ਬਰਤਾਨੀਆ ਦੇ ਸੰਸਦ ਭਵਨ ‘ਚ ਹੋਏ ਸਮਾਗਮ ਦੌਰਾਨ ਸੇਵਾ ਟਰੱਸਟ ਯੂ.ਕੇ. ਵੱਲੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਅਮਰੀਕਾ ਵਾਸੀ
ਅੰਮ੍ਰਿਤਸਰ ਦੇ ਜੰਮਪਲ, ਅਮਰੀਕਾ ਵਾਸੀ ਸਮਾਜ ਸੇਵੀ ਸਮੀਪ ਸਿੰਘ ਗੁਮਟਾਲਾ, ਗਲੋਬਲ ਕਨਵੀਨਰ, ਫਲਾਈ ਅੰਮ੍ਰਿਤਸਰ
ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਨੇ ਲੰਡਨ–ਅੰਮ੍ਰਿਤਸਰ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਵਾਉਣ ਅਤੇ ਹੋਰ
ਅੰਤਰਰਾਸ਼ਟਰੀ ਹਵਾਈ ਕੰਪਨੀਆਂ ਨੂੰ ਪੰਜਾਬ ਨਾਲ ਜੋੜਨ ਲਈ ਯਤਨ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਗੁਮਟਾਲਾ ਨੂੰ ਹਾਲ ਹੀ ਵਿੱਚ ਲੰਡਨ ਸਥਿਤ
ਬਰਤਾਨੀਆ ਦੇ ਸੰਸਦ ਭਵਨ (ਹਾਉਸ ਆਫ ਕਾਮਨਜ਼) ਵਿੱਚ ਸੇਵਾ ਟਰੱਸਟ ਯੂਕੇ ਦੀ ਦਸਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਦੌਰਾਨ ਸੰਸਥਾ ਵੱਲੋਂ
‘ਯੂਕੇ–ਇੰਡੀਆ ਇੰਪੈਕਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਮੇਜ਼ਬਾਨੀ ਅਤੇ ਪ੍ਰਧਾਨਗੀ ਬੈੱਡਫੋਰਡ ਤੋਂ ਸੰਸਦ ਮੈਂਬਰ ਮੁਹੰਮਦ ਯਾਸੀਨ ਨੇ ਕੀਤੀ, ਜਿਸ ਵਿੱਚ ਬਰਤਾਨੀਆ, ਭਾਰਤ ਅਤੇ ਅਮਰੀਕਾ ਤੋਂ ਸੰਸਦ
ਮੈਂਬਰਾਂ, ਸਮਾਜ ਸੇਵੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸਮਾਜ ਸੇਵਾ, ਸਿੱਖਿਆ ਅਤੇ ਸੱਭਿਆਚਾਰ ਦੇ
ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਹੋਰ ਕਈ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਚੰਨੀ ਸਿੰਘ ਓਬੀਈ
ਵੀ ਸ਼ਾਮਲ ਸਨ।
ਗੁਮਟਾਲਾ ਨੂੰ ਇਹ ਸਨਮਾਨ ਸਮੈਥਵਿਕ ਤੋਂ ਬਰਤਾਨੀਆ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਸੀਬੀਈ, ਪ੍ਰੋਫੈਸਰ ਜਗਤਾਰ ਸਿੰਘ ਸੀਬੀਈ, ਅੰਮ੍ਰਿਤਪਾਲ
ਸਿੰਘ ਮਾਨ ਓਬੀਈ ਅਤੇ ਸੇਵਾ ਟਰੱਸਟ ਯੂਕੇ ਦੇ ਸੰਸਥਾਪਕ ਤੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਐਮਬੀਈ ਵੱਲੋਂ ਪ੍ਰਦਾਨ ਕੀਤਾ ਗਿਆ। ਸਨਮਾਨ ਪੱਤਰ
