ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ : “ਰਹਿਣ ਦੇ ਮਹਿਤਿਆ, ਮੈਂ ਤਾਂ ਬਹੁਤ ਰੱਜੀ — ਦੌਲਤਾਂ ਦਾਈ’’ – ਪ੍ਰੋ. ਸਰਚਾਂਦ ਸਿੰਘ ਖਿਆਲਾ
ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਗੁਰੂ ਸਾਹਿਬ ਦਾ ਆਗਮਨ ਕੇਵਲ ਇੱਕ ਮਹਾਨ ਰੂਹਾਨੀ ਸ਼ਖ਼ਸੀਅਤ ਦਾ ਜਨਮ ਨਹੀਂ ਸੀ, ਸਗੋਂ ਮਨੁੱਖਤਾ ਦੇ ਹਨੇਰੇ ਵਿੱਚ ਗਿਆਨ, ਸੱਚ ਅਤੇ ਸਰਬ-ਸਾਂਝੀਵਾਲਤਾ ਦਾ ਚਾਨਣ ਲੈ ਕੇ ਆਈ ਰੱਬੀ ਜੋਤ ਦਾ ਪ੍ਰਕਾਸ਼ ਸੀ।
ਲਹਿੰਦੇ ਪੰਜਾਬ ਦੇ ਰਾਇ ਭੋਇ ਦੀ ਤਲਵੰਡੀ ਵਿਖੇ ਸੰਮਤ 1526 ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਪਿਤਾ ਮਹਿਤਾ ਕਲਿਆਣ ਦਾਸ ਜੀ, ਜਿਨ੍ਹਾਂ ਨੂੰ ਬਾਬਾ ਮਹਿਤਾ ਕਾਲੂ ਜੀ ਵੀ ਕਿਹਾ ਜਾਂਦਾ ਹੈ, ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ। ਅੱਜ ਇਸ ਪਾਵਨ ਅਸਥਾਨ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦਾ ਉਨ੍ਹਾਂ ਦੇ ਪਰਿਵਾਰਕ ਅਤੇ ਅਧਿਆਤਮਕ ਜੀਵਨ ਵਿੱਚ ਵਿਸ਼ੇਸ਼ ਸਥਾਨ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਦਾ ਜ਼ਿਕਰ ਕਰਦਿਆਂ ‘ਪ੍ਰਗਟੇ’ ਸ਼ਬਦ ਦੀ ਵਰਤੋਂ ਕੀਤੀ ਹੈ:
“ਤਿਨ ਬੇਦੀਅਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਇ।”
‘ਪ੍ਰਗਟ ਹੋਣਾ’ ਅਤੇ ‘ਜਨਮ ਲੈਣਾ’ ਦੇ ਭਾਵ ਵਿੱਚ ਅੰਤਰ ਹੈ। ਜੋਤਿ ਸਦੀਵੀ ਹੈ, ਪਰ ਜਦੋਂ ਉਹ ਕਿਸੇ ਸਰੂਪ ਵਿੱਚ ਸੰਸਾਰ ਸਾਹਮਣੇ ਪ੍ਰਗਟ ਹੁੰਦੀ ਹੈ ਤਾਂ ਮਨੁੱਖ ਉਸ ਦਾ ਦਰਸ਼ਨ ਕਰ ਸਕਦਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:
“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਇਓ।”
ਭਾਈ ਗੁਰਦਾਸ ਜੀ ਵੀ ਲਿਖਦੇ ਹਨ:
“ਧੰਨਿ ਧੰਨਿ ਬੇਦੀ ਕੁਲ ਜਿਨਿ ਗੁਰ ਨਾਨਕੁ ਪ੍ਰਗਟਾਇਆ।”
ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਮਾਤਾ ਤ੍ਰਿਪਤਾ ਜੀ ਦੀ ਅਵਸਥਾ ਬਾਰੇ ਜਨਮ-ਸਾਖੀਆਂ ਵਿੱਚ ਭਾਵਪੂਰਨ ਵਰਣਨ ਮਿਲਦਾ ਹੈ। ਇੱਕ ਪ੍ਰਸੰਗ ਅਨੁਸਾਰ, ਜਿਸ ਦਿਨ ਸਤਿਗੁਰੂ ਨੇ ਮਾਤਾ ਦੇ ਉਦਰ ਵਿੱਚ ਨਿਵਾਸ ਕੀਤਾ, ਉਸ ਦਿਨ ਤੋਂ ਉਨ੍ਹਾਂ ਦੇ ਮਨ ਵਿੱਚ ਅਨੋਖਾ ਅਨੰਦ ਅਤੇ ਖ਼ੁਸ਼ੀ ਪੈਦਾ ਹੋ ਗਈ। ਮਾਤਾ ਜੀ ਦੇ ਚਿਹਰੇ ’ਤੇ ਛਾਈ ਰੌਣਕ ਅਤੇ ਗਹਿਣੇ ਉਤਾਰ ਦੇਣ ਦਾ ਜ਼ਿਕਰ ਵੀ ਇਸੇ ਅੰਦਰੂਨੀ ਅਵਸਥਾ ਦੇ ਪ੍ਰਤੀਕ ਵਜੋਂ ਮਿਲਦਾ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਨਾਲ ਜੁੜਿਆ ਦੌਲਤਾਂ ਦਾਈ ਦਾ ਪ੍ਰਸੰਗ ਬਹੁਤ ਹੀ ਵੈਰਾਮਗਈ ਤੇ ਭਾਵਪੂਰਨ ਹੈ। ਜਨਮ-ਸਾਖੀ ਪਰੰਪਰਾ ਅਨੁਸਾਰ ਦੌਲਤਾਂ ਇੱਕ ਮੁਸਲਮਾਨ ਔਰਤ ਸੀ, ਜੋ ਪਿੰਡ ਵਿੱਚ ਬੱਚਿਆਂ ਦੇ ਜਨਮ ਸਮੇਂ ਦਾਈ ਵਜੋਂ ਸੇਵਾ ਕਰਦੀ ਅਤੇ ਇਸੇ ਕੰਮ ਤੋਂ ਮਿਲਣ ਵਾਲੇ ਅਨਾਜ, ਕੱਪੜਿਆਂ ਤੇ ਹੋਰ ਵਸਤਾਂ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ।
ਇੱਕ ਵਾਰ ਉਹ ਬਾਬਾ ਕਾਲੂ ਜੀ ਕੋਲ ਆਪਣੀਆਂ ਲੋੜਾਂ ਲੈ ਕੇ ਆਈ। ਉਸ ਨੇ ਕਿਹਾ ਕਿ ਮਹਿਤਾ ਜੀ, ਤੁਹਾਡੇ ਘਰ ਧੀ ਦੀ ਦਾਤ ਆਈ ਹੈ, ਖ਼ੁਦਾਵੰਦ ਕਰੀਮ ਤੁਹਾਨੂੰ ਪੁੱਤਰ ਦੀ ਦਾਤ ਵੀ ਦੇਵੇ। ਸਿਆਲ ਦੇ ਦਿਨ ਆ ਰਹੇ ਹਨ। ਮੈਨੂੰ ਚਾਰ ਮਣ ਕਣਕ, ਤਨ ਢੱਕਣ ਲਈ ਕੱਪੜੇ ਅਤੇ ਕੁਝ ਪੈਸੇ ਦੇ ਦਿਓ, ਤਾਂ ਜੋ ਮੇਰੇ ਬੱਚਿਆਂ ਦਾ ਗੁਜ਼ਾਰਾ ਹੋ ਸਕੇ। ਬਾਬਾ ਕਾਲੂ ਜੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।
ਕੱਤਕ ਦੀ ਪੂਰਨਮਾਸ਼ੀ ਦੀ ਰਾਤ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ। ਦੌਲਤਾਂ ਦਾਈ ਮਾਤਾ ਤ੍ਰਿਪਤਾ ਜੀ ਦੀ ਸੇਵਾ ਲਈ ਪਹੁੰਚੀ। ਉਸ ਨੇ ਜਦੋਂ ਨਵਜੰਮੇ ਬਾਲਕ ਵੱਲ ਵੇਖਿਆ ਤਾਂ ਬਾਲਕ ਨੇ ਰੋਣ ਦੀ ਥਾਂ ਉਸ ਵੱਲ ਦੇਖ ਕੇ ਮੁਸਕਰਾਹਟ ਦਿੱਤੀ। ਆਪਣੇ ਜੀਵਨ ਵਿੱਚ ਅਨੇਕਾਂ ਬੱਚਿਆਂ ਦੇ ਜਨਮ ਸਮੇਂ ਸੇਵਾ ਕਰ ਚੁੱਕੀ ਦੌਲਤਾਂ ਲਈ ਇਹ ਅਨੋਖਾ ਅਨੁਭਵ ਸੀ।
