ਟਾਪਫ਼ੁਟਕਲ

[ 3 ] ਜਿਣਸੀ ਅਪਰਾਧਾਂ ਖਿਲਾਫ਼ ਚੁੱਪ ਨੂੰ ਤੋੜੀਏ, ਮਨੁੱਖਦੋਖ਼ੀ ਢਾਂਚੇ ਦਾ ਫਾਹਾ ਵੱਢੀਏ-ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ

ਕੈਬਨਿਟ ਮੰਤਰੀ ਕੀਰੇਨ ਰਿਜ਼ਜ਼ੂ ਨੇ ਰਾਜ ਸਭਾ ਵਿੱਚ ਕਿਹਾ ਕਿ 2014-2016 ਤੱਕ 1,10,333 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ ਹਨ। 2015 ਵਿੱਚ 34,651 ਬਲਾਤਕਾਰ ਦੇ ਕੇਸ ਦਰਜ਼ ਕੀਤੇ ਗਏ ਅਤੇ 2019 ਵਿੱਚ 38,947 ਬਲਾਤਕਾਰ ਦੇ ਕੇਸ ਦਰਜ਼ ਕੀਤੇ ਗਏ। 2016 ਵਿੱਚ 3 ਲੱਖ 38 ਹਜ਼ਾਰ 9 ਸੌ 54 ਕੇਸ ਜਿਣਸੀ ਸੋਸ਼ਣ ਦੇ ਦਰਜ਼ ਕੀਤੇ ਗਏ। 2006 ਦੀ ਕੌਮੀ ਅਪਰਾਧਿਕ ਬਿਓਰੋ ਦੀ ਰਿਪੋਰਟ ਅਨੁਸਾਰ 71% ਬਲਾਤਕਾਰ ਦੇ ਕੇਸ ਦਰਜ਼ ਹੀ ਨਹੀ ਹੁੰਦੇ।

ਇਹ ਮਹਿਜ਼ ਅੰਕੜੇ ਨਹੀਂ ਹਨ, ਇਨਸਾਨੀ ਜ਼ਿੰਦਗੀਆਂ ਹਨ! ਜਿੰਨ੍ਹਾਂ ਨੂੰ ਘਿਣਾਉਣੇ ਅਪਰਾਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਜਿਨਸੀ ਸੋਸ਼ਣ ਦਾ ਸਾਹਮਣਾ ਜ਼ਿਆਦਾਤਰ ਔਰਤਾਂ ਨੂੰ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿੱਚ ਲਗਾਤਾਰ ਕਰਨਾ ਪੈਂਦਾ ਹੈ। ਔਰਤ ਤੋਂ ਭਾਵ 10 ਮਹੀਨੇ ਦੀ ਬੱਚੀ ਵੀ ਹੈ ਅਤੇ 80 ਸਾਲ ਦੀ ਬਜ਼ੁਰਗ ਔਰਤ ਵੀ। ਕਿਸੇ ਉੱਤੇ ਜਿਣਸੀ ਟਿੱਪਣੀ ਕਰਨਾ ਜਾਂ ਮਜਾਕ ਉਡਾਉਣਾ, ਛੂਹਣਾ, ਭੱਦੀਆਂ ਨਿਗਾਹਾਂ ਨਾਲ਼ ਦੇਖਣਾ, ਘੂਰਣਾ, ਨਿੱਜੀ ਜਿਣਸੀ ਸਵਾਲ ਪੁੱਛਣੇ, ਕਿਸੇ ਬਾਬਤ ਜਿਣਸੀ ਅਫਵਾਹ ਫੈਲਾਉਣੀ, ਇਹ ਸਭ ਜਿਣਸੀ ਸੋਸ਼ਣ ਦੇ ਰੂਪ ਹਨ। ਜਿਣਸੀ ਸ਼ੋਸ਼ਣ ਦਾ ਸਾਹਮਣਾ ਇੱਕਲੀਆਂ ਔਰਤਾਂ ਨੂੰ ਹੀ ਨਹੀਂ ਕਰਨਾ ਪੈਂਦਾ, ਸਗੋਂ ਇਸ ਦੀ ਚਪੇਟ ਵਿੱਚ ਵੱਡੀ ਗਿਣਤੀ ਵਿੱਚ ਬੱਚੇ (ਮੁੰਡੇ, ਕੁੜੀਆਂ ਦੋਵੇਂ) ਆਉਂਦੇ ਹਨ।

ਕੌਮੀ ਅਪਰਾਧ ਰਿਕਾਰਡ ਬਿਊਰੋ ਦੀ 2017 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ 15 ਮਿੰਟਾਂ ਵਿੱਚ ਇੱਕ ਬੱਚੇ ਨਾਂਲ਼ ਜਿਣਸੀ ਛੇੜ-ਛਾੜ ਦੀ ਘਟਨਾ ਹੁੰਦੀ ਹੈ। ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ 2016 ਵਿੱਚ ਬੱਚਿਆਂ ਖਿਲਾਫ ਅਪਰਾਧਾਂ ਦੇ 1,06,958 ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ’ਚੋਂ 36,022 ਕੇਸ ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸੁਅਲ ਆਫੈਂਸਿੰਜ ਐਕਟ ਦੇ ਤਹਿਤ ਦਰਜ ਹੋਏ ਸਨ। 2015 ਵਿੱਚ ਬੱਚਿਆਂ ਖਿਲਾਫ ਹਿੰਸਾ ਦੇ 94,172 ਕੇਸ ਸਨ ਤੇ 2014 ਵਿੱਚ 89,423 ਕੇਸ ਸਨ। ਭਾਰਤੀ ਮਹਿਲਾ ਅਤੇ ਬਾਲ ਵਿਕਾਸ ਵੱਲੋਂ ਕੀਤੀ ਗਈ 2007 ਦੀ ਰਿਪੋਰਟ ਮੁਤਾਬਕ 53 ਫੀਸਦੀ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨਾਲ਼ ਕਿਸੇ ਤਰ੍ਹਾਂ ਦੀ ਜਿਣਸੀ ਛੇੜਛਾੜ ਦੀ ਘਟਨਾ ਹੋਈ ਸੀ।

ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੇ ਮਾਮਲੇ ਵੱਡਿਆਂ ਨਾਲ਼ੋਂ ਕਿਤੇ ਜ਼ਿਆਦਾ ਗੁੰਝਲਦਾਰ ਹੁੰਦੇ ਹਨ। ਉਨ੍ਹਾਂ ਨੂੰ ਸਰੀਰਕ ਅੰਗਾਂ ਦੇ ਨਾਂ, ਸੈਕਸ਼ੁਅਲ ਐਕਟਿਵਿਟੀ ਨਾਲ਼ ਜੁੜੇ ਸ਼ਬਦ ਨਹੀਂ ਪਤਾ ਹੁੰਦੇ। ਇਸ ਲਈ ਬੱਚੇ ਕਹਿੰਦੇ ਹਨ ਕਿ ਉਹ ਅੰਕਲ ਚੰਗੇ ਨਹੀਂ ਹਨ, ਉਨ੍ਹਾਂ ਕੋਲ ਨਹੀਂ ਜਾਣਾ, ਉਹ ਗੰਦੇ ਹਨ। ਜੇ ਬੱਚਿਆਂ ਦੀ ਗੱਲ ਨਾ ਸਮਝੀ ਜਾਵੇ ਤਾਂ ਇਸਦਾ ਅਸਰ ਪੂਰੀ ਜ਼ਿੰਦਗੀ ’ਤੇ ਪੈ ਸਕਦਾ ਹੈ। ਜਿਣਸੀ ਸੋਸ਼ਣ ਦੇ ਸ਼ਿਕਾਰ ਲੋਕ ਡਿਪਰੈਸ਼ਨ ’ਚ ਜਾ ਸਕਦੇ ਹਨ। ਕਈ ਵਾਰ ਉਹ ਜ਼ਿੰਦਗੀ ਭਰ ਉਸ ਘਟਨਾ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ ’ਚ ਜਿਣਸੀ ਵਿਗਾੜ ਪੈਦਾ ਹੋ ਸਕਦਾ ਹੈ, ਕਈ ਵਾਰ ਆਤਮ ਵਿਸ਼ਵਾਸ ’ਚ ਕਮੀ ਹੋ ਜਾਂਦੀ ਹੈ।