ਵਿੱਚ ਗੁਮਟਾਲਾ ਵੱਲੋਂ ਸਮਾਜ ਸੇਵਾ, ਭਾਈਚਾਰਕ ਸਹਿਯੋਗ ਅਤੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ ਪਾਏ
ਯੋਗਦਾਨ ਦੀ ਸ਼ਲਾਘਾ ਕੀਤੀ ਗਈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਰਾਹੀਂ ਗੁਮਟਾਲਾ ਯਾਤਰੀ ਆਵਾਜਾਈ ਦੇ ਅੰਕੜਿਆਂ ਦੇ ਆਧਾਰ ‘ਤੇ ਹਵਾਈ ਕੰਪਨੀਆਂ, ਭਾਰਤ ਅਤੇ ਹੋਰਨਾਂ ਮੁਲਕਾਂ
ਦੇ ਸਰਕਾਰੀ ਨੁਮਾਇੰਦਿਆਂ ਅਤੇ ਭਾਈਚਾਰਕ ਸੰਸਥਾਵਾਂ ਨਾਲ ਸੰਪਰਕ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਿਹਤਰ ਹਵਾਈ
ਸੰਪਰਕ ਲਈ ਯਤਨਸ਼ੀਲ ਰਹੇ ਹਨ। ਇਸ ਮੁਹਿੰਮ ਨੇ ਬਰਮਿੰਘਮ, ਲੰਡਨ ਅਤੇ ਕੁਆਲਾਲੰਪੁਰ ਲਈ ਨਵੀਆਂ ਜਾਂ ਮੁੜ ਸ਼ੁਰੂ ਹੋਈਆਂ ਉਡਾਣਾਂ ਦੇ ਹੱਕ ਵਿੱਚ
ਸਮਰਥਨ ਜੁਟਾਉਣ ਵਿੱਚ ਯੋਗਦਾਨ ਪਾਇਆ ਹੈ। ਇਸ ਦੇ ਨਾਲ ਹੀ ਕੈਨੇਡਾ, ਯੂਰਪ, ਆਸਟ੍ਰੇਲੀਆ ਅਤੇ ਹੋਰ ਪ੍ਰਮੁੱਖ ਮੰਜ਼ਿਲਾਂ ਨਾਲ ਬਿਹਤਰ ਹਵਾਈ
ਸੰਪਰਕ ਲਈ ਯਤਨ ਜਾਰੀ ਹਨ। ਮੁਹਿੰਮ ਦਾ ਮੰਨਣਾ ਹੈ ਕਿ ਅੰਮ੍ਰਿਤਸਰ ਤੋਂ ਬਿਹਤਰ ਹਵਾਈ ਸੰਪਰਕ ਦਾ ਲਾਭ ਸਮੁੱਚੇ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ
ਯਾਤਰੀਆਂ, ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ, ਸੈਲਾਨੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਮਿਲਦਾ ਹੈ।
ਸੇਵਾ ਟਰੱਸਟ ਯੂਕੇ ਨੇ ਵਿਸ਼ੇਸ਼ ਤੌਰ ’ਤੇ ਬਰਤਾਨੀਆ–ਅੰਮ੍ਰਿਤਸਰ ਹਵਾਈ ਸੰਪਰਕ ਸਬੰਧੀ ਮੁਹਿੰਮ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਸਹਿਯੋਗ
ਕੀਤਾ ਹੈ। ਇਸ ਤਹਿਤ ਅਪ੍ਰੈਲ 2018 ਵਿੱਚ ਬਰਤਾਨੀਆ ਦੇ ਸੰਸਦ ਭਵਨ ਵਿੱਚ ਹੋਈ ਇੱਕ ਮੀਟਿੰਗ ਲਈ ਵੀ ਸਹਿਯੋਗ ਦਿੱਤਾ ਗਿਆ ਸੀ, ਜਿਸ ਦੌਰਾਨ
ਲੰਡਨ–ਅੰਮ੍ਰਿਤਸਰ ਸਿੱਧੀਆਂ ਉਡਾਣਾਂ ਦੀ ਮੰਗ ਉਠਾਈ ਗਈ ਸੀ।
ਸਨਮਾਨ ਪ੍ਰਾਪਤ ਕਰਨ ਉਪਰੰਤ ਗੁਮਟਾਲਾ ਨੇ ਕਿਹਾ, “ਮੈਂ ਇਸ ਸਨਮਾਨ ਨੂੰ ਉਨ੍ਹਾਂ ਸਮੂਹ ਸਾਥੀਆਂ, ਸਵੈਸੇਵਕਾਂ ਅਤੇ ਭਾਈਚਾਰੇ ਦੇ ਲੋਕਾਂ ਦਾ ਸਾਂਝਾ
ਸਨਮਾਨ ਸਮਝਦਾ ਹਾਂ, ਜਿਨ੍ਹਾਂ ਨੇ ਸਾਲਾਂ ਤੋਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਯਤਨ ਕੀਤੇ ਹਨ। ਸੇਵਾ
ਟਰੱਸਟ ਯੂਕੇ ਅਤੇ ਬਰਤਾਨੀਆ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਬਰਤਾਨੀਆ–ਅੰਮ੍ਰਿਤਸਰ ਹਵਾਈ ਸੰਪਰਕ ਸਬੰਧੀ ਮੁਹਿੰਮ ਦੇ ਮਹੱਤਵਪੂਰਨ ਸਹਿਯੋਗੀ
ਰਹੇ ਹਨ।”
ਉਨ੍ਹਾਂ ਕਿਹਾ ਕਿ ਬਰਮਿੰਘਮ–ਅੰਮ੍ਰਿਤਸਰ ਸਿੱਧੀਆਂ ਉਡਾਣਾਂ ਜਾਰੀ ਹਨ, ਪਰ ਲੰਡਨ–ਅੰਮ੍ਰਿਤਸਰ ਸੇਵਾ ਬੰਦ ਹੋਣ ਕਾਰਨ ਇਸ ਦੀ ਬਹਾਲੀ ਲਈ ਨਵੇਂ ਸਿਰੇ
ਤੋਂ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਬਰਤਾਨੀਆ ਦੇ ਸੰਸਦ ਮੈਂਬਰਾਂ, ਖ਼ਾਸ ਕਰਕੇ ਵੱਡੀ ਪੰਜਾਬੀ ਵਸੋਂ ਵਾਲੇ ਹਲਕਿਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ
ਕਿ ਉਹ ਲੰਡਨ ਦੀ ਸਿੱਧੀ ਉਡਾਣ ਬਹਾਲ ਕਰਵਾਉਣ ਲਈ ਸਹਿਯੋਗ ਦੇਣ ਅਤੇ ਬ੍ਰਿਟਿਸ਼ ਏਅਰਵੇਜ਼ ਤੇ ਵਰਜਿਨ ਐਟਲਾਂਟਿਕ ਵਰਗੀਆਂ ਹਵਾਈ
ਕੰਪਨੀਆਂ ਨੂੰ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਨ।
ਜ਼ਿਕਰਯੋਗ ਹੈ ਕਿ 2016 ਵਿੱਚ ਚਰਨ ਕੰਵਲ ਸਿੰਘ ਸੇਖੋਂ ਵੱਲੋਂ ਸਥਾਪਿਤ ਸੇਵਾ ਟਰੱਸਟ ਯੂਕੇ ਨੇ ਬਰਤਾਨੀਆ ਅਤੇ ਭਾਰਤ ਵਿੱਚ ਸਮਾਜ ਸੇਵਾ ਦੇ ਦਸ ਸਾਲ
ਪੂਰੇ ਕੀਤੇ ਹਨ। ਸੰਸਥਾ ਸਿੱਖਿਆ, ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਭੋਜਨ ਵੰਡ, ਔਰਤਾਂ ਨੂੰ ਹੁਨਰ ਸਿਖਲਾਈ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ
ਸਰਗਰਮ ਹੈ। ਹਰਿਆਣਾ ਸਥਿਤ ਇਸ ਦੇ ਸੇਵਾ ਧਾਮ ਆਸ਼ਰਮ ਵਿੱਚ ਡੂਸ਼ੇਨ ਮਸਕਿਊਲਰ ਡਿਸਟ੍ਰੋਫ਼ੀ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ
ਮੁਫ਼ਤ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਫੋਟੋ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ (ਵਿਚਕਾਰ) ਲੰਡਨ ਦੇ ਸੰਸਦ ਭਵਨ ’ਚ ਸੇਵਾ ਟਰੱਸਟ ਯੂਕੇ ਦੇ
ਸਮਾਗਮ ਦੌਰਾਨ ‘ਯੂਕੇ–ਇੰਡੀਆ ਇੰਪੈਕਟ ਅਵਾਰਡ’ ਪ੍ਰਾਪਤ ਕਰਦੇ ਹੋਏ।
