ਭਗਵੰਤ ਮਾਨ ਦੀ ਇੰਨੀ ਹੈਸੀਅਤ ਨਹੀਂ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਵਾਲ-ਜਵਾਬ ਲਈ ਚੁਣੌਤੀ ਦੇਵੇ: ਝਿੰਜਰ
ਚੰਡੀਗੜ੍ਹ, -ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਵਾਲ-ਜਵਾਬ ਲਈ ਦਿੱਤੀ ਗਈ ਚੁਣੌਤੀ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਨਾ ਸਿਰਫ਼ ਸਿੱਖ ਮਰਿਆਦਾ ਦਾ ਉਲੰਘਣ ਹੈ, ਸਗੋਂ ਸਿੱਖ ਕੌਮ ਦੀਆਂ ਸਰਵਉੱਚ ਸੰਸਥਾਵਾਂ ਪ੍ਰਤੀ ਅਹੰਕਾਰ ਭਰਿਆ ਅਤੇ ਅਪਮਾਨਜਨਕ ਰਵੱਈਆ ਵੀ ਹੈ।
ਝਿੰਜਰ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਸਿੱਖ ਰਹਿਤ, ਮਰਿਆਦਾ ਅਤੇ ਇਤਿਹਾਸ ਦੀ ਸਮਝ ਹੀ ਨਹੀਂ, ਉਹ ਸਿੱਖਾਂ ਦੇ ਸਰਵਉੱਚ ਤਖ਼ਤ ਦੇ ਜਥੇਦਾਰ ਨਾਲ ਸਵਾਲ ਜਵਾਬ ਕਰਨ ਦੀ ਹਿੰਮਤ ਕਿਵੇਂ ਕਰ ਸਕਦਾ ਹੈ। ਭਗਵੰਤ ਮਾਨ ਇਹ ਗੱਲ ਸਪਸ਼ਟ ਤੌਰ ‘ਤੇ ਸਮਝ ਲੈਣ ਕਿ ਉਨ੍ਹਾਂ ਨੂੰ ਜਥੇਦਾਰ ਸਾਹਿਬ ਵੱਲੋਂ ਸਕੱਤਰੇਤ ਵਿਖੇ ਤਲਬ ਕੀਤਾ ਗਿਆ ਹੈ, ਨਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਆਪਣੇ ਆਪ ਨੂੰ “ਨਿਮਾਣਾ ਸਿੱਖ” ਦੱਸਦਾ ਹੈ ਅਤੇ ਦੂਜੇ ਪਾਸੇ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚੁਣੌਤੀ ਦਿੰਦਾ ਹੈ—ਇਹ ਉਸਦੇ ਦੋਹਰੇ ਮਾਪਦੰਡ ਅਤੇ ਝੂਠੇ ਚਿਹਰੇ ਨੂੰ ਬੇਨਕਾਬ ਕਰਦਾ ਹੈ।
ਝਿੰਜਰ ਨੇ ਭਗਵੰਤ ਮਾਨ ਦੀ ਇੱਕ ਵਾਇਰਲ ਵੀਡੀਓ ਜੋ ਕਿ ਹਾਲੇ ਜਾਂਚ ਦਾ ਵਿਸ਼ਾ ਹੈ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਵਿੱਚ ਉਹ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨਾਲ ਅਪਮਾਨਜਨਕ ਵਿਵਹਾਰ ਕਰਦਾ ਨਜ਼ਰ ਆਉਂਦਾ ਹੈ। ਇਸ ਵੀਡੀਓ ਨੇ ਸਿੱਖ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਈ ਹੈ, ਜੋ ਕਿਸੇ ਵੀ ਸਿੱਖ ਲਈ ਸਹਿਣਯੋਗ ਨਹੀਂ।
ਉਨ੍ਹਾਂ ਬਰਗਾੜੀ ਵਿਖੇ ਸ਼ਹੀਦਾਂ ਦੇ ਭੋਗ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਨਸ਼ੇ ਦੀ ਹਾਲਤ ਵਿੱਚ ਪਹੁੰਚਣ ਦੀ ਘਟਨਾ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਇਹ ਸਿੱਧੀ ਤੌਰ ‘ਤੇ ਬੇਅਦਬੀ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਨੇ ਅੱਜ ਤੱਕ ਸਿੱਖ ਕੌਮ ਤੋਂ ਇਸ ਲਈ ਮਾਫ਼ੀ ਮੰਗਣ ਦੀ ਵੀ ਜ਼ਹਮਤ ਨਹੀਂ ਕੀਤੀ।
ਝਿੰਜਰ ਨੇ ਕਿਹਾ ਕਿ ਜਦੋਂ ਭਗਵੰਤ ਮਾਨ ਲੋਕ ਸਭਾ ਮੈਂਬਰ ਸਨ, ਉਸ ਸਮੇਂ ਵੀ ਨਸ਼ੇ ਦੀ ਹਾਲਤ ਵਿੱਚ ਲੋਕ ਸਭਾ ਵਿੱਚ ਪਹੁੰਚਣ ਸਬੰਧੀ ਸੰਸਦ ਮੈਂਬਰਾਂ ਵੱਲੋਂ ਸਪੀਕਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ।। ਇੱਕ ਸੂਬੇ ਦਾ ਮੁੱਖ ਮੰਤਰੀ ਇਸ ਤਰ੍ਹਾਂ ਦੇ ਆਰੋਪਾਂ ਵਿੱਚ ਘਿਰਿਆ ਹੋਣਾ ਸੂਬੇ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦਾ ਹੈ।
ਉਨ੍ਹਾਂ ਭਗਵੰਤ ਮਾਨ ਵੱਲੋਂ ਸਕੱਤਰੇਤ ਦਫ਼ਤਰ ਵਿੱਚ ਦਿੱਤੇ ਜਾਣ ਵਾਲੇ ਸਪਸ਼ਟੀਕਰਨ ਨੂੰ ਟੀਵੀ ਚੈਨਲਾਂ ‘ਤੇ ਲਾਈਵ ਕਰਵਾਉਣ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਦੀ ਇੰਨੀ ਹੈਸੀਅਤ ਨਹੀਂ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨਾਲ ਸਵਾਲ-ਜਵਾਬ ਕਰਨ ਦੀ ਗੱਲ ਵੀ ਕਰ ਸਕੇ।
ਝਿੰਜਰ ਨੇ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਸੱਚਮੁੱਚ ਹੌਂਸਲਾ ਹੈ ਤਾਂ ਮੈਨੂੰ ਆਪਣੇ ਘਰ ਸੱਦੋ। ਪੰਜਾਬ ਨਾਲ ਜੁੜੇ ਕਿਸੇ ਵੀ ਪੰਜ ਮੁੱਖ ਮਸਲਿਆਂ—ਨਸ਼ੇ, ਸਿੱਖਿਆ, ਬੇਰੁਜ਼ਗਾਰੀ, ਕਿਸਾਨੀ, ਕਾਨੂੰਨ-ਵਿਵਸਥਾ—‘ਤੇ ਮੇਰੇ ਨਾਲ ਖੁੱਲ੍ਹੀ ਬਹਿਸ ਕਰੋ। ਮੈਂ ਹਰ ਸਵਾਲ ਦਾ ਜਵਾਬ ਦੇਵਾਂਗਾ ਅਤੇ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦਿਓ। ਸਿਆਣਪ ਗੱਲਾਂ ਨਾਲ ਨਹੀਂ, ਸੱਚ ਅਤੇ ਕੰਮਾਂ ਨਾਲ ਸਾਬਤ ਹੁੰਦੀ ਹੈ।
