ਬਾਬਾ ਸ੍ਰੀਚੰਦ ਜੀ ਦੇ ਤਪ ਅਸਥਾਨ ਵਿਖੇ ਡਾ. ਜੋਗਿੰਦਰ ਸਿੰਘ ਸਲਾਰੀਆ ਤੇ ਮਹੰਤ ਆਸ਼ੀਸ਼ ਦਾਸ ਜੀ ਨੇ ਨਤਮਸਤਕ ਹੋ ਕੇ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ।
ਪਠਾਨਕੋਟ –ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ’ਪੀਸੀਟੀ ਹਿਊਮੈਨਿਟੀ’ ਦੇ ਬਾਨੀ ਡਾ. ਜੋਗਿੰਦਰ ਸਿੰਘ ਸਲਾਰੀਆ ਅਤੇ ਅਯੁੱਧਿਆ ਦੇ ਰਾਮਾਨੰਦੀ ਸ੍ਰੀ ਵੈਸ਼ਨਵ ਸੰਪਰਦਾ ਦੇ ਸੰਤ ਸ੍ਰੀਮਾਨ ਮਹੰਤ ਆਸ਼ੀਸ਼ ਦਾਸ ਜੀ ਨੇ ਅੱਜ ਬਾਬਾ ਸ੍ਰੀਚੰਦ ਜੀ ਦੇ ਤਪ ਅਸਥਾਨ ਗੁਰਦੁਆਰਾ ਬਾਠ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸ ਮੌਕੇ ਗੁਰਦੁਆਰਾ ਬਾਠ ਸਾਹਿਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਸਾਹਣੀ ਨੇ ਉਨ੍ਹਾਂ ਦਾ ਸਨਮਾਨ ਕੀਤਾ। ਮਹੰਤ ਆਸ਼ੀਸ਼ ਦਾਸ ਅਤੇ ਡਾ. ਸਲਾਰੀਆ ਨੇ ਇਸ ਪਵਿੱਤਰ ਧਰਤੀ ‘ਤੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿਤਾ ਅਤੇ ਕਿਹਾ ਕਿ ਇਹ ਕੇਵਲ ਧਾਰਮਿਕ ਸਿਧਾਂਤ ਨਹੀਂ, ਸਗੋਂ ਅੱਜ ਦੇ ਸਮਾਜਿਕ ਤੇ ਰਾਜਨੀਤਿਕ ਚੁਨੌਤੀਆਂ ਵਿੱਚ ਮਨੁੱਖਤਾ ਨੂੰ ਜੋੜਨ ਵਾਲਾ ਮਾਰਗਦਰਸ਼ਕ ਹੈ।
ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁਝ ਸ਼ਰਾਰਤੀ ਤੱਤਾਂ ਵੱਲੋਂ ਜਾਤ-ਪਾਤ ਦੇ ਤੜਕੇ ਲਾ ਕੇ, ਨਫ਼ਰਤ ਦੇ ਬੀਜ ਬੀਜੇ ਜਾ ਰਹੇ ਹਨ ਅਤੇ ਸਮਾਜ ਨੂੰ ਆਪਸੀ ਭਿੰਨਭੇਦਾਂ ਵਿੱਚ ਵੰਡਣ ਦੀ ਸਾਜ਼ਿਸ਼ ਕਰ ਰਹੇ ਹਨ। ਇਹੋ ਜਿਹੀਆਂ ਵੰਡਾਂ ਸਿਰਫ਼ ਰਾਜਨੀਤਿਕ ਲਾਭ ਲਈ ਵਰਤੀਆਂ ਜਾ ਰਹੀਆਂ ਹਨ। ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਇਹ ਨਫ਼ਰਤਾਂ ਖ਼ਤਮ ਹੋ ਸਕਦੀਆਂ ਹਨ ਅਤੇ ਇਨਸਾਨੀਅਤ ਦੇ ਰਾਹ ‘ਤੇ ਚੱਲਣ ਦੀ ਤਾਕਤ ਪ੍ਰਾਪਤ ਹੋ ਸਕਦੀ ਹੈ।