ਜਦੋਂ ਉਹ ਬਾਹਰ ਆਈ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਬਾਬਾ ਕਾਲੂ ਜੀ ਨੇ ਉਸ ਦੀ ਹਾਲਤ ਦੇਖ ਕੇ ਮਾਤਾ ਜੀ ਅਤੇ ਬੱਚੇ ਦੀ ਸੁੱਖ-ਸਾਂਦ ਪੁੱਛੀ। ਦੌਲਤਾਂ ਨੇ ਗਲਾ ਭਰ ਆਉਣ ਕਾਰਨ ਬੜੀ ਮੁਸ਼ਕਲ ਨਾਲ ਕਿਹਾ, “ਮਹਿਤਾ ਜੀ, ਤੁਹਾਨੂੰ ਵਧਾਈ ਹੋਵੇ। ਅੱਲ੍ਹਾ ਨੇ ਤੁਹਾਨੂੰ ਪੁੱਤਰ ਦੀ ਦਾਤ ਦਿੱਤੀ ਹੈ।”
ਬਾਬਾ ਕਾਲੂ ਜੀ ਨੇ ਉਸ ਨੂੰ ਪੈਸਿਆਂ, ਕੱਪੜਿਆਂ ਅਤੇ ਅਨਾਜ ਨਾਲ ਭਾਂਡਾ ਭਰਨ ਲਈ ਕਿਹਾ। ਪਰ ਦੌਲਤਾਂ ਨੇ ਇਹ ਸਭ ਲੈਣ ਤੋਂ ਇਨਕਾਰ ਕਰਦਿਆਂ ਆਖਿਆ: “ਰਹਿਣ ਦੇ ਮਹਿਤਿਆ, ਮੈਂ ਤਾਂ ਬਹੁਤ ਰੱਜੀ।”
ਇਹ ਕੇਵਲ ਇੱਕ ਵਾਕ ਨਹੀਂ, ਸਗੋਂ ਰੂਹਾਨੀ ਤ੍ਰਿਪਤੀ ਦਾ ਅਜਿਹਾ ਪ੍ਰਗਟਾਵਾ ਸੀ, ਜਿਸ ਦੀ ਡੂੰਘਾਈ ਨੂੰ ਸਮਝਣ ਲਈ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨੀ ਪੈਂਦੀ ਹੈ। ਜਿਸ ਔਰਤ ਨੇ ਕੁਝ ਸਮਾਂ ਪਹਿਲਾਂ ਨਿਰਬਾਹ ਲਈ ਵਸਤਾਂ ਦੀ ਮੰਗ ਕੀਤੀ ਸੀ, ਉਹੀ ਹੁਣ ਦੁਨਿਆਵੀ ਦੌਲਤ ਨੂੰ ਠੁਕਰਾ ਕੇ ਕਹਿ ਰਹੀ ਸੀ ਕਿ ਉਹ ਤਾਂ ਰੱਜ ਗਈ ਹੈ।
ਦੌਲਤਾਂ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਦਾ ਨਾਮ ਤਾਂ ਦੌਲਤਾ ਰੱਖਿਆ ਸੀ, ਪਰ ਜੀਵਨ ਭਰ ਉਹ ਲੋੜਾਂ ਅਤੇ ਤੰਗੀਆਂ ਨਾਲ ਜੂਝਦੀ ਰਹੀ। ਅੱਜ ਇਸ ਬਾਲਕ ਦੇ ਪਹਿਲੇ ਦੀਦਾਰ ਅਤੇ ਮੁਸਕਰਾਹਟ ਨੇ ਉਸ ਦੇ ਅੰਦਰ ਅਜਿਹੀ ਤਬਦੀਲੀ ਲਿਆਂਦੀ ਹੈ ਕਿ ਹੁਣ ਉਸ ਦਾ ਕੁਝ ਮੰਗਣ ਨੂੰ ਜੀਅ ਨਹੀਂ ਕਰਦਾ। ਉਸ ਦੇ ਹੰਝੂ ਦੁੱਖ ਦੇ ਨਹੀਂ, ਸਗੋਂ ਅੰਦਰਲੀ ਤ੍ਰਿਪਤੀ ਦੇ ਸਨ।
