ਾ ਦੇ ਕਾਵਯ ਗ੍ਰੰਥਾਂ ਦੇ ਸ਼ਬਦਾਰਥ ਸਮਝਣ ਵਿੱਚ ਆਸਾਨੀ ਹੋਈ, ਉਥੇ ‘ਗੁਰਛੰਦ ਦਿਵਾਕਰ’ ਤੇ ਗੁਰੁਸ਼ਬਦਾਲੰਕਾਰ’ ਵਰਗੀਆਂ ਪੁਸਤਕਾਂ ਦੀ ਰਚਨਾ ਨਾਲ ਆਪ ਮਹਾਨ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਵਜੋਂ ਸਥਾਪਿਤ ਹੋਏ।

          ਭਾਈ ਕਾਨ੍ਹ ਸਿੰਘ ਪੰਜਾਬ ਦੇ ਉਨ੍ਹਾਂ ਚੌਣਵੇਂ ਲੇਖਕਾਂ ਵਿੱਚੋਂ ਸਨ ਜੋ ਡਾਇਰੀ ਲਿਖਣ ਦੇ ਵੀ ਨਿਤਨੇਮੀ ਸਨ। ਇਨ੍ਹਾਂ ਡਾਇਰੀਆਂ ਵਿੱਚੋਂ ਬਹੁਤ ਸਾਰੀ ਇਤਿਹਾਸਿਕ ਤੇ ਪੰਜਾਬ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਸਾਹਮਣੇ ਆਉਂਦੀ ਹੈ। ਪੰਜਾਬ ਦੀਆਂ ਰਿਆਸਤਾਂ ਦੇ ਸੰਬੰਧ ਵਿੱਚ ਵੀ ਭਰਪੂਰ ਜਾਣਕਾਰੀ ਮਿਲਦੀ ਹੈ। ਡਾ. ਰਛਪਾਲ ਕੌਰ ਨੇ ਇਨਾਂ ਡਾਇਰੀਆਂ ਨੂੰ ਭਾਈ ਸਾਹਿਬ ਦੀਆਂ ਅਪ੍ਰਕਾਸ਼ਿਤ ਰਚਨਾਵਾਂ ਵਿੱਚ ਸ਼ਾਮਿਲ ਕੀਤਾ ਸੀ। ਇਨਾਂ ਡਾਇਰੀਆਂ ’ਚ ਪੰਜਾਬ ਦਾ ਉਹ ਅਣਲਿਖਿਆ ਇਤਿਹਾਸ ਹੈ ਜਿਸਦੇ ਖੁਦ ਭਾਈ ਕਾਨ੍ਹ ਸਿੰਘ ਨਾਭਾ ਸ਼ਾਖਸੀ ਰਹੇ ਹਨ।

ਭਾਈ ਕਾਨ੍ਹ ਸਿੰਘ ਜੀ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਅਨੁਸਾਰ, “ਮਿਸਟਰ ਮੈਕਸ ਆਰਥਰ ਮੈਕਾਲਿਫ ਵਰਗੇ ਅੰਗਰੇਜ਼ ਸੱਜਣ ਨੂੰ ਸਿੱਖ ਧਰਮ ਤੇ ਇਤਿਹਾਸ ਤੋਂ ਜਾਣੂ ਕਰਾਕੇ ‘ਸਿਖ ਰਿਲੀਜਨ‘ ਜਿਹਾ ਪੁਸਤਕ ਲਿਖਾਉਣਾ ਆਪ ਜੀ ਦੀ ਸੁਯੋਗਤਾ ਸੀ ਵਲੈਤ ਲੰਮਾ ਸਮਾਂ ਰਹਿ ਕੇ ਇਸ ਪੁਸਤਕ ਦੇ ਅੰਤਮ ਪਰੂਫ ਪੜ੍ਹਨ ਦੀ ਸੇਵਾ ਵੀ ਆਪ ਨੇ ਨਿਭਾਈ ਇਸ ਲਗਨ ਤੇ ਪਿਆਰ ਦੇ ਵਸ ਹੋ ਕੇ ਮਿਸਟਰ ਮੈਕਾਲਿਫ ਨੇ ਆਪਣੀ ਪੁਸਤਕ ਦੇ ਸਾਰੇ ਅਧਿਕਾਰ ਭਾਈ ਕਾਨ੍ਹ ਸਿੰਘ ਦੇ ਨਾਮ ਹੀ ਲਿਖ ਦਿੱਤੇਇਹ ਲਿਖਤ ਅਜੇ ਤੱਕ ਸਾਡੇ  ਪਰਿਵਾਰ ਪਾਸ (ਵ੍ਰਿਜੇਸ਼ ਭਵਨ ਨਾਭਾਮੌਜੂਦ ਹੈ ਮਿਸਟਰ ਮੈਕਾਲਿਫ ਨੇ ਲੰਡਨ (ਯੂ.ਕੇ.) ਚ ਆਪਣਾ ਮਕਾਨ ਦੇਣ ਦੀ ਵੀ ਪੇਸ਼ਕਸ਼ ਕੀਤੀ ਸੀਪਰ ਭਾਈ ਸਾਹਿਬ ਨੇ ਮਨ੍ਹਾ ਕਰ ਦਿੱਤਾ

ਸਰਵਪੱਖੀ ਵਿਦਵਾਨ ਅਤੇ ਸਰਬਾਂਗੀ ਸਖਸ਼ੀਅਤ ਕਰਕੇ ਸਿੱਖ ਕੌਮ ਵਿੱਚ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ ‘ਸਰਦਾਰ ਬਹਾਦੁਰ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਆਪ 23 ਨਵੰਬਰ 1938 ਈ. ਦੇ ਦਿਨ ਨਾਭੇ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।ਭਾਈ ਸਾਹੇਬ ਦੀ ਬਹੁਪੱਖੀ ਸ਼ਖ਼ਸੀਅਤ ਦੀ ਵਿਆਖਿਆ ਕਰਦਿਆਂ ਡਾ. ਦੇਵਿੰਦਰ ਸਿੰਘ ਵਿਦਿਆਰਥੀ ਦੱਸਦੇ ਹਨ ਕਿ ਭਾਈ ਸਾਹੇਬ ਇੱਕ ਪ੍ਰਭਾਵ ਪਾਉਣ ਵਾਲੇ ਬੁਲਾਰੇ, ਇੱਕ ਸਫਲ ਲੇਖਕ ,ਸੁਜਾਨ ਨੀਤੀਵਾਨ, ਸੁਘੜ ਹਾਕਮ, ਸੁਚੱਜੇ ਉਸਤਾਦ; ਸੂਰਤਵਾਨ ਦਰਬਾਰੀ, ਸੁਲੱਖਣੇ ਗ੍ਰਹਿਸਥੀ ,ਸਰਕਾਰੇ ਦਰਬਾਰੇ ਸਨਮਾਨੇ ਜਾਣ ਵਾਲੇ ‘ਬਸੀਠ’ ,ਬਹੁਤ ਦੇਸਾਂ ਵਿੱਚ ਭਵੇਂ ਯਾਤਰੂ ,ਬਹੁਤ ਸਾਰੀਆਂ ਜ਼ਬਾਨਾਂ ਦੇ ਜਾਣੂ ਅਤੇ ਬਹੁਤ ਸਾਰੇ ਇਲਮਾਂ ਦੇ ਸਿਆਣੇ ਖੋਜੀ ਬਿਰਤੀ ਵਾਲੇ ਤਬੀਅਤ ਵਿੱਚ ਉਪਜ ਵਾਲੇ ਚੁਲਬੁਲੇ ਵਿਅੰਗਕਾਰ ਹਰ ਇੱਕ ਦੇ ਦੁਖ-ਸੁਖ ਦੇ ਭਾਈਵਾਲ ਅਤੇ ਖੁਲ੍ਹ-ਦਿਲੇ ਇਨਸਾਨ ਸਨ।

ਡਾ. ਜਗਮੇਲ ਸਿੰਘ ਭਾਠੂਆਂ

ਏ- 68- ਏ , ਸੈਕੰਡ ਫਲੋਰ,ਫਤੇਹ ਨਗਰ,ਨਵੀਂ ਦਿੱਲੀ -18, ਸੰਪਰਕ 8847047554

Leave a Reply

Your email address will not be published. Required fields are marked *