ਡਾ. ਜੋਗਿੰਦਰ ਸਿੰਘ ਸਲਾਰੀਆ ਨੇ ਇਸ ਮੌਕੇ ਸਮਾਜ ਨੂੰ ਖ਼ਾਸ ਤੌਰ ‘ਤੇ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਨਸ਼ੇ ਨੇ ਸਭ ਤੋਂ ਵੱਡੀ ਚੁਣੌਤੀ ਦਿੱਤੀ ਹੈ। ਨੌਜਵਾਨ ਪੀੜ੍ਹੀ ਨਸ਼ਿਆਂ ਦੀ ਚਪੇਟ ਵਿਚ ਆ ਕੇ ਨਾ ਸਿਰਫ਼ ਆਪਣਾ ਭਵਿੱਖ ਖ਼ਰਾਬ ਕਰ ਰਹੀ ਹੈ, ਸਗੋਂ ਸਮਾਜ ਦੀਆਂ ਨਸਾਂ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ। ਨਸ਼ਿਆਂ ਦੇ ਨਾਲ-ਨਾਲ ਅਸ਼ਲੀਲਤਾ, ਭ੍ਰਿਸ਼ਟਾਚਾਰ ਅਤੇ ਕਾਨੂੰਨ ਦੀ ਉਲੰਘਣਾ ਕਰ ਕੇ ਹਿੰਸਾ ਫੈਲਾਉਣ ਦੀਆਂ ਵੀ ਸਮਾਜਕ ਕੁਤਾਹੀਆਂ ਦੇ ਰੂਪ ਵਿੱਚ ਵਧ ਰਹੀਆਂ ਹਨ। ਇਹ ਸਮਾਜ ਤੇ ਕੌਮ ਦੀ ਜੜ੍ਹਾਂ ਨੂੰ ਖੋਖਲਾ ਕਰਨ ਵਾਲੀਆਂ ਬਿਮਾਰੀਆਂ ਹਨ, ਜਿਨ੍ਹਾਂ ਤੋਂ ਮੁਕਤੀ ਲਈ ਧਾਰਮਿਕਤਾ, ਨੈਤਿਕਤਾ ਤੇ ਸਮਾਜਕ ਏਕਤਾ ਦੀ ਲੋੜ ਹੈ।
ਮਹੰਤ ਆਸ਼ੀਸ਼ ਦਾਸ ਜੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਧਰਮ ਦਾ ਅਸਲ ਸੁਨੇਹਾ ਸਿਰਫ਼ ਰਸਮਾਂ ਤੱਕ ਸੀਮਿਤ ਨਹੀਂ, ਸਗੋਂ ਸਾਰੇ ਮਨੁੱਖਾਂ ਨੂੰ ਇੱਕ ਪਰਿਵਾਰ ਮੰਨਣਾ ਹੈ। ਸਾਰੇ ਧਰਮਾਂ ਦਾ ਮੂਲ ਸੁਨੇਹਾ ਮਨੁੱਖਤਾ ਦੀ ਸੇਵਾ ਅਤੇ ਭਾਈਚਾਰੇ ਦੀ ਏਕਤਾ ਹੈ।
ਇਸ ਮੌਕੇ ਗੁਰਦੁਆਰਾ ਪ੍ਰਧਾਨ ਸ. ਮਨਪ੍ਰੀਤ ਸਿੰਘ ਸਾਹਣੀ ਨੇ ਵੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰਾ ਬਾਠ ਸਾਹਿਬ ਦੀ ਧਰਤੀ ਸਦਾ ਤੋਂ ਮਨੁੱਖਤਾ ਅਤੇ ਸ਼ਾਂਤੀ ਦਾ ਪ੍ਰਤੀਕ ਰਿਹਾ ਹੈ। ਇੱਥੇ ਆਉਣ ਵਾਲਾ ਹਰ ਯਾਤਰੀ ਤੇ ਸ਼ਰਧਾਲੂ ਸਰਬੱਤ ਦੇ ਭਲੇ ਅਤੇ ਨਫ਼ਰਤਾਂ ਨੂੰ ਖ਼ਤਮ ਕਰਨ ਲਈ ਅਰਦਾਸ ਕਰਦਾ ਹੈ। ਉਨ੍ਹਾਂ ਡਾ. ਸਲਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ’ਪੀਸੀਟੀ ਹਿਊਮੈਨਿਟੀ’ ਵੱਲੋਂ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਨ, ਪਿਛੜੇ ਤੇ ਲਾਚਾਰ ਲੋਕਾਂ ਦੀ ਸਹਾਇਤਾ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਸਾਥ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ।