ਮੇਰਾ ਪੰਜਾਬ-ਪਰਸ਼ੋਤਮ ਸਿੰਘ, ਪਿੰਡ ਬਖੋਰਾ ਕਲਾਂ (ਸੰਗਰੂਰ)
ਮੇਰਾ ਓਹ ਜਰਖੇਜ਼ ਪੰਜਾਬ, ਜੀਹਦਾ ਨਹੀਂ ਸੀ ਕੋਈ ਜਵਾਬ
ਕਣ ਕਣ ਸੀ ਜਿਸਦਾ ਸੋਨੇ ਵਰਗਾ, ਮਿੱਟੀ ਜਿਸਦੀ ਲਾਜਵਾਬ
ਹਰ ਕੋਈ ਫ਼ਸਲ ਸੀ ਹੁੰਦੀ ਜਿੱਥੇ,ਖੇਤ ਸੀ ਰੱਬੀ ਰਹਿਮਤ ਨਾਲ਼ ਭਰਪੂਰ
ਯਾਦ ਤਾਂ ਆਉਂਦੀ ਹੈ,ਸਭ ਨੂੰ ਕਦੇ ਨਾ ਕਦੇ ਤਾਂ ਓਹਨਾਂ ਦਿਨਾਂ ਦੀ ਜ਼ਰੂਰ
ਦੁੱਧ ਜਿੱਥੇ ਨਹੀਂ ਸੀ ਵਿਕਦਾ, ਪੈਕਟਾਂ ਵਿੱਚ ਹੋ ਕੇ ਕੈਦ
ਖੁਰਲੀਆਂ ਉੱਤੇ ਮੱਝਾਂ ਸਨ, ਵਿਰਲੇ ਹੀ ਹੁੰਦੇ ਸੀ ਵੈਦ
ਅੱਜ ਦੁੱਧ ਪੀਣ ਨਾਲ਼ ਵਿਗੜੇ ਹਾਜ਼ਮਾ, ਜੋ ਸੀ ਕਦੇ ਗ਼ਰੂਰ
ਯਾਦ ਤਾਂ ਆਉਂਦੀ ਹੈ ਸਭ ਨੂੰ , ਕਦੇ ਨਾ ਕਦੇ ਤਾਂ ਓਹਨਾਂ ਦਿਨਾਂ ਦੀ ਜ਼ਰੂਰ
ਚੱਲਦੇ ਖਾਲ ਚੋਂ ਪਾਣੀ ਬੁੱਕ ਭਰ ਭਰ ਕੇ ਪੀ ਲੈਂਦੇ ਸੀ
ਹੱਥ ਤੇ ਰੱਖ ਕੇ ਰੋਟੀ ,ਚਟਣੀ, ਲੱਸੀ ਨਾਲ਼ ਛੱਕ ਲੈਂਦੇ ਸੀ
ਕਦੇ ਨਾ ਨਖ਼ਰਾ ਕੀਤਾ ,ਜੋ ਮਿਲਿਆ ਬਸ ਸੀ ਮੰਨਜ਼ੂਰ
ਯਾਦ ਤਾਂ ਆਉਂਦੀ ਹੈ ਸਭ ਨੂੰ ਕਦੇ ਨਾ ਕਦੇ ਤਾਂ ਓਹਨਾਂ ਦਿਨਾਂ ਦੀ ਜ਼ਰੂਰ
ਹਵਾ ਜਿਸਦੀ ਸੀ ,ਜੋ ਰੂਹਾਂ ਨੂੰ ਭਰ ਦਿੰਦੀ ਸੀ ਨਾਲ਼ ਸਕੂਨ
ਰੁੱਖ ਸੀ ਕੱਚੇ ਪਹਿਆਂ ਕਿਨਾਰੇ ,ਠੰਡ ਪਾਉਂਦੇ ਸੀ ਮਹੀਨੇ ਜੂਨ
ਕਿੱਕਰ ਦੀ ਦਾਤਣ ਨੂੰ ਵੀ ਤਰਸੇ, ਐਨੇ ਹੋ ਗਏ ਅਸੀਂ ਕਰੂਰ
ਯਾਦ ਤਾਂ ਆਉਂਦੀ ਹੈ ਸਭ ਨੂੰ ਕਦੇ ਨਾ ਕਦੇ ਤਾਂ ਓਹਨਾਂ ਦਿਨਾਂ ਦੀ ਜ਼ਰੂਰ
ਗੰਨਾ, ਮੱਕੀ, ਸਰੋਂ, ਹੋਲਾਂ, ਚਿੱਬੜ, ਬੇਰ, ਤੂਤੀਆਂ ਅਤੇ ਸ਼ਕਰਕੰਦੀ
ਖ਼ਰਬੂਜੇ, ਫੁੱਟਾਂ, ਭੰਬੋਲਾਂ, ਚੌਲੇ, ਵਾੜ ਕਰੇਲੇ ਦੀ ਨਹੀਂ ਸੀ ਹੱਦਬੰਦੀ
ਸਭ ਦਾ ਢਿੱਡ ਸੀ ਭਰਦਾ ਚਾਹੇ ਮਜ਼ਦੂਰ ਹੋਵੇ ਜਾਂ ਮਜ਼ਬੂਰ
ਯਾਦ ਤਾਂ ਆਉਂਦੀ ਹੈ ਸਭ ਨੂੰ ਕਦੇ ਨਾ ਕਦੇ ਤਾਂ ਓਹਨਾਂ ਦਿਨਾਂ ਦੀ ਜ਼ਰੂਰ
ਸਾਧਨ ਵੱਧ ਗਏ, ਪੈਦਾਵਾਰ ਵੀ ਵੱਧ ਗਈ,ਪਰ ਲਾਲਚ ਨਹੀਂ ਹੈ ਤੇਰਾ ਘਟਿਆ
ਕੱਚਿਆਂ ਤੋਂ ਪੱਕੇ, ਗੱਡਿਆਂ ਤੋਂ ਗੱਡੀਆਂ ਵਾਲ਼ੇ ਹੋਕੇ, ਮਨ ਫੇਰ ਨਾ ਤੇਰਾ ਸਧਿਆ
ਬਾਬੇ ਨਾਨਕ ਦੀ ਰਜ਼ਾ ਚ ਰਹਿ ਕੇ ਲੈਣਾ ਸਿੱਖ ਜਿੰਦਗੀ ਦਾ
ਸਰੂਰ
ਯਾਦ ਤਾਂ ਆਉਂਦੀ ਹੈ ਸਭ ਨੂੰ ਕਦੇ ਨਾ ਕਦੇ ਤਾਂ ਓਹਨਾਂ ਦਿਨਾਂ ਦੀ ਜ਼ਰੂਰ
ਚੱਲ ਮਨਾ ਬਹੁਤਾ ਨਾ ਵੰਡ ਗਿਆਨ, ਦੁਨੀਆਂ ਨੇ ਸਦਾ ਹੀ ਚੱਲਦੇ ਰਹਿਣਾ
ਓਸਦੀ ਤਕੜੀ ਕਰੇਗੀ ਹਿਸਾਬ ਬਰਾਬਰ, ਤੂੰ ਵੀ ਛੱਡ ਦੇ ਕਲਪਦੇ ਰਹਿਣਾ
ਕਰੇਗਾ ਸੋ ਭਰੇਗਾ, ਸਬਰ ਕਰ, ਤੂੰ ਨਾ ਹੋ ਰੂਹੋਂ ਟੁੱਟ ਕੇ ਚੂਰ
ਯਾਦ ਤਾਂ ਆਉਂਦੀ ਹੈ ਸਭ ਨੂੰ ਕਦੇ ਨਾ ਕਦੇ ਤਾਂ ਓਹਨਾਂ ਦਿਨਾਂ ਦੀ ਜ਼ਰੂਰ ।
ਪਰਸ਼ੋਤਮ ਸਿੰਘ, ਪਿੰਡ ਬਖੋਰਾ ਕਲਾਂ (ਸੰਗਰੂਰ)
ਮੋਬਾ: 9417504934
[email protected]