ਇਸ ਪ੍ਰਸੰਗ ਦਾ ਵੈਰਾਗਮਈ ਪੱਖ ਵੀ ਬਹੁਤ ਮਹੱਤਵਪੂਰਨ ਹੈ। ਵੈਰਾਗ ਦਾ ਅਰਥ ਦੁਨੀਆ ਤੋਂ ਭੱਜਣਾ ਜਾਂ ਜ਼ਿੰਮੇਵਾਰੀਆਂ ਛੱਡਣਾ ਨਹੀਂ, ਸਗੋਂ ਦੁਨਿਆਵੀ ਪਦਾਰਥਾਂ ਦੀ ਅੰਨ੍ਹੀ ਲਾਲਸਾ ਤੋਂ ਮੁਕਤ ਹੋਣਾ ਹੈ। ਦੌਲਤਾਂ ਦਾਈ ਦੀ ਬਦਲੀ ਹੋਈ ਅਵਸਥਾ ਇਸੇ ਅੰਦਰੂਨੀ ਵੈਰਾਗ ਅਤੇ ਸੰਤੋਖ ਦੀ ਤਸਵੀਰ ਪੇਸ਼ ਕਰਦੀ ਹੈ। ਉਸ ਨੂੰ ਅਜਿਹੀ ਰੂਹਾਨੀ ਦਾਤ ਮਿਲ ਗਈ ਸੀ, ਜਿਸ ਦੇ ਸਾਹਮਣੇ ਸਾਰੀਆਂ ਪਦਾਰਥਕ ਦਾਤਾਂ ਛੋਟੀਆਂ ਪੈ ਗਈਆਂ।
ਅੱਗੇ ਪੰਡਿਤ ਹਰਦਿਆਲ ਜੀ ਵੱਲੋਂ ਬਾਲਕ ਨਾਨਕ ਦੇ ਮੱਥੇ ਉੱਤੇ ਰੂਹਾਨੀ ਤੇਜ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਮਹਾਨ ਭਵਿੱਖ ਬਾਰੇ ਭਵਿੱਖਬਾਣੀ ਕਰਨ ਦਾ ਜ਼ਿਕਰ ਵੀ ਆਉਂਦਾ ਹੈ। ਇਹ ਛਤਰ ਕਿਸੇ ਦੁਨਿਆਵੀ ਰਾਜ-ਭਾਗ ਜਾਂ ਤਖ਼ਤ ਦਾ ਹੀ ਨਹੀਂ, ਸਗੋਂ ਰੂਹਾਨੀ ਮਹਾਨਤਾ ਅਤੇ ਲੋਕਾਈ ਦੇ ਦਿਲਾਂ ਉੱਤੇ ਰਾਜ ਕਰਨ ਦਾ ਪ੍ਰਤੀਕ ਸੀ।
ਗੁਰੂ ਨਾਨਕ ਸਾਹਿਬ ਜੀ ਦੀ ਮਹਾਨਤਾ ਨੂੰ ਸ਼ੁਰੂਆਤ ’ਚ ਪਛਾਣਨ ਵਾਲਿਆਂ ਵਿੱਚ ਰਾਇ ਬੁਲਾਰ ਦਾ ਨਾਮ ਵਿਸ਼ੇਸ਼ ਸਤਿਕਾਰ ਨਾਲ ਲਿਆ ਜਾਂਦਾ ਹੈ। ਗੁਰੂ ਸਾਹਿਬ ਦੇ ਬਚਪਨ ਨਾਲ ਜੁੜੀਆਂ ਕਈ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਨੇ ਰਾਇ ਬੁਲਾਰ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਅਥਾਹ ਸ਼ਰਧਾ ਪੈਦਾ ਕੀਤੀ।
ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਦੀਆਂ ਮੱਝਾਂ ਇੱਕ ਜ਼ਿਮੀਂਦਾਰ ਦੇ ਖੇਤ ਵਿੱਚ ਚਲੀਆਂ ਗਈਆਂ। ਜ਼ਿਮੀਂਦਾਰ ਨੇ ਸ਼ਿਕਾਇਤ ਕੀਤੀ ਕਿ ਉਸ ਦਾ ਖੇਤ ਉਜੜ ਗਿਆ ਹੈ। ਗੁਰੂ ਸਾਹਿਬ ਨੇ ਉਸ ਨੂੰ ਆਖਿਆ, “ਭਾਈ ਵੇ, ਤੇਰਾ ਕੁਝ ਨਹੀਂ ਉੱਜੜਿਆ।” ਜਦੋਂ ਰਾਇ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਬੁਲਾਇਆ ਤਾਂ ਉਹ ਕਿਸੇ ਸ਼ਿਕਾਇਤ ਦੀ ਆਸ ਨਾਲ ਉੱਥੇ ਪਹੁੰਚੇ। ਪਰ ਰਾਇ ਬੁਲਾਰ ਨੇ ਉੱਠ ਕੇ ਉਨ੍ਹਾਂ ਦਾ ਹੱਥ ਫੜਿਆ ਅਤੇ ਚੁੰਮਿਆ। ਉਸ ਦੀਆਂ ਅੱਖਾਂ ਵਿੱਚ ਸ਼ਰਧਾ ਦੇ ਹੰਝੂ ਸਨ। ਉਸ ਨੇ ਆਖਿਆ: “ਵੇ ਕਾਲੂ, ਨਾਨਕ ਨੂੰ ਕਿਤੇ ਫਿੱਟ ਮਾਰਨਾ ਨਾ ਆਖੀਂ।” ਭਾਵ, ਨਾਨਕ ਕੋਈ ਆਮ ਬਾਲਕ ਨਹੀਂ; ਉਸ ਦੀ ਹੋਂਦ ਇਸ ਨਗਰ ਲਈ ਬਰਕਤ ਹੈ। ਤੂੰ ਭਾਗਾਂ ਵਾਲਾ ਹੈਂ ਕਿ ਅਜਿਹਾ ਪੁੱਤਰ ਤੇਰੇ ਘਰ ਆਇਆ ਹੈ ਅਤੇ ਮੈਂ ਵੀ ਖੁਸ਼ਕਿਸਮਤ ਹਾਂ ਕਿ ਅਜਿਹੀ ਮਹਾਨ ਰੂਹ ਮੇਰੇ ਨਗਰ ਵਿੱਚ ਪ੍ਰਗਟ ਹੋਈ ਹੈ।
ਸੱਚਾ ਸੌਦਾ ਵਾਲੇ ਪ੍ਰਸੰਗ ਤੋਂ ਬਾਅਦ ਵੀ ਰਾਇ ਬੁਲਾਰ ਦੀ ਸ਼ਰਧਾ ਹੋਰ ਵਧੀ, ਉਨਾਂ ਨੇ ਆਪਣੀ ਜ਼ਮੀਨ ਦਾ ਵੱਡਾ ਹਿੱਸਾ, ਲਗਭਗ 750 ਮੁਰੱਬੇ,( 19 ਹਜਾਰ ਏਕੜ ਦੇ ਕਰੀਬ) ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਕੀਤਾ ਜੋ ਅਜ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਹੈ। ਰਾਇ ਭੋਇ ਦੀ ਤਲਵੰਡੀ ਨੂੰ ਗੁਰੂ ਸਾਹਿਬ ਦੀ ਪਵਿੱਤਰ ਯਾਦ ਨਾਲ ਜੋੜ ਕੇ ਨਨਕਾਣਾ ਸਾਹਿਬ ਵਜੋਂ ਪਛਾਣ ਦੇਣ ਵਿੱਚ ਵੀ ਉਸ ਦੀ ਅਹਿਮ ਭੂਮਿਕਾ ਰਹੀ।
ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦਾ ਵਰਣਨ ਕਰਦਿਆਂ ਲਿਖਦੇ ਹਨ:
“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।” ਅਤੇ “ਕਲਿ ਤਾਰਣਿ ਗੁਰੁ ਨਾਨਕੁ ਆਇਆ।”
ਜਿਵੇਂ ਸੂਰਜ ਦੇ ਚੜ੍ਹਨ ਨਾਲ ਹਨੇਰਾ ਮਿਟਦਾ ਹੈ ਅਤੇ ਚਾਨਣ ਫੈਲਦਾ ਹੈ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਨਾਲ ਅਗਿਆਨਤਾ, ਵਹਿਮਾਂ-ਭਰਮਾਂ, ਭੇਖਾਂ ਅਤੇ ਸਮਾਜਿਕ ਵੰਡਾਂ ਦੇ ਹਨੇਰੇ ਵਿੱਚ ਗਿਆਨ ਦਾ ਚਾਨਣ ਫੈਲਿਆ। ਸਿੱਧਾਂ ਨੇ ਵੀ ਗੁਰੂ ਸਾਹਿਬ ਦੀ ਰੂਹਾਨੀ ਮਹਾਨਤਾ ਨੂੰ ਸਵੀਕਾਰ ਕੀਤਾ:“ਸਿੱਧ ਬੋਲਨਿ ਸੁਭ ਬਚਨ ਧੰਨੁ ਨਾਨਕ ਤੇਰੀ ਵਡੀ ਕਮਾਈ।”
ਅੱਜ ਅਸੀਂ ਗੁਰੂ ਨਾਨਕ ਸਾਹਿਬ ਲਈ ਕਈ ਵਿਸ਼ੇਸ਼ਣ ਵਰਤਦੇ ਹਾਂ—ਕ੍ਰਾਂਤੀਕਾਰੀ ਗੁਰੂ, ਸਮਾਜ ਸੁਧਾਰਕ ਅਤੇ ਇਨਕਲਾਬੀ ਗੁਰੂ ਆਦਿ। ਇਨ੍ਹਾਂ ਦੀ ਆਪਣੀ ਥਾਂ ਹੈ, ਪਰ ਗੁਰੂ ਸਾਹਿਬ ਨੂੰ ਸਮਝਣ ਦਾ ਸਭ ਤੋਂ ਪ੍ਰਮਾਣਿਕ ਆਧਾਰ ਉਨ੍ਹਾਂ ਦੀ ਆਪਣੀ ਬਾਣੀ ਹੈ। ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ:
“ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ। ਕੋਈ ਆਖੈ ਆਦਮੀ ਨਾਨਕੁ ਵੇਚਾਰਾ।”
ਲੋਕ ਆਪਣੀ-ਆਪਣੀ ਸਮਝ ਅਨੁਸਾਰ ਉਨ੍ਹਾਂ ਬਾਰੇ ਵੱਖ-ਵੱਖ ਗੱਲਾਂ ਕਰਦੇ ਸਨ। ਪਰ ਗੁਰੂ ਸਾਹਿਬ ਆਪਣੀ ਅੰਦਰਲੀ ਅਵਸਥਾ ਬਾਰੇ ਆਖਦੇ ਹਨ: ’’ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ ਹਉ ਹਰਿ ਬਿਨੁ ਅਵਰੁ ਨ ਜਾਨਾ ॥’’
ਭਾਵ, ਨਾਨਕ ਤਾਂ ਆਪਣੇ ਸ਼ਾਹ ਪਰਮਾਤਮਾ ਦਾ ਦੀਵਾਨਾ ਹੈ। ਉਸ ਦੀ ਸੁਰਤ ਪਰਮਾਤਮਾ ਦੇ ਨਾਮ ਵਿੱਚ ਲੀਨ ਹੈ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦੀ। ਜਿੱਥੇ ਆਮ ਮਨੁੱਖ ਥੋੜ੍ਹੇ ਜਿਹੇ ਗਿਆਨ ਜਾਂ ਪ੍ਰਾਪਤੀ ਨਾਲ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ, ਉੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਮਨੁੱਖ ਨੂੰ ਨਿਮਰਤਾ ਅਤੇ ਪ੍ਰਭੂ-ਭਗਤੀ ਦਾ ਮਾਰਗ ਦਿਖਾਉਂਦੀ ਹੈ।
ਗੁਰੂ ਜੋਤਿ ਦੇ ਅਗਲੇ ਸਰੂਪਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਮਹਾਨਤਾ ਨੂੰ ਆਪਣੀ ਬਾਣੀ ਵਿੱਚ ਬੜੀ ਸ਼ਰਧਾ ਨਾਲ ਬਿਆਨ ਕੀਤਾ ਹੈ। ਗੁਰੂ ਅੰਗਦ ਦੇਵ ਜੀ ਫ਼ਰਮਾਉਂਦੇ ਹਨ:
“ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥”
ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ:
“ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥ ’’
ਗੁਰੂ ਅਰਜਨ ਦੇਵ ਜੀ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦਿਆਂ ਆਖਦੇ ਹਨ:
“ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ।
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ।”
ਇਹ ਬਚਨ ਸਪੱਸ਼ਟ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਦੀ ਮਹਿਮਾ ਕੇਵਲ ਸਮਕਾਲੀ ਲੋਕਾਂ ਨੇ ਹੀ ਨਹੀਂ ਪਛਾਣੀ, ਸਗੋਂ ਗੁਰੂ ਜੋਤਿ ਦੇ ਅਗਲੇ ਸਰੂਪਾਂ ਨੇ ਵੀ ਉਨ੍ਹਾਂ ਦੀ ਰੂਹਾਨੀ ਮਹਾਨਤਾ ਨੂੰ ਸਤਿਕਾਰ ਸਹਿਤ ਪ੍ਰਗਟ ਕੀਤਾ।
ਗੁਰੂ ਦੀ ਮਹਿਮਾ ਸਮਝਣ ਲਈ ਬੁੱਧੀ ਅਤੇ ਤਰਕ ਦੇ ਨਾਲ ਸ਼ਰਧਾ ਤੇ ਨਿਮਰਤਾ ਦੀ ਵੀ ਲੋੜ ਹੈ। ਸ਼ਰਧਾ ਦਾ ਅਰਥ ਅੱਖਾਂ ਬੰਦ ਕਰਕੇ ਹਰ ਗੱਲ ਮੰਨ ਲੈਣਾ ਨਹੀਂ, ਸਗੋਂ ਗੁਰੂ ਦੀ ਬਾਣੀ ਨੂੰ ਸਤਿਕਾਰ ਨਾਲ ਸੁਣਨਾ, ਵਿਚਾਰਨਾ ਅਤੇ ਜੀਵਨ ਵਿੱਚ ਧਾਰਨ ਕਰਨਾ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸਾਨੂੰ ਸੱਚ, ਸੇਵਾ, ਸੰਤੋਖ, ਨਿਰਵੈਰਤਾ ਅਤੇ ਸਾਂਝੀਵਾਲਤਾ ਦੇ ਮਾਰਗ ’ਤੇ ਤੋਰਦੀ ਹੈ।
ਦੌਲਤਾਂ ਦਾਈ ਦਾ “ਮੈਂ ਤਾਂ ਬਹੁਤ ਰੱਜੀ” ਕਹਿਣਾ ਅਤੇ ਰਾਇ ਬੁਲਾਰ ਦਾ “ਨਾਨਕ ਨੂੰ ਕਿਤੇ ਫਿੱਟ ਮਾਰਨਾ ਨਾ ਆਖੀਂ” ਆਖਣਾ—ਦੋਵੇਂ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀ ਮਹਾਨਤਾ ਨੂੰ ਵੱਖ-ਵੱਖ ਰੂਪਾਂ ਵਿੱਚ ਉਜਾਗਰ ਕਰਦੇ ਹਨ। ਇੱਕ ਪਾਸੇ ਗੁਰੂ ਸਾਹਿਬ ਦੇ ਪਹਿਲੇ ਦੀਦਾਰ ਨਾਲ ਇੱਕ ਲੋੜਵੰਦ ਔਰਤ ਦੀ ਅੰਦਰਲੀ ਭੁੱਖ ਮਿਟਦੀ ਹੈ,ਤੇ ਦੁਨਿਆਵੀ ਦੌਲਤ ਲੈਣ ਤੋਂ ਇਨਕਾਰੀ ਹੈ ਤਾਂ ਦੂਜੇ ਪਾਸੇ ਇੱਕ ਹਾਕਮ ਆਪਣੀ ਅੱਧੀ ਜਾਇਦਾਦ ਗੁਰੂ ਸਾਹਿਬ ਦੇ ਨਾਮ ਲਵਾ ਕੇ ਉਨ੍ਹਾਂ ਦੀ ਮਹਾਨਤਾ ਅੱਗੇ ਨਤਮਸਤਕ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਸੱਚਾ ਅਰਥ ਕੇਵਲ ਉਨ੍ਹਾਂ ਦੀ ਮਹਿਮਾ ਦਾ ਗੁਣਗਾਨ ਕਰਨਾ ਨਹੀਂ, ਸਗੋਂ ਉਨ੍ਹਾਂ ਦੀ ਬਾਣੀ ਅਤੇ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਇਹੀ ਰੂਹਾਨੀ ਚਾਨਣ ਮਨੁੱਖ ਨੂੰ ਹਉਮੈ ਤੋਂ ਮੁਕਤ ਕਰਕੇ ਸੱਚ, ਸੰਤੋਖ, ਸੇਵਾ ਅਤੇ ਸਰਬ-ਸਾਂਝੀਵਾਲਤਾ ਵੱਲ ਲੈ ਜਾਂਦਾ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ
9781355522