ਕੁੱਝ ਜ਼ੁਬਾਨਾ ਜਿੰਨ੍ਹਾਂ ਚੁੱਪ ਦੀ ਅਵਾਜ਼ ਤੋੜੀ:-

ਯੂਪੀ ’ਚ ਰਹਿਣ ਵਾਲ਼ੀ ਕੋਮਲ (ਬਦਲਿਆ ਹੋਇਆ ਨਾਂ) ਦੇ ਨਾਲ਼ 14 ਸਾਲ ਦੀ ਉਮਰ ਵਿੱਚ ਹੋਈ ਘਟਨਾ ਨੂੰ ਉਹ ਕਈ ਸਾਲਾਂ ਬਾਅਦ ਵੀ ਆਪਣੇ ਘਰ ’ਚ ਨਹੀਂ ਦੱਸ ਸਕੀ।

“ਮੈਂ ਹਰ ਸਾਲ ਉਸ ਨੂੰ ਰੱਖੜੀ ਬੰਨ੍ਹਦੀ ਸੀ, ਪਰ ਉਹ ਮੇਰੇ ਬਾਰੇ ਪਤਾ ਨਹੀਂ ਕੀ ਸੋਚ ਕੇ ਬੈਠਾ ਸੀ। ਉਸ ਦਾ ਹਾਸਾ-ਠੱਠਾ ਕਦੋਂ ਛੇੜਛਾੜ ਵਿੱਚ ਬਦਲ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ।”

‘‘ਜਦੋਂ ਵੀ ਅਸੀਂ ਦੋਵੇਂ ਇਕੱਲੇ ਹੁੰਦੇ ਤਾਂ ਉਹ ਫਾਇਦਾ ਚੁੱਕਣ ਦਾ ਇੱਕ ਵੀ ਮੌਕਾ ਨਹੀਂ ਛੱਡਦਾ ਸੀ। ਮੈਂ ਸਭ ਸਮਝਦੀ ਸੀ, ਪਰ ਕਿਸੇ ਨੂੰ ਕਹਿ ਨਹੀਂ ਸਕੀ ਸੀ।”

ਅਜਿਹਾ ਹੀ ਇੱਕ ਮਾਮਲਾ ਬਿਹਾਰ ਦੀ ਰਹਿਣ ਵਾਲ਼ੀ ਦੀਪਿਕਾ (ਬਦਲਿਆ ਹੋਇਆ ਨਾਂ) ਦਾ ਹੈ। ਦੀਪਿਕਾ ਨੂੰ ਇਸ ਖਤਰਨਾਕ ਘਟਨਾ ’ਚੋਂ ਉਦੋਂ ਲੰਘਣਾ ਪਿਆ ਜਦੋਂ ਉਹ ਸਿਰਫ ਸੱਤ ਸਾਲ ਦੀ ਸੀ ।

ਦੀਪਿਕਾ ਦੱਸਦੀ ਹੈ, ‘‘ਲੋਕ ਅਕਸਰ ਕਹਿੰਦੇ ਹਨ ਕਿ ਉਹ ਆਪਣੇ ਬਚਪਨ ’ਚ ਮੁੜਨਾ ਚਾਹੁੰਦੇ ਹਨ, ਪਰ ਮੈਨੂੰ ਮੁੜ ਆਪਣਾ ਬਚਪਨ ਨਹੀਂ ਚਾਹੀਦਾ। ਮੈਨੂੰ ਉਸ ਤੋਂ ਡਰ ਲਗਦਾ ਹੈ। ਮੈਨੂੰ ਅੱਜ ਤੱਕ ਅਫਸੋਸ ਹੈ ਕਿ ਮੈਂ ਕੁਝ ਨਹੀਂ ਕਹਿ ਸਕੀ।”

‘‘ਮੈਂ ਸੱਤ ਸਾਲ ਦੀ ਸੀ ਜਦੋਂ ਮੇਰੇ ਨਾਲ਼ ਉਹ ਸਭ ਸ਼ੁਰੂ ਹੋਇਆ। ਉਹ ਸਾਡੇ ਘਰ ਅਤੇ ਦੁਕਾਨ ’ਤੇ ਕਈ ਸਾਲਾਂ ਤੋਂ ਕੰਮ ਕਰਦਾ ਸੀ, ਮੇਰੇ ਜਨਮ ਤੋਂ ਵੀ ਪਹਿਲਾਂ। ਘਰ ਵਾਲ਼ਿਆਂ ਨੂੰ ਉਸ ’ਤੇ ਪੂਰਾ ਭਰੋਸਾ ਸੀ। ਦੁਕਾਨ ’ਚ ਜਦੋਂ ਕੋਈ ਨਹੀਂ ਹੁੰਦਾ ਸੀ ਤਾਂ ਉਹ ਮੈਨੂੰ ਆਪਣੀ ਗੋਦ ’ਚ ਬਿਠਾਉਂਦਾ ਸੀ। ਮੈਨੂੰ ਚੰਗਾ ਨਹੀਂ ਲੱਗਦਾ ਸੀ, ਪਰ ਸਮਝ ਹੀ ਨਹੀਂ ਆਉਂਦਾ ਸੀ ਕਿ ਉਹ ਕੀ ਕਰ ਰਿਹਾ ਹੈ।” ‘‘ਉਸ ਨੂੰ ਲੈ ਕੇ ਮੇਰਾ ਡਰ ਹੋਰ ਵਧਦਾ ਗਿਆ। ਮੈਂ ਉਸ ਕੋਲ਼ ਨਹੀਂ ਆਉਣਾ ਚਾਹੁੰਦੀ ਸੀ। ਪਰ, ਮੰਮੀ ਕਦੀ ਖਾਣਾ ਦੇਣ ਤਾਂ ਕਦੇ ਉਸ ਨੂੰ ਬੁਲਾਉਣ, ਉਸ ਦੇ ਕਮਰੇ ’ਚ ਭੇਜ ਦਿੰਦੀ।”

‘‘ਮੈਂ ਕਹਿੰਦੀ ਸੀ ਕਿ ਅੰਕਲ ਕੋਲ ਨਹੀਂ ਜਾਣਾ, ਪਰ ਘਰਵਾਲ਼ਿਆਂ ਨੂੰ ਕਾਰਨ ਸਮਝ ਨਹੀਂ ਆਉਂਦਾ ਸੀ। ਉਨ੍ਹਾਂ ਨੂੰ ਲੱਗਦਾ ਕਿ ਬੱਚੀ ਹਾਂ ਤਾਂ ਇੰਝ ਹੀ ਕੁਝ ਵੀ ਬੋਲ ਦਿੰਦੀ ਹਾਂ, ਪਰ ਮੈਂ ਲੱਖ ਵਾਰੀ ਚਾਹ ਕੇ ਵੀ ਇਹ ਪੂਰੀ ਗੱਲ ਨਹੀਂ ਬੋਲ ਪਾਉਂਦੀ ਸੀ। ਸਹੀ ਸ਼ਬਦ, ਸਹੀ ਤਰੀਕਾ ਮੈਂ ਕਦੇ ਲੱਭ ਨਹੀਂ ਪਾਉਂਦੀ ਸੀ । ਦੀਪਿਕਾ ਨੇ ਵੀ ਹੌਲ਼ੀ-ਹੌਲ਼ੀ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਘੱਟ ਕਰ ਦਿੱਤਾ।

