ਸਿਹਤ ਮੰਤਰੀ ਦਾ ਦੌਰਾ ਸਿਆਸੀ ਸੈਰ-ਸਪਾਟਾ, ‘ਆਪ’ ਸਰਕਾਰ ਆਪਣੀਆਂ ਨਾਕਾਮੀਆਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ – ਬ੍ਰਹਮਪੁਰਾ

ਸ੍ਰ. ਬ੍ਰਹਮਪੁਰਾ ਨੇ ਸਵਾਲ ਕੀਤਾ, “ਜਦੋਂ ਤਰਨ ਤਾਰਨ ਅਤੇ ਖਡੂਰ ਸਾਹਿਬ ਦੇ ਲੋਕ ਹਸਪਤਾਲਾਂ ਦੀ ਤਰਸਯੋਗ ਹਾਲਤ ਝੱਲ ਰਹੇ ਸਨ, ਉਦੋਂ ਸਿਹਤ ਮੰਤਰੀ ਅਤੇ ਉਨ੍ਹਾਂ ਦੇ ਨਵੇਂ ‘ਪੈਰਾਸ਼ੂਟ’ ਉਮੀਦਵਾਰ ਕਿੱਥੇ ਸਨ? ਹੁਣ ਬਿਜਲੀ ਲਈ ‘ਹਾਟਲਾਈਨ’ ਦਾ ਐਲਾਨ ਕਰਨਾ ਸਰਕਾਰ ਦਾ ਆਪਣੀ ਨਾਕਾਮੀ ‘ਤੇ ਮੋਹਰ ਲਾਉਣ ਦੇ ਬਰਾਬਰ ਹੈ। ਇਸਦਾ ਮਤਲਬ ਹੈ ਕਿ ਸਰਕਾਰ ਖੁਦ ਮੰਨ ਰਹੀ ਹੈ ਕਿ ਢਾਈ-ਤਿੰਨ ਸਾਲਾਂ ਤੋਂ ਹਸਪਤਾਲਾਂ ਵਿੱਚ ਬਿਜਲੀ ਦੇ ਕੱਟਾਂ ਕਾਰਨ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਹੁੰਦਾ ਰਿਹਾ ਹੈ ਅਤੇ ਮਹਿੰਗੇ ਉਪਕਰਣ ਧੂੜ ਫੱਕਦੇ ਰਹੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਖੋਖਲੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ। ਹਕੀਕਤ ਇਹ ਹੈ ਕਿ ਪੰਜਾਬ ਦੇ ਵੱਡੇ ਹਸਪਤਾਲ ਮਾਹਿਰ ਡਾਕਟਰਾਂ, ਜ਼ਰੂਰੀ ਦਵਾਈਆਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਖੁਦ ‘ਬਿਮਾਰ’ ਪਏ ਹਨ। ਮਰੀਜ਼ਾਂ ਨੂੰ ਦਰਦ ਤੋਂ ਰਾਹਤ ਲਈ ਦਵਾਈਆਂ ਬਾਹਰੋਂ ਖਰੀਦਣੀਆਂ ਪੈ ਰਹੀਆਂ ਹਨ ਅਤੇ ਡਾਕਟਰਾਂ ਦੀ ਘਾਟ ਕਾਰਨ ਇਲਾਜ ਲਈ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਰਕਾਰ ਦਾ ਸਾਰਾ ਧਿਆਨ ਸਿਰਫ਼ “ਆਮ ਆਦਮੀ ਕਲੀਨਿਕਾਂ” ਦੇ ਪ੍ਰਚਾਰ ‘ਤੇ ਕੇਂਦਰਿਤ ਹੈ, ਜਦਕਿ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਭਾਰ ਝੱਲ ਰਹੇ ਸਰਕਾਰੀ ਹਸਪਤਾਲਾਂ ਨੂੰ ਰਾਮ ਭਰੋਸੇ ਛੱਡ ਦਿੱਤਾ ਗਿਆ ਹੈ।
ਸ੍ਰ. ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਪ੍ਰਚਾਰ-ਤੰਤਰ ਦੇ ਸਹਾਰੇ ਝੂਠੀ ਵਾਹ-ਵਾਹ ਖੱਟਣ ਦੀ ਬਜਾਏ ਅਸਲ ਮੁੱਦਿਆਂ ‘ਤੇ ਧਿਆਨ ਦੇਣ। ਉਨ੍ਹਾਂ ਮੰਗ ਕੀਤੀ ਕਿ ਚੋਣ ਡਰਾਮੇਬਾਜ਼ੀ ਬੰਦ ਕਰਕੇ ਹਸਪਤਾਲਾਂ ਵਿੱਚ ਤੁਰੰਤ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਦਵਾਈਆਂ ਦੀ ਉਪਲਬਧਤਾ 24 ਘੰਟੇ ਯਕੀਨੀ ਬਣਾਈ ਜਾਵੇ, ਤਾਂ ਹੀ ਪੰਜਾਬ ਦੀ ਸਿਹਤ ਪ੍ਰਣਾਲੀ ਮੁੜ ਲੀਹ ‘ਤੇ ਆ ਸਕੇਗੀ।