ਦੁਬਈ ਦੇ ਸਵਾਮੀ ਨਰਾਇਣ ਮੰਦਰ ਦੇ ਦਰਵਾਜ਼ੇ ਸਭ ਹਿੰਦੂ ਸਨਾਤਨੀਆਂ ਲਈ ਖੁੱਲ੍ਹੇ ਹੋਣ ਚਾਹੀਦੇ ਹਨ: ਮਹੰਤ ਰਾਜੀਵ ਲੋਚਨ ਦਾਸ।
ਦੁਬਈ/ਅੰਮ੍ਰਿਤਸਰ:ਵੈਸ਼ਨੋ ਪਰੰਪਰਾ ਦੇ ਪ੍ਰਸਿੱਧ ਅੰਤਰਰਾਸ਼ਟਰੀ ਪ੍ਰਵਚਨਕਾਰ ਅਤੇ ਸਮਾਜ ਸੁਧਾਰਕ ਮਹੰਤ ਰਾਜੀਵ ਲੋਚਨ ਦਾਸ ਚਤੁਰਕੂਟ ਧਾਮ (ਛੱਤੀਸਗੜ) ਨੇ ਦੁਬਈ ਅਬੂ ਧਾਬੀ ਸਥਿਤ ਸਵਾਮੀ ਨਰਾਇਣ ਮੰਦਰ ਵਿੱਚ ਪਾਕਿਸਤਾਨੀ ਸਨਾਤਨ ਹਿੰਦੂਆਂ ਦੇ ਪ੍ਰਵੇਸ਼ ’ਤੇ ਲਗਾਈ ਗਈ ਪਾਬੰਦੀ ਨੂੰ ਦੁਖਦਾਈ ਅਤੇ ਮੰਦਭਾਗਾ ਕਿਹਾ ਹੈ। ਉਹਨਾਂ ਕਿਹਾ ਕਿ ਮੰਦਰ ਸਾਰੇ ਸਨਾਤਨੀਆਂ ਲਈ ਆਸਥਾ ਦਾ ਕੇਂਦਰ ਹੁੰਦਾ ਹੈ ਅਤੇ ਕਿਸੇ ਵੀ ਹਿੰਦੂ ਸਨਾਤਨੀ ਨੂੰ ਭਗਵਾਨ ਦੇ ਦਰਬਾਰ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ।ਮਹੰਤ ਰਾਜੀਵ ਲੋਚਨ ਦਾਸ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਅਲਪਸੰਖਿਆਕਾਂ ਵਿਰੋਧੀ ਦੇਸ਼ ਮੰਨਿਆ ਜਾਂਦਾ ਹੈ, ਪਰ ਉੱਥੋਂ ਦੇ ਦੱਬੇ-ਕੁਚਲੇ ਅਤੇ ਧਾਰਮਿਕ ਅੱਤਵਾਦ ਨਾਲ ਪੀੜਤ ਹਿੰਦੂਆਂ ਨੂੰ ਆਪਣੀ ਆਸਥਾ ਅਨੁਸਾਰ ਭਗਵਾਨ ਦੇ ਦਰਸ਼ਨ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਉਹਨਾਂ ਅਪੀਲ ਕੀਤੀ ਕਿ ਮੰਦਰ ਪ੍ਰਬੰਧਕ ਸਾਰੇ ਹਿੰਦੂ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਪ੍ਰਵੇਸ਼ ਦੀ ਆਗਿਆ ਦੇਣ, ਨਾ ਕਿ ਕਿਸੇ ਦੀ ਰਾਸ਼ਟਰੀ ਪਛਾਣ ਦੇ ਆਧਾਰ ’ਤੇ ਰੋਕ ਲਗਾਈ ਜਾਵੇ।
ਮਹੰਤ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਦੁਬਈ ਦਾ ਸਵਾਮੀ ਨਰਾਇਣ ਮੰਦਰ ਧਰਮ, ਸੱਭਿਆਚਾਰ ਅਤੇ ਮਨੁੱਖਤਾ ਦੀ ਜੀਵੰਤ ਮਿਸਾਲ ਹੈ। ਇਸਲਾਮਿਕ ਦੇਸ਼ ਹੋਣ ਦੇ ਬਾਵਜੂਦ ਯੂਏਈ ਸਰਕਾਰ ਨੇ ਇਸ ਮੰਦਰ ਦੀ ਸਥਾਪਨਾ ਲਈ ਜੋ ਸਹਿਯੋਗ ਤੇ ਯੋਗਦਾਨ ਦਿੱਤਾ ਹੈ, ਉਹ ਧਾਰਮਿਕ ਸਹਿਣਸ਼ੀਲਤਾ ਅਤੇ ਵਿਸ਼ਵ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।
“ਮੈਂ ਪਾਕਿਸਤਾਨ ਵਿੱਚ ਜੰਮਿਆ, ਇਸ ‘ਚ ਮੇਰਾ ਕੀ ਕਸੂਰ”: ਪੀੜਿਤ ਹਿੰਦੂ ਸ਼ਰਧਾਲੂ ਚਮਨ ਲਾਲ।
ਮੰਦਰ ਵਿੱਚ ਪ੍ਰਵੇਸ਼ ਤੋਂ ਰੋਕ ਲਏ ਗਏ ਪਾਕਿਸਤਾਨੀ ਹਿੰਦੂ ਚਮਨ ਲਾਲ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ “ਜੇ ਮੈਂ ਪਾਕਿਸਤਾਨ ਵਿੱਚ ਜੰਮਿਆ ਹਾਂ, ਇਸ ਵਿੱਚ ਮੇਰਾ ਕਸੂਰ ਕੀ ਹੈ?। ਮੈਨੂੰ ਮਾਣ ਹੈ ਕਿ ਮੈਂ ਸਨਾਤਨੀ ਹਿੰਦੂ ਹਾਂ ਅਤੇ ਮੈਨੂੰ ਮੰਦਰ ਵਿੱਚ ਭਗਵਾਨ ਅੱਗੇ ਮੱਥਾ ਟੇਕਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਪਾਕਿਸਤਾਨੀ ਹਿੰਦੂਆਂ ਨੂੰ ਵੀ ਮੰਦਰ ਵਿੱਚ ਪ੍ਰਵੇਸ਼ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਸ਼ਰਧਾ ਅਰਪਣ ਕਰ ਸਕੀਏ।”
ਮੰਦਰ ਪ੍ਰਬੰਧਕ ਸਭ ਲਈ ਦਰਵਾਜ਼ੇ ਖੋਲ੍ਹਣ: ਜੋਗਿੰਦਰ ਸਿੰਘ ਸਲਾਰੀਆ।
PCT Humanity ਦੇ ਸੰਸਥਾਪਕ ਸਰਦਾਰ ਜੋਗਿੰਦਰ ਸਿੰਘ ਸਲਾਰੀਆ ਨੇ ਵੀ ਪਾਕਿਸਤਾਨੀ ਹਿੰਦੂ ਨੂੰ ਮੰਦਰ ਵਿੱਚ ਜਾਣ ਤੋਂ ਰੋਕਣ ਦੇ ਮਾਮਲੇ ’ਤੇ ਗੰਭੀਰ ਅਫਸੋਸ ਜਤਾਇਆ। ਉਹਨਾਂ ਕਿਹਾ ਕਿ ਦੁਬਈ ਦਾ ਸਵਾਮੀ ਨਰਾਇਣ ਮੰਦਰ ਗਲਫ਼ ਖੇਤਰ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਹੈ, ਜਿਸਦਾ ਮੂਲ ਉਦੇਸ਼ ਇਹ ਸੰਦੇਸ਼ ਦੇਣਾ ਸੀ ਕਿ ਧਾਰਮਿਕ ਵਿਭਿੰਨਤਾ ਰੁਕਾਵਟ ਨਹੀਂ, ਸਗੋਂ ਇਨਸਾਨੀਅਤ ਦਾ ਪੁਲ ਹੈ।
ਸਲਾਰੀਆ ਨੇ ਕਿਹਾ ਕਿ ਇਸ ਮੰਦਰ ਦੀ ਉਸਾਰੀ ਵਿੱਚ ਯੂਏਈ ਦੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਲੋਕਾਂ ਨੇ ਯੋਗਦਾਨ ਦਿੱਤਾ, ਇਸ ਲਈ ਇਹ ਮੰਦਰ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ। ਉਨ੍ਹਾਂ ਪਰਬੰਧਕਾਂ ਅਪੀਲ ਕੀਤੀ ਕਿ ਪਾਕਿਸਤਾਨੀ ਹਿੰਦੂਆਂ ਦੇ ਪ੍ਰਵੇਸ਼ ’ਤੇ ਲਾਈ ਗਈ ਪਾਬੰਦੀ ‘ਤੇ ਮੁੜ ਵਿਚਾਰ ਕਰਨ ਅਤੇ ਮੰਦਰ ਦੇ ਦਰਵਾਜ਼ੇ ਸਭ ਲਈ ਖੋਲ੍ਹੇ ਜਾਣ।
ਸਰਦਾਰ ਜੋਗਿੰਦਰ ਸਿੰਘ ਸਲਾਰੀਆ ਨੇ ਇਸ ਮੌਕੇ ਕਿਹਾ ਕਿ ਮਹੰਤ ਰਾਜੀਵ ਲੋਚਨ ਦਾਸ ਅਤੇ ਮਹੰਤ ਆਸ਼ੀਸ਼ ਦਾਸ ਜਬਲਪੁਰ ਦੀ ਯਾਤਰਾ ਦੁਬਈ ਦੀ ਧਰਤੀ ਲਈ ਆਧਿਆਤਮਿਕ ਅਨੁਭਵ ਹੈ। ਉਹਨਾਂ ਕਿਹਾ ਕਿ ਸੰਤ ਮਹੰਤਾਂ ਦਾ ਇਸ ਧਰਤੀ ’ਤੇ ਆਉਣਾ ਪ੍ਰਭੂ ਦੀ ਕਿਰਪਾ ਦਾ ਪ੍ਰਗਟਾਵਾ ਹੈ।
ਉਹਨਾਂ ਕਿਹਾ ਕਿ ਅਕਾਲ ਪੁਰਖ ਦੇ ਹੁਕਮ ਨਾਲ ਧਰਤੀ ’ਤੇ ਆਏ ਸੰਤ, ਫ਼ਕੀਰ, ਸਾਧੂ ਅਤੇ ਜੋਗੀ ਮਨੁੱਖਤਾ ਲਈ ਪ੍ਰੇਰਨਾ ਦੇ ਸਰੋਤ ਹਨ। ਜੇ ਇਹ ਮਹਾਨ ਰੂਹਾਂ ਨਾ ਹੁੰਦੀਆਂ ਤਾਂ ਸੰਸਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੀ ਅੱਗ ਵਿੱਚ ਭਸਮ ਹੋ ਗਿਆ ਹੁੰਦਾ। ਉਹਨਾਂ ਆਖਿਆ ਕਿ ਜ਼ਿੰਦਗੀ ਦੀ ਅਸਲ ਸਫਲਤਾ ਧਨ-ਦੌਲਤ ਵਿੱਚ ਨਹੀਂ, ਸਗੋਂ ਆਧਿਆਤਮਿਕ ਗਿਆਨ ਦੀ ਪ੍ਰਾਪਤੀ ਵਿੱਚ ਹੈ।