ਉਸ ਨੇ ਦੱਸਿਆ, ‘‘ਹੌਲ਼ੀ-ਹੌਲ਼ੀ ਮੈਂ ਘਰ ਆਉਣ ਵਾਲ਼ੇ ਮਹਿਮਾਨਾਂ ਤੋਂ ਦੂਰੀ ਬਣਾਉਣ ਲੱਗੀ। ਕੋਈ ਅੰਕਲ ਜਾਂ ਮਾਮਾ-ਚਾਚਾ ਵੀ ਆਉਂਦੇ ਹਨ ਤਾਂ ਮੈਂ ਉਨ੍ਹਾਂ ਤੋਂ ਦੂਰ ਰਹਿੰਦੀ। ਉਨ੍ਹਾਂ ਦੇ ਛੂਹਣ ਜਾਂ ਗੋਦ ’ਚ ਲੈਣ ਨਾਲ਼ ਹੀ ਮੈਨੂੰ ਉਹ ਅੰਕਲ ਯਾਦ ਆ ਜਾਂਦੇ। ਹਰ ਛੂਹਣ ਗਲਤ ਲੱਗਣ ਲੱਗ ਗਿਆ ਸੀ।”

(ਸ੍ਰੋਤ- ਬੀਬੀਸੀ ਨਿਊਜ਼)

ਭਾਰਤ ਵਿੱਚ ਵਿਸ਼ੇਸ਼ ਢੰਗ ਨਾਲ਼ ਹੋਏ ਸਰਮਾਏਦਾਰਾ ਵਿਕਾਸ ਨੇ ਜਗੀਰੂ ਕਦਰਾਂ ਕੀਮਤਾਂ ਨੂੰ ਕਦੇ ਖਤਮ ਕਰਨ ਦੀ ਕੋਸ਼ਿਸ਼ ਹੀ ਨਹੀ ਕੀਤੀ, ਸਗੋਂ ਇਸ ਨੂੰ ਵਰਤਦੇ ਹੋਏ ਔਰਤ ਨੂੰ ਮੰਡੀ ਦੇ ਵਿਚਾਲੇ ਖੜ੍ਹਾਂ ਕਰ ਦਿੱਤਾ ਹੈ ਅਤੇ ਜਿਣਸ ਦੇ ਤੁੱਲ਼ ਖਰੀਦਣ ਵੇਚਣ ਵਾਲ਼ੀ ਵਸਤੂ ਬਣਾ ਦਿੱਤਾ ਹੈ। ਇਸ ਢਾਂਚੇ ਨੇ ਜਗੀਰੂ ਔਰਤ ਵਿਰੋਧੀ ਕਦਰਾਂ-ਕੀਮਤਾਂ ਨੂੰ ਉਨ੍ਹਾਂ ਕੁ ਹੀ ਬਦਲਿਆ ਜਿੰਨ੍ਹਾਂ ਇਸ ਦੇ ਖ਼ੁਦ ਦੇ ਹਿੱਤ ਵਿੱਚ ਸੀ, ਘਰਾਂ ਵਿੱਚੋਂ ਬਾਹਰ ਨਿੱਕਲਣ ਦੀ ਅਜ਼ਾਦੀ ਤਾਂ ਹੌਲ਼ੀ-ਹੌਲ਼ੀ ਔਰਤਾਂ ਨੂੰ ਮਿਲ ਗਈ। ਪਰ ਜਗੀਰੂ ਕਦਰਾਂ ਕੀਮਤਾਂ (ਘਰ ਦੇ ਕੰਮ ਔਰਤ ਦੇ ਹਿੱਸੇ ਹੀ ਰਹੇ, ਭੋਗਣ ਵਾਲ਼ੀ, ਮੁਖੀ ਹਮੇਸ਼ਾਂ ਮਰਦ ਹੀ ਰਿਹਾ ਜੋ ਸਭ ਫੈਸਲੇ ਕਰਦਾ ਹੈ, ਇੱਜ਼ਤ ਦਾ ਭੂਤ ਪਹਿਲਾਂ ਵੀ ਤੇ ਹੁਣ ਵੀ ਔਰਤਾਂ ਨਾਲ਼ ਚੁੰਬੜਿਆਂ ਹੋਇਆ ਹੈ, ਦੇਵਦਾਸੀ ਵਰਗੀਆਂ ਪ੍ਰਥਾਵਾਂ ਅੱਜ ਵੀ ਇੱਥੇ ਹਨ, ਮਹਾਵਾਰੀ ਦੇ ਦੌਰਾਨ ਬਹੁਤ ਸਾਰੀਆਂ ਵਰਜਨਾਵਾਂ ਔਰਤਾਂ ਨਾਲ਼ ਜੁੜੀਆਂ ਹੋਈਆਂ ਹਨ ਇੱਥੋਂ ਤੱਕ ਕਿ ਪੌਦੇ ’ਤੇ ਆਪਣਾ ਪਰਛਾਵਾਂ ਵੀ ਨਾ ਪੈਣ ਦੇਣਾ ਤਾਂ ਜੋ ਉਹ ਸੁੱਕ ਨਾ ਜਾਵੇ, ਰਸੋਈ ਵਿੱਚ ਪੈਰ ਨਾ ਧਰਨਾ, ਅਲੱਗ ਅਲੱਗ ਧਾਰਮਿਕ ਸੰਸਥਾਵਾਂ ਵਿੱਚ ਮਹਾਵਾਰੀ ਦੌਰਾਨ ਔਰਤਾਂ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ, ਉਸ ਸਮੇਂ ਜਾਂ ਤਾਂ ਪੂਜਾ ਪਾਠ ਕਰਨ ’ਤੇ ਬਿਲਕੁਲ ਰੋਕ ਹੈ ਜਾਂ ਸ਼ੁੱਧੀਕਰਨ ਕਰਕੇ ਧਾਰਮਿਕ ਮਨੌਤਾਂ ਨੂੰ ਮੰਨਣ ਦੀ ਆਗਿਆ ਆਦਿ) ਪੈਰਾਂ ਦੀਆਂ ਬੇੜੀਆਂ ਬਣੀਆਂ ਰਹੀਆਂ ਹਨ। ਔਰਤ ਨੂੰ ਇਨਸਾਨ ਵਜੋਂ ਨਾ ਦੇਖਣ ਦੀ ਰਹਿੰਦੀ ਖੂੰਹਦੀ ਕਸਰ ਮੀਡੀਆ, ਫ਼ਿਲਮੀ ਸੱਨਅਤ ਨੇ ਕੀਤੀ। ਅਸ਼ਲੀਲਤਾ, ਔਰਤ ਦੇ ਜਿਸਮ ਦੀ ਨੁਮਾਇਸ਼, ਤਕਨੀਕ ਆਈ ਪਰ ਇਸ ਦਾ ਵੱਡਾ ਹੱਥ ਬਿਮਾਰ ਮਾਨਸਿਕਤਾ ਨੂੰ ਜਨਮ ਦੇਣ ਵਿੱਚ ਦਿਖਿਆ ਕਿਉਂਕਿ ਤਕਨੀਕ ਵੀ ਮੁਨਾਫ਼ਾ ਕਮਾਉਣ ਵਾਲ਼ਿਆਂ ਦੇ ਹੱਥ ਵਿੱਚ ਹੈ। ਪੋਰਨ ਫ਼ਿਲਮਾਂ 10 ਸਾਲ ਦੇ ਬੱਚੇ ਤੱਕ ਵੀ ਪਹੁੰਚ ਗਈਆਂ ਹਨ! ਇਸ ਨਾਲ਼ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰ ਕੇ ਪਸ਼ੂ-ਪੁਣੇ ਨੂੰ ਉਤਸ਼ਾਹਿਤ ਕਰਨਾ ਹੈ। ਪੋਰਨ ਕੰਪਨੀਆਂ ਦਾ ਕਹਿਣਾ ਹੈ ਕਿ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਵਿਕਿਸਿਤ ਹੋ ਰਹੀ ਮੰਡੀ ਹੈ, ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਤੀਜੇ ਨੰਬਰ ’ਤੇ ਹੈ। ਇਸੇ ਦਾ ਨਤੀਜ਼ਾ ਬਲਾਤਕਾਰ, ਸਮੂਹਿਕ ਬਲਾਤਕਾਰ, ਅੰਗ ਕੱਟ ਦੇਣੇ, ਗੁਪਤ ਅੰਗਾਂ ’ਚ ਪੱਥਰ ਭਰਨੇ, ਕਤਲ ਕਰ ਦੇਣਾ, ਬੱਚਿਆਂ ਦਾ ਜਿਣਸੀ ਸ਼ੋਸ਼ਣ ਵਰਗੇ ਮਨੁੱਖ ਵਿਰੋਧੀ ਅਪਰਾਧ ਹਨ, ਜੋ ਘਟਣ ਦੀ ਬਜ਼ਾਏ ਲਗਾਤਾਰ ਵਧ ਰਹੇ ਹਨ।

ਅਜਿਹੇ ਮਹੌਲ ਤੋਂ ਨਜ਼ਾਤ ਪਉਣ ਲਈ ਸਮਾਜ ਦੇ ਸੰਵੇਦਨਸ਼ੀਲ ਅਗਾਂਹਵਧੂ ਹਿੱਸੇ ਨੂੰ ਇੱਕਜੁੱਟ ਹੋ ਕੇ ਔਰਤ ਵਿਰੋਧੀ ਮਾਨਸਿਕਤਾ ਦੇ ਵਿਰੋਧ ਵਿੱਚ ਡਟਣਾ ਪਵੇਗਾ। ਅੱਧੀ ਅਬਾਦੀ (ਔਰਤਾਂ) ਨੂੰ ਚਾਰਦਿਵਾਰੀ ਤੋਂ ਬਾਹਰ ਨਿੱਕਲ ਕੇ ਹੱਕਾਂ ਲਈ ਲੜ੍ਹਣਾ ਪਵੇਗਾ। ਇਹ ਲੜਾਈ ਮਰਦ ਵਿਰੋਧੀ ਹੋਣ ਦਾ ਤਾਂ ਸਵਾਲ ਹੀ ਨਹੀ ਉੱਠਦਾ, ਸਗੋਂ ਮੁਨਾਫ਼ੇ ਤੇ ਟਿਕੇ ਜਿਣਸ ਪੈਦਾਵਾਰ ਅਤੇ ਨਿੱਜੀ ਜਾਇਦਾਦ ਦੇ ਮੁਕੰਮਲ ਖਾਤਮੇ ਨਾਲ਼ ਹੀ ਜੁੜੀ ਹੈ। ਇਸ ਢਾਂਚੇ ਨੂੰ ਕਿਸੇ ਵੀ ਤਰ੍ਹਾਂ ਮਨੁੱਖਤਾ ਪੱਖੀ ਬਣਾਉਣਾ ਅਸੰਭਵ ਹੈ, ਪਰ ਇਸ ਦੌਰਾਨ ਹਰ ਪ੍ਰਕਾਰ ਦੀ ਲੁੱਟ ਅਨਿਆਂ ਜ਼ਬਰ ਖ਼ਿਲਾਫ਼ ਲੜਨਾ ਅਤੇ ਇੱਕ ਲੋਕਪੱਖੀ ਢਾਂਚਾ ਬਣਾਉਣ ਦੀਆਂ ਪੈੜ੍ਹਾਂ ਹਨ। ਔਰਤਾਂ ਨੂੰ ਹਰ ਜ਼ੋਰ ਜ਼ੁਲਮ ਦੀ ਟੱਕਰ ਵਿੱਚ ਸੰਘਰਸ਼ ਹੀ ਨਾਹਰਾ ਹੋ ਸਕਦਾ ਉਹ ਵੀ ਸਮੁੱਚੀ ਕਿਰਤੀ ਲੋਕਾਈ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ। ਹੋ ਚੀ ਮਿਨ ਦੀ ਕਵਿਤਾ ਵਾਂਗ ਖ਼ੁਦ ਨੂੰ ਸਲਾਹ ਦੇਣੀ ਪਵੇਗੀ ਅਤੇ ਸਮਾਜ ਨੂੰ ਬਦਲਣ ਦੀ ਜੱਦੋ ਜਹਿਦ ਵਿੱਚ ਹਿੱਸਾ ਲੈਣ ਦਾ ਅਤੇ ਖ਼ੁਦ ਨਾਲ਼ ਵਾਅਦਾ ਕਰਨਾ ਪਵੇਗਾ |

Leave a Reply

Your email address will not be published. Required fields are marked *