ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਜਾਕੀ ਚਾਦਰ-ਗੁਰਚਰਨ ਸਿੰਘ ਜਿਉਣ ਵਾਲਾ
ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀੜ੍ਹੀ ਦਰ ਪੀੜ੍ਹੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ, ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ? ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਿਤਸਰ, ਅੱਜ-ਕੱਲ੍ਹ ਖਾਲਸਾ ਕੌਲਿਜ ਵਾਲੀ ਥਾਂ, ਦੀ ਲੜਾਈ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿੱਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਿਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪੁਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਯਾ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ, ਪਰ ਉਹ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਛਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿੱਖ ਕੌਮ ਸਿਰ ਸੁੱਟੀ ਜ਼ਿੰਦਗੀ ਬਸਰ ਕਰ ਰਹੀ ਹੈ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੂ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਅਕਤੀ ਨੇ ਨਹੀਂ ਤੋੜੀ।
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥੧॥ ਪੰਨਾ 966॥
ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ ਪੰਨਾ 967॥
ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ:
ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥
ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆਂ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ।
ਜਿਸ ਸਿੱਖ-ਲਹਿਰ ਦੇ ਬਾਨੀਆਂ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ, ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ, ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ:
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ॥
ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324, ਭਗਤ ਕਬੀਰ ਜੀ ॥
ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ ਦੇ ਜਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਇਸ ਦੀ ਮਿਸਾਲ ਅੱਜ ਢੱਢਰੀਆਂ ਵਾਲਾ ਹੈ, ਜਿਹੜਾ ਹਰ ਰੋਜ਼ ਲੱਖ ਕੁ ਰੁਪੈ ਦੀ ਵਰਦੀ ਬਦਲਦਾ ਹੈ ਆਪਣੇ ਮੂਰਖ ਚੇਲਿਆਂ ਨੂੰ 500-500 ਡਾਲਰ ਮੱਥਾ ਟੇਕਣ ਲਈ ਕਹਿੰਦਾ ਹੈ। ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ, ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ ਦੀ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ। ਢੱਢਰੀਆਂ ਵਾਲਾ ਤਾਂ ਸਗੋਂ ਕਿਸਾਨ ਅੰਦੋਲਨ ਦੇ ਉਲਟ ਹੀ ਭੁਗਤ ਰਿਹਾ ਸੀ। ਕੀ ਇਸ ਨੇ ਕਿਸੇ ਨੂੰ ਇਕ ਕੱਪ ਚਾਹ ਦਾ ਪਿਲਾਇਆ ਹੈ? ਨਹੀਂ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿੱਚ ਗੁਰੂ ਜੀ ਧਮਧਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ। ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੱਡ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜ਼ੇਬ ਜ਼ਬਰਨ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਯਾਦ, “ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ” ਕੀਤੀ। ਇਸ ਵਕਤ ਔਰੰਗਜ਼ੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਹ ਕਹਾਣੀ ਸੱਚੀ ਹੈ ਯਾ ਝੂਠੀ,ਇਸ ਬਾਰੇ ਹੋਰ ਖੋਜ ਦੀ ਲੋੜ ਹੈ। ਪਰ ਗੁਰੂ ਜੀ ਗੁਰੂ ਬਾਬੇ ਨਾਨਕ ਜੀ ਦੇ ਨਿਰਮਲ ਪੰਥ ਨੂੰ ਨਿਰਾਲਾ ਤੇ ਹੋਰ ਤਕੜਾ ਕਰਨ ਹਿਤ ਪੂਰਬੀ ਦੌਰਿਆਂ ਤੋਂ ਵਾਪਸ ਆਉਂਦਿਆਂ ਨੂੰ ਹੀ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ।
ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡੇ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਦਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ੍ਹ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ੍ਹ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ,ਅੱਗ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ) ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੂ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਯਾ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ:
ਪ੍ਰਗਟ ਭਏ ਗੁਰੂ ਤੇਗ ਬਹਾਦਰ।
ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ।
ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥ ਪੰਨਾ 10, ਸਿਰੀ ਗੁਰੂ ਸੋਭਾ (ਕਵਿ ਸੈਨਾਪਤਿ ਰਚਿਤ ॥
ਅਤੇ ਗੁਰੂ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ:
ਤੇਗ ਬਹਾਦਰ ਫਿਰ ਗੁਰ ਭਯੋ॥
ਪਰਸਵਾਰਥ ਹਿਤਿ ਜਿਨਿ ਸਿਰ ਦਯੋ॥
ਕਲਯੁਗ ਮੈ ਬਡ ਸਾਕਾ ਕੀਯਾ॥
ਧਰਮ ਕਰਮ ਰਖ ਹਿੰਦੂ ਲੀਯਾ॥
ਇਹ ਬਿਆਨ ਬਾਜ਼ੀ ਗਲਤ ਹੈ। ਸਿਰਫ ਹਿੰਦੂ ਧਰਮ ਲਈ ਸ਼ਹਾਦਤ ਦੇਣੀ, ਗੁਰੂ ਜੀ ਦੀ ਸ਼ਹਾਦਤ ਨੂੰ ਛੁਟਿਆਉਣਾ ਹੈ। ਇਹ ਨਿਰਮਲੇ ਕਵੀਆਂ ਦੀ ਚਾਲ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕੇ।
ਪਰ ਬਚਿਤ੍ਰ ਨਾਟਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇਂ:
ਤਿਲਕ ਜੰਞੂ ਰਾਖਾ ਪ੍ਰਭ ਤਾਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆਂ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥
ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਹੀ ਨਹੀਂ, ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਕੁਰਬਾਨੀਆਂ ਕਿਉਂ ਦੇਣੀਆਂ ਸਨ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਮਹਿਜ਼ ਇਕ ਸਾਜ਼ਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427, ਮ:9॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # = 1647 966 3132
