ਸਿੱਖ ਏਡ ਸਕਾਟਲੈਂਡ ਦਾ ਸਾਲਾਨਾ ਫੰਡ ਰੇਜਿੰਗ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ,ਗਾਇਕ ਕੁਲਦੀਪ ਪੁਰੇਵਾਲ, ਬਾਦਲ ਤਲਵਣ ਨੇ ਸਮਾਗਮ ‘ਚ ਰੰਗ ਭਰੇ


ਭਾਈ ਸੁਰਿੰਦਰ ਸਿੰਘ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਸਿੱਖ ਏਡ ਸਕਾਟਲੈਂਡ ਦੇ ਉਪਰਾਲਿਆਂ ਨੂੰ ਸ਼ਾਬਾਸ਼ ਦਿੱਤੀ। ਅਮਰੀਕਾ ਤੇ ਕੈਨੇਡਾ ਤੋਂ ਆਏ ਵਫਦ ਵਿੱਚੋਂ ਸਰਦਾਰ ਦੀਪ ਸਿੰਘ ਯੂ ਐੱਸ ਏ, ਸਤਨਾਮ ਸਿੰਘ ਯੂ ਐੱਸ ਏ, ਬਲਦੇਵ ਸਿੰਘ ਵਿਜ ਤੇ ਡਾ: ਅਮ੍ਰਿਤ ਸਿੰਘ ਨੇ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਸਿੱਖ ਏਡ ਸਕਾਟਲੈਂਡ ਤੇ ਸਾਥੀ ਸੰਸਥਾਵਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਮੇਂ ਦਾਨ ਰੂਪ ਵਿੱਚ ਸੰਗਤ ਕੋਲੋਂ ਮਿਲੀਆਂ ਦੁਰਲੱਭ ਵਸਤਾਂ ਦੀ ਨਿਲਾਮੀ ਕਰਕੇ ਸੰਸਥਾ ਲਈ ਦਾਨ ਰਾਸ਼ੀ ਜੁਟਾਈ ਗਈ। ਇਸ ਤੋਂ ਇਲਾਵਾ ਵਿਜੇਪਾਲ ਸਿੰਘ ਵਿਰ੍ਹੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬ੍ਰੈਡਫੋਰਡ ਲੀਡਜ਼ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਸ਼ਵ ਪ੍ਰਸਿੱਧ ਗਾਇਕ ਕੁਲਦੀਪ ਪੁਰੇਵਾਲ ਦੀ ਵਾਰੀ ਆਈ ਤਾਂ ਹਾਜ਼ਰੀਨ ਨੇ ਤਾੜੀਆਂ ਨਾਲ ਉਹਨਾਂ ਦਾ ਜੋਸੀਲਾ ਸਵਾਗਤ ਕੀਤਾ। ਕੁਲਦੀਪ ਪੁਰੇਵਾਲ ਨੇ ਇੱਕ ਤੋਂ ਬਾਅਦ ਇੱਕ ਆਪਣੇ ਹਿੱਟ ਗੀਤਾਂ ਨਾਲ ਸਮਾਗਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਰੈਫਲ ਟਿਕਟਾਂ ਰਾਹੀਂ ਦਾਨ ‘ਚ ਮਿਲੀਆਂ ਵਸਤਾਂ ਜੇਤੂਆਂ ਨੂੰ ਤਕਸੀਮ ਕਰਨ ਦੀ ਰਸਮ ਸਕਾਟਲੈਂਡ ਦੇ ਜੰਮਪਲ ਬੱਚਿਆਂ ਵੱਲੋਂ ਨਿਭਾਈ ਗਈ। ਡਾਕਟਰ ਇੰਦਰਜੀਤ ਸਿੰਘ ਐੱਮ ਬੀ ਈ ਵੱਲੋਂ ਵਿਸਥਾਰਪੂਰਵਕ ਭਾਸ਼ਣ ਦੌਰਾਨ ਆਏ ਲੋਕਾਂ, ਸਹਿਯੋਗੀ ਸੰਸਥਾਵਾਂ ਤੇ ਸੱਜਣਾਂ ਦਾ ਬਹੁਤ ਹੀ ਮੋਹ ਭਰੇ ਲਫਜ਼ਾਂ ਨਾਲ ਧੰਨਵਾਦ ਕੀਤਾ। ਇਸ ਤਰ੍ਹਾਂ ਸ਼ਾਮ ਵੇਲੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਿਆ ਇਹ ਸਮਾਗਮ ਅਨੇਕਾਂ ਯਾਦਾਂ ਛੱਡਦਾ ਤੇ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ। ਸਮੁੱਚੇ ਸਮਾਗਮ ਦੇ ਮੰਚ ਸੰਚਾਲਨ ਦੇ ਫਰਜ਼ ਡਾ: ਸਤਬੀਰ ਗਿੱਲ ਤੇ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਬਹੁਤ ਜਿੰਮੇਵਾਰੀ ਨਾਲ ਨਿਭਾਏ ਗਏ।