24 ਜੂਨ, 1734 ਵਾਲੇ ਦਿਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ : ਗੁਰਦੀਪ ਸਿੰਘ ਜਗਬੀਰ (ਡਾ.)

10 ਮਾਰਚ 1644 ਵਾਲੇ ਦਿਨ ਭਾਈ ਮਨੀ ਸਿੰਘ ਦਾ ਜਨਮ ਪਿਤਾ ਭਾਈ ਮਾਈ ਦਾਸ ਅਤੇ ਮਾਤਾ ਮੱਧਰੀ ਬਾਈ ਦੇ ਘਰ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ਫ਼ਰਗੜ੍ਹ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ।
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬਲੂ ਰਾਇ ਛੇਵੇਂ ਸਤਿਗੁਰੂ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਨ 1628 ਨੂੰ ਮੁਗਲਾਂ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੜੀ ਜੰਗ ਵਿੱਚ ਜੂਝ ਕੇ ਹੋਏ ਸ਼ਹੀਦ ਹੋਏ ਸਨ। ਭਾਈ ਮਨੀ ਸਿੰਘ ਜੀ ਦੇ 12 ਭਰਾਵਾਂ ਵਿੱਚੋਂ ਇੱਕ ਅਮਰ ਚੰਦ ਜੀ ਨੂੰ ਛੱਡ ਕੇ ਬਾਕੀ 11 ਭਰਾਵਾਂ ਨੇ ਸਿੱਖੀ ਸਿਧਾਂਤਾਂ ਦੀ ਖ਼ਾਤਿਰ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ। ਅਮਰ ਚੰਦ ਜੀ ਬਹੁਤ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ।ਸਿੱਖੀ ਦੀ ਖਾਤਰ ਆਪ ਜੀ ਦੇ 10 ਸਪੁੱਤਰਾਂ, ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨੈਕ ਸਿੰਘ,ਭਾਈ ਅਜੈਬ ਸਿੰਘ, ਭਾਈ ਅਜਾਬ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਭਗਵਾਨ ਸਿੰਘ, ਭਾਈ ਬਲਰਾਮ ਸਿੰਘ, ਭਾਈ ਦੇਸਾ ਸਿੰਘ, ਵਿੱਚੋਂ 7 ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀ ਕੇ ਗੁਰੂ ਕੇ ਸਿੱਖ ਹੋਣ ਦਾ ਪ੍ਰਮਾਣ ਦਿੱਤਾ ਸੀ।
