22 ਜੂਨ 1713 ਵਾਲੇ ਦਿਨ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਅਤੇ ਮੁਗਲਾਂ ਦੇ ਵਿਚਕਾਰ ਸਢੌਰੇ ਦੇ ਮੁਕਾਮ’ ਤੇ ਲੜਾਈ ਹੋਈ: ਗੁਰਦੀਪ ਸਿੰਘ ਜਗਬੀਰ (ਡਾ.)

ਕਪੂਰੀ ਉਤੇ ਜਿੱਤ ਹਾਸਲ ਕਰਨ ਮਗਰੋਂ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ, ਇਸ ਉਸਮਾਨ ਖ਼ਾਨ ਦੀਆਂ ਲਗਾਤਾਰ ਸ਼ਿਕਾਇਤਾਂ ਪੁੱਜ ਰਹੀਆਂ ਸਨ ਕੇ ਇਹ ਇਕ ਐਸਾ ਜਾਬਰ ਕਿਸਮ ਦੀ ਫ਼ਿਤਰਤ ਦਾ ਮਾਲਕ ਹੈ ਜੋ ਉਹ ਗ਼ੈਰ-ਮੁਸਲਮਾਨਾਂ ਦੇ ਨਾਲ ਸਖ਼ਤ ਨਫ਼ਰਤ ਕਰਦਾ ਹੈ।
ਉਸ ਉਪਰ ਇਲਜ਼ਾਮ ਇਹ ਸੀ ਕਿ ਉਹ ਗੈਰ ਮੁਸਲਮਾਨਾਂ’ ਤੇ ਜ਼ੁਲਮ ਕਰਨ ਲੱਗਿਆਂ ਨਾ ਤਰਸ ਕਰਦਾ ਹੈ ਅਤੇ ਨਾ ਹੀ ਗੁਰੇਜ਼ ਕਰਦਾ ਹੈ ਅਤੇ ਗੈਰ ਮੁਸਲਮਾਨਾਂ ਦੀਆਂ ਧੀਆਂ-ਭੈਣਾਂ ਦੀ ਅਜ਼ਮਤ ਲੁਟਣ ਦਾ ਕੋਈ ਵੀ ਮੌਕਾ ਨਹੀਂ ਛੱਡਦਾ ਹੈ।
ਜੂਨ 1713 ਦਾ ਸਮਾਂ ਸੀ ਜਦੋਂ ਤਕ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਦੀ ਗਿਣਤੀ 35 ਤੋਂ 40 ਹਜ਼ਾਰ ਤਕ ਜਾ ਪੁੱਜੀ ਸੀ। ਕਪੂਰੀ ਉਪਰ ਜਿੱਤ ਦੇ ਪਰਚੰਮ ਗਡਣ ਮਗਰੋਂ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਸਿੱਖ ਫੌਜਾਂ ਦੇ ਨਾਲ ਸਢੌਰੇ ਵਲ ਨੂੰ ਕੂਚ ਕਰ ਦਿਤਾ। 22 ਜੂਨ 1713 ਵਾਲੇ ਦਿਨ, ਜਦੋਂ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਸਢੌਰੇ ਦੇ ਨੇੜੇ ਪਹੁੰਚੀਆਂ ਤਾਂ ਜਾਲਮ ਉਸਮਾਨ ਖ਼ਾਨ ਪਹਿਲਾਂ ਤੋਂ ਹੀ ਆਪਣੀਆਂ ਫੋਜਾਂ ਦੇ ਨਾਲ ਤਿਆਰ ਖੜਾ ਸੀ। ਸੋ ਉਸ ਦੀਆਂ ਤਿਆਰ ਖੜੀਆਂ ਫੌਜਾਂ ਨੇ ਆਪਣੀਆਂ ਤੋਪਾਂ ਦੇ ਮੂੰਹ, ਸਿੰਘਾਂ ਵੱਲ ਕਰ ਕੇ ਸਿੱਖ ਫ਼ੌਜਾਂ ਉਤੇ ਗੋਲੇ ਦਾਗਣੇ ਸ਼ੁਰੂ ਕਰ ਦਿਤੇ। ਸਿੰਘ ਅਜੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਵੀ ਨਹੀਂ ਸਨ ਹੋਏ ਕਿ ਉਨ੍ਹਾਂ ਵੱਲ ਉਸਮਾਨ ਖਾਨ ਦੀਆਂ ਫੌਜਾਂ ਦੀਆਂ ਤੋਪਾਂ ਨੇ ਅਗ ਉਗਲਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਪਹਿਲੀ ਸੱਟੇ ਅਨੇਕਾਂ ਸਿੱਖ ਸ਼ਹੀਦ ਹੋ ਗਏ। ਪਰ ਬਾਵਜੂਦ ਇਸ ਦੇ ਉਹ ਸਿੱਖ ਫ਼ੌਜਾਂ ਦੇ ਕਦਮ ਅੱਗੇ ਵਧਣੋਂ ਰੋਕ ਨਾ ਸਕਿਆ।ਇੰਜ ਸਿੰਘਾਂ ਦੇ ਹੌਸਲੇ ਅੱਗੇ ਤੋਪਾਂ ਵੀ ਉਨ੍ਹਾਂ ਦਾ ਰਾਹ ਡਕ ਨਾ ਸਕੀਆਂ ਅਤੇ ਸਿੰਘਾਂ ਨੇ ਸਾਰਾ ਜ਼ੋਰ ਲਾ ਕੇ ਨਗਰ ਦਾ ਪ੍ਰਵੇਸ਼ ਦਰਵਾਜ਼ਾ ਤੋੜਨ ਦਾ ਜਤਨ ਕੀਤਾ।
ਸਢੌਰੇ ਦੇ ਕਿਲ੍ਹੇ ਦਾ ਦਾਖ਼ਲਾ ਦੁਆਰ ਬਹੁਤ ਮਜ਼ਬੂਤ ਸੀ,ਜਿਸ ਕਾਰਨ ਜਦੋਂ ਦਰਵਾਜ਼ਾ ਨਾ ਟੁੱਟਿਆ ਤਾਂ ਭਾਈ ਭਗਤੂ ਜੀ ਅਤੇ ਭਾਈ ਫਤਹਿ ਸਿੰਘ ਨੇ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਗ ਦੀ ਅੱਗੇ ਆ ਕੇ ਕਮਾਨ ਸੰਭਾਲਣ ਦੀ ਬੇਨਤੀ ਕੀਤੀ। ਇੰਜ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਜੰਗ ਵਿੱਚ ਅੱਗੇ ਆਂਦੇ ਹੀ ਸਿੱਖਾਂ ਦੇ ਹੌਸਲੇ ਵੱਧ ਗਏ ਅਤੇ ਮੁਗਲਾਂ ਦੇ ਹੌਸਲੇ ਪਸਤ ਹੋ ਗਏ। ਖ਼ਾਲਸਾ ਫ਼ੌਜਾਂ ਵੱਲੋਂ ਕਿਲ੍ਹੇ ਉੱਪਰੋਂ ਦੀਵਾਰ ਟੱਪ ਕੇ ਅੰਦਰ ਪੁੱਜ ਕੇ ਅੰਦਰੋਂ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਗਏ ।
22 ਜੂਨ 1713 ਵਾਲੇ ਦਿਨ ਸਢੋਰੇ ਸ਼ਹਿਰ ਦੇ ਅੰਦਰ ਉਸਮਾਨ ਖ਼ਾਨ ਦੀਆਂ ਫ਼ੌਜਾਂ ਅਤੇ ਸਿੱਖ ਫ਼ੌਜਾਂ ਵਿਚਕਾਰ ਜ਼ਬਰਦਸਤ ਜੰਗ ਹੋਈ। ਇਸ ਜੰਗ ਵਿੱਚ ਪੀਰ ਬੁੱਧੂ ਸ਼ਾਹ ਦੇ ਪ੍ਰੀਵਾਰ ਨੇ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖ ਫ਼ੌਜਾਂ ਦਾ ਸਾਥ ਦਿੱਤਾ। ਉਨ੍ਹਾਂ ਦੇ ਸਾਥ ਦੇਣ ਕਾਰਣ ਸਿੱਖਾਂ ਨੂੰ ਸ਼ਹਿਰ ਉਤੇ ਕਬਜ਼ਾ ਕਰਨ ਵਿਚ ਬਹੁਤੀ ਮੁਸ਼ਕਲ ਨਾ ਆਈ।
ਸ਼ਹਿਰ ਵਿਚ ਲੁੱਟ ਮੱਚ ਗਈ ਅਤੇ ਕਤਲੋਗ਼ਾਰਤ ਸ਼ੁਰੂ ਹੋ ਗਈ । ਪਠਾਣ ਫ਼ੌਜਾਂ ਮੈਦਾਨ ਛੱਡ ਕੇ ਭੱਜ ਗਈਆਂ । ਛੁਪੇ ਹੋਏ ਉਸਮਾਨ ਖ਼ਾਂ ਨੂੰ ਸਿੱਖਾਂ ਨੇ ਗ੍ਰਿਫ਼ਤਾਰ ਕਰ ਕੇ ਦਰਖਤ ਉੱਤੇ ਪੁੱਠਾ ਟੰਗ ਦਿੱਤਾ । ਬਾਬਾ ਬੰਦਾ ਸਿੰਘ ਬਹਾਦਰ ਨੇ ਕਿਲ੍ਹੇ ਤੇ ਕਬਜ਼ਾ ਕਰ ਲਿਆ ਅਤੇ ਸਢੌਰੇ ਦੇ ਸਾਰੇ ਸਰਦਾਰ ਉਸ ਦੀ ਸ਼ਰਨ ਵਿਚ ਆ ਗਏ ਪਰ ਇਨ੍ਹਾਂ ਸਰਦਾਰਾਂ ਵਿੱਚ ਕੁਝ ਕੁ ਨੇ ਦੂਜੇ ਪਾਸੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਨੂੰ ਵੀ ਮਦਦ ਦੇ ਲਈ ਚਿੱਠੀ ਲਿਖ ਦਿੱਤੀ।
ਸ਼ਹਿਰ ਸਢੌਰਾ ਦੇ ਕਈ ਵੱਡੇ ਵਡੇ ਨਵਾਬ, ਵਜ਼ੀਰ ਅਤੇ ਅਮੀਰ, ਸਫੈਦ ਝੰਡਾ ਲੈ ਕੇ ਅਤੇ ਮੂੰਹ ਵਿਚ ਘਾਹ ਦੇ ਤਿਨਕੇ ਪਾ ਕੇ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਕੋਲ ਪੇਸ਼ ਹੋਏ ਅਤੇ ਰਹਿਮ ਦੀ ਭੀਖ ਮੰਗੀ। ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਪਾਸੋਂ ਇਹ ਵਾਅਦਾ ਲੈਕੇ ਉਨ੍ਹਾਂ ਨੂੰ ਮੁਆਫ਼ ਕਰ ਦਿਤਾ ਕਿ ਉਹ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)
ਮੇਰੀ ਛੱਪ ਰਹੀ ਪੁਸਤਕ ‘365 ਦਿਨ ਸਿੱਖ ਇਤਿਹਾਸ ਦੇ’ ਦੇ ਵਿੱਚੋਂ: