ਟਾਪਪੰਜਾਬ

ਭਾਰਤੀ ਚੋਣ ਕਮਿਸ਼ਨ ਨੂੰ ਦਸਤਖ਼ਤ ਕਰ ਕੇ 5 ਕਰੋੜ ਫਾਰਮ ਭੇਜੇ ਜਾਣਗੇ ਤਾਂ ਜੋ ਚੋਣਾਂ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਬਣਾਈ ਜਾ ਸਕੇ: ਬਲਬੀਰ ਸਿੰਘ ਸਿੱਧੂ

ਮੋਹਾਲੀ-ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਨੇ ਅੱਜ ਹਲਕਾ ਮੋਹਾਲੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਵੋਟ ਚੋਰੀ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ। ਇਸ ਹਸਤਾਖ਼ਰ ਮੁਹਿੰਮ ਤਹਿਤ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਹੋ ਰਹੀ ਧਾਂਧਲੀ ਅਤੇ ਲੋਕਤੰਤਰ ‘ਤੇ ਹੋ ਰਹੇ ਹਮਲੇ ਖ਼ਿਲਾਫ਼ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਪਿੰਡ ਵਾਸੀਆਂ ਨੇ ਵੋਟ ਚੋਰੀ ਖ਼ਿਲਾਫ਼ ਮੁਹਿੰਮ ਨੂੰ ਭਰਪੂਰ ਸਮਰਥਨ ਦਿੰਦਿਆਂ ਵੱਡੀ ਗਿਣਤੀ ਵਿੱਚ ਫਾਰਮਾਂ ‘ਤੇ ਹਸਤਾਖ਼ਰ ਕੀਤੇ।
ਇਸ ਮੌਕੇ ‘ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ, “ਕਾਂਗਰਸ ਵੱਲੋਂ ਸੂਬਾ ਪੱਧਰ ‘ਤੇ ਚਲਾਈ ਜਾ ਰਹੀ ਇਹ ਮੁਹਿੰਮ ਲੋਕਤੰਤਰ ਦੀ ਰੱਖਿਆ ਲਈ ਹੈ। ਅਸੀਂ ਪੰਜ ਕਰੋੜ ਹਸਤਾਖ਼ਰ ਇਕੱਠੇ ਕਰਕੇ ਇਹ ਅਵਾਜ਼ ਭਾਰਤੀ ਚੋਣ ਕਮਿਸ਼ਨ ਤੱਕ ਪਹੁੰਚਾਵਾਂਗੇ।”
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੇ ਹਰਿਆਣਾ ਵਿੱਚ ਵੀ ਵੋਟਾਂ ਦੀ ਚੋਰੀ ਕਰ ਕੇ ਸਰਕਾਰ ਬਣਾਈ ਸੀ, ਜੋ ਕਿ ਲੋਕਤੰਤਰ ਨੂੰ ਧੋਖਾ ਦੇਣ ਵਾਲੀ ਗੱਲ ਹੈ। 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਅਸੀਂ ਸਿਰਫ਼ 8 ਸੀਟਾਂ ਤੋਂ ਹਾਰੇ ਅਤੇ ਇਨ੍ਹਾਂ 8 ਸੀਟਾਂ ‘ਤੇ ਭਾਜਪਾ ਅਤੇ ਕਾਂਗਰਸ ਵਿਚਕਾਰ ਕੁੱਲ ਮਿਲਾ ਕੇ ਸਿਰਫ਼ 22,779 ਵੋਟਾਂ ਦਾ ਫ਼ਰਕ ਸੀ।
ਰਾਜਾ ਵੜਿੰਗ ਨੇ ਅੱਗੇ ਕਿਹਾ, “ਵੋਟ ਚੋਰੀ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਚਾਹੀਦਾ ਹੈ ਕਿ ਭਾਰਤੀ ਚੋਣ ਕਮਿਸ਼ਨ ਇਸ ਸਬੰਧੀ ਸਖ਼ਤ ਕਾਰਵਾਈ ਕਰੇ ਅਤੇ ਅਜਿਹੀਆਂ ਧਾਂਧਲੀਆਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇ। ਜੇਕਰ ਭਾਜਪਾ ਵਰਗੀਆਂ ਪਾਰਟੀਆਂ ਨੂੰ ਇਹ ਆਜ਼ਾਦੀ ਮਿਲੀ ਰਹੀ ਤਾਂ ਲੋਕਤੰਤਰ ਦੀਆਂ ਜੜ੍ਹਾਂ ਖ਼ਤਰੇ ਵਿੱਚ ਪੈ ਜਾਣਗੀਆਂ।”
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾ ਵਧ ਚੜ੍ਹ ਕੇ ਸੰਭਵ ਹੋ ਸਕੇ, ਵੋਟ ਚੋਰੀ ਖ਼ਿਲਾਫ਼ ਇਸ ਹਸਤਾਖ਼ਰ ਮੁਹਿੰਮ ਵਿੱਚ ਭਾਗ ਲੈਣ। ਉਨ੍ਹਾਂ ਕਿਹਾ ਕਿ ਇਹ ਕੇਵਲ ਕਾਂਗਰਸ ਦੀ ਲੜਾਈ ਨਹੀਂ, ਸਗੋਂ ਹਰ ਉਸ ਵੋਟਰ ਦੀ ਆਵਾਜ਼ ਹੈ ਜੋ ਆਪਣੇ ਹੱਕ ਲਈ ਖੜਾ ਹੋਣਾ ਚਾਹੁੰਦਾ ਹੈ। ਸਾਡਾ ਸੰਵਿਧਾਨ, ਸਾਡੀ ਤਾਕਤ ਹੈ ਅਤੇ ਇਸਦੀ ਰਾਖੀ ਕਰਨਾ ਸਾਡਾ ਫਰਜ਼ ਹੈ।
ਕਾਂਗਰਸ ਪਾਰਟੀ ਵੱਲੋਂ ਸੂਬਾ ਪੱਧਰ ਅਤੇ ਜ਼ਿਲ੍ਹਾ ਪੱਧਰ ਉੱਤੇ ਵੀ ਵੋਟ ਚੋਰੀ ਖ਼ਿਲਾਫ਼ ਕਾਨੂੰਨੀ ਕਾਰਵਾਈਆਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਚੋਣ ਪ੍ਰਕਿਰਿਆ ਵਿੱਚ ਧਾਂਧਲੀ ਰੋਕੀ ਜਾ ਸਕੇ।
ਰਾਜਾ ਵੜਿੰਗ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਹਮੇਸ਼ਾਂ ਲੋਕਤੰਤਰ ਅਤੇ ਵੋਟਰਾਂ ਦੇ ਹੱਕਾਂ ਦੀ ਰੱਖਿਆ ਲਈ ਖੜੀ ਰਹੇਗੀ।
ਇਸ ਮੌਕੇ ਪਿੰਡ ਗੀਗੇ ਮਾਜਰਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਬਲਬੀਰ ਸਿੰਘ ਸਿੱਧੂ ਨੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਅਤੇ ਆਸਥਾ ਨਾਲ ਮਨਾਇਆ। ਇਸ ਦੌਰਾਨ ਦੋਵਾਂ ਨੇ ਪਿੰਡ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਬਣਾਏ ਜਾਣ ਵਾਲੇ ਵਾਲਮੀਕਿ ਮੰਦਿਰ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਮੌਕੇ ਵਾਲਮੀਕਿ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ।
ਬਲਬੀਰ ਸਿੱਧੂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ “ਪਿਤਾਮਾ” ਅਤੇ ਵਿਸ਼ਵ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ, ਜਿਨ੍ਹਾਂ ਨੇ ਆਪਣੀ ਅਮਰ ਅਤੇ ਮਹਾਨ ਰਚਨਾ “ਰਾਮਾਇਣ” ਰਾਹੀਂ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਮਹਾਨ ਮਹਾਂਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਚ ਸਿਖਾਉਂਦਾ ਆਇਆ ਹੈ ਅਤੇ ਲੋਕਾਂ ਲਈ ਨੈਤਿਕ ਜੀਵਨ ਜਾਚ ਦਾ ਚਾਨਣ ਮੁਨਾਰਾ ਰਿਹਾ ਹੈ, ਜੋ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਕਿਤੇ ਜ਼ਿਆਦਾ ਪ੍ਰਸੰਗਿਕ ਹੈ।

Leave a Reply

Your email address will not be published. Required fields are marked *