1691 ਵਾਲੇ ਸਾਲ ਦੀ ਵਿਸਾਖੀ ਵਾਲੇ ਦਿਨ, ਸਾਹਿਬ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਨੂੰ ਦੀਵਾਨ ਨਿਯੁਕਤ ਕੀਤਾ ਸੀ। 30 ਮਾਰਚ 1699 ਵਜੇ ਦਿਨ ਜਦੋਂ ਵਿਸਾਖੀ ਦੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਸੀ ਅਤੇ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਭਾਈ ਮਨੀ ਸਿੰਘ ਜੀ ਇਸ ਮੌਕੇ ਤੇ ਇਨ੍ਹਾਂ ਸਮਾਗਮਾਂ ਦਾ ਆਯੋਜਨ ਕਰਣ ਵਾਲੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸਨ। ਖਾਲਸਾ ਸਾਜਨਾ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੁੱਜੀ ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ,ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਅਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾਂ ਕਰ ਦਿੱਤਾ ਸੀ। ਆਪ ਬਾਬਾ ਸਾਹਿਬ ਬਾਬਾ ਬੁੱਢਾ ਜੀ ਅਤੇ ਭਾਈ ਸਾਹਿਬ ਭਾੲੀ ਗੁਰਦਾਸ ਤੋਂ ਬਾਅਦ ਗੁਰੂ ਮਰਯਾਦਾ ਮੁਤਾਬਿਕ ਸ੍ਰੀ ਹਰਿਮੰਦਰ ਸਾਹਿਬ ਦੇ ਤੀਜੇ ਗ੍ਰੰਥੀ ਸਾਹਿਬਾਨ ਸਨ।
1708 ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਸ਼ਹੀਦ ਭਾਈ ਮਨੀ ਸਿੰਘ ਦੀ ਪ੍ਰਮੁੱਖ ਭੂਮਿਕਾ ਅਤੇ ਉਘਾ ਯੋਗਦਾਨ ਸੀ। ਇੰਜ ਹੀ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵੀ ਸਿੱਖ ਦਲਾਂ ਨੂੰ ਇਕੱਠਿਆਂ ਰੱਖਣ ਵਿੱਚ ਆਪ ਨੇ ਅਹਿਮ ਭੂਮਿਕਾ ਨਿਭਾਈ ਸੀ।
ਉਸ ਵਕਤ ਦੀ ਮੁਗਲ ਹਕੂਮਤ ਹਰ ਪੱਖੋਂ ਸਿੱਖਾਂ ਦੇ ਨਾਲ ਵੈਰ ਕਮਾਉਣ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡਦੀ। ਸਿੱਖਾਂ ਦੇ ਕਈ ਧਾਰਮਿਕ ਅਸਥਾਨਾਂ’ਤੇ ਗੁਰਪੁਰਬ ਤੱਕ ਮਨਾਉਣ ਦੀ ਪਾਬੰਦੀ ਸੀ।
26 ਅਕਤੂਬਰ 1733 ਵਾਲੇ ਦਿਨ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਮੁਗ਼ਲ ਸਰਕਾਰ ਵਲੋਂ ਲਾਹੌਰ ਦੇ ਸੂਬੇਦਾਰ ਨੇ ਦੀਵਾਲੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿੱਖੇ ਇਕੱਠ ਕਰਨ ਦੇ ਲਈ, ਪੰਜ ਹਜ਼ਾਰ ਰੁਪਏ ਟੈਕਸ ਅਦਾ ਕਰਣ ਦੇ ਬਦਲੇ, ਸਮਾਗਮ ਕਰਨ ਦੀ ਇਜਾਜ਼ਤ ਦੇ ਦਿਤੀ ਸੀ। ਇਹ ਟੈਕਸ ਦੀਵਾਲੀ ਤੋਂ ਬਾਅਦ ਅਦਾ ਕੀਤਾ ਜਾਣਾ ਸੀ।
ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸੰਦਰਭ ਵੀ ਮੁਗ਼ਲਾਂ ਵੱਲੋਂ ਧਾਰਮਿਕ ਅਤੇ ਸਮਾਜਿਕ ਆਜ਼ਾਦੀ ਖੋਹਣਾ ਸੀ। ਆਪਣੇ ਅਤੇ ਲਤਾੜਿਆ ਹੋਇਆਂ ਦੇ ਹੱਕ ਰੱਖਣ ਦੇ ਲਈ ਸਿੱਖਾਂ ਵਲੋਂ ਲੜੇ ਜਾ ਰਹੇ ਧਰਮ ਯੁੱਧ ਦੇ ਪ੍ਰਸੰਗ ਅਧੀਨ ਹੀ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਵਕਤ ਦੇ ਜ਼ਾਬਰ ਹਾਕਮਾਂ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਗੁਰਪੁਰਬ ਅਤੇ ਹੋਰ ਦਿਹਾੜੇ ਮਨਾਉਣ ਉਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਾਉਣ ਦਾ ਯਤਨ ਕੀਤਾ ਸੀ।
ਸਿੱਖ ਪੰਥ ਵਲੋਂ ਸ਼ਹੀਦ ਭਾਈ ਮਨੀ ਸਿੰਘ ਨੂੰ ਇਸ ਕਾਰਜ ਦੇ ਲਈ ਜ਼ਿੰਮੇਵਾਰੀ ਦੇ ਕੇ, ਮੁਖੀ ਥਾਪਿਆ ਸੀ। ਸੂਬਾ ਲਾਹੌਰ ਜ਼ਕਰੀਆ ਖਾਨ ਨੇ ਇਸ ਪਾਬੰਦੀ ਨੂੰ ਹਟਾਉਣ ਅਤੇ ਦਿਵਾਲੀ ਵਾਲੇ ਦਿਨ ਸਿੱਖਾਂ ਦਾ ਇਕੱਠ ਕਰਣ, ਬਦਲੇ ਪੰਜ ਹਜ਼ਾਰ ਰੁਪਏ ਬਤੌਰ ਟੈਕਸ ਦੇ ਅਦਾ ਕਰਨ ਦੀ ਸ਼ਰਤ ਰੂਪ ਦੇ ਵਿੱਚ ਮੰਗ ਰੱਖੀ ਸੀ।
ਭਾਈ ਮਨੀ ਸਿੰਘ ਨੇ ਜ਼ਕਰੀਆ ਖਾਨ ਦੀ ਇਸ ਸ਼ਰਤ ਨੂੰ ਇਸ ਸਮਝੌਤੇ ਦੇ ਨਾਲ ਪ੍ਰਵਾਨ ਕਰ ਲਿਆ ਸੀ ਕੇ ਇਸ ਟੈਕਸ ਦੀ ਅਦਾਇਗੀ ਦੀਵਾਲੀ ਤੋਂ ਮਗਰੋਂ ਕੀਤੀ ਜਾਵੇ ਗੀ।ਕਿਉਂਕਿ ਸੰਗਤਾਂ ਦੇ ਦੀਵਾਲੀ ਦੇ ਇੱਕਠ ਮਗਰੋਂ ਭਾਈ ਸਾਹਿਬ ਨੂੰ ਅੰਦਾਜ਼ਾ ਸੀ ਕੇ ਇਤਨੀ ਕੁ ਧਨ ਰਾਸ਼ੀ ਇਕੱਠੀ ਹੋ ਜਾਏ ਗੀ ਕੇ ਇਸ ਟੈਕਸ ਨੂੰ ਤਾਰਿਆ ਜਾ ਸਕੇ ਗਾ। ਸੋ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸਿੱਖ ਸੰਗਤ ਨੂੰ ਦੀਵਾਲੀ ਦਾ ਪੁਰਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਦੇ ਲਈ ਸੱਦਾ ਪੱਤਰ ਭੇਜ ਦਿੱਤੇ ਸਨ। ਇਹ ਵੇਲਾ ਉਹ ਸੀ ਜਦੋਂ ਸਿੱਖ ਹਰ ਪੱਖੋਂ, ਹਰ ਤਰ੍ਹਾਂ ਦੀ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਦੀ ਜੰਗ ਲੜ ਰਹੇ ਸਨ।
