ਟਾਪਪੰਜਾਬ

4 ਸਾਲ ਦੀ ਸਜ਼ਾ ਤੋਂ ਬਾਅਦ ਲਾਲਪੁਰਾ ਦੀ ਵਿਧਾਇਕੀ ਖ਼ਤਮ, ਸਪੀਕਰ 24 ਘੰਟਿਆਂ ‘ਚ ਜਾਰੀ ਕਰਨ ਨੋਟੀਫਿਕੇਸ਼ਨ – ਬ੍ਰਹਮਪੁਰਾ

ਤਰਨ ਤਾਰਨ – ਤਰਨ ਤਾਰਨ ਦੀ ਮਾਣਯੋਗ ਅਦਾਲਤ ਵੱਲੋਂ ਅੱਜ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਔਰਤ ‘ਤੇ ਅੱਤਿਆਚਾਰ ਦੇ ਮਾਮਲੇ ਵਿੱਚ 4 ਸਾਲ ਦੀ ਸਜ਼ਾ ਸੁਣਾਏ ਜਾਣ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੀ ਧੀ ਅਤੇ ਇਨਸਾਫ਼ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਸ੍ਰ. ਬ੍ਰਹਮਪੁਰਾ ਨੇ ਕਿਹਾ, “ਅੱਜ ਦਾ ਦਿਨ ਸਿਰਫ਼ ਇੱਕ ਅਪਰਾਧੀ ਨੂੰ ਸਜ਼ਾ ਮਿਲਣ ਦਾ ਦਿਨ ਨਹੀਂ, ਸਗੋਂ ਪੰਜਾਬ ਦੀ ਧੀ, ਬਹਾਦਰ ਹਰਬਿੰਦਰ ਕੌਰ, ਦੇ 12 ਸਾਲਾਂ ਦੇ ਲੰਬੇ ਅਤੇ ਦਰਦਨਾਕ ਸੰਘਰਸ਼ ਦੀ ਜਿੱਤ ਦਾ ਦਿਨ ਹੈ। ਅਦਾਲਤ ਦੇ ਇਸ ਫੈਸਲੇ ਨੇ ‘ਆਪ’ ਦੇ ‘ਕੱਟੜ ਇਮਾਨਦਾਰ’ ਦੇ ਨਕਾਬ ਪਿੱਛੇ ਛੁਪੇ ਹੋਏ ਅਪਰਾਧਿਕ ਅਤੇ ਗੁੰਡਾ-ਤੰਤਰ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ।
ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਕਿਉਂਕਿ ਸਜ਼ਾ ਦੋ ਸਾਲ ਤੋਂ ਵੱਧ ਹੈ, ਇਸ ਲਈ ਕਾਨੂੰਨ ਮੁਤਾਬਕ ਲਾਲਪੁਰਾ ਹੁਣ ਵਿਧਾਨ ਸਭਾ ਦਾ ਮੈਂਬਰ ਬਣੇ ਰਹਿਣ ਦੇ ਅਯੋਗ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਚਾਹੀਦਾ ਹੈ ਕਿ ਉਹ ਬਿੰਨਾਂ ਕਿਸੇ ਦੇਰੀ ਦੇ 24 ਘੰਟਿਆਂ ਦੇ ਅੰਦਰ-ਅੰਦਰ ਲਾਲਪੁਰਾ ਦੀ ਮੈਂਬਰਸ਼ਿਪ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ, ਨਹੀਂ ਤਾਂ ਇਹ ਨਿਆਂਪਾਲਿਕਾ ਦੇ ਫੈਸਲੇ ਦਾ ਅਪਮਾਨ ਮੰਨਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ ਕਿਹਾ, “ਇਹ ਸਜ਼ਾ ਸਿਰਫ਼ ਲਾਲਪੁਰਾ ਨੂੰ ਨਹੀਂ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਉਸ ਸਿਆਸੀ ਸਰਪ੍ਰਸਤੀ ਨੂੰ ਵੀ ਹੋਈ ਹੈ, ਜਿਸ ਤਹਿਤ ਅਜਿਹੇ ਅਪਰਾਧਿਕ ਅਨਸਰ ਪਨਪ ਰਹੇ ਹਨ। ਇੱਕ ਅਜਿਹੇ ਵਿਅਕਤੀ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰਨ ਵਾਲੇ ਮੁੱਖ ਮੰਤਰੀ ਨੇ ਸ਼ਾਸਨ ਕਰਨ ਦਾ ਸਾਰਾ ਨੈਤਿਕ ਅਧਿਕਾਰ ਗੁਆ ਦਿੱਤਾ ਹੈ। ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਚਾਹੀਦੇ ਹਨ।

Leave a Reply

Your email address will not be published. Required fields are marked *