ਅਸਲ ਵਿੱਚ ਜ਼ਕਰੀਆ ਖਾਨ ਵੱਲੋਂ ਦਿੱਤੀ ਇਸ ਮਨਜੂਰੀ ਦੇ ਪਿੱਛੇ ਉਸ ਦੀ ਬਦਨੀਤੀ, ਦੀਵਾਲੀ ਮੌਕੇ ਪੁੱਜ ਕੇ ਇਕਠੇ ਹੋਣ ਵਾਲੇ ਸਿੱਖਾਂ ਨੂੰ ਘੇਰ ਕੇ ਕਤਲੇਆਮ ਕਰਨ ਦੀ ਸੀ। ਇੰਜ ਇਹ ਉਸਦੀ ਆਪਣੀ ਕੋਝੀ ਕੁਨੀਤੀ ਅਤੇ ਬਦਨੀਤੀ ਦਾ ਇੱਕ ਦਾਅ ਪੇਚ ਸੀ।
ਦਿਵਾਲੀ ਦੇ ਇਸ ਇਕੱਠ ਤੋਂ ਕੁਝ ਸਮਾਂ ਪਹਿਲਾਂ ਸ਼ਹੀਦ ਭਾਈ ਮਨੀ ਸਿੰਘ ਨੂੰ ਸੂਬਾ ਲਾਹੌਰ ਜ਼ਕਰੀਆ ਖਾਨ ਦੀ ਇਸ ਗੁਪਤ ਯੋਜਨਾ ਦੀ ਖਬਰ ਮਿਲੀ ਤਾਂ ਭਾਈ ਸਾਹਿਬ ਨੇ ਸਿੱਖ ਸੰਗਤਾਂ ਨੂੰ ਦੀਵਾਲੀ ਦੇ ਪੁਰਬ ਉਤੇ ਪਹੁੰਚਣ ਤੋ ਰੋਕਣ ਦੇ ਲਈ ਸੰਦੇਸ਼ ਭੇਜ ਕੇ ਇਸ ਇਕੱਠ ਨੂੰ ਨਾ ਕਰਣ ਦਾ ਐਲਾਨ ਕਰ ਦਿੱਤਾ। ਨਤੀਜੇ ਵਜੋਂ ਇਹ ਦਿਵਾਲੀ ਦਾ ਪੁਰਬ ਮਨਾਇਆ ਨਾ ਜਾ ਸਕਿਆ। ਹੁਣ ਚੜ੍ਹਾਵੇ ਦੇ ਰੂਪ ਵਿੱਚ ਧਨ ਦੀ ਰਾਸ਼ੀ ਇਤਨੀ ਨਹੀਂ ਇੱਕਠੀ ਹੋਈ ਕੇ ਜਿਸ ਵਿਚੋਂ ਜ਼ਕਰੀਆ ਖਾਨ ਵੱਲੋਂ ਮਿੱਥੀ ਰਕਮ ਪੰਜ ਹਜ਼ਾਰ ਦਾ ਟੈਕਸ ਅਦਾ ਕੀਤਾ ਜਾ ਸਕੇ।
ਹੁਣ ਸੂਬਾ ਲਾਹੌਰ ਆਪਣਾ ਟੈਕਸ ਮੰਗਦਾ ਸੀ,ਭਾਈ ਸਾਹਿਬ ਕਹਿਣ ਲਗੇ ਜਦੋਂ ਤੇਰੀਆਂ ਸਾਜਸ਼ਾਂ ਕਰਕੇ ਇੱਕਠ ਹੀ ਨਹੀਂ ਹੋਇਆ ਤਾਂ ਟੈਕਸ ਕਾਹਦਾ? ਕੀ ਮੈਂ ਤੇਰੇ ਪਿੱਛੇ ਲੱਗ ਕੇ ਆਪਣੀ ਕੌਮ ਮਰਵਾ ਲੈਂਦਾ? ਭਾਈ ਸਾਹਿਬ ਨੇ ਸਾਫ਼ ਕਹਿ ਦਿੱਤਾ ਕਿ ਸਾਨੂੰ ਤੇਰੇ’ ਤੇ ਅਤੇ ਤੇਰੇ ਨਿਜ਼ਾਮ ਤੇ ਉੱਕਾ ਭਰੋਸਾ ਨਹੀ ਹੈ। ਪਰ ਕੁਝ ਵਿਚੋਲਿਆਂ ਨੇ ਵਿੱਚ ਪੈ ਕੇ, ਇਹ ਕਹਿ ਕੇ ਸਮਝੌਤਾ ਕਰਵਾਉਣ ਦਾ ਜਤਨ ਕੀਤਾ ਕੇ ਆਏ ਚੜ੍ਹਾਵੇ ਵਿਚੋਂ ਕੁਝ ਮਿੱਥੀ ਰਕਮ ਟੈਕਸ ਰੂਪ ਵਿੱਚ ਅਦਾ ਕਰ ਦਿੱਤੀ ਜਾਵੇ ਅਤੇ ਇਕ ਵਾਰੀ ਫੇਰ ਇਕਰਾਰ ਹੋਇਆ ਕੇ ਆਉਂਦੀ ਵਿਸਾਖੀ ਦਾ ਪੁਰਬ ਮਨਾਉਣ ਦੀ ਸਿੱਖਾਂ ਨੂੰ ਪ੍ਰਵਾਨਗੀ ਦਿੱਤੀ ਜਾਵੇ ਗੀ।
ਭਾਈ ਸਾਹਿਬ, ਸੂਬਾ ਲਾਹੌਰ ਦੀ ਇਸ ਪ੍ਰਵਾਨਗੀ ਉਪਰ ਵੀ ਭਰੋਸਾ ਕਰਣ ਦੇ ਲਈ ਤਿਆਰ ਨਹੀਂ ਸਨ। ਕਿਉਂਕਿ ਇਹ ਮਨਜੂਰੀ ਵੀ ਉਸਨੇ ਗੁਪਤ ਰੂਪ ਵਿੱਚ ਉਸੇ ਹੀ ਸਾਜਿਸ਼ ਅਤੇ ਕੁਨੀਤੀ ਦੇ ਅਧੀਨ ਦਿੱਤੀ ਸੀ। ਸ਼ਹੀਦ ਭਾਈ ਮਨੀ ਸਿੰਘ ਇਸ ਵਾਰੀ ਪੂਰੀ ਤਿਆਰੀ ਦੇ ਨਾਲ ਇਕੱਠ ਕਰਣਾ ਚਾਹੁੰਦੇ ਸਨ। ਭਾਈ ਸਾਹਿਬ ਦਾ ਅਕੀਦਾ ਸੀ ਕੇ ਹੁਣ ਅਸੀਂ ਪੁਰਬ ਵੀ ਇਨ੍ਹਾਂ ਤੋਂ ਡਰ ਕੇ ਮਨਾਵਾਂ ਗੇ। ਇਸ ਵਾਰੀ ਵੱਡੀ ਗਿਣਤੀ ਵਿੱਚ ਸਿੰਘ ਭਾਈ ਸਾਹਿਬ ਦਾ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਗਏ ਸਨ। ਸੂਬਾ ਲਾਹੌਰ ਜ਼ਕਰੀਆ ਖ਼ਾਨ ਨੇ ਲਖਪਤਿ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਸੀ। ਇਸ ਹਮਲੇ ਵਿੱਚ ਸਿੱਖਾਂ ਦਾ ਕਾਫੀ ਜਾਨੀ ਨੁਕਸਾਨ ਹੋਇਆ।
ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਜਾਂਦਾ ਗਿਆ ਜਿਥੇ ਵਾਅਦੇ ਦੇ ਮੁਤਾਬਕ ਰਕਮ ਅਦਾ ਨਾ ਕਰਣ ਅਤੇ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਸੀ। ਰਕਮ ਨਾ ਅਦਾ ਕਰਨ ਦੇ ਬਦਲੇ ਅਤੇ ਜਾਨ ਬਖਸ਼ੀ ਦੇ ਬਦਲੇ ਇਸਲਾਮ ਕਬੂਲ ਕਰਣ ਦੇ ਲਈ ਕਿਹਾ ਗਿਆ।
ਭਾਈ ਸਾਹਿਬ ਜੀ ਵਲੋਂ ਇਸਲਾਮ ਕਬੂਲ ਨਾ ਕਰਣ ਦੇ ਕਾਰਣ,
24 ਜੂਨ, 1734 ਵਾਲੇ ਦਿਨ ਲਾਹੌਰ ਦੇ ਨਖਾਸ ਚੌਕ ਵਿਖੇ, ਜੋ ਲਾਹੌਰ ਦੇ ਲੰਡੇ ਬਾਜ਼ਾਰ ਅਤੇ ਦਿੱਲੀ ਦਰਵਾਜ਼ੇ ਦੇ ਵਿੱਚਕਾਰ ਹੈ,ਵਿਖੇ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ।
ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਸਕਾਰ ਭਾਈ ਸੁਬੇਗ ਸਿੰਘ ਹੁਣਾਂ ਨੇ, ਕੁਝ ਹੋਰ ਲਾਹੌਰ ਵਿੱਚ ਰਹਿੰਦੇ ਗੁਰਸਿੱਖਾਂ ਨੂੰ ਨਾਲ ਲੈਕੇ ਮਸਤੀ ਦਰਵਾਜ਼ੇ ਦੇ ਬਾਹਰ ਸ਼ਾਹੀ ਕਿਲ੍ਹੇ ਦੇ ਲਾਗੇ ਕੀਤਾ, ਜਿਥੇ ਗੁਰਦੁਆਰਾ ਸ਼ਹੀਦ ਗੰਜ ਦੂਸਰਾ ਬਣਾਇਆ ਗਿਆ ਸੀ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)
ਮੇਰੀ ਛੱਪ ਰਹੀ ਪੁਸਤਕ ‘365 ਦਿਨ ਸਿੱਖ ਇਤਿਹਾਸ ਦੇ’ ਦੇ ਵਿੱਚੋਂ: